Headlines News :
Home » » ਵਿਰਸੇ ਨਾਲ ਜੁੜੇ ਰੁੱਖਾਂ ਨੂੰ ਸਾਂਭਣ ਦੀ ਲੋੜ -ਮੇਜਰ ਸਿੰਘ ਨਾਭਾ

ਵਿਰਸੇ ਨਾਲ ਜੁੜੇ ਰੁੱਖਾਂ ਨੂੰ ਸਾਂਭਣ ਦੀ ਲੋੜ -ਮੇਜਰ ਸਿੰਘ ਨਾਭਾ

Written By Unknown on Saturday 1 December 2012 | 02:08



‘ਇਕ ਰੁੱਖ ਸੌ ਸੁੱਖ’ ਵਰਗੇ ਨਾਅਰਿਆਂ ਨਾਲ ਰੁੱਖਾਂ ਪ੍ਰਤੀ ਮੋਹ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੱਚਮੁੱਖ ਰੁੱਖਾਂ ਦੇ ਅਨੇਕਾਂ ਲਾਭ ਹਨ। ਸਾਡੇ ਕਾਵਿ-ਵਿਰਸੇ ਵਿਚ ਰੁੱਖਾਂ ਨੂੰ ਪੁੱਤਾਂ ਸਮਾਨ ਦਰਜ਼ਾ ਦਿੱਤਾ ਗਿਆ ਹੈ। ਪਿੱਪਲ ਅਤੇ ਬੋਹੜ/ਬਰੋਟੇ ਦਾ ਦਰਖਤ ਸਾਡੇ ਸਭਿਆਚਾਰ ਅੰਦਰ ਬੜਾ ਨਿੱਘ ਸਮਾਈ ਬੈਠਾ ਹੈ। ਕਈ ਲੋਕ ਇਹਨਾਂ ਦੀ ਪੂਜਾ ਵੀ ਕਰਦੇ ਹਨ, ਕਈਆਂ ਦੇ ਮਨਾਂ ’ਚ ਇਹਨਾਂ ਨੂੰ ਕੱਟਣਾ ਜਾਂ ਪੁੱਟਣਾ ਪਾਪ ਸਮਝਿਆ ਜਾਂਦਾ ਹੈ। ਭਾਵੇਂ ਇਸ ਤਰ੍ਹਾਂ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ, ਇਹਨਾਂ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਉਸ ਸਮੇਂ ਦੇ ਸਿਆਣੇ ਲੋਕਾਂ ਦੀ ਪਾਈ ਪਿਰਤ ਪਿਛੇ ਭਾਵੇਂ ਕਈ ਵਿਗਿਆਨਕ ਤੱਤਾਂ ਅਤੇ ਲੋਕ ਭਲਾਈ ਦੀ ਝਲਕ ਸਾਫ ਦਿਖਾਈ ਦਿੰਦੀ ਹੈ। ਵਿਗੜ ਰਹੇ ਵਾਤਾਵਰਣ ਸੰਤੁਲਨ ਨੂੰ ਕਾਇਮ ਰੱਖਣ ਲਈ ਰੁੱਖਾਂ ਦੀ ਮਹੱਤਤਾ ਦੀ ਗੱਲ ਅੱਜ ਸਭ ਦੇ ਮੂਹਰੇ ਪਰੋਸੀ ਜਾ ਰਹੀ ਹੈ। ਹਰ ਸਾਲ ਵਣ-ਮਹਾਂਉਤਸਵ ਸਰਕਾਰੀ ਪੱਧਰ ’ਤੇ ਮਨਾਏ ਜਾਂਦੇ ਹਨ। ਰੁੱਖ ਲਗਾਉਣ ਦੀ ਗੱਲ ਜ਼ਿਆਦਾ ਪਰ ਰੁੱਖਾਂ ਨੂੰ ਕੱਟਣ ਤੋਂ ਰੋਕਣ ਦੀ ਗੱਲ ਘੱਟ ਕੀਤੀ ਜਾ ਰਹੀ ਹੈ। ਇਸ ਲਈ ਲੋਕਾਂ ਵੱਲੋਂ ਤਾਂ ਕੀ, ਸਰਕਾਰ ਆਪ ਹੀ ਹਰ ਸਾਲ ਲੱਖਾਂ ਦਰੱਖਤਾਂ ਦੀ ਕਟਾਈ ਕਰ ਦਿੰਦੀ ਹੈ। ਪਿਛਲੇ ਸਾਲਾਂ ਤੋਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਆਰੰਭਣ ਨਾਲ ਕਿੰਨੇ ਹੀ ਦਰੱਖਤਾਂ ਦੀ ਕਟਾਈ ਕਰ ਦਿੱਤੀ ਗਈ ਹੈ ਤੇ ਕੀਤੀ ਜਾ ਰਹੀ ਹੈ। ਨਾਭਾ ਤੋਂ ਭਵਾਨੀਗੜ੍ਹ ਸੜਕ ਦੋ ਸਾਲਾਂ ’ਚ ਦੋ ਵਾਰੀ ਚੌੜੀ ਕੀਤੀ ਗਈ। ਪਹਿਲਾਂ ਸੜਕ ਚੌੜੀ ਕਰਨ ਸਮੇਂ ਕੁਝ ਦਰੱਖਤ ਹੀ ਪੁੱਟੇ ਗਏ, ਪਰ ਦੋਬਾਰਾ ਸੜਕ ਚੌੜੀ ਕਰਨ ਸਮੇਂ ਤਕਰੀਬਨ ਸਾਰੇ ਦਰੱਖਤ ਇਸ ਸ਼ੁਭ ਕਾਰਜ ਦੇ ਭੇਂਟ ਚੜ੍ਹ ਗਏ। ਪਿੰਡ ਘਨੁੜਕੀ ਦੇ ਸਕੂਲ ਤੋਂ ਥੋੜ੍ਹਾ, ਨਾਭੇ ਵੱਲ ਇਕ ਬਰੋਟਾ/ਬੋਹੜ ਕਈ ਸਦੀਆਂ ਪੁਰਾਣਾ ਸੜਕ ਦੇ ਕਿਨਾਰੇ ਖੜ੍ਹਾ ਰਾਹਗੀਰਾਂ ਨੂੰ ਤੱਕ ਰਿਹਾ ਸੀ। ਕਿੰਨੇ ਹੀ ਲੋਕਾਂ, ਪਸ਼ੂਆਂ, ਪੰਛੀਆਂ, ਜੀਵ ਜੰਤੂਆਂ ਆਦਿ ਨਾਲ ਇਸ ਰੁੱਖ ਨੇ ਸਾਂਝਾਂ ਪਾਈਆਂ ਹੋਣਗੀਆਂ। ਮੀਂਹਾਂ, ਕੜਕਦੀਆਂ ਧੁੱਪਾਂ ਤੋਂ ਰਾਹਗੀਰਾਂ ਨੂੰ ਬਚਾਣ ਵਾਲੇ ਬੋਹੜ ਨੇ ਕਿੰਨੇ ਹੀ ਜੀਵ-ਜੰਤੂਆਂ ਆਦਿ ਨੂੰ ਭੋਜਨ ਅਤੇ ਰਿਹਾਇਸ ਲਈ ਥਾਂ ਦਿੱਤੀ ਹੋਵੇਗੀ। ਇਕ ਦਿਨ ਇਹ ਬੋਹੜ ਵੀ ਮਨੁੱਖ ਦੇ ਕੁਹਾੜੇ ਦੀ ਧਾਰ ਤੋਂ ਨਾ ਬਚ ਸਕਿਆ। ਜੜ੍ਹ ਕੋਲੋਂ ਇਸ ਦਾ ਤਣਾ ਖੂਹ ਦੇ ਘੇਰੇ ਤੋਂ ਵੀ ਵੱਧ ਜਾਪਦਾ ਸੀ। ਲੱਕੜਹਾਰਿਆਂ ਨੇ ਇੰਨੇ ਚੌੜੇ ਤਣੇ ਨੂੰ ਮਸਾਂ ਥੋੜ੍ਹਾ ਥੋੜ੍ਹਾ ਕਰਕੇ ਕਈ ਦਿਨਾਂ ’ਚ ਸਮੇਟਿਆ। ਮੈਂ ਅਤੇ ਮਾਸਟਰ ਸੋਹਣ ਸਿੰਘ ਜਦੋਂ ਇਸ ਬਰੋਟੇ/ਬੋਹੜ ਕੋਲੋਂ ਦੀ ਲੰਘਦੇ ਤਾਂ ਕਈ ਵਾਰੀ ਇਸ ਦੇ ਵਿਰਸੇ ਦੀਆਂ ਗੱਲਾਂ ਸਾਂਝੀਆਂ ਕਰਦੇ। ਪਰ ਜਦੋਂ ਅਸੀਂ ਪੁਰਾਤਨ ਨਿਸ਼ਾਨੀ ਦਾ ਅੰਤ ਹੁੰਦਾ ਅੱਖਾਂ ਸਾਹਮਣੇ ਤੱਕਿਆ ਤਾਂ ਮਨ ਨੂੰ ਬੜਾ ਦੁੱਖ ਹੋਇਆ। ਸ਼ਾਇਦ ਹੀ ਹੁਣ ਸਦੀਆਂ ਪੁਰਾਣੇ ਇਹੋ ਜਿਹੇ ਰੁੱਖ ਕਿੰਤੇ ਨਜ਼ਰ ਆਉਂਦੇ ਹੋਣ, ਇਹ ਸਾਡੇ ਵਿਰਸੇ ਦੀਆਂ ਨਿਸ਼ਾਨੀਆਂ ਤੇਜ਼ ਰਫਤਾਰ ਜ਼ਿੰਦਗੀ ਦੇ ਵਿਕਾਸ ਦੀ ਗਤੀ ਨੂੰ ਸਮਰਪਿਤ ਹੋ ਕੇ ਆਪਣੀਆਂ ਹੋਂਦਾਂ ਗੁਆ ਰਹੀਆਂ ਹਨ।
ਜਿਸ ਤੇਜ਼ੀ ਨਾਲ ਸੜਕਾਂ ਦੇ ਦੁਆਲਿਉਂ ਦਰਖਤ ਪੁੱਟੇ ਗਏ ਹਨ ਜਾਂ ਪੁੱਟੇ ਜਾ ਰਹੇ ਹਨ ਸਰਕਾਰ ਵੱਲੋਂ ਵੀ ਯੋਜਨਾਬੱਧ ਤਰੀਕੇ ਨਾਲ ਪ੍ਰੋਗਰਾਮ ਤਿਆਰ ਕਰਕੇ ਨਵੇਂ ਰੁੱਖ ਪੁੱਟਣ ਤੋਂ ਪਹਿਲਾਂ ਹੀ ਖਾਲੀ ਥਾਵਾਂ ’ਤੇ ਲਾਏ ਜਾਣ ਤਾਂ ਜੋ ਸੜਕ ਕਿਨਾਰੇ ਸੁੰਨੇ ਨਾ ਜਾਪਣ। ਸੜਕਾਂ ਦੇ ਕਿਨਾਰਿਆਂ ’ਤੇ ਬਹੁਤੇ ਰੁੱਖ ਸੁੱਕਦੇ ਜਾ ਰਹੇ ਹਨ ਤੇ ਲੱਕੜੀ ਖਰਾਬ ਹੋ ਰਹੀ ਹੈ, ਉਨ੍ਹਾਂ ਨੂੰ ਮਹਿਕਮਾ ਕੱਟਣ ਦੀ ਤਕਲੀਫ ਹੀ ਨਹੀਂ ਕਰਦਾ, ਲੋਕੀਂ ਸੁੱਕੇ ਦਰਖਤਾਂ ਦੇ ਟਾਹਣੇ ਤੋੜ ਤੋੜ ਕੇ ਦਰੱਖਤਾਂ ਨੂੰ ਰੁੰਡ ਮੁੰਡ ਕਰ ਦਿੰਦੇ ਹਨ। ਇਸ ਤਰ੍ਹਾਂ ਵਿਤੀ ਨੁਕਸਾਨ ਸਰਕਾਰ ਨੂੰ ਹੁੰਦਾ ਹੈ। ਵਣ ਵਿਭਾਗ ਵੱਲੋਂ ਸੜਕਾਂ, ਨਹਿਰਾਂ ਆਦਿ ਦੇ ਕਿਨਾਰੇ ਵਧੀਆ ਕਿਸਮ ਦੇ ਸਦਾ ਬਹਾਰ ਹਰਿਆਵਲ ਦੇਣ ਵਾਲੇ ਦਰੱਖਤ ਲਾਉਣੇ ਚਾਹੀਦੇ ਹਨ ਜੇ ਹੋ ਸਕੇ ਤਾਂ ਫੁੱਲਾਂ ਵਾਲੇ ਰੁੱਖ ਵੀ ਲਗਾਏ ਜਾਣ ਜਿਹੜੇ ਕਿ ਅੱਜ ਦੇ ਕੰਪਿਊਟਰ ਯੁੱਗੀ ਮਨੁੱਖ ਦੇ ਦਿਮਾਗ ’ਚ ਵਧ ਰਹੀਆਂ ਟੈਨਸ਼ਨਾਂ ਨੂੰ ਕੁਝ ਸਮੇਂ ਲਈ ਰਾਹਤ ਦਿਵਾ ਸਕਣ। ਇਸ ਤਰ੍ਹਾਂ ਫਲਦਾਰ ਰੁੱਖ ਲਾਉਣ ਨਾਲ ਦੋਹਰਾ ਫਾਇਦਾ ਹੋਵੇਗਾ। ਮਹਾਰਾਜਿਆਂ ਦੇ ਰਾਜਕਾਲ ਸਮੇਂ ਨਹਿਰਾਂ, ਸੜਕਾਂ ਦੇ ਕਿਨਾਰੇ ਜਾਮਨ, ਅੰਬ ਆਦਿ ਦੇ ਰੁੱਖ ਲਗਾਏ ਹੋਏ ਅੱਜ ਵੀ ਕਈ ਥਾਵਾਂ ’ਤੇ ਉਸ ਸਮੇਂ ਦੀ ਯਾਦ ਵਜੋਂ ਖੜ੍ਹੇ ਸਾਨੂੰ ਫਲ ਦੇ ਰਹੇ ਹਨ। ਗਰੀਬ ਵਿਅਕਤੀ, ਰਾਹਗੀਰ ਇਹਨਾਂ ਫਲਾਂ ਨੂੰ ਖਾ ਕੇ ਆਪਣੀ ਭੁੱਖ ਮਿਟਾ ਲੈਂਦਾ ਸੀ। ਰਾਜਿਆਂ ਦੇ ਮਹਿਲਾਂ ਅੰਦਰ ਅਤੇ ਖਾਲੀ ਥਾਵਾਂ ’ਤੇ ਛੋਟੇ ਛੋਟੇ ਬਾਗਾਂ ਦਾ ਹੋਣਾ ਉਸ ਸਮੇਂ ਰੁੱਖਾਂ ਦੀ ਮਹੱਤਤਾ ਨੂੰ ਅੱਜ ਵੀ ਦਰਸਾਉਂਦਾ ਹੈ। ਪਰ ਅੱਜ ਸਾਡੀਆਂ ਸਰਕਾਰਾਂ ਜਿਹੜੀਆਂ ਵਾਤਾਵਰਣ ਨੂੰ ਬਚਾਉਣ ਦੀਆਂ ਗੱਲਾਂ ਕਰਦੀਆਂ ਹਨ ਉਹ ਖਾਲੀ ਥਾਵਾਂ ਨੂੰ ਵੇਚਣ ਦੀਆਂ ਤਰਕੀਬਾਂ ਹੀ ਸੋਚਦੀਆਂ ਹਨ ਨਾ ਕਿ ਉਥੇ ਬਾਗ ਆਦਿ ਲਗਾਉਣ ਬਾਰੇ।
ਸਰਕਾਰ ਨੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਰਾਜ ਅੰਦਰ ਕਈ ਜ਼ਿਲਿਆਂ ਦੇ ਬੀੜਾਂ ਨੂੰ ਸੁਰੱਖਿਅਤ ਐਕਟ ਅਧੀਨ ਲਿਆਂਦਾ ਹੈ, ਜਿਨ੍ਹਾਂ ’ਚ ਬਹੁਤ ਸਾਰੇ ਜੰਗਲੀ ਜਾਨਵਰ ਰਹਿ ਰਹੇ ਹਨ। ਇਹਨਾਂ ਬੀੜਾਂ ’ਚ ਸਰਕਾਰ ਨੂੰ ਖਾਲੀ ਥਾਵਾਂ ਜਾਂ ਪੁਰਾਣੇ ਰੁੱਖਾਂ ਦੀ ਥਾਂ ਫਲਦਾਰ ਰੁੱਖ ਅੰਬ, ਜਾਮਨ, ਅਮਰੂਦ ਆਦਿ ਲਗਾਉਣੇ ਚਾਹੀਦੇ ਹਨ ਤਾਂ ਕਿ ਜੰਗਲੀ ਜੀਵਾਂ ਨੂੰ ਖਾਣ ਲਈ ਭੋਜਣ ਦੀ ਘਾਟ ਮਹਿਸੂਸ ਨਾ ਹੋਵੇ। ਸੋ ਸਾਨੂੰ ਸਾਰਿਆਂ ਨੂੰ ਹੀ ਰੁੱਖਾਂ ਦੀ ਸੰਭਾਲ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾ ਸਕੀਏ।

ਮੇਜਰ ਸਿੰਘ
ਗੁਰੂ ਬਹਾਦਰ ਕਲੋਨੀ,
ਚੌਧਰੀ ਮਾਜਰਾ ਰੋਡ, ਨਾਭਾ।
Øਮੋਬਾਇਲ 9463553962

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template