Headlines News :
Home » » ਮਾਂ ਤੇ ਉਸ ਦੀ ਮਮਤਾ - ਰਮੇਸ਼ ਸੇਠੀ ਬਾਦਲ

ਮਾਂ ਤੇ ਉਸ ਦੀ ਮਮਤਾ - ਰਮੇਸ਼ ਸੇਠੀ ਬਾਦਲ

Written By Unknown on Tuesday 19 November 2013 | 01:22

                ਬੱਚੇ ਦਾ ਪਹਿਲਾ ਗੁਰੂ, ਆਧਿਆਪਕ ਉਸ ਦੀ ਮਾਂ ਹੀ ਹੁੰਦੀ ਹੈ। ਬੱਚਾ ਮਾਂ ਕੋਲੋ ਬਹੁਤ ਕੁਝ ਸਿੱਖਦਾ ਹੈ। ਉਹ ਪਹਿਲਾ ਸ਼ਬਦ ਹੀ ਮਾਂ ਬੋਲਦਾ ਹੈ। ਬੱਚੇ ਦੀ ਸ਼ਖਸੀਅਤ ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ  ਹੈ। ਤੇ ਉਸਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸੀਅਤ ਤੇ ਨਿਰਭਰ ਕਰਦਾ ਹੈ। ਆਮਤੋਰ ਤੇ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੁੰ ਮਾਰੋ। ਪਰ ਕੋਈ ਵੀ ਮਾਂ ਨਹੀ ਚਾਹੁੰਦੀ ਕਿ ਉਸ ਦਾ ਪੁੱਤਰ ਚੋਰ ਬਣੇ। ਹਾਂ ਉਹ ਆਪਣੇ ਚੋਰ ਪੁੱਤਰ ਨੂੰ ਕਦੇ ਵੀ ਚੋਰ ਮੰਨਣ ਲਈ ਤਿਆਰ ਨਹੀ ਹੋਵੇ ਗੀ ਕਿਉਂਕਿ ਇੱਥੇ ਉਸਦੀ ਮਮਤਾ ਭਾਰੀ ਪੈ ਜਾਂਦੀ ਹੈ।ਮਾਂ ਅਤੇ ਮਮਤਾ ਦਾ ਸਿੱਧਾ ਸਬੰਧ ਹੈ।
                ਨਿੱਕਾ ਹੁੰਦਾ ਮੈਂ ਦੇਖਦਾ ਕਿ ਮੇਰੀ ਮਾਂ ਹਮੇਸ਼ਾ ਅਜਿਹੀਆਂ ਗੱਲਾਂ ਕਰਦੀ ਤੇ ਉਸ ਦੀ ਮਮਤਾ ਸਪੱਸਟ ਝਲਕਦੀ। ਮੈਂ ਕਈ ਵਾਰੀ ਸੋਚਦਾ ਇਹ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਪਰ ਹੁਣ ਅਹਿਸਾਸ ਹੁੰਦਾ ਹੈ ਉਹ ਸਾਰੀ ਉਸਦੀ ਮਮਤਾ ਹੀ ਸੀ। ਕਦੇ ਤਾਪ ਚੜ੍ਹ ਜਾਣਾ ਤਾਂ ਸਾਰੀ ਸਾਰੀ ਰਾਤ ਮੱਥੇ ਤੇ ਗਿੱਲੀਆਂ ਪੱਟੀਆਂ ਰੱਖੀ ਜਾਣੀਆਂ ਤੇ ਅੱਖਾਂ ਚੌ ਹੰਝੂ ਕੇਰੀ ਜਾਣਾ । ਸੋਚਦੇ ਤਾਪ ਹੀ ਤਾਂ ਚੜ੍ਹਿਆ ਹੈ ਮਰਨ ਥੋੜਾ ਹੀ ਲੱਗੇ ਹਾਂ ਪਰ ਇੱਕ ਮਾਂ ਕਿਵੇਂ ਬਰਦਾਸਤ ਕਰਦੀ ਕਿ ਉਸ ਦੇ ਪੁੱਤ ਨੂੰ ਤਾਪ ਚੜ੍ਹਿਆ ਹੈ। ਹਰ ਇੱਕ ਨੂੰ ਦੱਸਦੀ ਮੁੰਡੇ ਨੂੰ ਪੰਜ ਭੱਠ ਤਾਪ ਚੜਿਆ ਹੈ ਭੋਰਾ ਸੁਰਤ ਨਹੀ ਕਰਦਾ। ਇਹ ਇੱਕ ਮਾਂ ਦੀ ਮਮਤਾ ਹੀ ਤਾਂ ਸੀ।
                       ਸਾਡੀ ਮੱਝ ਦਾ ਕੱਟਾ ਕਾਫੀ ਵੱਡਾ ਹੋ ਗਿਆ। ਮੱਝ ਦੂਜੀ ਵਾਰ ਵੀ ਸੂ ਪਈ ਪਰ ਮੇਰੀ ਮਾਂ ਨੇ ਕੱਟਾ ਨਾ ਵੇਚਿਆ। ਲੋਕੀ ਹੱਸਿਆ ਕਰਨ ਬਈ ਸੇਠ ਹੁਣ ਕੱਟਾ ਪਾਲਣਗੇ। ਮੇਰੀ ਮਾਂ ਨੂੰ ਡਰ ਸੀ ਕਿ ਜੇ ਉਸਨੇ ਕੱਟਾ ਵੇਚ ਦਿੱਤਾ ਤਾਂ ਉਹ ਕਸਾਈ ਉਸਨੂੰ ਵੱਢ ਦੇਣਗੇ। ਇੱਕ ਦਿਨ ਲੋਕਾਂ ਦੇ ਬਹੁਤਾ ਕਹਿਣ ਤੇ ਮੇਰੀ ਮਾਂ ਨੇ ਉਹ ਕੱਟਾ ਵੀਹ ਰੁਪਿਆ ਦਾ ਵੇਚ ਦਿੱਤਾ। ਤੇ ਨਾਲੇ ਰੋਈ ਜਾਵੇ ਤੇ ਨਾਲੇ ਉਸ ਦੇ ਖਰੀਦਦਾਰ ਨੁੰ ਦੋ ਰੁਪਏ ਦੇ ਕੇ ਕਹਿੰਦੀ ਵੀਰਾ ਇਸ ਨੁੰ ਸ਼ਾਮ ਨੁੰ ਗੁੜ ਖੁਆ ਦੇਵੀ। ਤੇ ਉਸਦੇ ਖਾਣ ਲਈ ਉਸ ਨੂੰ ਦੋ ਰੁਪਏ ਅਲੱਗ ਤੋਂ ਦਿੱਤੇ। ਉਸਦਾ ਪਸੂ ਪ੍ਰੇਮ ਤੇ ਮਮਤਾ ਅੱਜ ਵੀ ਯਾਦ ਆਉਂਦੀ ਹੈ।
                      ਮੇਰੀ ਮਾਂ ਕਈ ਵਾਰੀ ਗਲੀ ਵਿੱਚ ਵਿਕਣ ਆਈਆਂ ਸਸਤੀਆਂ ਚੱਪਲਾ ਖਰੀਦ ਲੈਂਦੀ। ਅਸੀ ਗੁੱਸੇ ਹੁੰਦੇ ਮਾਂ ਇਹ ਚੱਪਲਾ ਤੇਰੇ ਪਾਉਣ ਆਲੀਆਂ ਨਹੀ। ਕਿਉਂ ਗਲੀ ਵਿੱਚ ਸਾਡੀ ਬੇਇਜੱਤੀ ਕਰਵਾਉਂਦੀ ਹੈ। ਮਾਂ ਚੁੱਪ ਰਹਿੰਦੀ ਤੇ ਸ਼ਾਮ ਨੁੰ ਉਹੀ ਚੱਪਲਾਂ ਕੰਮ ਵਾਲੀਆਂ ਸ਼ਿੰਦੋ, ਰਾਮਰੱਤੀ ਜਾ ਗੋਰਾਂ ਨੂੰ ਦੇ ਦਿੰਦੀ ਤੇ ਕਹਿੰਦੀ ਪੁੱਤ ਮੈਂ ਇਹਨਾਂ ਵਾਸਤੇ ਲਈਆਂ ਸੀ ਵਿਚਾਰੀਆਂ ਰੋਜ ਨੰਗੇ ਪੈਰੀ ਕੰਮ ਕਰਦੀਆਂ ਹਨ। ਤੇ ਕਈ ਵਾਰੀ ਮਾਂ ਆਪਣਾ ਪੁਰਾਣਾ ਸ਼ਾਲ, ਸਵੈਟਰ ਕੰਮ ਵਾਲੀਆਂ ਨੁੰ ਦੇ ਦਿੰਦੀ। ਤੇ ਸਾਨੂੰ ਹਮੇਸ਼ਾ ਗਰੀਬ ਦਾ ਭਲਾ ਕਰਨ ਦੀ ਨਸੀਅਤ ਦਿੰਦੀ।ਜੇ  ਗਲੀ ਵਿੱਚ ਕੋਈ ਸਮਾਨ ਸ਼ਬਜੀ ਵੇਚਣ ਵਾਲੀ ਗਰੀਬ ਔਰਤ ਆਉਂਦੀ ਤਾਂ ਉਸ ਨੂੰ ਚਾਹ ਪਿਆਉਂਦੀ ਤੇ ਵੱਸ ਲੱਗਦਾ ਰੋਟੀ ਵੀ ਖਵਾਉਂਦੀ।ਹਰ ਗਰੀਬ ਤੇ ਉਸ ਨੂੰ ਤਰਸ ਆਉਪਤਾ ਨਹੀ ਉਸਨੇ ਖੁੱਦ ਗਰੀਬੀ ਹੰਢਾਈ ਸੀ ।
                   ਮਾਂ ਮਮਤਾ ਦੀ ਮੂਰਤ ਹੁੰਦੀ ਹੈ। ਅਕਸਰ ਕਈ ਵਾਰ ਮੈਂ ਦੇਖਦਾ ਕਿ  ਮਾਂ ਮੇਰੀਆਂ ਗਲਤੀਆਂ ਛਿਪਾਉਂਦੀ ਸੌ ਸੌ ਝੂਠ ਵੀ ਬੋਲਦੀ । ਪਾਪਾ ਜੀ ਤੋਂ ਝਿੜਕਾਂ ਵੀ ਖਾ ਲੈਂਦੀ। ਹਰ ਵੇਲੇ ਮੈਂਨੂੰ ਪਾਪਾ ਜੀ ਦੇ ਗੁੱਸੇ ਤੋਂ ਬਚਾਉਂਦੀ। ਸਾਰੇ ਇਲਜਾਮ ਆਪਣੇ ਸਿਰ ਲੈ ਲੈਂਦੀ ਪਰ ਮੈਂਨੂੰ ਤੱਤੀ ਵਾਅ ਨਾ ਲੱਗਣ ਦਿੰਦੀ। ਜਦੋਂ ਕਦੇ ਜੇਬ ਖਰਚੀ ਜਾ ਕਿਸੇ ਮੰਗ ਤੋਂ ਇਨਕਾਰੀ ਹੋ ਜਾਂਦੀ। ਤਾਂ ਮਾਂ ਆਪਣੀ ਜਿੰਮੇਵਾਰੀ ਤੇ ਸੋ ਤਰ੍ਹਾਂ ਦੇ ਪਾਪੜ ਵੇਲ ਕੇ ਵੀ ਮੇਰੀ ਮੰਗ ਪੂਰੀ ਕਰਦੀ। ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨ ਤੇ ਛੋਟਿਆਂ ਨਾਲ ਪਿਆਰ ਕਰਨ ਦੀ ਨਸੀਹਤ ਦਿੰਦੀ। ਗਰੀਬ ਦਾ ਭਲਾ ਕਰਨ ਬਾਰੇ ਵੀ ਪ੍ਰਰੇਦੀ।
                   ਅਖੇ ਮਾਂ ਮਾਰੇ ਤੇ ਮਾਰਨ ਨਾ ਦੇਵੇ। ਇਹ ਸੁਣਿਆ ਤੇ ਸੀ ਪਰ ਇਹ ਮੇਰੇ ਖੁੱਦ ਨਾਲ ਵਾਪਰਿਆ। ਅਕਸਰ ਮੇਰੀ ਕਿਸੇ ਗਲਤੀ ਤ ਮਾਂ ਮੇਰੀ ਖੂਬ ਝੰਡ ਲਾਹੁੰਦੀ। ਕਈ ਵਾਰੀ ਤਾਂ ਚੱਪਲਾਂ ਨਾਲ ਵੀ ਕੁੱਟਦੀ।ਮੇਰੇ ਰੋਣ ਦਾ ਤੇ ਚੀਕਾਂ ਦਾ ਵੀ ਮਾਂ ਤੇ ਕੋਈ ਅਸਰ ਨਾ ਹੁੰਦਾ। ਪਰੰਤੂ ਇੱਕ ਦਿਨ ਮੇਰੇ ਚਾਚਾ ਜੀ ਨੇ ਮੇਰੇ ਇੱਕ ਥੱਪੜ ਜੜ੍ਹ ਦਿੱਤਾ। ਮੇਰਾ ਕੋਈ ਕਸੂਰ ਨਹੀ ਸੀ। ਮੇਰੀ ਮਾਂ ਤੋਂ ਇਹ ਬਰਦਾਸਤ ਨਾ ਹੋਇਆ। ਉਸਨੇ ਮੇਰੇ ਚਾਚਾ ਜੀ ਨਾਲ ਖੂਬ ਲੜਾਈ ਕੀਤੀ ਤੇ ਉਸਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਕੇ ਹੀ ਦਮ ਲਿਆ। ਅਜਿਹੇ ਮੋਕਿਆਂ ਤੇ ਮਾਂ ਆਪਣੀ ਮਮਤਾ ਤੋ ਬੇਵੱਸ ਹੁੰਦੀ ਹੈ।
                     ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਗਿਆ ਹੈ। ਪਰ ਮਾਂ ਤਾਂ ਰੱਬ ਤੋਂ ਵੀ ਉੱਚੀ ਤੇ ਵੱਡੀ ਹੁੰਦੀ ਹੈ। ਰੱਬ ਨਜਰ ਨਹੀ ਆਉਂਦਾ ਪਰ ਮਾਂ ਜਨਮ ਤੋਂ ਹੀ ਸਾਡੇ ਨਾਲ ਹੁੰਦੀ ਹੈ ਉਹ ਸਾਡੀ ਜਨਮਦਾਤੀ ਹੁੰਦੀ ਹੈ। ਫਿਰ ਰੱਬ ਜੋ ਸਿਰਫ ਇਨਸਾਨ ਦੀ ਇੱਕ ਕਲਪਨਾ ਹੈ। ਉਸ ਦੀ ਹੋਂਦ ਬਾਰੇ ਵੀ ਕਈ ਵਾਰ ਖਦਸ਼ਾ ਪ੍ਰਗਟਾਇਆ ਜਾਂਦਾ ਹੈ। ਪਰ ਮਾਂ ਇੱਕ  ਅਸਲੀਅਤ ਹੈ। ਮਾਂ ਦੀ ਹੋਂਦ ਹੈ। ਹਰ ਪ੍ਰਾਣੀ ਦੀ ਇੱਕ ਹੀ ਜਨਮਦਾਤੀ ਮਾਂ ਹੁੰਦੀ ਹੈ। ਜਿੱਥੇ ਮਾਂ ਹੁੰਦੀ ਹੈ ਉਥੇ ਮਮਤਾ ਵੀ ਹੰਦੀ ਹੈ।ਦੁਨਿਆਂ ਵਿੱਚ ਸਭ ਤੋਂ ਮਿੱਠੀ ਤੇ ਉੱਤਮ ਵਸਤੂ ਮਾਂ ਦੀ ਮਮਤਾ ਹੈ। ਜਿਸਦੀ ਕਦਰ ਕਰਨਾ ਮਨੁੱਖ ਦਾ ਫਰਜ ਹੈ।

                                                                                                                                                                                                                               
                                                                                                  
                                                                                                  ਰਮੇਸ਼ ਸੇਠੀ ਬਾਦਲ 
ਮੋ 98 766 27 233 

Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template