Headlines News :
Home » » ਮਾਸਟਰਾਂ ਦਾ ਟੱਬਰ - ਰਮੇਸ਼ ਸੇਠੀ ਬਾਦਲ

ਮਾਸਟਰਾਂ ਦਾ ਟੱਬਰ - ਰਮੇਸ਼ ਸੇਠੀ ਬਾਦਲ

Written By Unknown on Tuesday 19 November 2013 | 01:19

                            ਗੱਲ ਕੋਈ ਪੰਜ ਸੱਤ ਸਾਲ ਹੀ ਪੁਰਾਣੀ ਹੈ ਮੈਂ ਬਠਿੰਡੇ ਤੋਂ ਫਰੀਦਕੋਟ ਚੱਲਿਆ ਸੀ। ਤੇ ਬਸ ਅਜੇ ਗੋਨਿਆਣੇ ਪੰਹੁਚੀ ਸੀ ਤੇ ਸੱਤਰ ਕੁ ਸਾਲ ਦਾ ਬਾਬਾ ਬਸ ਚ ਚੜਿਆ। ਇੱਕ ਕੰਡਕਟਰ ਨੇ ਲੰਬੀ ਸ਼ੀਟੀ ਮਾਰੀ ਤੇ ਬਸ   ਚਲ ਪਈ ਤੇ ਨਾਲ ਹੀ ਉਸ ਨੇ ਚੇਤਾਵਨੀ ਦੇ ਦਿੱਤੀ ਕਿ ਇੱਥੋਂ ਚੱਲੀ ਬਸ ਸਿੱਧੀ ਕੋਟਕਪੂਰੇ ਰੁਕੇਗੀ ਰਸਤੇ ਚ ਨਹੀ ਰੁਕਣੀ। ਉਹ ਬਾਬਾ ਮੇਰੇ ਨਾਲ ਬੈਠਣ ਦੀ ਝਾਕ ਵਿੱਚ ਸੀ। ਮੈਂ ਬਾਬੇ ਦੀ ਕਮਜੋਰ ਸਿਹਤ ਵੇਖਕੇ ਉਸਨੂੰ ਨਾਲ ਬਿਠਾ ਲਿਆ ਤੇ ਗੱਲਾਂ ਕਰਦੇ ਹੋਏ ਜਦੋਂ ਬਾਬੇ ਨੂੰ ਪਤਾ ਲੱਗਿਆ ਕਿ ਗੋਨਿਆਣਾ ਲਾਗੇ ਹੀ ਮੇਰੇ ਸਹੁਰੇ ਹਨ। ਤਾਂ ਬਾਬਾ ਅਪਣੱਤ ਜਿਹੀ ਵਿਖਾਉਣ ਲੱਗਾ। ‘‘ਮਹਿਮੇ ਸਰਕਾਰੀ  ਪਿੰਡ ਫਿਰ ਤੁੰ ਕਿੰਨਾ ਦੇ ਵਿਆਹਿਆ ਹੈੇ?”ਬਾਬੇ ਨੇ ਮੈਨੂੰ ਪੁਛਿਆ। ‘‘ਮੇਰੇ ਸਹੁਰਾ ਸਾਹਿਬ ਦਾ ਨਾਮ ਸ੍ਰੀ ਬਸੰਤ ਰਾਮ ਗਰੋਵਰ ਹੈ।” ਮੇਰੇ ਇੰਨਾ ਦੱਸਣ ਤੇ ਬਾਬੇ ਦੇ ਮੂੰਹ ਤੇ ਰੋਣਕ ਆ ਗਈ। ‘‘ਅੱਛਾ ਤੂੰ ਮਾਸਟਰ ਬਸੰਤ ਰਾਮ ਦਾ ਜਵਾਈ ਹੈ।” ‘‘ਤੁਸੀ ਜਾਣਦੇ ਹੋ ਉਹਨਾ ਨੂੰ ?” ਮੈਂ ਉਤਸੁਕਤਾ ਵੱਸ ਪੁੱਛਿਆ। ‘‘ਹਾਂ ਚੰਗੀ ਤਰ੍ਹਾਂ।  ਤਿੰਨ ਭਰਾ ਹਨ ਉਹ ਬਸੰਤ ਰਾਮ, ਜਸਵੰਤ ਰਾਮ ਤੇ ਕਸਤੂਰ ਚੰਦ। ਸਾਡੇ ਪਿੰਡ ਉਹਨਾ ਨੁੰ ਮਾਸਟਰਾਂ ਦਾ ਟੱਬਰ ਕਹਿੰਦੇ ਹਨ। ਇਹ ਤਿੰਨੇ  ਮੋਹਨ ਲਾਲ ਦੇ ਹਨ ਤੇ ਤਿੰਨ ਮੁੰਡੇ ਕਰਤਾ ਰਾਮ ਦੇ ਹਨ। ਚੇਤ ਰਾਮ, ਬੂਟਾ ਰਾਮ ਤੇ ਸਮਸ਼ੇਰ ਸਿੰਘ । ਬਈ ਇਹ ਖਾਨਦਾਨ ਪੜ੍ਹਾਈ ਦਾ ਭਗਤ ਹੈ। ਪੜ੍ਹਾਈ ਦੀ ਮਹੱਤਤਾ ਤਾਂ ਕੋਈ ਇਹਨਾ ਕੋਲੋ ਸਿੱਖੇ। ਪੜਾਈ ਤਾਂ ਬਸ ਇਹਨਾ ਦੇ ਖੂਨ ਵਿੱਚ ਰਚੀ ਹੋਈ ਹੈ। ਇਹ ਸਾਰੇ ਭਰਾ ਮਾਸਟਰ ਸਨ। ਅੱਗੋ ਇਹਨਾ ਦੇ ਪੁੱਤ, ਧੀਆਂ, ਭੈਣਾਂ,ਨੂੰਹਾਂ ਸਭ ਟੀਚਰ।  ਗੱਲ ਕੀ ਇਸ ਖਾਨਦਾਨ ਨੇ ਸਮਾਜ ਨੂੰ ਸਤਾਈ ਆਧਿਆਪਕ ਦਿੱਤੇ ਹਨ।”ਬਾਬਾ ਨੇ ਉਹਨਾ ਦੀ ਹਿਸਟਰੀ ਖੋਲ੍ਹ ਲਈ।
                       ‘‘ਵੈਸੇ ਇਹ ਸਾਰੇ ਭਰਾ ਦਸ ਦਸ ਪੜ੍ਹ ਕੇ ਮਾਸਟਰ ਲੱਗੇ ਸਨ। ਪਰ ਫਿਰ ਅੱਗੇ ਪੜ੍ਰ ਪੜ੍ਹਕੇ ਤਰੱਕੀਆਂ ਕਰਦੇ ਗਏ। ਚੇਤ ਰਾਮ ਤਾਂ ਸੁਣਿਆ ਵਾਹਵਾ ਤਰੱਕੀ ਕਰ ਗਿਆ।ਤੇ ਸ਼ਾਇਦ ਵੱਡਾ ਮਾਸਟਰ ਬਣ ਕੇ ਰਿਟਾਇਰ ਹੋਇਆ। ਨਿਹਾਇਤ ਸ਼ਰੀਫ ਆਦਮੀ ਹਨ ਸਾਰੇ। ਬੱਸ ਇਹਨਾ ਦੀ ਲਗਨ ਹੀ ਹੈ ਪੜਾਈ ਵੱਲ। ਇਹ ਕੁੜੀਆਂ ਨੂੰ ਵੀ ਮੁੰਡਿਆਂ  ਤਰ੍ਹਾਂ ਪੜਾਉਂਦੇ ਹਨ।ਜਿੰਨਾ ਮਰਜੀ ਪੜ੍ਹਣ ਇਹ ਹਟਾਉਂਦੇ ਨਹੀ।ਕੁੜੀਆ ਵੀ ਵਾਹਵਾ ਪੜੀਆਂ ਹਨ ਤੇ ਨੋਕਰੀ ਕਰਦੀਆਂ ਹਨ।  ਇਹਨਾ ਦੇ ਬੱਚਿਆ ਨੂੰ ਵੀ ਪੜ੍ਹਾਈ ਦੀ ਪੂਰੀ ਲਗਨ ਹੈ। ” ਬਾਬੇ ਨੇ ਹੋਰ ਵਿਸਥਾਰ ਨਾਲ ਦੱਸਿਆ। 
                       ‘‘ਮਾਸਟਰ ਚੇਤ ਰਾਮ ਅਤੇ ਬਸੰਤ ਰਾਮ ਦੇ ਪੜ੍ਹਾਏ ਤੁਹਾਨੂੰ ਬਠਿੰਡੇ ਦੇ ਨੇੜੇ ਤੇੜੇ ਹਰ ਥਾਂ ਤੇ ਨੋਕਰੀ ਕਰਦੇ ਮਿਲ ਜਾਣਗੇ। ਸਾਡੇ ਪਿੰਡ ਦੀਆਂ ਬਹੁਤੀਆਂ ਕੁੜੀਆਂ ਨੂੰ ਇਹਨਾ ਨੇ ਘਰੋਂ ਬੁਲਾਕੇ ਪੜ੍ਹਨ ਲਈ ਪ੍ਰੇਰਿਆ। ਤੇ ਅੱਜ ਉਹ ਵੀ ਅਧਿਆਪਕ ਲੱਗੀਆਂ ਹੋਈਆਂ ਹਨ।ਘਰੋ ਘਰੀ ਸੁਖੀ ਵੱਸਦੀਆਂ ਹਨ। ਤੇ ਇਹਨਾ ਦੇ ਗੁਣ ਗਾਉਂਦੀਆਂ ਹਨ।ਕਈਆਂ ਨੂੰ ਇਹਨਾਂ ਨੇ ਘਰੋ ਬੁਲਾਕੇ ਦੁਬਾਰਾ ਪੜ੍ਹਨੇ ਪਾ ਦਿੱਤਾ ਤੇ ਉਹ ਨੋਕਰੀਆਂ ਤੇ ਲੱਗ ਗਏ। ਇਹ ਨਹੀ ਬਈ ਇਹਨਾ ਨੇ ਇੱਕਲਾ ਪੜ੍ਹਾਇਆ ਹੀ ਹੈ ਜਦੋਂ ਸਰਕਾਰੀ ਜਾਂ ਪ੍ਰਾਈਵੇਟ ਨੋਕਰੀਆਂ ਨਿਕਲਦੀਆਂ ਇਹ ਝੱਟ ਘਰੋਬੁਲਾ ਕੇ ਫਾਰਮ ਭਰਾ ਦਿੰਦੇ ਅਗਲੇ ਦਾ। ਕਈ ਵਾਰੀ ਤਾਂ ਇਹ ਖਰਚ ਵੀ ਪੱਲਿਓੁ ਕਰਦੇ।ਜੇ ਕਿਸੇ ਦਾ ਇਹਨਾ ਦੇ ਉਪਰਾਲੇ ਨਾਲ ਰੋਜੀ ਰੋਟੀ ਦਾ ਜੁਗਾੜ ਹੋ ਜਾਂਦਾ ਤਾਂ ਇਹ ਫੁੱਲੇ ਨਾ ਸਮਾਉਂਦੇ। ਇਉ ਮਹਿਸੂਸ ਕਰਦੇ ਜਿਵੇਂ ਨੋਕਰੀ ਉਸ ਨੂੰ ਨਹੀ ਇਹਨਾ ਦੇ ਆਪਣੇ ਧੀ ਪੁੱਤ ਨੂੰ ਮਿਲੀ ਹੋਵੇ। ” ਬਾਬੇ ਦੀ ਕਹਾਣੀ ਜਾਰੀ ਸੀ। 
                ‘‘ਬਸੰਤ ਰਾਮ ਦਾ ਤਾਂ ਸੁਭਾਅ ਬਹੁਤ ਨਿੱਘਾ ਤੇ ਮਿਲਣਸਾਰ ਸੀ।ਉਹ ਅਗਲੇ ਨੂੰ ਖੁੱਲ ਕੇ ਮਿਲਦਾ।ਉੱਚੀ ਉੱਚੀ ਹੱਸਦਾ। ਸੁਖ ਸਾਂਦ ਪੁੱਛਦਾ। ਬਹੁਤ ਹਲੀਮੀ ਨਾਲ ਗੱਲ ਕਰਦਾ।ਨਿਮਰਤਾ ਦਾ ਖਜਾਨਾ ਸੀ ਉਹ।  ਮੈਂ ਕਦੇ ਉਸ ਨੂੰ ਕਿਸੇ ਨਾਲ ਗੁੱਸੇ ਹੁੰਦਾ ਨਹੀ ਸੀ ਵੇਖਿਆ। ਇਹਨਾ ਦਾ ਸਾਰਾ ਖਾਨਦਾਨ ਜੀ ਜੀ ਕਰਦਾ। ਬਸ ਇੱਕੋ  ਸ਼ੌਕ ਸੀ ਬੱਚਿਆ ਨੂੰ ਪੜ੍ਹਾਉਣ ਦਾ। ਮੁੰਡੇ ਪੜ੍ਹ ਲਿਖ ਗਏ ।ਸਾਰੀਆਂ ਨੂੰਹਾਂ ਅਧਿਆਪਕ ਹਨ। ਇੱਕ ਮੁੰਡਾ ਖੋਰੇ ਐਕਸੀਅਨ ਲੱਗਿਆ ਹੈ। ਤੇ ਇੱਕ ਪਟਵਾਰੀ ਹੈ। ਹੁਣ ਤਾਂ ਕੋਈ ਦੱਸਦਾ ਸੀ ਬਸੰਤ ਰਾਮ ਦੇ ਪੋਤੇ ਵੀ ਡਾਕਟਰ ਬਣ ਗਏ। ਸਭ ਉਸਦੀ ਮਿਹਨਤ ਤੇ ਨਿਮਰਤਾ  ਦਾ ਫਲ ਹੈੇ । ਸੁਣਿਆ ਹੈ ਸ਼ਮਸ਼ੇਰ ਦਾ ਮੁੰਡਾ ਸੁਖਜੀਤ ਪਤਾ ਨਹੀ ਕਿਹੜੀ ਕੰਪਨੀ ਚ  ਲੱਗਿਆ ਹੈ ਤਿੰਨ ਚਾਰ ਲੱਖ ਲੈਂਦਾ ਹੈ ਮਹੀਨੇ ਦਾ।” ਬਾਬਾ ਲਗਾਤਾਰ ਬੋਲੀ ਜਾ ਰਿਹਾ ਸੀ। ਤੇ ਮੈ ਬਸ ਹੰਗੂਰਾ ਭਰ ਛੱਡਦਾ ਸੀ।
                 ‘‘ ਮਾਸਟਰ ਚੇਤ ਰਾਮ ਨੇ ਆਪ ਤਾਂ ਪੜ੍ਹਾਈ ਕੀਤੀ ਸੋ ਕੀਤੀ ।ਟਿਊਸ਼ਨਾ ਵੀ ਬਹੁਤ ਪੜ੍ਹਾਈਆਂ।ਅੱਧੀ ਛੁੱਟੀ ਵੇਲੇ ਵੀ ਇੱਕ ਗਰੁੱਪ ਕੱਢ ਛੱਡਦਾ। ਕੋਈ ਪੈਸ਼ਿਆਂ ਦਾ ਲਾਲਚ ਨਹੀ। ਬਸ ਪੜਾਉਣ ਦਾ ਜ਼ਜਬਾ ਸੀ। ਗਰੀਬ ਹੈਂ ਤਾਂ ਕੌਈ ਗੱਲ ਨਹੀ । ਜਿੰਨੇ ਹੈ ਬਸ ਓਨੇ ਦੇਦੇ। ਨਹੀ ਤਾਂ ਨਾ ਸਹੀ। ਬਸ ਪੜਾਈ ਨਾ ਛੱਡੀ। ਪਿੰਡ ਚ ਛੋਟਾ ਜਿਹਾ ਕੱਚਾ ਘਰ ਸੀ ਇਹਨਾ ਦਾ। ਪਰ ਸਕੂਲਾਂ ਤੇ ਸਿੱਖਿਆ ਪ੍ਰਤੀ ਇਹਨਾ ਦਾ ਜਜਬਾ ਲਾਜਵਾਬ ਹੈ ।ਕਹਿੰਦੇ ਚੇਤ ਰਾਮ ਨੇ ਆਪਣੇ ਘਰ ਦੀ ਛੱਤ ਪੱਕੀ ਨਹੀ ਕੀਤੀ ਪਰ ਸਕੂਲ ਨੂੰ ਲਾਇਬ੍ਰੇਰੀ ਲਈ ਪੰਜਾਂ ਮਿੰਟਾਂ ਵਿੱਚ ਪੱਚੀ ਹਜਾਰ ਦੇ ਦਿੱਤੇ। ਨਹੀ ਤਾਂ ਅੱਜ ਕਲ੍ਹ  ਲੋਕ ਮੰਦਿਰਾਂ ਗੁਰੂਘਰਾਂ ਨੂੰ ਅੰਨ੍ਹੇ ਵਾਹ ਦੇਈ ਜਾਂਦੇ ਆ। ਸਕੂਲ ਨੂੰ ਧੇਲੀ ਨਹੀ ਦਿੰਦੇ। ਲੋਕੀ ਅੱਸ਼ ਅੱਸ਼ ਕਰ ਉਠੇ ਇਹਨਾ ਦੀ ਸਿੱਖਿਆ ਪ੍ਰਤੀ ਲਗਨ ਦੇਖ ਕੇ। ਭਾਈ ਜੇ ਇਹਨਾ ਨੇ ਪੜਾਈ ਦਾ ਮੁੱਲ ਪਾਇਆ। ਪੜ੍ਹਾਈ ਦੀ ਕਦਰ ਕੀਤੀ ਤਾਂ ਅੱਜ ਇਹ ਇੰਨੀਆਂ ਤਰੱਕੀਆਂ ਕਰ ਗਏ ਹਨ।” ਬਾਬਾ ਉਹਨਾ ਦੇ ਗੁਣ ਹੀ ਗਾ ਰਿਹਾ ਸੀ।
              ‘‘ਕੋਟਕਪੂਰੇ ਵਾਲੇ ਆਜੋ।” ਕਹਿ ਕੇ ਕੰਡਕਟਰ ਨੇ ਸੀਟੀ ਮਾਰ ਦਿੱਤੀ ਤੇ ਬਾਬਾ ਮੇਰਾ ਮੋਢਾ ਪਲੂਸ ਕੇ ਬਸ ਚੌ ਉੱਤਰ ਗਿਆ।ਤੇ ਮੈਨੂੰ ਇੱਕ ਨਵੀ ਸੋਚ ਦੇ ਗਿਆ ਕਿ ਅੱਜ ਦੇ ਯੁੱਗ ਵਿੱਚ ਪੜ੍ਹਾਈ ਦਾ ਕਿੰਨਾ ਮਹੱਤਵ ਹੈ। ਦੂਸਰਾ ਇਹ ਜਰੂਰੀ ਨਹੀ ਕਿ ਜੱਸ ਤੇ ਸੋਹਰਤ  ਸਿਰਫ ਪੈਸੇ ਵਾਲਾ ਹੀ ਖੱਟ ਸਕਦਾ ਹੈ ਇਸ ਲਈ ਨੇਕ ਦਿਲ ਅਤੇ ਦੂਸਰਿਆਂ ਦਾ ਭਲਾ ਕਰਨ ਦਾ ਜਜਬਾ ਹੋਣਾ ਚਾਹੀਦਾ ਹੈ।ਮੈਨੂੰ ਲੱਗਿਆ ਬਾਬਾ ਜਿਵੇਂ ਉਸ ਇਲਾਕੇ ਦਾ ਲੋਕ ਬੁਲਾਰਾ ਹੋਏ ਜੋ ਉਹਨਾਂ ਪ੍ਰਤੀ ਲੋਕਾਂ ਦਾ ਨਜਰੀਆ ਬਿਆਨ ਕਰਦਾ ਹੋਵੇ। ਮੈਨੂੰ ਮੇਰੇ ਸੁਹਰਿਆਂ ਦੇ ਪੜ੍ਹੇ ਲਿਖੇ ਹੋਣ ਅਤੇ ਨੇਕ ਦਿਲ ਤੇ ਸ਼ਰੀਫ ਹੋਣ ਤੇ ਇੱਕ ਮਾਣ ਜਿਹਾ ਹੋਇਆ ।ਤੇ ਮੈਂ ਆਪਣੇ ਆਪ ਤੇ ਮਾਸਟਰਾਂ ਦੇ ਟੱਬਰ ਦਾ ਹਿੱਸਾ ਹੋਣ  ਤੇ  ਫਖਰ ਜਿਹਾ ਮਹਿਸੂਸ ਕਰ ਰਿਹਾ ਸੀ।





ਰਮੇਸ਼ ਸੇਠੀ ਬਾਦਲ 
ਮੋ 98 766 27 233  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template