Headlines News :
Home » » ਪੰਜਾਬੀ ਗਾਇਕੀ ਦਾ ਬਾਬਾ ਬੋਹੜ੍ਹ-ਲਾਲ ਚੰਦ ਯਮਲਾ ਜੱਟ - ਧਰਮਿੰਦਰ ਸਿੰਘ ਵੜ੍ਹੈਚ

ਪੰਜਾਬੀ ਗਾਇਕੀ ਦਾ ਬਾਬਾ ਬੋਹੜ੍ਹ-ਲਾਲ ਚੰਦ ਯਮਲਾ ਜੱਟ - ਧਰਮਿੰਦਰ ਸਿੰਘ ਵੜ੍ਹੈਚ

Written By Unknown on Sunday 17 March 2013 | 00:58


ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਸੀ। ਫੱਕਰ ਤਬੀਅਤ ਦੇ ਮਾਲਿਕ ਇਸ ਗਾਇਕ ਨੇ ਪੂਰੀ ਉਮਰ ਸਾਫ-ਸੁਥਰੀ ਗਾਇਕੀ ਗਾ ਕੇ ਵਾਹ-ਵਾਹ ਖੱਟੀ। ਮਾਂ-ਬੋਲੀ ਪੰਜਾਬੀ ਦੀ ਦਿਲੋਂ ਇੱਜ਼ਤ ਕਰਨ ਵਾਲੀ ਇਸ ਮਹਾਨ ਸ਼ਖਸੀਅਤ ਨੇ ਮਾਂ-ਬੋਲੀ ਪੰਜਾਬੀ ਨੂੰ ਦੇਸ਼ਾ-ਵਿਦੇਸ਼ਾ ਵਿੱਚ ਗੀਤਾਂ ਜਰੀਏ ਗਾ ਕੇ ਬਣਦਾ ਮਾਨ-ਸਨਮਾਨ ਦੁਆਇਆ। ਇਸ ਮਹਾਨ ਗਾਇਕ ਦਾ ਜਨਮ ਪਾਕਿਸਤਾਨ ਲਾਇਲਪੁਰ ਦੇ ਚੱਕ ਨੰ: 384, ਟੋਭਾ ਟੇਕ ਸਿੰਘ ਵਿੱਚ ਪਿਤਾ ਸ੍ਰੀ ਖੇੜਾ ਰਾਮ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ 28 ਮਾਰਚ 1910 ਨੂੰ ਸਵੇਰ ਦੇ ਪੰਜ ਵਜੇ ਹੋਇਆ।ਆਪ ਦੇ ਤਿੰਨ ਭਰਾ ਚੂੰਨੀ ਲਾਲ, ਉਜਾਗਰ ਚੰਦ ਤੇ ਬਿਹਾਰੀ ਲਾਲ ਸਨ।ਆਪ ਸਭ ਤੋਂ ਵੱਡੇ ਸਨ। ਆਪ ਦੇ ਪਿਤਾ ਅਤੇ ਨਾਨਾ ਵੀ ਪ੍ਰਸਿੱਧ ਗਾਇਕ ਸਨ। ਗਾਇਕੀ ਆਪ ਨੂੰ ਵਿਰਸੇ ਵਿੱਚੋਂ ਹੀ ਮਿਲੀ ਸੀ। ਥੋੜ੍ਹੇ ਸਾਲਾ ਬਾਅਦ ਹੀ 22 ਮਾਰਚ 1921 ਨੂੰ ਆਪ ਦੇ ਪਿਤਾ ਦੀ ਹੋਈ ਅਚਾਨਕ ਮੌਤ ਨੇ ਸਾਰੇ ਪ੍ਰੀਵਾਰ ਨੂੰ ਹਿਲਾ ਕੇ ਰੱਖ ਦਿੱਤਾ । ਪਿਤਾ ਦੀ ਮੌਤ ਤੋਂ ਬਾਅਦ ਆਪ ਦੇ ਨਾਨਾ ਸ੍ਰੀ ਗੂੜਾ ਰਾਮ ਨੇ ਆਪ ਸਭ ਪ੍ਰੀਵਾਰ ਨੂੰ ਆਪਣੇ ਕੋਲ ਲੈ ਆਂਦਾ।ਆਪ ਸਕੂਲ ਤੋਂ ਬੇਮੁੱਖ ਹੋ ਕੇ ਸਾਰੀ ਉਮਰ ਅਨਪੜ੍ਹ ਹੀ ਰਹੇ। ਅਠਾਰਾਂ ਸਾਲ ਦੀ ਉਮਰ ਵਿੱਚ ਸੰਗੀਤ ਦੀ ਤਾਲੀਮ ਲਈ ਆਪ ਨੇ ਪੰਡਿਤ ਸਾਹਿਬ ਦਿਆਲ ਨੂੰ ਉਸਤਾਦ ਧਾਰਿਆ। ਫਿਰ 1930 ਦੇ ਦਰਮਿਆਨ ਆਪ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਉਸਤਾਦ ਚੌਧਰੀ ਮਜ਼ੀਦ ਨੂੰ ਗੁਰੂ ਧਾਰਿਆ ਤੇ ਸੰਗੀਤਕ ਬਾਰੀਕੀਆਂ ਸਿੱਖੀਆਂ। ਦੇਸ਼ ਦੀ ਵੰਡ ਤੋਂ ਬਾਅਦ ਉ ੱਜੜ ਕੇ ਆਪ ਪਹਿਲਾਂ ਬਟਾਲੇ ਤੇ ਫਿਰ ਲੁਧਿਆਣੇ ਜਵਾਹਰ ਨਗਰ ਆ ਕੇ ਰਹਿਣ ਲੱਗ ਪਏ। ਇੱਥੇ ਹੀ ਜੀਵਨ ਕੱਟੀ ਲਈ ਆਪ ਨੇ ਰੇਲਵੇ ਵਿੱਚ ਮਜ਼ਦੂਰੀ ਵੀ ਕੀਤੀ। ਆਖਰਕਾਰ ਆਪ ਦਾ ਮੇਲ ਕਵੀ ਰਾਮ ਨਰੈਣ ਦਰਦੀ ਨਾਲ ਹੋਇਆ। ਉਸ ਕੋਲ ਆਪ ਨੇ ਮਾਲੀ ਦੀ ਨੌਕਰੀ ਵੀ ਕੀਤੀ।ਜਿਸ ਲਈ ਆਪ ਨੂੰ ਤਿੰਨ ਜਾਂ ਚਾਰ ਰੁਪਏ ਦਿਹਾੜੀ ਬਣ ਜਾਂਦੀ ਸੀ। ਰਾਮ ਨਰੈਣ ਦਰਦੀ ਦੀ ਮਿਹਰਬਾਨੀ ਸਦਕਾ ਜਦ ਆਪ ਨੇ ਸਟੇਜ਼ ਤੇ ਗਾਇਆ ਤਾਂ ਆਪ ਨੂੰ ਪੈਂਤੀ ਰੁਪਏ ਮਿਹਨਤਾਨਾ ਮਿਲਿਆ ਜੋ ਆਪ ਲਈ ਬੜੀ ਵੱਡੀ ਗੱਲ ਸੀ। ਹੌਲੀ-ਹੌਲੀ ਆਪ ਨੇ ਆਪਣੀ ਪੈਂਠ ਬਣਾਈ ਤੇ ਗਾਇਕੀ ਦੇ ਖੇਤਰ ਵਿੱਚ ਇੱਕ ਕਾਮਯਾਬ ਹਸਤੀ ਬਣਨ ਵਿੱਚ ਕਾਮਯਾਬ ਹੋਇਆ। ਇੱਥੇ ਹੀ ਆਪ ਦਾ ਮੇਲ ਕਵੀ ਸੁੰਦਰ ਦਾਸ ਆਸੀ, ਸੋਹਣ ਸਿੰਘ ਸੀਤਲ, ਗਿਆਨੀ ਕਰਤਾਰ ਸਿੰਘ ਤੇ ਕਈ ਹੋਰ ਪ੍ਰਸਿੱਧ ਹਸਤੀਆਂ ਨਾਲ ਹੋਇਆ। ਇੱਥੇ ਰਹਿੰਦਿਆ ਹੀ ਕਵੀ ਸੁੰਦਰ ਦਾਸ ਆਸੀ ਨੇ ਆਪ ਨੂੰ ਗੀਤਕਾਰੀ ਦੀ ਚੇਟਕ ਲਾਈ ਤੇ ਅੱਗੇ ਜਾ ਕੇ ਆਪ ਨੇ ਕਈ ਮਸ਼ਹੂਰ ਗੀਤ ਸਿਰਜ ਦਿੱਤੇ। ‘ਯਮਲਾ ਜੱਟ’ ਤਖੁੱਲਸ ਵੀ ਕਵੀ ਸੁੰਦਰ ਦਾਸ ਆਸੀ ਦੀ ਹੀ ਦੇਣ ਹੈ। ਲਾਲ ਚੰਦ ਯਮਲਾ ਜੱਟ ਨੇ ਕਈ ਪ੍ਰਸਿੱਧ ਮੇਲਿਆਂ ਤੇ ਵੀ ਹਾਜ਼ਰੀ ਲੁਆਈ। ਆਪ  ਨੇ 1950 ਵਿੱਚ ਅਕਾਸ਼ਵਾਣੀ ਜਲੰਧਰ ਤੋਂ ਗਾਉਣਾ ਸ਼ੁਰੂ ਕੀਤਾ। ਫਿਰ ਜਦ ਦੂਰਦਰਸ਼ਨ ਜਲੰਧਰ ਦੀ ਸਥਾਪਨਾ ਹੋਈ ਤਾਂ ਉਸ ਸਮੇਂ ਤੋਂ ਹੀ ਯਮਲੇ ਨੇ ਦੂਰਦਰਸ਼ਨ ਤੋਂ ਹਾਜ਼ਰੀ ਲਵਾਣੀ ਸ਼ੁਰੂ ਕਰ ਦਿੱਤੀ ਸੀ। ਤੂੰਬੀ ਦੀ ਕਾਢ ਵੀ ਯਮਲੇ ਦੀ ਹੀ ਦੇਣ ਹੈ। ਇਸ ਤੂੰਬੀ ਨੂੰ ਯਮਲੇ ਨੇ ਇੰਨ੍ਹਾਂ ਨਾਣ ਦੁਆਇਆ ਕਿ ਇਹ ਲੋਕ ਸਾਜ਼ਾ ਵਿੱਚ ਸ਼ੁਮਾਰ ਹੋ ਗਈ ਤੇ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਦੀ ਲਾਇਬ੍ਰੇਰੀ ਕਰਮਨ ਦਾ ਸ਼ਿੰਗਾਰ ਬਣੀ ਬੈਠੀ ਹੈ।ਮਸ਼ਹੂਰ ਕੰਪਨੀ ਐੱਚ.ਐਮ.ਵੀ ਨੇ 1950 ਵਿੱਚ ‘ਮੈਨੂੰ ਲੈ ਚੱਲ ਨਦੀੳਂੁ ਪਾਰ,ਘੜੇ ਦੇ ਅੱਗੇ ਹੱਥ ਜੋੜਦੀ’ ਰਿਕਾਰਡ ਕਰਵਾਇਆ। ਫਿਰ ਤਾਂ ਬੱਸ ਚੱਲ ਸੋ ਚੱਲ, ਯਮਲੇ ਨੇ ਸੈਂਕੜੇ ਗੀਤ ਰਿਕਾਰਡ ਕਰਵਾਏ। ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’ , ‘ਜੰਗਲ ਦੇ ਵਿੱਚ ਖੂਹਾ ਲੁਆ ਦੇ’ , ‘ਤੇਰੇ ਹੱਥ ਵਿੱਚ ਚਾਬੀ ੳ ਦਾਤਾ ਸਾਰੇ ਸੰਸਾਰ ਦੀ’ , ‘ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ’ , ‘ਆਰ ਟਾਂਗਾ ਪਾਰ ਟਾਂਗਾ’ , ‘ਤੇਰੇ ਨੀ ਕਰਾਰਾ ਮੈਨੂੰ ਪੱਟਿਆ’ , ‘ਤੂੰਬਾ ਵੱਜਦਾ ਨਾ ਤਾਰ ਦੇ ਬਿਨਾਂ’ , ‘ਨਿਉਂ ਕੇ ਫੜੀ ਜਵਾਨਾਂ ਇੱਥੇ ਮੇਰੀ ਨੱਥ ਡਿੱਗ ਪਈ’ , ‘ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨੀ ਆਉਣੀ’ , ‘ਯਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ’ , ‘ਜਗਤੇ ਨੂੰ ਛੱਡ ਕੇ ਤੇ ਭਗਤੇ ਨੂੰ ਕਰ ਲੈ’ , ‘ਆਹ ਲੈ ਮਾਏਂ ਸਾਂਭ ਕੁੰਜੀਆਂ’ , ‘ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ’ , ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’ ਤੇ ਕਈ ਹੋਰ ਗੀਤ ਵੀ ਰਿਕਾਰਡ ਕਰਵਾਏ ਜੋ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ੍ਹ ਗਏ। ਆਪ ਦੀ ਸ਼ਾਦੀ ਸ੍ਰੀ ਮਤੀ ਰਾਮ ਰਖੀ ਨਾਲ ਹੋਈ। ਆਪ ਦੇ ਚਾਰ ਪੁੱਤਰ ਸ੍ਰੀ ਕਰਤਾਰ ਚੰਦ,ਜਸਵਿੰਦਰ ਕੁਮਾਰ,ਜਸਦੇਵ ਕੁਮਾਰ,ਜਗਦੀਸ਼ ਕੁਮਾਰ ਤੇ ਦੋ ਧੀਆਂ ਸ਼੍ਰੀਮਤੀ ਸੰਤੋਸ਼ ਰਾਣੀ ਤੇ ਸਰੂਪ ਰਾਣੀ ਹਨ। ਗਾਇਕੀ ਦੇ ਦਮ ਤੇ ਆਪ ਨੇ ਕੈਨੇਡਾ,ਇੰਗਲੈਂਡ,ਐਡਮਿੰਟਨ, ਕੈਲਗਰੀ ਆਦਿ ਸ਼ਹਿਰਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਬਖੇਰਿਆ। ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦੇ ਰੂਪ ਵਿੱਚ ਆਪ ਨੇ ਕਈ ਮਾਨ-ਸਨਮਾਨ ਵੀ ਪ੍ਰਾਪਤ ਕੀਤੇ। ਜਿੰਨ੍ਹਾਂ ਵਿੱਚ ਰਾਸ਼ਟਰੀ ਪੁਰਸਕਾਰ,ਸਰਵੋਤਮ ਲੋਕ ਗਾਇਕ ਦਾ ਪੁਰਸਕਾਰ, ਪੰਡਿਤ ਜਵਾਹਰ ਲਾਲ ਨਹਿਰੂ ਨੇ ਸੋਨੇ ਦਾ ਤਮਗਾ ਭੇਟ ਕੀਤਾ ਤੇ ਕਈ ਹੋਰ ਅਹਿਮ ਮੇਲਿਆਂ ਤੇ ਵੀ ਮਾਨ-ਸਨਮਾਨ ਹਾਸਿਲ ਕੀਤੇ। ਅੰਤ 20 ਦਸੰਬਰ 1991 ਨੂੰ ‘ਯਮਲਾ ਜੱਟ’ ਸਾਡੇ ਤੋਂ ਵਿੱਛੜ ਗਿਆ ਪ੍ਰੰਤੂ ਆਪਣੀ ਗਾਇਕੀ ਦੇ ਸਦਕੇ ਸਦਾ ਸਾਡੇ ਚੇਤਿਆਂ ਵਿੱਚ ਵੱਸੇ ਰਹਿਣਗੇ। 
ਧਰਮਿੰਦਰ ਸਿੰਘ ਵੜ੍ਹੈਚ(ਚੱਬਾ), 
ਪਿੰਡ ਤੇ ਡਾਕ:ਚੱਬਾ, ਤਰਨਤਾਰਨ ਰੋਡ, 
ਅੰਮ੍ਰਿਤਸਰ-143022, ਮੋਬਾ:97817-51690
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template