Headlines News :
Home » » ਇੱਕ ਚੂਹੇ ਦੀ ਦਾਸਤਾਨ - ਜਸਵਿੰਦਰ ਸਿੰਘ ਰੁਪਾਲ

ਇੱਕ ਚੂਹੇ ਦੀ ਦਾਸਤਾਨ - ਜਸਵਿੰਦਰ ਸਿੰਘ ਰੁਪਾਲ

Written By Unknown on Sunday 17 March 2013 | 00:45

                 ਦੇਖਣ ਵਿੱਚ ਤਾਂ ਮੈਂ ਛੋਟਾ ਜਿਹਾ ਚੂਹਾ ਹੀ ਹਾਂ,ਪਰ ਮੇਰੇ ਨਾਲ ਕਈ ਵੱਡੀਆਂ ਵੱਡੀਆਂ ਘਟਨਾਵਾਂ ,ਵਾਰਦਾਤਾਂ ਜੁੜੀਆਂ ਹੋਈਆਂ ਹਨ ।ਕੁਝ ਮੇਰੇ ਹਮਾਇਤੀਆਂ ਨੇ,ਕੁਝ ਆਲੋਚਕਾਂ ਨੇ,ਰੌਲਾ ਪਾ ਪਾ ਕੇ ਪ੍ਰਚਾਰ ਕਰ ਕਰ ਕੇ-ਮੈਨੂੰ ਅੱਜ ਬੋਲਣ ਲਈ ਮਜਬੂਰ ਕਰ ਦਿੱਤਾ ਹੈ-ਵਰਨਾ ਮੈਂ ਚੁੱਪ ਵਿੱਚ ਵਿਸ਼ਵਾਸ਼ ਰੱਖਦਾ ਹਾਂ।ਲਓ ਹੁਣ ਤੁਹਾਡੇ ਨਾਲ ਕੁਝ ਹੱਡਬੀਤੀਆਂ ਘਟਨਾਵਾਂ ਅਤੇ ਨਿਜੀ ਦੁੱਖ ਸੁੱਖ ਸਾਂਝੇ ਕਰਦਾ ਹਾਂਅਤੇ ਵਾਅਦਾ ਕਰਦਾ ਹਾਂ ਕਿ ਜੋ ਕੁਝ ਕਹਾਂਗਾ ਸੱਚੋ ਸੱਚ ਕਹਾਂਗਾ ਅਤੇ ਸੱਚ ਦੇ ਬਗੈਰ ਕੁਝ ਨਹੀਂ ਕਹਾਂਗਾ।
                         ਮੇਰੀ ਸ਼ਕਲ ਤੋਂ ਤੁਸੀਂ ਵਾਕਫ਼ ਹੀ ਹੋ।ਸ਼ਕਲ ਵਿੱਚ ਮੇਰੀਆਂ ਅੱਖਾਂ ਚੁਸਤ ਚੇਤੰਨ ਨਿਗ੍ਹਾ,ਮੇਰੀਆਂ ਮੁੱਛਾਂ-‘ਸ਼ਰਮ ਬਾਝ ਮੁੱਛਾਂ ਅਮਲ ਬਾਝ ਦਾਹੜੀ.-ਇਨ੍ਹਾਂ ਮੁੱਛਾਂ ਨੂੰ ਮੈਂ ਲੋੜ ਪੈਣ ਤੇ ਵੱਟ ਦੇ ਦਿਆ ਕਰਦਾ ਹਾਂ,ਅਤੇ ਇੱਕ ਮੇਰੀ ਪੂਛ ਮਹੱਤਵਪੂਰਨ ਹਨ।ਹਾਂ ਫ਼ਪੂਛ ਤੋਂ ਯਾਦ ਆਇਆ-ਤੁਸੀਂ ਤਾਂ ਮੇਰੇ ਨਾਲ ਸੁਰੂ ਤੋਂ ਹੀ ਧੱਕਾ ਕਰਦੇ ਆਏ ਹੋ।ਤੁਹਾਡੇ ਵੱਡੇ ਵਡੇਰੇ ਨੇ-ਮੈਨੂੰ ਤਾਂ ਹੁਣ ਉਸ ਦੁਸ਼ਟ ਦਾ ਨਾਮ ਵੀ ਯਾਦ ਨਹੀਂ-ਜਿਸ ਨੇ ਮੇਰੇ ਵੱਡੇ ਵਡੇਰਿਆਂ ਦੀਆਂ ਪੂਛਾਂ ਕੱਟੀਆਂ ਸਨ।ਉਹ,ਜਿਸ ਨੂੰ ਤੁਸੀਂ ਮਾਣ ਨਾਲ ਵਿਗਿਆਨਕ ਕਹਿੰਦੇ ਹੋ,ਲਗਾਤਾਰ ਇੱਕੀ ਪੀੜ੍ਹੀਆਂ ਸਾਡੀਆਂ ਪੂਛਾਂ ਕੱਟਦਾ ਰਿਹਾ।ਅਤੇ ਉਸ ਨੇ ਸਿੱਧ ਕੀਤਾ ਸੀ ਕਿ ਮਾਂ ਬਾਪ ਦੇ ਅੰਗਹੀਣ ਹੋਣ ਦਾ ਪ੍ਰਭਾਵ ਬੱਚਿਆਂ ਤੇ ਨਹੀਂ ਪੈਂਦਾ।ਵਾਹ ਓਇ ਅਕਲਾਂ ਵਾਲਿਓ ਚੰਗੀਆਂ ਤੁਹਾਡੀਆਂ ਖੋਜਾਂ ਨੇ,ਜੋ ਕਿਸੇ ਦਾ ਚੀਰ ਫਾੜ ਕਰਨ ਦੀ ਆਗਿਆ ਦਿੰਦੀਆਂ ਹਨ।ਵੈਸੇ ਤੁਹਾਨੂੰ ਦੱਸ ਦੇਵਾਂ ਕਿ ਮੇਰਾ ਸੁਭਾਂਅ ਤੁਹਾਡੇ ਸੁਭਾਅ ਤੋਂ ਬਿਲਕੁਲ ਭਿੰਨ ਹੈ।ਮੇਰੇ ਲਈ ਸਭ ਬਰਾਬਰ ਹਨ।ਤੁਹਾਡੇ ਵਾਂਗ ਮੈਂ ਭਿੰਨ ਭੇਦ ਨਹੀਂ ਰੱਖਦਾ। ਮੈਂ ਕਬੂਤਰਾਂ ਦਾ ਜਾਲ ਵੀ ਖੁਸ਼ੀ ਨਾਲ ਕੱਟ ਦਿੰਦਾ ਹਾਂ।ਕਈ ਵਾਰੀ ਮੈਂ ਜੰਗਲ ਦੇ ਰਾਜੇ ਨਾਲ ਉਠਣ ਬੈਠਣ ਲੱਗ ਜਾਂਦਾ ਹਾਂ ਤੇ ਮੁਸੀਬਤ ਵੇਲੇ ਉਸ ਦਾ ਪਿੰਜਰਾ ਵੀ ਕੱਟ ਦਿੰਦਾ ਹਾਂ।ਮੇਰੇ ਦੰਦਾਂ ਤੋਂ ਬਲਿਹਾਰੇ ਜਾਓ ਤੁਸੀਂ। ਫਰ ਤੁਸੀਂ ਤਾਂ ਹੱਦ ਹੀ ਕਰ ਦਿੰਦੇ ਹੋ ਮੈ ਹੋਰਾਂ ਨੂੰ ਆਜਾਦ ਕਰਾਉਂਦਾ ਹਾਂ,ਬੰਧਨ ਕੱਟਦਾ ਹਾਂ।ਪਰ ਤੁਹਾਡ ਿਅਕਲ ਕਦੇ ਮੇਰੀ ‘ਪੂਛ. ਕੱਟਣ ਤੁਰ ਪੈਂਦੀ ਹੈ ;ਕਦੇ ਕੋਈ ਕੜਿੱਕੀ ਜਾਂ ਪਿੰਜਰਾ ਮੇਰੇ ਲਈ ਤਿਆਰ ਕਰਦੀ ਹੈ।ਮੈਂ ਵੀ ਕਦੇ ਭੁੱਖ ਦਾ ਸਤਾਇਆ ‘ਮਜਬੂਰ ਤੇ ਲਾਚਾਰ.ਤੁਹਾਡੀ ਚਾਲ ਦਾ ਸ਼ਿਕਾਰ ਹੋ ਜਾਂਦਾ ਹਾਂ।ਫ਼ਿਰ ਵੀ ਮੈ ਤੁਹਾਡਾ ਬੁਰਾ ਨਹੀਂ ਚਿਤਵਦਾ,ਜਿੰਨਾ ਤੁਸੀਂ ਮੇਰਾ ਬੁਰਾ ਕਰਨ ਲੱਗ ਪੈਦੇ ਹੋ।
                 ਸਿਵਾਏ ਬਿੱਲੀ ਤੋਂ ,ਮੈਂ ਕਿਸੇ ਤੋੰ ਡਰਨ ਵਾਲਾ ਨਹੀਂ।ਬਿੱਲੀ ਮੇਰਾ ਕਾਲ ਹੈ।ਉਸ ਦਾ ਲੋਹਾ ਮੈਂ ਮੰਨਦਾ ਹਾਂ। ਖਦੇ ਕਦੇ ਮੇਰੇ ਵਰਗੇ ਨੌ ਸੌ ਚੂਹੇ ਖਾ ਕੇ ਵੀ ਹੱਜ ਨੂੰ ਨਹੀਂ ਜਾਂਦੀ-ਭੁੱਖੀ ਦੀ ਭੁੱਖੀ।ਔਖਾ ਬਹੁਤ ਹਾਂ ਪਰ ਵਸ ਨਹੀਂ ਚਲਦਾ।ਇੱਕ ਵਾਰੀ ਤਾਂ ਸਾਡੀ ਸਭਾ ਨੇ ਮਤਾ ਵੀ ਪਾਸ ਕਰ ਦਿੱਤਾ ਸੀ ਕਿ ਇਸ ਵੈਰਨ ਦੇ ਗਲ ਵਿੱਚ ਟੱਲੀ ਬੰਨ੍ਹ ਦਿੱਤੀ ਜਾਵੇ,ਆਵੇ ਤਾਂ ਪਤਾ ਲੱਗ ਜਾਇਆ ਕਰੇਗਾ।ਸਾਰੇ ਹੀ ਇੱਕਦਮ ਸਹਿਮਤ ਹੋ ਗਏ ਸਨ ਪਰ ‘‘ਤੁਹਾਡੇ ਵਾਂਗ ਹੀ”ਕੋਈ ਵੀ ਅੱਗੇ ਨਹੀਂ ਸੀ ਆਇਆ ‘ਟੱਲੀ ਬੰਨ੍ਹਣ ਦੇ ਇਸ ਕੰਮ ਨੂੰ ਕਰਨ ਲਈ.।ਤੁਹਾਡਾ ਅੰਨ ਜੋ ਖਾਂਦੇ ਹਾਂ-ਤੁਹਾਡੀ ਸੰਗਤ ਦਾ ਇੰਨਾ ਕੁ ਅਸਰ ਤਾਂ ਪੈਣਾ ਹੀ ਸੀ।ਤਦੇ ਮੌਤੋਂ ਡਰ ਡਰ ਕੇ ਲੁਕਦੇ ਫਿਰਦੇ ਹਾਂ।.....
              ਲਓ ਇੱਕ ਦਿਨ ਦੀ ਗੱਲ ਸੁਣੋ।ਤੁਹਾਡੇ ਇੱਕ ਸਾਥੀ ਦੇ ਘਰ ਇੱਕ ਦੇਸੀ ਸ਼ਰਾਬ ਦਾ ਢੋਲ ਪਿਆ ਹੋਇਆ ਸੀ।ਹੁਣ ਮੈਨੂੰ ਕੀ ਪਤਾ ਇਹ ਕੀ ਹੈ । ਮੈ ,ਮੌਕਾ ਦੇਖ ਕੇ ਚੱਖ ਲਈ।ਸੱਚ ਜਾਣੋ ਪਤਾ ਨਹੀਂ ਕੀ ਵਾਪਰਿਆ ਫ਼ਮੈਂ ਮੁੱਛਾਂ ਨੂੰ ਵੱਟ ਦੇ ਕੇ ਕਿਹਾ, ‘‘ਹੁਣ ਆਵੇ ਖਾਂ ਸਾਹਮਣੇ ਕਿਹੜੀ ਐ ਬਿੱਲੀ ?” ਮੈਨੂੰ ਲੱਗਿਆ ਕਿ ਮੈਂ ਉਸ ਨੂੰ ਕੱਚੀ ਨੂੰ ਹੀ ਖਾ ਜਾਂਵਾਂਗਾ,ਪਰ ਤਦੇ ਹੀ ‘‘ਮਿਆਊਂ” ਦੀ ਆਵਾਜ਼ ਨੇ ਮੇਰਾ ਸਾਰਾ ਨਸ਼ਾ ਉਤਾਰ ਦਿੱਤਾ।ਮੈਂ ਇੱਧਰ ਉੱਧਰ ਭੱਜਿਆ।ਬਿੱਲੀ ਮਗਰੇ ਮਗਰ।-‘‘ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ”ਅਨੁਸਾਰ ਮੈਨੂੰ ਖੁੱਡ ਨਾ ਲੱਭੇ।ਬੜਾ ਹਫਿਆ ਉਸ ਦਿਨ।ਜਿਵੇਂ ਕਿਵੇਂ ਬਚ ਗਿਆ ਉਸ ਦਿਨ।ਕੰਨਾਂ ਨੂਮ ਹੱਥ ਲਗਾਏ ਕਿ ਹੁਣ ‘‘ਮੰਮਾ ਅੱਖਰ ਵਿਸਰਿਆ” ਵਾਲੀ ਹਾਲਤ ਨਹੀਂ ਆਉਣ ਦਿਆਂਗਾ।ਕਿਉਂਕਿ ‘‘ਮੰਮਾ-ਮਿਆਊਂ” ਹੀ ‘‘ਮੰਮਾ-ਮੌਤ” ਹੈ ਮੇਰੇ ਲਈ।
                             ਭਲਾ ਦੱਸੋ ਤਾਂ ਮੈਂ ਤੁਹਾਡਾ ਕਿੰਨਾ ਕੁ ਨੁਕਸਾਨ ਕਰ ਦਿੰਦਾ ਹਾਂ ?ਹੋਇਆ ਕਦੇ ਅਨਾਜ ਦਾ ਖਾ ਲਿਆ ਭੋਰਾ।ਆਖਰ ਪੇਟ ਤਾਂ ਮੈਂ ਵੀ ਭਰਨਾ ਹੀ ਹੈ।ਕਦੇ ਕਦੇ ਕੱਪੜੇ ਵੀ ਟੁੱਕੇ ਜਾਂਦੇ ਹੋਣਗੇ,ਪਰ ਇਹ ਤਾਂ ਮੇਰੀਆਂ ਮਜਬੂਰੀਆਂ ਨੇ।ਤੁਸੀਂ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ।ਸ਼ਇਦ ਇਸੇ ਲਈ ਤੁਸੀਂ ਸਾਨੂੰ ਜਿਊਂਦੇ ਨੂੰ ਮਾਰਦੇ ਹੋ,ਪਰ ਮਰੇ ਹੋਏ ਨੂੰ ਇੱਕ ਦਮ ਸੁੱਟਣ ਚਲ ਪੈਂਦੇ ਹੋ।ਬਲਗਮ ਖਾ ਜਾਣ ਵਾਲੇ ‘ਮੁਰਗੇ.ਨੂੰ ਖਾ ਜਾਂਦੇ ਹੋ,ਮੁਰਦੇ ਖਾਣ ਵਾਲੀ ‘ਮੱਛੀ. ਨੂੰ ਖਾ ਜਾਂਦੇ ਹੋ,ਗੰਦਗੀ ਖਾਣ ਵਾਕੇ ਸੂਰ ਨੂੰ ਖਾ ਜਾਂਦੇ ਹੋ ,ਪਰ ਧੰਨ ਓ ਬੁੱਧੀ ਦਿਆ ਮਾਲਕਾ ਮੈਨੂੰ ਮਰੇ ਨੂੰ ਨਹੀਂ ਖਾਂਦਾ ਹਾਲਾਂਕਿ ਮੈਂ ਚੰਗੀਆਂ ਚੀਜਾਂ ਦਾਲਾਂ,ਅਨਾਜ ,ਘਿਓ ਆਦਿ ਖਾਂਦਾ ਹਾਂ।ਸਦਕੇ ਤੁਹਾਡੀਆਂ ਅਕਲਾਂ ਦੇ .......।
                     ਲਓ ਘੱਟ ਮੈ ਵੀ ਨਹੀਂ ਕਿਸੇ ਕੋਲੋਂ ।ਇੱਕ ਦਿਨ ਕੀ ਹੋਇਆ ਕਿ ਮੈਨੂੰ ਸੁੰਢ ਦੀ ਗੰਢੀ ਲੱਭ ਗਈ ਤੇ ਵਾਹ ! ਮੈਂ ਪੰਸਾਰੀ ਬਣ ਬੈਠਾ।ਸੱਚ ਆਖਦਾ ਹਾਂ ਜੇ ਕਿਧਰੇ ਮੰਮਾ ਅੱਖਰ ਯਾਦ ਨਾ ਆਉਂਦਾ,ਤੁਹਾਨੂੰ ਖੂਬ ਲੁੱਟ ਲੈਣਾ ਸੀ।....
ਇੱਕ ਕਹਾਣੀ ਸੁਣੀ ਹੋਣੀ ਐ ਤੁਸੀਂ ਬਈ ਇੱਕ ਬਾਦਸ਼ਾਹ ਜੰਗਲ ਵਿੱਚੋਂ ਲੰਘ ਰਿਹਾ ਸੀ ਕਿ ਇੱਕ ਸ਼ੇਰ ਆ ਨਿਕਲਿਆ।ਬਾਦਸ਼ਾਹ ਦਰਖ਼ਤ ਉਪਰ ਚੜ੍ਹ ਗਿਆ।ਉਸ ਟਾਹਣੀ ਦੇ ਸਿਖਰ ਤੋਂ ਇੱਕ ਛੱਤੇ ਚੋਂ ਸ਼ਹਿਦ ਦਾ ਤੁਪਕਾ ਤੁਪਕਾ ਡਿਗ ਕੇ ਰਾਜੇ ਦੇ ਮੂੰਹ ਚ. ਪੈਣ ਲੱਗਿਆ।ਰਾਜਾ ਸ਼ਹਿਦ ਖਾਣ ਵਿੱਚ ਮਸਤ ਹੋ ਗਿਆ। ਇਸੇ ਟਾਹਣੀ ਨੂੰ ਦੋ ਚੂਹੇ ਫ਼ਇੱਕ ਚਿੱਟਾ ਅਤੇ ਇੱਕ ਕਾਲਾ ਕੱਟ ਰਹੇ ਸਨ ਅਤੇ ਹੇਠਾਂ  ਇੱਕ ਕਾਲਾ ਨਾਗ ਫਨ ਫੈਲਾਈ ਬੈਠਾ ਸੀ।ਮੈਂ ਉਨ੍ਹਾਂ ਦੋਹਾਂ ਚੂਹਿਆਂ ਵਿੱਚੋਂ ਹੀ ਇੱਕ ਹਾਂ ਚਿੱਟਾ ਜਾਂ ਕਾਲਾ ? ਪਛਾਣ ਤੁਸੀਂ ਕਰੇ।ਬਾਦਸ਼ਾਹ ਦੀ ਮੌਤ ਦਾ ਕਾਰਨ ਵੀ ਬਣਾਂਗਾ ਇਸ ਤਰਾਂ ਮੈਂ....
                           ਇੱਕ ਮਹਾਂ ਪੁਰਸ਼ ਇਸ ਦੁਨੀਆਂ ਤੇ600 ਸਾਲ ਦੇ ਕਰੀਬ ਆਏ ਸਨ ।ਉਨ੍ਹਾਂ ਆਪਣੀ ਬਾਣੀ ਵਿੱਚ ਲਿਖਿਆ ਹੈ:-
‘‘ਕੁਲਹਾਂ ਦੇਂਦੇ ਬਾਵਲੇ,ਲੈਂਦੇ ਵਡੇ ਨਿਲਜ
ਚੂਹਾ ਖਡ ਨ ਮਾਵਈ,ਤਿਕਲਿ ਬੰਨੈ ਛਜ।।”-ਗੁਰੂ ਨਾਨਕ (ਅੰਕ 1286)
                   ਸਪਸ਼ਟ ਹੋਇਆ ਕਿ ਮੈਂ ਆਪ ਤਾਂ ਖੱਡ ਵਿੱਚ ਸਮਾਵਾਂ ਜਾਂ ਨਾ ਪਰ ਲੱਕ ਨਾਲ ਛੱਜ ਜਰੂਰ ਬੰਨ੍ਹ ਰੱਖਿਆ ਹੈ।ਮੇਰੀ ਬੁੱਧੀ ਨੂੰ ਗੁਰੁ ਨਾਨਕ ਸਾਹਿਬ ਨੇ ਅੱਜ ਦੇ ਪ੍ਰਚਾਰਕਾਂ,ਲੇਖਕਾਂ,ਬੁੱਧੀਜੀਵੀਆਂ,ਨੇਤਾਵਾਂ,ਅਧਿਆਪਕਾਂ ਦੀ ਬੁੱਧੀ ਦੇ ਬਰਾਬਰ ਮੰਨਦੇ ਹਨ ।ਇਹ ਸਾਰੇ ਵੀ ‘‘ਅਵਰ ਉਪਦੇਸੈ ਆਪ ਨ ਕਰੈ” ਵਾਲੇ ਹੀ ਹੁੰਦੇ ਹਨ।ਧੰਨ ਭਾਗ ਹਨ ਮੇਰੇ-ਗੁਰੂ ਨਾਨਕ ਨੇ ਮੇਰਾ ਜਿਕਰ ਕੀਤਾ ਹੈ।
                  ਹਾਂ ਅੰਤ ਵਿੱਚ ਦੱਸ ਦੇਵਾਂ ਮੈਂ ਕੌਣ ਹਾਂ ? ਓਹੀ ਜਿਸ ਬਾਰੇ ਕਹਿੰਦੇ ਨੇ ‘‘ਪੁੱਟਿਆ ਪਹਾੜ ਨਿਕਲਿਆ ਚੂਹਾ।”ਜੀ ਹਾਂ ਮੈਂ ਕਈ ਪਹਾੜ ਖੋਦਣ ਤੋਂ ਬਾਅਦ ਨਿਕਲਿਆ ਸੀ ਅਤੇ ਅੱਜ ਵੀ ਜਿਸ ਪਹਾੜ ਨੂੰ ਹਾਥੀ ਟੱਕਰਾਂ ਮਾਰ ਕੇ ਨਹੀਂ ਡੇਗ ਸਕਦਾ, ਮੈਂ ਜੜ੍ਹਾਂ ਖੋਦ ਕੇ ਡੇਗ ਸਕਦਾ ਹਾਂ।ਯਾਦ ਰੱਖਣਾ ਮੈਂ ਇੱਕ ਛੋਟਾ ਜਿਹਾ ਚੂਹਾ ਹੀ ਹਾਂ।
ਜਸਵਿੰਦਰ ਸਿੰਘ ‘‘ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template