ਹੱਥ ਨੂੰ ਹੱਥ ਨਹੀਂ ਦਿੱਸਦਾ
ਆਲ੍ਹਣੇ ਵਿਚੋਂ ਇਕ ਚਿੜੀ
ਉਡੀ ਮਾਰ ਉਡਾਰੀ ....।
ਬੋਟਿਆਂ ਆਪਣਿਆਂ ਨੂੰ ਦੇ ਨਸੀਹਤ
ਮੇਰੇ ਬੱਚੂ !
ਆਲ੍ਹਣੇ ਚੋਂ ਬਾਹਰ ਨਾ ਜਾਇਓ
ਬਿੱਲੀ ਝਪਟ ਮਾਰ ਲਊਗੀ
ਕੱਲ ਤੁਸੀਂ ਸਬੱਬੀ ਬੱਚ ਗਏ
ਜਦੋਂ ਬਾਜ ਨੇ ਸੀ ਤਾੜ ਮਾਰੀ ....।
ਮੈਂ ਚੋਗਾ ਲੈ ਮੁੜ ਆਊਂਗੀ
ਪਰ ਅੱਜ ਕੱਲ ....
ਮੇਰੇ ਨਾਨੀ ਦੇ ਸਮਿਆਂ ਵਰਗੇ
ਦਿਨ ਨਹੀਂ ਰਹੇ
ਹੁਣ ਕੋਈ ਦਾਨੀ ਆਪਣੇ ਖੇਤੀ
ਰਾਹੀ ਪਾਂਧੀ ਦੇ ਭਾਗੀਂ
ਚਿੜੀ ਜਨੌਰ ਦੇ ਭਾਗੀਂ
ਕੁੱਝ ਨਹੀਂ ਛੱਡਦਾ
ਆਦਮੀ ਬਹੁਤ ਸਿਆਣਾ ਹੋ ਗਿਆ ਹੈ
ਰਹਿੰਦ ਖੂੰਹਦ ਤੋਂ ਵੀ ਪਦਾਰਥ ਬਣਾ ਲੈਂਦਾ ਹੈ
ਹੁਣ ਤਾਂ ਕੋਈ ਰੋਟੀ ਭੋਰ ਭੋਰ
ਛੱਤਾਂ ਦੇ ਉਤੇ ਵੀ ਨਹੀਂ ਆਉਂਦਾ
ਛੱਤਾਂ ਰਹੀਆਂ ਕਿੱਥੇ ਨੇ?
ਬਹੁ ਮੰਜਲੀਆਂ ਇਮਾਰਤਾਂ
ਉਗੀਆਂ ਉਥੇ ਨੇ !
ਰੱਬ ਨਾਲ ਲੱਗੀ ਛੱਤ ਤੱਕ
ਉਡਾਰੀ ਮਾਰਦਿਆਂ ਮਾਰਦਿਆਂ
ਮੇਰਾ ਤਾਂ ਸਾਹ ਫੁਲ ਜਾਂਦਾ .... ।
ਤਾਂਹ ਵੀ ਪੁੱਤ ......।
ਮੈਂ ਚੋਗਾ ਲੈ ਆਊਂਗੀ।
ਪਰ ਤੁਸੀਂ।
ਤੁਸੀਂ ਕਿਸੇ ਦਾ ਵਿਸਾਹ ਨਾ ਕਰਿਓ
ਆਦਮੀ ਤੇ ਭਰੋਸਾ ਕਰਨੋਂ ਡਰਿਓ
ਪਿੰਜਰੇ ਚ ਪੈਰ ਲੈਂਦਾ
ਮੈਂ ਮੁੜ ਆਊਂਗੀ ਆਖਣ ਤੱਕ ...।
ਜੇ ਮੈਂ ਨਾ ਪਰਤੀ
ਮੈਨੂੰ ਭਾਲਣ ਨਾ ਚੜ੍ਹਿਓ
ਨਾ ਰੋਇਓ, ਨਾ ਜੀਅ ਕਲਪਾਇਓ
ਚਿੜੀਆਂ ਦਾ ਮਾਜਨਾ ਹੀ ਕੀ ਹੈ
ਸਮਝ ਜਾਇਓ
ਇਸ ਨਗਰੀ ਅੰਦਰ
ਚਿੜੀਆਂ ਤੇ ਕੁੜੀਆਂ ਨੂੰ
ਰਹਿੰਦ ਖੂੰਹਦ ਬਣਦਿਆਂ
ਭਭੋਰਾ ਚਿਰ ਨਹੀਂ ਲੱਗਦਾ ...।
ਪ੍ਰੋ: ਪਰਕਾਸ਼ ਕੌਰ
ਮਕਾਨ ਨੰ: ਬੀ.-5/1806
ਗਲੀ ਨੰ: 13
ਗੁਰੂ ਅੰਗਦ ਨਗਰ,
ਕੇ.ਕੇ. ਰੋਡ,
ਸ੍ਰੀ ਮੁਕਤਸਰ ਸਾਹਿਬ।
0 comments:
Speak up your mind
Tell us what you're thinking... !