ਅਜੋਕਾ ਮਨੁੱਖ ਬੇਸ਼ੱਕ ਇੱਕਵੀਂ ਸਦੀ ਵਿੱਚ ਵਿਚਰ ਰਿਹਾ ਹੈ ਪਰ ਵਿਚਾਰਧਾਰਈ ਪੱਖੋਂ ੳੇੁਹ ਅਜੇ ਵੀ ਬੌਧਿਕ ਪੱਛੜੇਪਨ ਦਾ ਸ਼ਿਕਾਰ ਚੱਲਿਆ ਆ ਰਿਹਾ ਹੈ।ਇਸ ਪੱਛੜੇਪਨ ਕਾਰਨ ਹੀ ਉਹ ਕਈ ਵਾਰੀ ਅੰਧ ਵਿਸ਼ਵਾਸਾਂ ਦੀ ਜਕੜ ਵਿੱਚ ਇਸ ਹੱਦ ਤੱਕ ਆ ਜਾਂਦਾ ਹੈ ਕਿ ਉਸ ਨੂੰ ਆਪਣੇ ਭਲੇ-ਬੁਰੇ ਦੀ ਪਹਿਚਾਣ ਵੀ ਨਹੀਂ ਰਹਿ ਜਾਂਦੀ। ਸਾਡੇ ਸਮਾਜਿਕ-ਸਭਿਆਚਾਰਕ ਮਾਹੌਲ ਵਿੱਚ ਕਈ ਵਾਰ ਅਜਿਹੇ ਵਰਤਾਰੇ ਆਮ ਹੀ ਵਾਪਰ ਜਾਂਦੇ ਹਨ ਜਿਨ੍ਹਾਂ ਦਾ ਪ੍ਰਭਾਵ ਸਰੀਰਕ ਘੱਟ ਮਨਸਿਕ ਵਧੇਰੇ ਹੁੰਦੇ ਹੈ।ਇਹ ਪ੍ਰਭਾਵ ਕਈ ਵਾਰ ਇਨ੍ਹੇ ਜ਼ਿਆਦਾ ਸਥਾਈ ਹੋ ਜਾਂਦੇ ਹਨ ਕਿ ਪ੍ਰਭਾਵਿਤ ਵਿਅਕਤੀ ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਹੈ।ਅਜਿਹੇ ਕਿਸੇ ਵੀ ਰੋਗ ਦਾ ਹੱਲ/ਇਲਾਜ਼ ਵਿਗਿਆਨਕ ਅਤੇ ਤਰਕਸ਼ੀਲ ਪਹੁੰਚ ਦੁਆਰਾ ਕੀਤਾ ਜਾ ਸਕਦਾ ਹੈ।ਪਰ ਸਾਡਾ ਮੁਆਸ਼ਰਾ ਅਜੇ ਪੂਰੀ ਤਰ੍ਹਾਂ ਇਸ ਪਹੁੰਚ ਨੂੰ ਅਪਨਾ ਹੀ ਨਹੀਂ ਸਕਿਆ।ਵਿਸ਼ੇਸ਼ ਕਰਕੇ ਅਨਪੜ੍ਹ ਅਤੇ ਅੱਧਪੜ੍ਹ ਕਿਸਮ ਦੇ ਲੋਕਾਂ ਵਿੱਚ ਅੱਜ ਵੀ ਅੰਧਵਿਸ਼ਵਾਸ਼ਾਂ ਦਾ ਪੂਰੀ ਤਰ੍ਹਾਂ ਨਾਲ ਬੋਲਬਾਲਾ ਹੈ।ਇਸ ਬੋਲਬਾਲੇ ਕਾਰਨ ਹੀ ਉਹ ਸਧਾਰਣਤਾ ਨੂੰ ਵੀ ਅਸਧਾਰਣਤਾ ਵਿੱਚ ਬਦਲ ਲੈਂਦੇ ਹਨ।ਇਸ ਅਸਧਾਰਣਤਾ ਵਿਚੋਂ ਹੀ ਉਪਜਦੇ ਹਨ, ਭੂਤ-ਪ੍ਰੇਤਾਂ,ਓਪਰੀਆਂ ਸ਼ੈਆਂ,ਕਸਰਾਂ,ਟੂਣੇ-ਟਾਮਣਿਆਂ ਅਤੇ ਕੀਤੇ-ਕਰਾਏ ਵਰਗੇ ਵਹਿਮ-ਭਰਮ।ਇਨ੍ਹਾਂ ਵਹਿਮਾਂ-ਭਰਮਾਂ ਦੀ ਪਕੜ ਜਦੋਂ ਕੁੱਝ ਪੀਡੀ ਹੋ ਜਾਂਦੀ ਹੈ ਤਾਂ ਸਾਡੇ ਸਮਾਜ ਵਿਚਲੇ ਕਈ ਮਕਾਰ ਕਿਸਮ ਦੇ ਲੋਕ ਇਸ ਦਾ ਭਰਪੂਰ ਲਾਹਾ ਲੈਂਦੇ ਹਨ।ਭਾਵੇਂ ਤਰਕਸ਼ੀਲ ਜਥੇਬੰਦੀਆਂ ਆਪਣੇ ਪ੍ਰੋਗਰਾਮਾਂ ਵਿਚ ਇਨ੍ਹਾਂ ਮਕਾਰ ਲੋਕਾਂ ਦਾ ਪਰਦਾ ਅਕਸਰ ਹੀ ਫ਼ਾਸ਼ ਕਰਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਦੀ ਮਕਾਰੀ/ਹੁਸ਼ਿਆਰੀ ਨੂੰ ਵੰਗਾਰਦੀਆਂ ਵੀ ਰਹਿੰਦੀਆਂ ਹਨ।ਪਰ ਇਨ੍ਹਾਂ ਲੋਕਾਂ ਦੀ ਜੜ੍ਹਾਂ ਅਪਰਾਧਿਕ ਧਰਾਤਲ ਵਿੱਚ ਲੱਗੀਆਂ ਹੋਣ ਕਾਰਨ ਇਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਹੀ ਰਹਿੰਦਾ ਹੈ।ਕਈ ਵਾਰੀ ਇਨ੍ਹਾਂ ਬਿਮਾਰ(ਤੰਤਰ-ਮੰਤਰ ਵਾਲੇ) ਬੁੱਧੀ ਦੇ ਲੋਕਾਂ ਨੂੰ ਕੁੱਝ ਰਾਜਨੀਤਕ ਲੋਕਾਂ ਦੀ ਓਟ ਵੀ ਪ੍ਰਾਪਤ ਹੁੰਦੀ ਹੈ।ਇਸ ਕਰਕੇ ਇਹ ਕਿਸੇ ਦੀ ਬਹੁਤੀ ਪਰਵਾਹ ਨਹੀਂ ਮੰਨਦੇ। ਜਦੋਂ ਅਸੀਂ ਵਹਿਮਾਂ-ਭਰਮਾਂ ਦੇ ਪ੍ਰਸਾਰ/ਪ੍ਰਚਾਰ ਦੀ ਤਹਿ ਤੱਕ ਜਾਂਦੇ ਹਾਂ ਤਾਂ ਇਸ ਮਾਮਲੇ ਵਿੱਚ ਮੀਡੀਏ ਵੱਲੋਂ ਨਿਭਾਈ ਜਾ ਰਹੀ ਨਾਂਹ-ਪੱਖੀ ਭੂਮਿਕਾ ਨੂੰ ਵੀ ਅਣਡਿੱਠ ਨਹੀਂ ਕਰ ਸਕਦੇ।ਕਈ ਨਾਮਵਰ ਟੀ.ਵੀ ਚੈਨਲਾਂ ਉਪਰ ਭੂਤਾਂ-ਪ੍ਰੇਤਾਂ ਨਾਲ ਸਬੰਧਤ ਅਜਿਹੇ ਲੜੀਵਾਰ ਪੇਸ਼ ਕੀਤੇ ਜਾਂਦੇ ਹਨ ਜਿਹੜੇ ਮਨੁੱਖੀ ਸੋਚ-ਸਮਝ ਨੂੰ ਨਾ ਸਿਰਫ ਖੁੰਢਿਆਂ ਹੀ ਕਰਦੇ ਹਨ ਸਗੋਂ ਉਸ ਨੂੰ ਸਮੇਂ ਦਾ ਹਾਣੀ ਬਣਨ ਤੋਂ ਵੀ ਰੋਕਦੇ ਹਨ। ਗੱਲ ਸਿਰ/ ਮੀਡੀਏ ਦੀ ਨਾਕਾਰਾਤਮਕ ਕਾਰਗੁਜ਼ਾਰੀ ਤੱਕ ਹੀ ਸੀਮਤ ਨਹੀਂ ਰਹਿ ਜਾਂਦੀ ਸਗੋਂ ਸਾਡੇ ਵਿਦਿਅਕ ਮੰਦਰਾਂ ਵਿਚ ਪੜ੍ਹਾਏ ਜਾਂਦੇ ਪਾਠਕ੍ਰਮ ਵਿਗਿਆਨਕ ਲੀਹਾਂ ‘ਤੇ ਘੱਟ ਅਤੇ ਮਿੱਥਾਂ ‘ਤੇ ਵਧੇਰੇ ਆਧਾਰਿਤ ਹੁੰਦੇ ਹਨ। ਇਥੋਂ ਤੱਕ ਕੇ ਸਾਇੰਸ ਵਰਗਾ ਸਿੱਕੇਬੰਦ ਵਿਸ਼ਾ ਪੜ੍ਹਾਉਣ ਵਾਲੇ ਕਈ ਅਧਿਆਪਕ ਵੀ ਦੋ ਅਤੇ ਦੋ ਚਾਰ (ਅਟੱਲ ਸਚਾਈ) ਪੜ੍ਹਾਉਣ ਦੀ ਬਜਾਏ ਦੋ ਅਤੇ ਦੋ ਪੰਜ(ਚਮਤਕਾਰੀ ਪ੍ਰਭਾਵ) ਹੀ ਪੜ੍ਹਾਈ ਜਾ ਰਹੇ ਹਨ।
ਸੋ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਦ ਤੱਕ ਲੋਕਾਈ ਵਿੱਚ ਵਹਿਮਾਂ-ਭਰਮਾਂ ਦੇ ਖਿਲਾਫ ਇੱਕ ਜੰਗ ਨਹੀਂ ਛੇੜੀ ਜਾਂਦੀ ਉਨ੍ਹਾਂ ਚਿਰ ਤੱਕ ਨਿਰੋਗ ਮਾਨਸਿਕਤਾ ਦੀ ਵਡੇਰੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਇਸ ਜੰਗ ਦੇ ਸਿਪਾਹੀ ਵੀ ਉਨ੍ਹਾਂ ਲੋਕਾਂ ਨੂੰ ਹੀ ਬਣਨਾ ਪਵੇਗਾ ਜਿਹੜੇ ਨਰੋਈ ਅਤੇ ਤੰਦਰੁਸਤ ਸੋਚ ਦੇ ਮਾਲਕ ਹਨ।
ਰਮੇਸ਼ ਬੱਗਾ ਚੋਹਲਾ
# 1348/17/1
ਗਲੀ ਨੰ:8
ਰਿਸ਼ੀ ਨਗਰ ਐਕਸਟੈਨਸ਼ਨ
ਲੁਧਿਆਣਾ
ਮੋਬ:9463132719
0 comments:
Speak up your mind
Tell us what you're thinking... !