Headlines News :
Home » » ਸਭਿਆਚਾਰ ਦਾ ਬਜਾਰੀਕਰਨ - ਗੁਰਚਰਨ ਨੂਰਪੁਰ

ਸਭਿਆਚਾਰ ਦਾ ਬਜਾਰੀਕਰਨ - ਗੁਰਚਰਨ ਨੂਰਪੁਰ

Written By Unknown on Tuesday 20 August 2013 | 06:22

      ਪਹਿਲਾਂ ਮਨੁੱਖ ਵਸਤਾਂ ਨੂੰ ਵਰਤਦਾ ਸੀ ਹੁਣ ਸਥਿਤੀ ਇਹ ਬਣ ਰਹੀ ਹੈ ਵਸਤਾਂ ਮਨੁੱਖ ਨੂੰ ਵਰਤਣ ਲੱਗ ਪੈਣਗੀਆਂ।
ਬਜਾਰ ਦਾ ਵਿਸਥਾਰ ਹੋ ਰਿਹਾ ਹੈ। ਇਸ ਦੇ ਪ੍ਰਭਾਵ ਨੇ ਸਾਡੇ ਸਭਿਆਚਾਰ ਨੂੰ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਹਿਲਾਂ ਜੀਵਨ ਲਈ ਲੋੜੀਂਦੀਆਂ ਵਸਤਾਂ ਪਿੰਡਾਂ ਚੋਂ ਸ਼ਹਿਰਾਂ ਵੱਲ ਜਾਂਦੀਆਂ ਸਨ। ਹੁਣ ਬਜਾਰ ਤੋਂ ਪਿੰਡ ਵੱਲ ਜਾਂਦੀਆਂ ਹਨ। ਬਜਾਰ ਦਾ ਕਰੂਰ ਵਰਤਾਰਾ ਹੈ ਕਿ ਭੱਠੀ ‘ਤੇ ਦਾਣੇ ਭੁੰਨਣ ਵਾਲੀ ਮਾਈ ਦੇ ਫੁਲਿਆਂ ਦੀ ਹੁਣ ਉਹਦੇ ਆਪਣੇ ਪਿੰਡ ਵਿੱਚ ਵੀ ਪੁੱਛ ਨਹੀਂ ਪਰ ਕੁਰਕਰੇ, ਲੇਜ਼ ਅਤੇ ਪੌਪ ਕੌਰਨ ਦੇ ਪੈਕਟ ਤੁਹਾਨੂੰ ਪਹਾੜਾਂ ਦੀਆਂ ਟੀਸੀਆਂ ਤੋਂ ਇਲਾਵਾਂ ਰਾਜਸਥਾਨ ਦੇ ਟਿੱਬਿਆਂ ਤਕ ਹਰ ਜਗਾਂ ਮਿਲ ਜਾਣਗੇ। ਪੌਲੀਥੀਨ ਦੇ ਲਿਫਾਫਿਆਂ ਤੇ ਪਾਬੰਦੀ ਹੈ ਪਰ ਕੁਝ ਕੰਪਨੀ ਦੇ ਹਜਾਰਾਂ ਸਾਲਾਂ ਤੱਕ ਨਾ ਗਲਣ ਵਾਲੇ ਪੈਕਟਾਂ ਵਿੱਚ ਬੰਦ ਪਰੋਡਕਟ ਹਰ ਜਗ੍ਹਾਂ ਬਿਨਾਂ ਰੋਕ ਟੋਕ ਮਿਲ ਸਕਦੇ ਹਨ। ਬਜਾਰ ਦੀ ਕਰਾਮਾਤ ਹੈ ਕਿ ਲੋਕ ਦਸੰਬਰ ਜਨਵਰੀ ਵਿੱਚ ਠਰੂੰ ਠਰੂੰ ਕਰਦੇ ਵੀ ਠੰਡੇ ਪੀਤੀ ਜਾਂਦੇ ਹਨ ਆਇਸ ਕਰੀਮਾਂ ਖਾਈ ਜਾਂਦੇ ਹਨ। ਬਜਾਰ ਦਾ ਸ਼ੁਰੂਆਤੀ ਦੌਰ ਅੱਜ ਜਿੰਨਾਂ ਖਤਰਨਾਕ ਨਹੀਂ ਸੀ ਇਹ ਸੀਮਤ ਵਸਤਾਂ ਦੇ ਵਿਖਾਵੇ, ਵਟਾਂਦਰੇ, ਖਰੀਦੋ ਫਰੋਖਤ ਅਤੇ ਇਸ ਤੋਂ ਕੀਤੀ ਜਾਂਦੀ ਕਮਾਈ ਤਕ ਸੀਮਤ ਸੀ। ਪਰ ਅੱਜ ਦੇ ਬਜਾਰ ਦਾ ਬੜਾ ਵੱਡਾ ਜਾਲ ਹੈ ਜਿਸ ਦੀ ਪਹੁੰਚ ਮਨੁੱਖ ਦੇ ਆਲੇ ਦੁਆਲੇ ਤੋਂ ਇਲਾਵਾ ਉਹਦੇ ਜਿ਼ਹਨ ਤੱਕ ਅਸਰ ਅੰਦਾਜ਼ ਹੈ। ਵਸਤਾਂ ਤੇ ਗਲਬਾ ਪਾਉਣ ਦੀ ਗੱਲ ਤਾਂ ਬੀਤੇ ਦੀ ਗੱਲ ਹੋ ਨਿਬੜੀ ਹੈ ਹੁਣ ਬਜਾਰ ਤੇ ਗਲਬਾ ਪਾਉਣ ਤੋਂ ਇਲਾਵਾ ਮਨੁੱਖੀ ਮਨਾਂ ਤੇ ਗਲਬੇ ਪਾਉਣ ਦੀ ਕੋਸਿ਼ਸ਼ਾਂ ਹੋ ਰਹੀਆਂ ਹਨ ਅਤੇ ਬਜਾਰ ਇਸ ਵਿੱਚ ਸਫਲ ਵੀ ਹੈ। ਅੱਜ ਤੋਂ 10-12 ਸਾਲ ਪਹਿਲਾਂ ਨਿੱਕੇ ਬੱਚੇ ਦੇ ਮਲ ਤਿਆਗ ਤੇ ਕੋਈ ਪੈਸਾ ਖਰਚ ਨਹੀਂ ਸੀ ਹੁੰਦਾ ਅੱਜ  ਤਿੰਨ ਸਾਲ ਦੇ ਇੱਕ ਬੱਚੇ ਲਈ ਇਸ ਦਾ ਡੈਪਰ ਤੇ ਖਰਚ 12 ਤੋਂ 15 ਹਜਾਰ ਰੁਪਏ ਹੈ । ਬਜਾਰ ਦਾ ਪ੍ਰਭਾਵ ਸਿਰਫ ਸੱਭਿਆਚਾਰ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਸ ਨੇ ਸਾਡੀ ਸਿੱਖਿਆ ਅਤੇ ਧਰਮ ਕਰਮ ਦੇ ਖੇਤਰ ਵਿੱਚ ਵੀ ਕਬਜਾ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਬਜਾਰ ਦਾ ਪ੍ਰਤਾਪ ਹੈ ਕਿ ਅੱਜ ਸਿੱਖਿਆ ਕੋਰਸਾਂ ਦੇ ਪੈਕਜ ਵਿਕਣ ਲੱਗੇ ਹਨ। ਬਜਾਰ ਮਨੁੱਖ ਮਨ ਦੇ ਅਗਿਆਨ ਤੋਂ ਵੀ ਮੋਟੀਆਂ ਕਮਾਈਆਂ ਕਰ ਰਿਹਾ ਹੈ। ਰੱਬੀ ਸ਼ਕਤੀਆਂ, ਨਗ, ਮੁੰਦਰੀਆਂ, ਲਾਕਟ,  ਨਜਰ ਸ਼ੁਰੱਖਸ਼ਾ ਜੰਤਰ, ਹਵਨ ਸਮੱਗਰੀਆਂ, ਕੀਤੇ ਕਰਾਏ ਦਾ ਹੱਲ, ਧਨ ਪ੍ਰਾਪਤੀ, ਜੰਤਰ, ਅਸ਼ੀਰਵਾਦ, ਆਦਿ ਬਜਾਰ ਵਿੱਚ ਸਾਬਣ, ਸੈਪੂ, ਤੇਲ ਵਾਂਗ ਵਿਕ ਰਹੇ ਹਨ। ਇੱਕ ਸਵਾਮੀ ਜੀ ਜਿਹਨਾਂ ਦੀ ਅਸ਼ੀਰਵਾਦ ਦਾ ਰੇਟ 5 ਹਜਾਰ ਤੋਂ ਲੱਖਾਂ ਰੁਪਏ ਤੱਕ ਹੈ ਆਪਣੀਆਂ ਅਸ਼ੀਰਵਾਦ ਵੇਚਣ ਲਈ ਅਖਬਾਰਾਂ ਟੀ ਵੀ ‘ਤੇ ਬੜੀ ਵੱਡੀ ਐਡ ਕਰਦੇ ਹਨ। ਚਾਰ ਦਹਾਕੇ ਪਹਿਲਾਂ ਮੁਫਤ ਮਿਲਣ ਵਾਲੀਆਂ ਅਸ਼ੀਰਵਾਦਾਂ ਹੁਣ ਵਿਕਰੀ ਲਈ ਮੌਜੂਦ ਹਨ।
ਜੇਕਰ ਅਸੀਂ ਖਾਣਿਆਂ ਦੀ ਗੱਲ ਕਰੀਏ ਤਾਂ ਕਈ ਪੈਕਟ ਬੰਦ ਜੂਸ, ਮਿਠਾਈਆਂ, ਸਬਜੀਆਂ,ਸੂਪ, ਬਜਾਰ ਵਿੱਚ ਇਸ ਤਰਾਂ ਉਤਾਰ ਦਿੱਤੇ ਗਏ ਹਨ ਕਿ ਨਾ ਚਾਹੁੰਦਿਆਂ ਹੋਇਆਂ ਵੀ ਦੁਕਾਨਦਾਰ ਇਹ ਚੀਜਾਂ ਗਾਹਕਾਂ ਦੇ ਪੱਲੇ ਪਾਉਣ ਦੀ ਕੋਸਿ਼ਸ਼ ਕਰਦੇ ਹਨ। ਸਾਡੀ ਮਾਨਸਿਕਤਾ ਇਹ ਹੈ ਕਿ ਸਾਨੂੰ ਵਿਖਾਵਾ ਕਰਨ ਵਿੱਚ ਬੜੀ ਤ੍ਰਿਪਤੀ ਹੁੰਦੀ ਹੈ। ਜਿਆਦਾ ਤਰ ਲੋਕ ਆਪਣਾ ਸਟੇਟਸ ਵਿਖਾਉਣ ਲਈ ਜਾਂ ਦੂਜਿਆਂ ਤੋਂ ਵੱਖਰੇ ਦਿਸਣ ਲਈ ਮਹਿੰਗੀ ਚੀਜ ਖਰੀਦ ਕੇ ਮਾਣ ਮਹਿਸੂਸ ਕਰਦੇ ਹਨ। ਇਹਨਾਂ ਦੀ ਵੇਖਾ ਵੇਖੀ ਆਮ ਲੋਕ ਵੀ ਅਜਿਹਾ ਕਰਨ ਲੱਗ ਜਾਂਦੇ ਹਨ। ਇੱਕ ਗਰੀਬ ਬੰਦਾ ਜਦੋਂ ਆਪਣੇ ਬਿਮਾਰ ਪੁੱਤਰ ਲਈ ਜਦੋਂ ਸੌ ਰੁਪਏ ਦਾ ਡੱਬਾ ਬੰਦ ਜੂਸ ਲੈ ਕੇ ਹਸਪਤਾਲ ਆਇਆ ਤਾਂ ਡਾਕਟਰ ਨੇ ਕਿਹਾ ਤੁਹਾਨੂੰ 25 ਰੁਪਏ ਦਾ ਤਾਜਾ ਜੂਸ ਲਿਆਉਣਾ ਚਾਹੀਦਾ ਸੀ ਉਹਦੇ ਨਾਲੋਂ ਵੀ ਚੰਗਾ ਸੀ ਜੇ ਤੁਸੀਂ ਫਲ ਲੈ ਆਉਂਦੇ। ਫਿਰ ਵੀ ਜੇਕਰ ਜਿਆਦਾ ਪੈਸੇ ਸੀ ਤਾਂ ਇਸ ਸੌ ਰੁਪਏ ਦਾ ਮੁਰੱਬਾ ਕਿੰਨਾ ਆ ਜਾਣਾ ਸੀ। ਡਾਕਟਰ ਦੀ ਗੱਲ ਸੁਣ ਕੇ ਉਹ ਗਰੀਬ ਜੋ ਹੁਣ ਤਕ ਬੜੇ ਮਾਣ ਵਿੱਚ ਸੀ ਹੁਣ ਆਪਣੇ ਆਪ ਨੂੰ ਲੁਟਿਆ ਮਹਿਸੂਸ ਕਰਨ ਲੱਗ ਪਿਆ। ਬਜਾਰ ਵਿੱਚ ਜਿੰਨੇ ਦਾ ਦੋ ਲੀਟਰ ਠੰਡਾ ਮਿਲਦਾ ਹੈ ਉੱਨੇ ਦਾ ਦੋ ਲਿਟਰ ਦੁੱਧ ਆ ਜਾਂਦਾ ਹੈ ਉਹਨੂੰ ਠੰਡਾ ਕਰਕੇ ਵੀ ਪੀਤਾ ਜਾ ਸਕਦਾ ਹੈ ਪਰ ਬਜਾਰ ਦਾ ਜਾਦੂ ਹੈ ਕਿ ਸਾਡੀ ਪਹਿਲ ਠੰਡੇ ਨੂੰ ਹੈ ਭਾਵੇਂ ਉਸ ਵਿੱਚ ਵਿੱਚ ਜੋ ਕੁਝ ਮਰਜੀ ਪਾਇਆ ਹੋਏ। ਇਹ ਵਰਤਾਰਾ ਦੱਸਦਾ ਹੈ ਕਿ ਬਜਾਰ ਮਨੁੱਖ ਨੂੰ ਆਪਣੇ ਢੰਗ ਨਾਲ ਚਲਾਉਣਾ ਜਾਣਦਾ ਹੈ।  ਇੱਕ ਸੰਤ ਜੀ ਨੇ ਟੀ ਵੀ ਤੇ ਬੜਾ ਪ੍ਰਚਾਰ ਕੀਤਾ ਕਿ ਲੌਕੀ ਦਾ ਜੂਸ ਹਰ ਤਰ੍ਹਾਂ ਦੀਆਂ ਬਿਮਾਰੀਆਂ ਲਈ ਰਾਮਬਾਣ ਹੈ। ਬਸ ਫਿਰ ਕੀ ਸੀ ਸਾਰੇ ਹਿੰਦੁਸਤਾਨ ਵਿੱਚ ਲੌਕੀ ਲੌਕੀ ਹੋ ਗਈ। ਦਵਾਈਆਂ ਵਾਲੀਆਂ ਦੁਕਾਨਾਂ ਤੋਂ ਲੈ ਕੇ ਕਰਿਆਨੇ, ਮਨਿਆਰੀਆਂ ਅਤੇ ਸਬਜੀ ਦੀਆਂ ਦੁਕਾਨਾਂ ਤੱਕ ਲੌਕੀ ਦੇ ਜੂਸ ਦੀਆਂ ਬੋਤਲਾਂ ਆ ਗਈਆਂ। ਲੋਕਾਂ ਨੂੰ ਲੱਗਾ ਕਿ ਧੰਨ ਨੇ ਬਾਬਾ ਜੀ ਜਿਹਨਾਂ ਨੇ ਲੌਕੀ ਦੇ ਜੂਸ ਦੇ ਰੂਪ ਵਿੱਚ ਲੋਕਾਂ ਨੂੰ ਇਹ ਸੁਗਾਤ ਬਖਸ਼ੀ ਹੈ। ਪਰ ਜਿਉਂ ਹੀ ਲਗਾਤਾਰ ਲੌਕੀ ਦਾ ਜੂਸ ਪੀਣ ਵਾਲੇ ਦਿੱਲੀ ਵਿੱਚ 3-4 ਬੰਦੇ ਅਕਾਲ ਚਲਾਣਾ ਕਰ ਗਏ ਤਾਂ ਲੌਕੀ ਦਾ ਜੂਸ ਸਭ ਦੁਕਾਨਾਂ ਤੋਂ ਗਾਇਬ ਹੋ ਗਿਆ। ਇਹ ਠੀਕ ਹੈ ਕਿ ਜਿਸ ਚੀਜ ਦੀ ਲੋੜ ਹੈ ਉਹ ਤਾਂ ਵਿਕਦੀ ਹੀ ਹੈ ਪਰ ਬਜਾਰ ਦੀ ਕਰਾਮਾਤ ਹੈ ਇਹ ਬੇਲੋੜੀਆਂ ਚੀਜਾਂ ਨੂੰ ਵੀ ਆਪਣੇ ਮਰਜੀ ਦੇ ਭਾਅ ਵੇਚਣਾ ਜਾਣਦਾ ਹੈ।  
ਅਜੋਕੇ ਬਜਾਰ ਦਾ ਵਿਹਾਰ ਦੋਧਾਰੀ ਤਲਵਾਰ ਵਾਂਗ ਹੈ ਜੋ ਆਪਣੇ ਗਾਹਕ ਤੋਂ ਤਾਂ ਮੋਟੀਆਂ ਕਮਾਈਆਂ ਕਰਦਾ ਹੀ ਹੈ ਪਰ ਨਾਲ ਦੀ ਨਾਲ ਆਪਣੀ ਸਰਵਿਸ ਦੇਣ ਵਾਲੇ ਕਰਿੰਦਿਆਂ ਨੂੰ ਵੀ ਨਹੀਂ ਬਖਸ਼ਦਾ। ਇਹ ਠੀਕ ਹੈ ਵਿਆਹਾਂ ਸ਼ਾਦੀਆਂ ਮੈਰਿਜ ਪੈਲਿਸਾਂ ਵਿੱਚ ਕਿੰਨੇ ਹੀ ਲੋਕਾਂ ਨੂੰ ਰੋਜਗਾਰ ਮਿਲਿਆ ਹੈ ਪਰ ਨਾਲ ਹੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੂੰ ਇਸ ਕਲਚਰ ਨੇ ਆਪਣੇ ਰੋਜਗਾਰ ਤੋਂ ਵਿਰਵੇ ਕਰ ਦਿੱਤਾ ਹੈ। ਵੇਟਰ ਲੜਕੇ ਲੜਕੀਆਂ  ਅਤੇ ਨੱਚਣ ਵਾਲੀਆਂ ਕੁੜੀਆਂ ਦੇ ਕੰਮ ਦੀ ਗ੍ਰਾਹਕਾਂ ਤੋਂ ਵੱਡੀ ਰਕਮ ਵਸੂਲੀ ਜਾਂਦੀ ਹੈ ਪਰ ਉਹਨਾਂ ਨੂੰ ਕੰਮ ਦੇਣ ਦੀ ਆੜ ਵਿੱਚ ਬਣਦਾ ਮਿਹਨਤਾਨਾ ਵੀ ਨਹੀਂ ਦਿੱਤਾ ਜਾਂਦਾ। ਇਸ ਤਰਾਂ ਅਜੋਕੇ ਬਜਾਰ ਦਾ ਪੂਰਾ ਵਰਤਾਰਾ ਧਨਾਢ ਪੱਖੀ ਹੈ ਜਿਸ ਵਿੱਚ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਬਣ ਰਿਹਾ ਹੈ। ਵੈਲਡਿੰਗ, ਖਰਾਦ ਤੇ ਕੰਮ ਕਰਨ ਵਾਲੇ, ਟਰੈਕਟਰ, ਕਾਰਾਂ, ਮੋਟਰਸਾਈਕਲ ਬਣਾਉਣ ਵਾਲੇ, ਡੈਂਟਰ, ਰੰਗ ਕਰਨ ਵਾਲੇ, ਕੰਬਾਇਨਾਂ, ਇੰਜਣ, ਮੋਟਰਾਂ ਬਣਾਉਣ ਦੇ ਮਾਹਿਰ ਮਿਸਤਰੀਆਂ ਨੂੰ ਵੱਡੇ ਗੈਰਜਾਂ ਵਾਲੇ ਬਹੁਤ ਥੋੜੀ ਤਨਖਾਹ ਤੇ ਖਰੀਦ ਕੇ ਲੰਮਾਂ ਸਮਾਂ ਕੰਮ ਕਰਵਾਉਂਦੇ ਹਨ। ਪਿਛਲੇ ਦੋ ਦਹਾਕਿਆਂ ਵਿੱਚ ਛੋਟੀਆਂ ਵਰਕਸ਼ਾਪਾਂ ਦਾ ਭੋਗ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਹਦੀ ਥਾਂ ਵੱਡੇ ਵੱਡੇ ਮਲਟੀਪਰਪਜ਼ ਗੈਰਜ ਖੁੱਲ ਰਹੇ ਹਨ। ਜਿਹਨਾਂ ਨੇ ਛੋਟੇ ਕਾਰੋਬਾਰੀ ਲੋਕਾਂ ਨੂੰ ਬਿਲਕੁਲ ਹਾਸ਼ੀਏ ਤੇ ਕਰ ਦਿੱਤਾ ਹੈ। ਆਪਣੀ ਵਿਕਰੀ ਨੂੰ ਤੇਜ ਕਰਨ ਲਈ ਬਜਾਰ ਨਿੱਤ ਨਵੀਆਂ ਤਕਨੀਕਾਂ ਹੋਂਦ ਵਿੱਚ ਲਿਆਉਂਦਾ ਹੈ ਜਿਵੇਂ ਪੁਰਾਣੀ ਕੋਈ ਵੀ ਗੱਡੀ ਲਿਆਓ ਨਵੀਂ ਲੈ ਜਾਓ। ਇਸ ਤਰਾਂ ਅੱਜ ਦਾ ਬਜਾਰ ਜਿੱਥੇ ਗ੍ਰਾਹਕ ਨੂੰ ਵਸਤਾਂ ਲਈ ਉਕਸਾਉਂਦਾ ਹੈ ਉੱਥੇ ਗ੍ਰਾਹਕ ਦੇ ਦੂਜੇ ਵਿਕਲਪ ਨੂੰ ਵੀ ਖੋਹਣ ਦੀ ਕੋਸਿ਼ਸ਼ ਕਰਦਾ ਹੈ। ਬਜਾਰੂ ਕਦਰਾਂ ਕੀਮਤਾਂ ਵਿੱਚ ਮਨੁੱਖ ਦੀ ਵਿਆਕਤੀਵਾਦੀ ਪੁੱਛ ਘਟੀ ਹੈ ਜਿੱਥੇ ਵੱਡੇ ਕੰਮਾਂ ਨੂੰ ਪਹਿਲਾਂ ਰਲ ਮਿਲ ਕੇ ਸਾਂਝੀਵਾਲਤਾ ਦੀ ਭਾਵਨਾ ਨਾਲ ਕੀਤਾ ਜਾਂਦਾ ਸੀ ਉੱਥੇ ਅਜਿਹੇ ਕੰਮਾਂ ਦੀ ਜਿੰਮੇਵਾਰੀ ਅਜਕਲ ਠੇਕੇਦਾਰੀ ਸਿਸਟਮ ਨੇ ਲੈ ਲਈ ਹੈ। ਇਸ ਠੇਕੇਦਾਰੀ ਸਿਸਟਮ ਆਪਣੇ ਕਿਰਤੀਆਂ ਪ੍ਰਤੀ ਮਸ਼ੀਨੀ ਜਿਹਾ ਵਿਵਹਾਰ ਹੈ ਜੋ ਜਿਸ ਵਿੱਚ ਭਾਵਨਾ ਦੀ ਕੋਈ ਥਾਂ ਨਹੀਂ ਬਲਕਿ ਇੱਥੇ ਮਨੁੱਖ ਨੂੰ ਇੱਕ ਬਜਾਰੂ ਵਸਤ ਵੱਜੋਂ ਵਰਤਿਆ ਤੇ ਛੱਡਿਆ ਜਾਂਦਾ ਹੈ ਅਤੇ ਉਸ ਤੋਂ ਘੱਟ ਮਿਹਨਤਾਨੇ ਵਿੱਚ ਵੱਧ ਵੱਧ ਤੋਂ ਕੰਮ ਲੈਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਮਕਾਨ ਬਣਾਉਣ, ਦਫਤਰਾਂ ਵਿੱਚ ਕੰਮ ਕਰਨ,ਆਵਾਜਾਈ, ਪੁਲ ਸੜਕਾਂ, ਤੋਂ ਇਲਾਵਾ ਸਿਹਤ ਅਤੇ ਸਿੱਖਿਆ ਸਹੂ਼ਲਤਾਂ ਮਹੱਈਆ ਕਰਾਉਣ ਤਕ ਠੇਕੇਦਾਰੀ ਸਿਸਟਮ ਸਾਡੇ ਸਭਿਆਚਾਰ ਤੇ ਹਾਵੀ ਹੋ ਰਿਹਾ ਹੈ। ਜਿਸ ਨੂੰ ਸੰਚਾਲਿਤ ਕਰਨ ਵਾਲੇ ਵਪਾਰੀ ਲੋਕ ਹਨ ਅਤੇ ਉਹ ਹਮੇਸ਼ਾ ਆਪਣੇ ਵਪਾਰਕ ਹਿੱਤਾਂ ਨੂੰ ਪਹਿਲ ਦਿੰਦੇ ਹਨ ਇਸ ਨਵੇਂ ਸ਼ੁਰੂ ਹੋਏ ਬਜਾਰੂ ਸਭਿਆਚਾਰ ਨੂੰ ਲੋਕ ਪੱਖੀ ਕਹਿਣਾ ਆਮ ਮਨੁੱਖ ਨੂੰ ਕੋਝਾ ਮਜਾਕ ਕਰਨ ਵਾਂਗ ਹੈ।            
 ਪੜੇ ਲਿਖੇ ਚਲਾਕ ਵਪਾਰੀ ਦਿਮਾਗਾਂ ਵਾਲੇ ਲੋਕਾਂ ਨੇ ਅਜਿਹੀਆਂ ਕੰਪਨੀਆਂ ਦਾ ਇੱਕ ਵਿਸ਼ਾਲ ਬਜਾਰ ਖੜਾ ਕੀਤਾ ਹੈ ਜਿਸ ਵਿੱਚ ਅਨੇਕਾਂ ਲੋਕਾਂ ਨੂੰ ਠੱਗੀ ਦਾ ਸਿ਼ਕਾਰ ਬਣਾਇਆ ਜਾਂਦਾ ਹੈ ਤੇ ਫਿਰ ਇਹਨਾਂ ਹੀ ਲੋਕਾਂ ਨੂੰ ਏਜੰਟ ਦਲਾਲ ਬਣਾ ਕੇ ਵੱਡੇ ਸੁਪਨੇ ਦਿਖਾ ਕੇ ਹੋਰ ਲੋਕਾਂ ਨੂੰ ਲੁੱਟਣ ਦੇ ਰਾਹ ਤੋਰਿਆ ਜਾਂਦਾ ਹੈ। ਚੇਣ ਸਿਸਟਮ, ਮੈਬਰ ਬਣਾਉਣੇ ਅਤੇ ਮੈਂਬਰ ਬਣਾਉਣ ਲਈ ਉਕਸਾਉਣ ਲਈ ਸੈਮੀਨਾਰ ਲਾ ਲਾ ਕੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਧੋਖੇ ਅਤੇ ਠੱਗੀ ਨੂੰ ਸਨਮਾਨਜਨਕ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਮੋਬਾਇਲ, ਟੀ ਵੀ ਅਤੇ ਇੰਟਰਨੈਟ ਮਾਧਿਅਮ ਰਾਹੀਂ ਵੀ ਕਈ ਤਰਾਂ ਦੇ ਸਬਜਬਾਜ ਦਿਖਾ ਕੇ ਆਮ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ। ਇਹ ਸਭ ਕੁਝ ਦਸਦਾ ਹੈ ਕਿ ਮਨੁੱਖ ਦੇ ਸੁਪਨਿਆਂ ਤੋਂ ਵੀ ਕਮਾਈਆਂ ਕੀਤੀਆਂ ਜਾ ਸਕਦੀਆਂ ਹਨ। ਛੋਟੇ ਵੱਡੇ ਸ਼ਹਿਰਾਂ ਵਿੱਚ ਧੜਾ ਧੜਾ ਬਣ ਰਹੇ ਛਾਪਿੰਗ ਮਾਲਜ਼, ਜਿਹਨਾਂ ਦਾ ਨਾਹਰਾ ਹੈ ‘ਜਿਆਦਾ ਖਰੀਦੋ ਜਿਆਦਾ ਬਚਾਓ’ ਵਿੱਚ ਵਸਤਾਂ ਨੂੰ ਇਸ ਢੰਗ ਨਾਲ ਡਿਸਪਲੇ ਕੀਤਾ ਜਾਂਦਾ ਹੈ ਕਿ ਵੇਖਣ ਵਾਲਾ ਵੱਧ ਤੋਂ ਵੱਧ ਖਰੀਦ ਸਕੇ। ਗਾਹਕ ਦੀ ਖਰੀਦ ਸ਼ਕਤੀ ਵਧਾਉਣ ਲਈ ਕੁਝ ਵਸਤਾਂ ਫਰੀ ਕਰਕੇ ਉਹਨੂੰ ਜਿਆਦਾ ਖਰੀਦਣ ਲਈ ਉਕਸਾਇਆ ਜਾਂਦਾ ਹੈ।  ਬਜਾਰ ਨੇ ਸਾਡੇ ਸਭਿਆਚਾਰ ਨੂੰ ਕਿਸ ਕਦਰ ਪ੍ਰਭਾਵਿੱਤ ਕੀਤਾ ਹੈ ਇਸ ਦੀ ਇੱਕ ਮਿਸਾਲ ਸਾਡੇ ਤਿਉਹਾਰਾਂ ਤੋਂ ਲਈ ਜਾ ਸਕਦੀ ਹੈ। ਬਿਜਲੀ ਨਾਲ ਚੱਲਣ ਵਾਲੀਆਂ ਲੜੀਆਂ, ਖਡੌਣੇ, ਸਜਾਵਟੀ ਸਮਾਨ ਅਤੇ ਸਾਡੇ ਸਭਿਆਚਾਰ ਨਾਲ ਮੇਲ ਖਾਦੀਆਂ ਵਸਤਾਂ ਚੀਨ ਵਿੱਚ ਤਿਆਰ ਕੀਤੀਆਂ ਜਾਣ ਲੱਗੀਆਂ ਹਨ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹਨਾਂ ਦੀ ਚੀਨ ਵਿੱਚ ਕੋਈ ਪਛਾਣ ਵੀ ਨਹੀਂ ਤਿਆਰ ਚੀਨ ਦੇ ਬਜਾਰ ਹੁੰਦੇ ਹਨ ਅਤੇ ਉਹਨਾਂ ਨੂੰ ਵੇਚਿਆ ਤੇ ਪੂਜਿਆ ਸਾਡੇ ਭਾਰਤ ਵਿੱਚ ਜਾਂਦਾ ਹੈ। ਬਜਾਰ ਦੀ ਕਰੂਰਤਾ ਹੈ ਕਿ ਇਹ ਅਵਾਮ ਦੇ ਦੁਖਾਂ ਤੋਂ ਵੀ ਮੁਨਾਫੇ ਕਮਾਉਂਦਾ ਹੈ। ਪੰਜ ਰੁਪਏ ਵਿੱਚ ਮਿਲਣ ਵਾਲੀ ਗੋਲੀ ਗਰੀਬੀ ਅਤੇ ਬਿਮਾਰੀ ਦੇ ਭੰਨੇ ਮਨੁੱਖ ਨੂੰ ਬਜਾਰ ਚੋਂ ਚਾਲੀ ਰੁਪਏ ਦੀ ਮਿਲਣ ਲੱਗੀ ਹੈ ਕਾਰਨ ਕੀ ਹੈ ? ਕਾਰਨ ਇਹੋ ਹੀ ਹੈ ਕਿ ਬਜਾਰ ਉਸ ਦਵਾਈ ਨੂੰ ਲਿਖਣ ਵਾਲੇ ਹੱਥ ਖਰੀਦ ਲੈਂਦਾ ਹੈ। 
ਬਜਾਰ ਦੇ ਇਸ ਨਵੇਂ ਸੰਚਾਰਿਤ ਹੋਏ ਸਭਿਆਚਾਰ ਵਿੱਚ ਮਨੁੱਖ ਰਿਸ਼ਤਿਆਂ ਦੇ ਵੀ ਭਾਅ ਕਰਨ ਲੱਗ ਪਿਆ ਹੈ। ਰਿਸ਼ਤੇ ਮਨੁੱਖ ਦੀ ਆਰਥਿਕਤਾ ਅਨੁਸਾਰ ਬਣਦੇ ਅਤੇ ਟੁੱਟਦੇ ਹਨ। ਮਨੁੱਖ ਦੇ ਰੁਤਬੇ ਅਨੁਸਾਰ ਬਜਾਰ ਵਿੱਚ ਉਸ ਲਈ ਰਿਸ਼ਤੇ ਉਪਲਬਦ ਹੋ ਗਏ ਹਨ। ਨਵੇਂ ਯੁੱਗ ਵਿੱਚ ਮਨੁੱਖੀ ਰਿਸ਼ਿਤਆਂ ਦਾ ਆਧਾਰ ਮਨੁੱਖ ਦੀ ਆਰਥਿਕਤਾ ਬਣ ਗਿਆ ਹੈ। ਵੇਸਵਾਗਮਨੀ ਨੂੰ ਜਿੱਥੇ ਪਹਿਲਾਂ ਸਮਾਜ ਦੇ ਮੱਥੇ ਤੇ ਕਲੰਕ ਮੰਨਿਆ ਜਾਂਦਾ ਸੀ ਹੁਣ ਇਸ ਕੰਮ ਨੂੰ ‘ਸੈਕਸ ਵਰਕਰ’ ਸ਼ਬਦ ਨਾਲ ਮਾਨਤਾ ਦਿੱਤੀ ਜਾ ਰਹੀ ਹੈ। ਅਜੋਕੇ ਬਜਾਰ ਦਾ ਵਿਸਥਾਰ ਸਾਡੇ ਆਲੇ ਦੁਆਲੇ, ਸਭਿਆਚਾਰ ਤੋਂ ਇਲਾਵਾ ਸਾਡੇ ਦਿਮਾਗਾਂ ਤਕ ਅਸਰ ਅੰਦਾਜ਼ ਹੈ। ਇਸ ਨੂੰ ‘ਸਭਿਆਚਾਰ ‘ਤੇ ਪ੍ਰਛਾਵਾਂ’ ਆਖਣਾ ਇੱਕ ਤਰ੍ਹਾਂ ਨਾਲ ਹਕੀਕਤਾਂ ਤੋਂ ਅੱਖਾਂ ਮੀਟਣ ਵਾਂਗ ਹੈ।  ਆਮ ਮਨੁੱਖ ਦਾ ਇਸ ਤੋਂ ਸੁਚੇਤ ਹੋਣਾ ਬੜਾ ਜਰੂਰੀ ਹੈ।
                                      ਗੁਰਚਰਨ ਨੂਰਪੁਰ 
ਜੀਰਾ 
ਮੋ:98550-51099

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template