Headlines News :
Home » » ਸੀਰੀ ਸੁਨਹਿਰੀ ਬਦਨਾਂ ਦੇ - ਬਲਵੰਤ ਫ਼ਰਵਾਲ਼ੀ

ਸੀਰੀ ਸੁਨਹਿਰੀ ਬਦਨਾਂ ਦੇ - ਬਲਵੰਤ ਫ਼ਰਵਾਲ਼ੀ

Written By Unknown on Saturday 28 June 2014 | 00:44

ਸੀਰੀ ਸੁਨਹਿਰੀ ਬਦਨਾਂ ਦੇ
ਕਿਵੇਂ ਕੱਤਾਂ ਯਾਰਾ
ਆਪਣੇ ਜ਼ਜ਼ਬਾਤਾਂ ਨੂੰ
ਕਿਵੇਂ ਕਰਾਂ ਗਲੋਟੇ
ਤੇਰੀਆਂ ਯਾਦਾਂ ਦੇ
ਜਦ ਵੀ ਪਾਉਣਾ ਚਾਹਾਂ
ਤੰਦ ਪ੍ਰੀਤਾਂ ਦਾ
ਮੇਰੀਆਂ ਭਾਵਨਾਵਾਂ ਦੀ ਮਾਲ੍ਹ
ਟੁੱਟ-ਟੁੱਟ ਜਾਂਦੀ ਏ
ਉਹ ਨੀ ਬੱਝਣਾ ਚਾਹੁੰਦੀ
ਦੁਨਿਆਵੀ ਰੂਹਾਂ ਦੀਆਂ
ਪ੍ਰੀਤਾਂ ਵਿੱਚ
ਉਹ ਤਾਂ ਉੱਡਣਾ ਚਾਹੁੰਦੀ ਏ
ਰੂੰ ਦੇ ਫੰਬਿਆਂ ਵਾਂਗ
ਚਿੱਟੇ ਬੱਦਲ਼ਾਂ ਤੋਂ ਉੱਪਰ
ਕਾਲ਼ੀਆਂ ਘਟਾਵਾਂ ‘ਚ
ਨੱਚਦੇ ਮੋਰਾਂ ਦੀਆਂ
ਪੈਲਾਂ ‘ਚੋਂ ਮਿਲਦੀ
ਖ਼ੁਸ਼ੀ ਤੋਂ ਵੀ ਉੱਪਰ
ਪਰ ਇਹ ਮੇਰੀਆਂ
ਸੋਚਾਂ ਦੀ ਖੇਡ ਏ
ਮੇਰੀ ਪਕੜ ਤੋਂ ਬਾਹਰ
ਮੇਰੀ ਛੋਹ ਤੋਂ ਕੋਹਾਂ ਦੂਰ।
ਮੈਂ ਬਣ ਨੀ ਸਕਦਾ ਰਾਂਝਾ
ਤੂੰ ਬਣ ਸਕਦੀ ਏਂ ਹੀਰ
ਮੈਂ ਹਵੇਲੀਆਂ ਦਾ ਪੁੱਤ ਨੀ
ਜੋ ਭਰਜਾਈਆਂ ਦੇ
ਤਾਨ੍ਹਿਆਂ ‘ਚ ਆ ਕੇ
ਕਿਸੇ ਦਾ ਸੀਰੀ ਬਣਾਂ।
ਮੈਥੋਂ ਨੀ ਹੋਣੀ
ਤੇਰੇ ਬਾਪ ਦੀ ਗ਼ੁਲਾਮੀ
ਅਸੀਂ ਗ਼ਰੀਬ ਹਾਂ
ਪਿਆਂਰ ਦੇ ਪੁਜ਼ਾਰੀ ਹਾਂ
ਭਿਖਾਰੀ ਨਹੀਂ।
ਮੇਰੀ ਸੋਚ ਤੋਂ ਨਹੀਂ
ਹੋਇਆ ਜਾਣਾ ਕੈਦ
ਤੇਰੇ ਹੁਸਨ ਦੀਆਂ ਜ਼ੁਲਫ਼ਾਂ ‘ਚ
ਸਗੋਂ ਅਸੀਂ ਤਾਂ ਕਰਨੀ ਏ
“ਬਗ਼ਾਵਤ”
ਥੇਰੇ ਬਾਪ ਦੀ ਹਵੇਲੀ ਨਾਲ਼
ਮੈਥੋਂ ਨੀ ਪੈਣੀਆਂ
ਚੁੱਕੇ ਹੋਏ ਹਥਿਆਰਾਂ ਨਾਲ
ਤੇਰੇ ਪਿਆਰ ਦੀਆਂ ਪੀਘਾਂ।
ਮੈਂ ਤੇਰੇ ਜ਼ਜ਼ਬਾਤਾਂ ਨੂੰ
ਕੱਤ ਹੀ ਲਵਾਂਗਾ
ਕਰ ਲਵਾਂਗਾ ਗਲੋਟੇ
ਤੇਰੀਆਂ ਯਾਦਾਂ ਦੇ
ਮੈਂ ਹੋਰ ਮਜ਼ਬੂਤ ਕਰ ਲਵਾਂਗਾ
ਕ੍ਰਾਂਤੀ ਦੀ ਮਾਲ੍ਹ ਨੂੰ
ਜੋ ਕਦੀ ਨਹੀਂ ਟੱਟੇਗੀ
ਸਗੋਂ ਟੁੱਟੇਗਾ ਪੂੰਜ਼ੀਵਾਦ
ਜੁੜੇਗਾ ਮਾਰਕਸਵਾਦ
ਆਏਗਾ ਸਾਮਾਜ਼ਵਾਦ
ਜਿੱਥੇ ਪਿਆਰ ਲਈ
ਪੀਂਘਾਂ ਪੈਣਗੀਆਂ
ਬਿਨਾਂ ਕਿਸੇ ਜਾਤ ਦੇ
ਮਜ੍ਹਬ ਦੇ।
ਪਰ ਅਫ਼ਸੋਸ ਏ
ਕਿ ਤੇਰੀ ਹਵੇਲੀ ਦੀਆਂ ਕੰਧਾਂ
ਬਹੁਤ ਮਜ਼ਬੂਤ ਨੇ
ਸਾਡੀ ਲਾਚਾਰੀ ਅੱਗੇ।
ਪਰ ਮਾਰਕਸਵਾਦ ਜਿਉਂਦਾ ਏ
ਮਨਾਂ ‘ਚ ਹੈ
ਤਨ ਅਜੇ ਸਹਿਣ ਦੇ
ਸਮਰੱਥ ਨਹੀਂ ਹੋਏ
ਤਾਂ ਫਿਰ ਕੀ ਅਸੀਂ ਇੰਜ ਹੀ
ਸੀਰੀ ਰਲ਼ਦੇ ਰਹਾਂਗੇ
ਸੁਨਹਿਰੀ ਬਦਨਾਂ ਦੇ ?
ਮਰਦਾ ਰਹੇਗਾ ਸਾਮਾਜਵਾਦ
ਜਿਉਂਦਾ ਰਹੇ ਮਾਰਕਸਵਾਦ
ਸਿਰਫ਼ ਕਿਤਾਬਾਂ ‘ਚ
ਇਨਸਾਨੀ ਫ਼ਿਤਰਤਾਂ ਤੋਂ
ਕਿਤੇ ਕੋਹਾਂ ਦੂਰ
ਪੂੰਜੀਵਾਦ ਦੀਆਂ ਅਲਮਾਰੀਆਂ ‘ਚ
ਘੁੱਟ-ਘੁੱਟ ਕੇ ਮਰਦਾ ਰਹੇਗਾ ?
                                           ਬਲਵੰਤ ਫ਼ਰਵਾਲ਼ੀ,
ਪੰਜਾਬੀ ਮਾਸਟਰ
                                             ਪਿੰਡ-ਫ਼ਰਵਾਲ਼ੀ,ਡਾਕ-ਕਲਿਆਣ
                                             ਤਹਿ-ਮਾਲੇਰਕੋਟਲਾ,ਜ਼ਿਲ੍ਹਾ-ਸੰਗਰੂਰ
                                             ਪਿਨ ਕੋਡ-148020
                                             ਸੰਪਰਕ ਨੰਬਰ-98881-17389


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template