Headlines News :
Home » » ਗ਼ਦਰ ਲਹਿਰ ਦੀ ਕਹਾਣੀ - ਉਜਾਗਰ ਸਿੰਘ

ਗ਼ਦਰ ਲਹਿਰ ਦੀ ਕਹਾਣੀ - ਉਜਾਗਰ ਸਿੰਘ

Written By Unknown on Wednesday 9 July 2014 | 00:02

ਪੁਸਤਕ ਦਾ  ਨਾਂ------------------ ਗ਼ਦਰ ਲਹਿਰ ਦੀ ਕਹਾਣੀ 
ਸੰਪਾਦਕ ਦਾ ਨਾਂ--------------------    ਜੈਤੇਗ ਸਿੰਘ ਅਨੰਤ
ਪ੍ਰਕਾਸ਼ਕ-------ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ
ਕੀਮਤ-------------------------- -ਤਿੰਨ ਸੌ ਪਝੱਤਰ ਰੁਪਏ
ਕੈਨੇਡਾ---ਬਰਤਾਨੀਆਂ---ਦਸ ਪੌਂਡ---------ਅਮਰੀਕਾ-ਵੀਹ ਡਾਲਰ
ਪੰਨੇ-ਦੋ ਸੌ ਪੰਜਤਾਲੀ 
             ਮਨੁੱਖੀ ਫਿਤਰਤ ਹੈ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਕੋਸਿਸ਼  ਕਰਦਾ ਹੈ। ਪਰੰਤੂ ਜਿਹੜੇ  ਭਾਰਤੀ  ਖਾਸ ਤੌਰ ਤੇ ਪੰਜਾਬੀ  ਵਿਦੇਸ਼ਾਂ ਵਿਚ ਪਰਵਾਸ ਕਰ ਗਏ ਹਨ ਉਹਨਾਂ ਦੀਆਂ ਆਪਣੀਆਂ ਰੋਜ਼ਗਾਰ ਦੀਆਂ ਮਜ਼ਬੂਰੀਆਂ  ਅਤੇ ਪ੍ਰਸਥਿਤੀਆਂ ਹੁੰਦੀਆਂ ਹਨ। ਜਿਨ੍ਹਾਂ ਕਰਕੇ ਉਹ ਆਪਣੇ ਵਿਰਸੇ ਦੀ ਉਤਨੀ ਸ਼ਿੱਦਤ ਨਾਲ ਸੰਭਾਲ ਨਹੀਂ ਕਰ ਸਕਦੇ । ਫਿਰ ਵੀ ਉਹਨਾਂ ਵਿਚੋਂ ਬਹੁਤਿਆਂ ਦੇ ਮਨਾਂ ਵਿਚ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪਰਬਲ ਇੱਛਾ ਤੜਪਾਉਂਦੀ ਰਹਿੰਦੀ ਹੈ ਪਰੰਤੂ ਹਾਲਾਤ ਉਹਨਾਂ ਨੂੰ ਆਪਣੇ ਵਿਰਸੇ ਦੀ ਪੈਰਵਾਈ ਕਰਨ ਦੀ ਜਾਂ ਇਜ਼ਾਜਤ ਨਹੀਂ ਦਿੰਦੇ ਜਾਂ ਫਿਰ ਉਹ ਬੇਬਸ ਹੋ ਕੇ ਅਵੇਸਲੇ ਹੋ ਜਾਂਦੇ  ਹਨ ਜਾਂ ਉਹਨਾਂ ਕੋਲ ਵਸੀਲੇ ਨਹੀਂ ਹੁੰਦੇ ਕਿ ਉਹ ਅਜਿਹਾ ਕਰ ਸਕਣ। ਅਜਿਹੇ ਪਰਵਾਸੀਆਂ ਵਿਚ ਪੰਜਾਬ ਪੰਜਾਬੀ ਵਿਰਾਸਤ ਭਾਸ਼ਾ ਸਾਹਿਤ ਸਭਿਆਚਾਰ ਅਤੇ ਇਤਿਹਾਸ ਨਾਲ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿਚ ਬੈਠਾ ਇੱਕ ਇਨਸਾਨ ਗੜੁਚ ਹੀ ਨਹੀਂ ਸਗੋਂ ਬਹੁਤ ਹੀ ਚਿੰਤਤ ਵੀ ਹੈ ਕਿਉਂਕਿ ਆਉਣ ਵਾਲੀ ਸਿੱਖਾਂ ਦੀ ਪਨੀਰੀ ਨੂੰ ਸੰਜੀਦਗੀ ਨਾਲ ਆਪਣੀ ਵਿਰਾਸਤ ਨਾਲ ਜੋੜਨ ਦੇ ਸਮਾਜ ਵੱਲੋਂ ਯੋਗ ਉਪਰਾਲੇ ਨਹੀਂ ਹੋ ਰਹੇ । ਉਹ ਸਿਦਕਵਾਨ ਗੁਰਮੁੱਖ ਹੈ ਜੈਤੇਗ ਸਿੰਘ ਅਨੰਤ। ਜਿਸਨੂੰ ਆਪਣੇ ਵਿਰਸੇ ਵਿਚੋਂ ਆਪਣੇ ਮਾਤਾ ਪਿਤਾ ਕੋਲੋਂ ਸਿੱਖੀ ਸਿਦਕ ਸਿੱਖੀ ਸੋਚ ਤੇ ਚਲਣ ਦੀ  ਜਾਂਚ ਵਿਦਵਤਾ ਸਿਆਣਪ ਦ੍ਰਿੜ੍ਹਤਾ ਲਗਨ ਤੇ ਦਲੇਰੀ ਮਿਲੀ ਹੈ ਜਿਸ ਸਦਕਾ ਉਹ ਸਿੱਖ ਜਗਤ ਦੀ ਝੋਲੀ ਅਣਮੁਲੀਆਂ ਤੇ ਬੇਸ਼ਕੀਮਤੀ ਸਿੱਖੀ ਵਿਚਾਰਧਾਰਾ ਤੇ ਦਰਸ਼ਨ  ਉਪਰ  ਅਧਾਰਤ ਪੁਸਤਕਾਂ ਪ੍ਰਕਾਸ਼ਤ ਕਰਕੇ ਪਾ ਰਿਹਾ ਹੈ ਤਾਂ ਜੋ ਸਿੱਖੀ ਦੀ ਪਨੀਰੀ ਦੇਸ਼ ਭਗਤੀ ਅਤੇ ਗੁਰਮਤਿ ਦੀ ਪਰੰਪਰਾ ਨਾਲ ਪਰੁਚੀ ਹੋਈ ਆਪਣੇ ਆਧੁਨਿਕ ਧਰਮ ਦੀ ਪਰੌੜ ਸਰਬਤ ਦੇ ਭਲੇ ਦੀ ਵਿਚਾਰਧਾਰਾ ਨੂੰ ਗੁਰਮਤਿ ਅਨੁਸਾਰ ਗ੍ਰਹਿਣ ਕਰਕੇ ਆਪਣੀ ਅਮੀਰ ਵਿਰਾਸਤ ਤੇ ਮਾਣ ਕਰਦੀ  ਹੋਈ ਪੰਜਾਬੀਆਂ ਅਤੇ ਖ਼ਾਸ ਤੌਰ ਤੇ ਸਿੱਖਾਂ ਦੀਆਂ ਲਾਸਾਨੀ ਕੁਰਬਾਨੀਆਂ ਭਰੀ ਵਿਰਾਸਤ ਤੇ ਪਹਿਰਾ ਦੇ ਸਕੇ । ਉਹ ਅਜਿਹੇ ਕੰਮ ਕਰ  ਰਿਹਾ ਹੈ ਜਿਨ੍ਹਾਂ ਨੂੰ ਸਾਡੇ ਵਿਦਵਾਨਾਂ ਨੇ ਜਾਣੇ ਅਣਜਾਣੇ ਅਣਡਿਠ ਕੀਤਾ ਹੋਇਆ ਹੈ। ਦੇਸ਼ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿਸਨੂੰ ਗ਼ਦਰ ਲਹਿਰ ਦਾ ਨਾਮ ਦਿੱਤਾ ਜਾਂਦਾ ਹੈ ਵਿਚ ਅਨੇਕਾਂ ਭਾਰਤੀਆਂ ਵਿਸਸ਼ੇ ਤੌਰ  ਤੇ ਨੱਬੇ ਫੀ ਸਦੀ ਪੰਜਾਬੀ ਬਹਾਦਰ ਸਪੂਤਾਂ ਨੇ ਸ਼ਮੂਲੀਅਤ ਕਰਕੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਪਰੰਤੂ ਭਾਰਤ ਦੇ ਇਤਿਹਾਸਕਾਰਾਂ ਨੇ ਇਸ ਲਹਿਰ ਵਿਚ ਕੁਝ ਕੁ ਚੋਣਵੀਆਂ ਮਹਾਨ ਹਸਤੀਆਂ ਦੀਆਂ ਸਰਗਰਮੀਆਂ ਦਾ ਹੀ ਇਤਿਹਾਸ ਵਿਚ ਜ਼ਿਕਰ ਕੀਤਾ ਹੈ ਜਿਹੜੇ ਵਿਅਕਤੀ ਇਸ ਲਹਿਰ ਦੀ ਜਿੰਦ ਜਾਨ ਸਨ ਤੇ ਜਿਨ੍ਹਾਂ ਆਪਣੀਆਂ ਕੁਰਬਾਨੀਆਂ ਦੇ ਖ਼ੂਨ ਨਾਲ ਇਸ ਲਹਿਰ ਨੂੰ ਸਿੰਜਿਆ ਤੇ ਜੀਵਤ ਰੱਖਿਆ ਉਹਨਾ ਨੂੰ ਇਤਿਹਾਸਕਾਰਾਂ ਨੇ ਅਣਗੌਲਿਆ ਕੀਤਾ ਅਤੇ ਢੁਕਵਾਂ ਸਥਾਨ ਨਹੀਂ ਦਿੱਤਾ। ਜੈਤੇਗ ਸਿੰਘ ਅਨੰਤ ਨੂੰ ਇਹ ਘਾਟ ਖਟਕਦੀ ਰਹੀ ਹੈ ਇਸ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਵਿਚ ਇਤਿਹਾਸ ਦੀਆਂ ਕਾਨਫਰੰਸਾਂ ਵਿਚ ਆਪਣੇ ਖ਼ਰਚੇ ਤੇ ਜਾ ਕੇ ਹਿੱਸਾ ਲੈਂਦਾ ਰਿਹਾ ਹੈ ਤਾਂ ਜੋ ਗ਼ਦਰੀਆਂ ਬਾਰੇ ਸਹੀ ਜਾਣਕਾਰੀ ਇਕੱਤਰ ਕਰ ਸਕੇ । ਇਸ ਮੰਤਵ ਲੲਂੀ ਉਹ ਦੁਨੀਆਂ ਦੇ  ਹੋਰ ਦੇਸਾਂ ਵਿਚ ਜਾ ਕੇ ਵੀ ਖੋਜ ਕਰਦਾ ਰਿਹਾ । ਉਹਨਾਂ  ਅਜਿਹੇ ਇਤਿਹਾਸਕ ਸਥਾਨਾਂ  ਤੇ ਜਾ ਕੇ ਜਿੱਥੇ ਦੇਸ਼ ਭਗਤੀ ਦੀ ਲਹਿਰ  ਨਾਲ ਸੰਬੰਧਤ ਘਟਨਾਵਾਂ ਵਾਪਰੀਆਂ ਜਾਂ ਜਿੱਥੇ ਬੈਠਕੇ ਜਾਂ ਲੁਕ ਛਿਪਕੇ ਵਿਚਾਰਾਂ ਹੋਈਆਂ ਉਹਨਾਂ ਥਾਵਾਂ ਦੀਆਂ ਫੋਟੋਆਂ ਆਪ ਖਿਚਕੇ ਗ਼ਦਰ ਲਹਿਰ ਦੀ ਕਹਾਣੀ ਨਾਂ ਦੀ ਪੁਸਤਕ ਵਿਚ ਪ੍ਰਕਾਸ਼ਤ ਕੀਤੀਆਂ ਹਨ।  ਇਹ ਪੁਸਤਕ ਇਤਿਹਾਸਕ ਦਸਤਾਵੇਜ ਹੈ। ਜਿਹੜੇ ਸੁਤੰਤਰਤਾ ਸੰਗਰਾਮੀਆਂ ਦੀਆਂ ਫੋਟੋਆਂ ਬਹੁਤੀ ਚੰਗੀ ਹਾਲਤ ਵਿਚ ਨਹੀਂ ਮਿਲੀਆਂ ਉਹਨਾਂ ਦੀਆਂ ਆਪਣੇ ਖਰਚੇ ਤੇ ਕਲਾਕਾਰਾਂ ਤੋਂ ਪੇਂਟਿੰਗ ਬਣਵਾ ਕੇ ਉਹਨਾਂ ਦੀਆਂ ਫੋਟੋਆਂ ਖਿਚਕੇ ਪੁਸਤਕ ਵਿਚ ਪ੍ਰਕਾਸ਼ਤ ਕਰਵਾਈਆਂ। ਗ਼ਦਰੀਆਂ ਦੀਆਂ ਇਹ ਫੋਟੋਆਂ ਅਨੰਤ ਦੀ ਦਿੜ੍ਹਤਾ ਮਿਹਨਤ ਅਤੇ ਲਗਨ ਦਾ ਸਬੂਤ ਦੇ ਰਹੀਆਂ ਹਨ।   ਉਹਨਾਂ ਇਸ ਪੁਸਤਕ ਵਿਚ ਚਾਰ ਖੋਜ ਭਰਪੂਰ ਲੇਖ ਖ਼ੁਦ ਵੱਖ ਵੱਖ ਲਾਇਬਰੇਰੀਆਂ ਤੋਂ ਸਬੂਤ ਇਕੱਠੇ ਕਰ ਕੇ ਲਿਖੇ ਜੋ ਇਤਿਹਾਸਕ ਤੱਥਾਂ ਤੇ ਅਧਾਰਤ ਹਨ। ਇਸ ਤੋਂ ਇਲਾਵਾ ਚੌਦਾਂ ਹੋਰ ਵਿਦਵਾਨਾਂ ਦੇ ਲੇਖ ਪ੍ਰਕਾਸ਼ਤ ਕੀਤੇ ਹਨ ਜਿਹੜੇ ਆਪੋ ਆਪਣੇ ਵਿਸ਼ਿਆਂ ਦੇ ਮਾਹਰ ਇਤਿਹਾਸਕਾਰ ਹਨ ਅਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਗ਼ਦਰੀਆਂ ਦੇ ਪਰਵਾਰਾਂ ਦੇ ਨਾਲ ਸੰਬੰਧਤ ਰਹੇ ਹਨ ਜਾਂ ਉਹਨਾਂ  ਦੇ ਵਾਰਸ ਹਨ। ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਗ਼ਦਰ ਲਹਿਰ ਦਾ ਮੁੱਢ ਵਿਦੇਸ਼ਾਂ ਦੀ ਧਰਤੀ ਤੇ ਬੰਨ੍ਹਿਆਂ ਗਿਆ ਕਿਉਂਕਿ ਵਿਦੇਸ਼ਾਂ ਵਿਚ  ਬੈਠੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਬਰਾਬਰਤਾ ਅਤੇ ਭੇਦ ਭਾਵ ਦੀਆਂ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪਿਆ ਅਤੇ ਉਹ ਇਹਨਾਂ ਮੁਸ਼ਕਲਾਂ ਨਾਲ ਦੋ ਹੱਥ ਕਰਦੇ ਹੋਏ ਆਪੋ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ। ਗ਼ਦਰ ਬਾਰੇ ਇਸ ਤੋਂ ਪਹਿਲਾਂ ਵੀ  ਲਿਖੀਆਂ ਗਈਆਂ ਪੁਸਤਕਾਂ  ਤੋਂ ਇਹ ਪੁਸਤਕ ਇਸ ਕਰ ਕੇ ਵੱਖਰੀ ਹੈ ਕਿਉਂਕਿ ਇਸ  ਵਿਚਲੀ ਸਮਗਰੀ ਇਹ ਦਰਸਾਉਂਦੀ ਹੈ ਕਿ ਅਜ਼ਾਦੀ ਦੀ  ਪ੍ਰਾਪਤੀ ਲਈ ਗ਼ਦਰੀਆਂ  ਨੇ ਸਿੱਖ ਧਰਮ ਦੀ ਆਦਰਸ਼ ਵਿਚਾਰਧਾਰਾ ਦਾ ਓਟ ਆਸਰਾ ਲੈ  ਕੇ ਸਰਗਰਮੀਆਂ ਸ਼ੁਰੂ ਹੀ ਨਹੀਂ  ਕੀਤੀਆਂ ਸਗੋਂ ਉਹਨਾਂ ਦੀ ਪ੍ਰਾਪਤੀ ਲਈ ਅਧਿਆਤਮਕ ਸ਼ਕਤੀ ਵੀ ਪ੍ਰਾਪਤ ਕੀਤੀ । ਇਸ ਪੁਸਤਕ ਦੀ ਵਿਲੱਖਣਤਾ ਇਹੋ ਹੈ ਕਿ ਇਹ ਦਰਸਾਉਂਦੀ ਹੈ ਕਿ ਅਜ਼ਾਦੀ ਦੀ ਲਹਿਰ ਨੂੰ ਸਫਲ ਬਣਾਉਣ ਲਈ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਤੇ ਸ਼ਕਤੀ ਵੀ ਲਈ ਗਈ ਹੈ । ਹੁਣ ਤੱਕ ਅਜ਼ਾਦੀ ਦੀ ਲਹਿਰ ਨੂੰ ਨਿਰੋਲ ਸਮਾਜਕ ਬਰਾਬਰਤਾ ਅਤੇ ਜਾਤ ਪਾਤ ਦੇ ਭੇਦ ਭਾਵ ਤੱਕ ਹੀ ਸੀਮਤ ਰੱਖਿਆ ਗਿਆ ਸੀ । ਇਸ ਪੁਸਤਕ ਵਿਚ ਉਹਨਾਂ ਹਜ਼ਾਰਾਂ ਅਜਿਹੇ ਗੁਰਮੁਖਾਂ ਦੇ ਅਜ਼ਾਦੀ ਦੀ ਲਹਿਰ ਵਿਚ ਪਾਏ ਸਾਰਥਕ ਯੋਗਦਾਨ ਨੂੰ ਦਰਸਾਇਆ ਗਿਆ ਹੈ ਜਿਨ੍ਹਾਂ ਬਾਰੇ ਕਦੀਂ ਵੀ ਕਿਸੇ ਇਤਿਹਾਸਕਾਰ ਨੇ ਬਹੁਤਾ ਜ਼ਿਕਰ ਹੀ ਨਹੀਂ ਕੀਤਾ ਜੈਤੇਗ ਸਿੰਘ ਅਨੰਤ ਇੱਕ ਸੰਸਥਾ ਜਿੰਨਾ ਕੰਮ ਕਰ ਰਿਹਾ ਹੈ।  ਉਹ ਹਮੇਸ਼ਾ  ਆਮ ਵਿਸ਼ਿਆਂ ਤੋਂ ਵੱਖਰੇ ਵਿਸ਼ਿਆਂ ਤੇ ਕੰਮ ਕਰਨ ਦਾ ਆਦੀ ਹੈ ਜਿਨ੍ਹਾਂ ਨੂੰ ਕੋਈ ਵਿਦਵਾਨ ਹੱਥ ਪਾਉਣ ਨੂੰ ਤਿਆਰ ਹੀ ਨਹੀਂ ਕਿਉਂਕਿ ਅਜਿਹੇ ਕੰਮਾਂ ਲਈ ਸਮਾਂ ਦ੍ਰਿੜ੍ਹਤਾ ਲਗਨ ਅਤੇ ਸੁਚੇਤ ਯਤਨਾਂ ਦੀ ਲੋੜ ਹੁੰਦੀ ਹੈ ਜੈਤੇਗ ਸਿੰਘ ਅਨੰਤ ਬਿਖੜੇ ਰਾਹਾਂ ਦਾ ਪਾਂਧੀ ਹੈ । ਉਹ ਆਮ ਰਾਹਾਂ ਤੇ ਨਹੀਂ ਸਗੋਂ ਵੱਖਰੀਆਂ ਹੀ ਪਗਡੰਡੀਆਂ ਬਣਾ ਕੇ ਚੱਲਣ ਵਿਚ ਵਿਸ਼ਵਾਸ਼ ਰੱਖਦਾ ਹੈ ਜਿਹੜੇ ਰਾਹਾਂ ਤੇ ਆਮ ਰਾਹੀ ਜਾਂਦੇ ਹਨ ਉਹ ਉਹਨਾਂ ਰਾਹਾਂ ਤੇ ਨਹੀਂ ਜਾਂਦਾ। ਉਹ ਸਿੱਖੀ ਸੋਚ ਨੂੰ ਪ੍ਰਣਾਇਆ ਗੁਰਮਤਿ ਵਿਚ ਰੰਗਿਆ ਇਲਾਹੀ ਬਾਣੀ ਦਾ ਰਸੀਆ ਜਿਸਨੂੰ ਵਿਖਾਵਾ ਕਰਨ ਦੀ ਆਦਤ ਨਹੀਂ ਸਗੋਂ ਅਮਲੀ ਤੌਰ ਤੇ ਵਿਚਰਨ ਵਿਚ ਵਿਸ਼ਵਾਸ ਰੱਖਦਾ ਹੈ। ਅਸਲ ਵਿਚ ਉਹ ਗ਼ਦਰ ਲਹਿਰ ਨੂੰ ਸਿੱਖ ਸੋਚ ਆਦਰਸ ਵਿਚਾਰਧਾਰਾ ਤੇ ਗੁਰਮਤਿ ਵਿਚ ਵਰੋਸੋਈ ਲਹਿਰ ਮੰਨਦਾ  ਹੈ ਅਤੇ ਇਸ ਵਿਚ ਸ਼ਾਮਲ ਸੂਰਬੀਰ ਗੁਰੂ ਦੇ ਲੜ ਲੱਗੇ ਹੋਏ ਗੁਰਮਤਿ ਦੇ ਧਾਰਨੀ ਅਤੇ ਆਪਣੇ ਵਿਰਸੇ ਦੇ ਪ੍ਰਤੀਕ ਸਨ। ਅਨੰਤ ਮਹਿਸੂਸ ਕਰਦਾ ਹੈ ਕਿ  ਇਤਿਹਾਸਕਾਰਾਂ ਨੇ ਗ਼ਦਰ ਲਹਿਰ ਨਾਲ ਇਨਸਾਫ ਨਹੀਂ ਕੀਤਾ । ਉਹਨਾਂ ਗ਼ਦਰ ਲਹਿਰ ਨੂੰ ਮਹੱਤਤਾ ਦੇਣ ਦੀ ਥਾਂ ਉਸ ਵਿਚੋਂ  ਪੈਦਾ ਹੋਈਆਂ ਲਹਿਰਾਂ ਨੂੰ ਹੀ ਪ੍ਰਮੁਖਤਾ ਦਿੱਤੀ ਹੈ ਅਤੇ ਮੁੱਖ ਲਹਿਰ ਨੂੰ ਅਣਗੌਲਿਆ ਕੀਤਾ ਹੈ। ਇਹ ਲਹਿਰ ਸਿੱਖ ਸਿਆਣਪ ਸ਼ਿੱਦਤ ਅਤੇ ਦੂਰ ਅੰਦੇਸ਼ੀ ਦਾ ਪ੍ਰਗਟਾਵਾ ਕਰਦੀ ਹੈ। ਇਹ ਇਸ ਪੁਸਤਕ ਦਾ ਸਾਰੰਸੰ ਹੈ। ਜੈ ਤੇਗ ਸਿੰਘ ਅਨੰਤ ਨੇ ਇਹ ਪੁਸਤਕ ਵਡੇਰੀ ਉਮਰ ਵਿਚ ਇੱਕ ਖੋਜੀ ਵਿਦਿਆਰਥੀ ਦੀ ਤਰ੍ਹਾਂ ਖੋਜ ਕਰਕੇ ਪ੍ਰਕਾਸ਼ਤ ਕਰਵਾਕੇ ਪੰਜਾਬੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਕੀਤੀ ਹੈ। ਉਹ ਚਾਹੁੰਦਾ ਹੈ ਕਿ ਤਿਲਕ ਜੰਜੂ ਦੀ ਰਾਖੀ ਕਰਨ ਵਾਲੇ ਬਹਾਦਰ ਯੋਧਿਆਂ ਦੀਆਂ ਯਾਦਗਾਰਾਂ ਬਣਾਕੇ ਧਰਮ ਨਿਰਪੱਖਤਾ ਦਾ ਸਬੂਤ ਦਿੱਤਾ ਜਾਵੇ ਕਿਉਂਕਿ ਇਹ ਲਹਿਰ ਕਿਸੇ ਇੱਕ ਫ਼ਿਰਕੇ ਦੀ ਨਹੀਂ ਸਗੋਂ ਇਸ ਵਿਚ ਹਿੰਦੂਆਂ ਮੁਸਲਮਾਨਾਂ ਅਤੇ ਸਿੱਖਾਂ ਨੇ ਆਪਣਾ ਸਾਂਝਾ ਮਿਸ਼ਨ ਸਮਝਕੇ ਯੋਗਦਾਨ ਪਾਇਆ ਹੈ। ਇਸ ਲਹਿਰ ਵਿਚ ਸ਼ਾਮਲ ਵਿਅਕਤੀ ਧਾਰਮਿਕ ਸ਼ਹਿਨਸ਼ੀਲਤਾ ਦੇ ਸਿਧਾਂਤ ਦੇ ਪਹਿਰੇਦਾਰ ਸਨ ਪ੍ਰੰਤੂ ਉਹ ਆਪੋ ਆਪਣੇ ਧਰਮਾਂ ਦੇ ਪਰਪੱਕ ਅਨੁਆਈ ਸਨ ਜਿਨ੍ਹਾਂ ਨੇ ਜੇਲ੍ਹ ਵਿਚ ਵੀ ਰਹਿਤ ਮਰਿਆਦਾ ਤੇ ਪਹਿਰਾ ਦੇ ਕੇ ਜੇਲ੍ਹ ਨਿਯਮਾਂ ਵਿਚ ਤਬਦੀਲੀ ਕਰਵਾਈ। ਇਸ ਪੁਸਤਕ ਤੋਂ ਆਉਣ ਵਾਲੀ ਸਿੱਖ ਪਨੀਰੀ ਪ੍ਰੇਰਨਾਂ ਲੈ ਕੇ ਸਿੱਖ ਧਰਮ ਦੇ ਗ਼ਦਾਰਾਂ ਪ੍ਰਤੀ ਵੀ ਸੁਚੇਤ ਕਰੇਗੀ।  ਇਹ ਪੁਸਤਕ ਇਹ ਵੀ ਦਰਸਾਉਂਦੀ ਹੈ ਕਿ ਸਿੱਖ ਧਰਮ ਕਿਸੇ ਫ਼ਿਰਕੇ ਦੇ ਵਿਰੁਧ ਨਹੀਂ ਪ੍ਰੰਤੂ ਕਿਸੇ ਇਨਸਾਨ ਨਾਲ ਅਨਿਆਇ ਬਰਦਾਸ਼ਤ ਨਹੀਂ ਕਰਦਾ। ਗ਼ਦਰੀਆਂ ਨੇ ਗ਼ਦਰ ਲਹਿਰ ਨੂੰ ਸਫ਼ਲ ਬਣਾਉਣ ਲਈ ਹਰ ਸਾਧਨ  ਜਾਂ ਅਵਸਰ ਦਾ ਸਦਉਪਯੋਗ ਕੀਤਾ। ਸਮਾਜਕ ਮੇਲਿਆਂ ਸਾਧਾਂ ਸੰਤਾਂ ਦਿਆਂ ਡੇਰਿਆਂ ਅਤੇ ਉਥੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋ ਕੇ ਗੁਰੀਲਾ ਰੂਪ ਵਿਚ ਕੰਮ ਕਰਨ ਬਾਰੇ ਵੀ ਇਸ ਪੁਸਤਕ ਵਿਚ ਜਾਣਕਾਰੀ ਮਿਲਦੀ ਹੈ। ਬਾਲ ਗੰਗਾਧਰ ਤਿਲਕ ਨੇ ਵੀ ਸਾਧੂਆਂ ਦਾ ਭੇਸ ਧਾਰਕੇ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲਿਆ । ਉਮੀਦ ਕਰਦੇ ਹਾਂ ਕਿ  ਸਿੱਖ ਜਗਤ ਜੈਤੇਗ ਸਿੰਘ ਅਨੰਤ ਦੇ ਪਾਏ ਇਸ ਇਤਿਹਾਸਕ ਯੋਗਦਾਨ ਦਾ ਭਰਪੂਰ ਸਵਾਗਤ ਕਰੇਗਾ। ਇਹ ਵੀ ਕਾਮਨਾ ਕਰਦੇ ਹਾਂ ਕਿ ਵਾਹਿਗੁਰੂ ਜੈਤੇਗ ਸਿੰਘ ਅਨੰਤ ਨੂੰ ਸਿਹਤਮੰਦ ਰੱਖੇ ਅਤੇ ਲੰਮੀ ਉਮਰ ਬਖਸ਼ੇ ਤਾਂ ਜੋ ਉਹ ਸਿੱਖ ਜਗਤ ਦੀ ਝੋਲੀ ਵਿਚ ਹੋਰ ਖੋਜੀ ਪੁਸਤਕਾਂ ਪਾ ਸਕੇ।



ਪੜਚੋਲਕਾਰ-
ਉਜਾਗਰ ਸਿੰਘ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template