Headlines News :
Home » » "ਵਿਸਾਖੀ ਦੀ ਮਹੱਤਤਾ" - ਕੰਵਲਜੀਤ ਕੌਰ ਢਿੱਲੋਂ

"ਵਿਸਾਖੀ ਦੀ ਮਹੱਤਤਾ" - ਕੰਵਲਜੀਤ ਕੌਰ ਢਿੱਲੋਂ

Written By Unknown on Monday 28 April 2014 | 07:49

ਵਿਸਾਖੀ ਦਾ ਤਿਉਹਾਰ ਜਿੱਥੇ ਪੰਜਾਬ ਵਿੱਚ ਪੂਰੇ ਹਰਸ਼ੋ ਉਲਾਸ ਨਾਲ ਮਨਾਇਆ ਜਾਂਦਾ ਹੈ।ਉੱਥੇ ਹੀ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਇਸ ਤਿਉਹਾਰ ਨੂੰ ਮਨਾਉਣ ਵਿੱਚ ਕਿਸੇ ਗੱਲੋ ਵੀ ਪਿੱਛੇ ਨਹੀਂ ਹਨ। ਇੱਕ ਵਿਸਾਖ ਤੋਂ  ਸ਼ੁਰੂ  ਹੋਣ ਵਾਲਾ ਸਾਲ ਖਾਲਸਾ ਸੰਮਤ ਅਖਵਾਉਂਦਾ ਹੈ।ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਨੂੰ ਅਨੰਦਪੁਰ ਦੀ ਪਵਿੱਤਰ ਧਰਤੀ ਤੇ ਖਾਲਸਾ ਪੰਥ ਦੀ ਸਾਜ਼ਨਾ ਕਰ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਅਤੇ ਅਜਿਹੀ ਬਹਾਦਰ ਕੌਮ ਦੀ ਸਿਰਜਣਾ ਕੀਤੀ ਜਿਸ ਤੇ ਵਿਦੇਸ਼ੀ ਹਕੂਮਤ ਵੀ ਜਿਆਦਾ ਦੇਰ ਤੱਕ  ਹਕੂਮਤ ਨਾ ਕਰ ਸਕੀ। ਵਿਸਾਖੀ ਦੇ ਨਾਲ ਜੁੜੀ 13 ਅਪ੍ਰੈਲ 1919 ਦੀ ਜਲ੍ਹਿਆਂਵਾਲਾ ਬਾਗ ਦੀ ਦਰਦਨਾਕ ਘਟਨਾ ਨੂੰ ਜੇ ਭੁਲਾ ਦਿੱਤਾ ਗਿਆ ਤਾਂ ਸ਼ਾਇਦ ਸਾਨੂੰ ਦੇਸ਼ ਲਈ ਜਾਨ ਵਾਰਨ ਵਾਲੇ ਸੂਰਵੀਰਾਂ ਅਤੇ ਯੋਧਿਆਂ ਦੀਆਂ ਰੂਹਾਂ ਕਦੇ ਮਾਫ ਨਾ ਕਰ ਸਕਣ ।ਜਨਰਲ ਡਾਇਰ ਦੁਆਰਾ ਚਲਾਈਆਂ ਗੋਲੀਆਂ ਅਤੇ ਮਾਸੂਮਾਂ ਦੀਆਂ ਚੀਕਾਂ ਦੀ ਅਵਾਜ਼ ਅੱਜ ਵੀ ਸਾਡੀ ਰੂਹ ਨੂੰ ਲਹੂ-ਲੁਹਾਨ ਕਰ ਦਿੰਦੀ ਹੈ।
ਵਿਸਾਖੀ ਦਾ ਸਬੰਧ ਜਿੱਥੇ ਸਾਡੇ ਇਤਿਹਾਸ ਨਾਲ ਹੈ, ਉੱਥੇ ਹੀ ਕਿਸਾਨਾਂ ਦੀ ਮਿਹਨਤ ਨੂੰ ਫ਼ਲ ਵੀ ਇਸੇ ਮਹੀਨੇ ਹੀ ਪੈਂਦਾ ਹੈ।ਜਿਉਂ ਹੀ  ਵਿਸਾਖੀ ਦਾ ਦਿਨ ਨੇੜੇ ਆਉਦਾ ਅਤੇ ਕਣਕ ਦੇ ਸਿੱਟੇ ਸੁਨਿਹਰੀ ਰੰਗ ਫੜ੍ਹਦੇ ਹਨ ਤਾਂ ਕਿਸਾਨ ਦਾ ਚਿਹਰਾ ਵੀ  ਲਾਲੀ ਨਾਲ ਭੱਖਦਾ ਹੈ।ਪਰ ਇਸ ਦੇ ਨਾਲ ਹੀ ਕਿਸੇ ਰੱਬੀ ਮਾਰ ਜਾਂ ਅਣਸੁਖਾਵੀ ਘਟਨਾ ਦੇ ਵਾਪਰਨ ਦਾ ਡਰ ਉਸਦੇ ਅੰਦਰ ਸਮਾਇਆ ਰਹਿੰਦਾ ਹੈ। ਅੰਨ ਦਾਤਾ ਅਖਵਾਉਣ ਵਾਲਾ ਕਿਸਾਨ ਵਿਸਾਖ ਦੇ ਮਹੀਨੇ ਕਣਕ ਦੀ ਫਸਲ ਦੀ ਕਟਾਈ ਕਰਦਾ ਹੈ।ਵਿਸਾਖੀ ਦੇ ਦਿਨ ਧਾਰਮਿਕ ਸਥਾਨਾਂ ਤੇ ਕੀਰਤਨ ਦਰਬਾਰ ਸਜਾਏ ਜਾਂਦੇ ਹਨ।ਇਸ ਦੇ ਨਾਲ ਹੀ ਪਿੰਡਾਂ ਥਾਵਾਂ ਤੇ ਵਿਸਾਖੀ ਨਾਲ ਸਬੰਧਤ ਮੇਲੇ ਲਗਾਏ ਜਾਂਦੇ ਹਨ।ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਨਿਹੰਗ ਸਿੰਘਾਂ ਵੱਲੋ ਆਪਣੀ ਕਲਾਂ ਦੇ ਜੌਹਰ ਵਿਖਾਏ ਜਾਂਦੇ ਹਨ। ਇਸ ਦਿਨ ਧਾਰਮਿਕ ਸਥਾਨਾਂ ਤੇ ਸਰੋਵਰਾਂ ਅਤੇ ਪਵਿੱਤਰ ਨਦੀਆਂ  ਦੇ ਕੰਢਿਆਂ ਤੇ ਇਸ਼ਨਾਨ ਦਾ ਖਾਸ ਮਹੱਤਵ ਮੰਨਿਆਂ ਜਾਦਾ ਹੈ।
ਪਰ ਸਾਡੀ ਅਯੋਕੀ ਨੌਜਵਾਨ ਪੀੜ੍ਹੀ ਆਧੁਨਿਕਤਾ ਦੀ ਹੋੜ ਵਿੱਚ ਆਪਣੀ ਹੋਂਦ ਅਤੇ ਆਪਣੇ ਪਿਛੋਕੜ ਤੋਂ ਦੂਰ ਹੁੰਦੀ ਜਾ ਰਹੀ ਹੈ।ਅੱਜ ਦੇ ਨੌਜਵਾਨ ਵਿਸਾਖੀ ਦਾ ਤਿਉਹਾਰ ਗੁਰਦਵਾਰਿਆਂ ਜਾ ਧਾਰਮਿਕ ਸਥਾਨਾਂ ਦੀ ਬਜਾਏ ਸ਼ਹਿਰਾਂ ਵਿੱਚ ਬਣੇ ਮਾਲਾਂ ਅਤੇ ਸ਼ੌਪਿਗ ਕੰਪਲੈਕਸਾਂ ਵਿੱਚ ਮਨਾਉਦੇ ਨਜ਼ਰ ਆਉਂਦੇ ਹਨ।ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਫਿਲਮ ਜਗਤ , ਕ੍ਰਿਕਟ ਜਾਂ ਵਿਦੇਸ਼ਾ ਨਾਲ ਜੁੜੀਆਂ ਘਟਨਾਵਾਂ ਤਾਂ ਯਾਦ ਹੁੰਦੀਆਂ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾਏ ਪੰਜ ਕਕਾਰਾਂ ਦੇ ਨਾਮ ਯਾਦ ਨਹੀਂ ਹੁੰਦੇ।
ਸਾਡੇ ਪੰਜਾਬ ਦਾ ਨੌਜਵਾਨ ਵਰਗ ਸਾਬਤ ਸੂਰਤ ਸਿੰਘ ਸੱਜਣ ਵਿੱਚ ਹੀਣ ਭਾਵਨਾ ਸਮਝਦਾ ਹੈ।ਜਦੋਂ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਪਰਿਵਾਰ ਕਾਫੀ ਹੱਦ ਤੱਕ ਆਪਣੇ ਦੇਸ਼ ਅਤੇ ਧਰਮ ਨਾਲ ਜੁੜੇ ਹੋਏ ਹਨ।ਅੱਜ ਦੇ ਮਾਂ-ਬਾਪ ਆਪਣੇ ਬੱਚਿਆਂ ਦੇ ਨਾਂ ਨਾਲੋ ਸਿੰਘ ਅਤੇ ਕੌਰ ਹਟਾ ਕੇ ਖਾਲਸੇ ਦੀ ਹੋਂਦ ਨੂੰ ਖਤਰੇ ਵਿੱਚ ਪਾ ਰਹੇ ਹਨ। ਅੱਜ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਅਸੀਂ ਵੀ ਆਪਣੇ ਬੱਚਿਆਂ ਦੇ ਨਾਂ ਦੋ ਅੱਖਰਾਂ ਦੇ ਰੱਖ ਰਹੇ ਹਾਂ, ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ ।ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਗਏ ਸਿੰਘਾਂ ਦੇ ਨਾਂ ਉਹਨਾਂ ਦੀ ਸੂਰਬੀਰਤਾਂ ਅਤੇ ਵਿਲੱਖਣਤਾ ਨੂੰ ਭਲੀ ਭਾਂਤ ਦਰਸਾਉਂਦੇ ਸਨ।ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਰਸਤੇ ਤੇ ਚੱਲਣ ਦੀ ਬਜਾਏ ਕੁਰਾਹੇ ਪੈ ਰਹੇ ਹਾਂ। ਸਾਡੀ ਅਧੁਨਿਕ ਜੀਵਲ ਸ਼ੈਲੀ ਸਿੱਖ ਕੌਮ ਦੀ ਹੋਂਦ ਲਈ ਖਤਰਾ ਬਣ ਰਹੀ ਹੈ।ਅੱਜ ਸਾਡੇ ਘਰਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਦੇ ਜਨਮ ਦਿਨ ਮਨਾਏ ਜਾਂਦੇ ਹਨ, ਪਰ ਅਸੀਂ ਖਾਲਸੇ ਦਾ ਜਨਮ ਦਿਹਾੜਾ ਮਨਾਉਣਾ ਭੁੱਲਦੇ ਜਾ ਰਹੇ ਹਾਂ।
ਅੱਜ ਲੋੜ ਹੈ ਸਾਨੂੰ ਆਪਣੀ ਭਟਕ ਰਹੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਅਤੇ ਸਮੇਂ ਦੀ ਬੁੱਕਲ ਵਿੱਚ ਲੁੱਕੀਆਂ ਉਹਨਾਂ ਘਟਨਾਵਾਂ ਨੂੰ ਸਾਹਮਣੇ ਲੈ ਕੇ ਆਉਣ ਦੀ ਜਿਨ੍ਹਾਂ ਤੋਂ ਉਹ ਜਾਣੂ ਨਹੀਂ ਹਨ। ਮੰਨਿਆਂ ਜਾਂਦਾ ਹੈ ਕਿ ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁਲਾ ਦਿੰਦੀਆਂ ਹਨ, ਉਹ ਇੱਕ ਦਿਨ ਖਤਮ ਹੋ ਜਾਦੀਆਂ ਹਨ ਅੱਜ ਵਿਸਾਖੀ ਦੇ ਇਸ ਪਾਵਨ ਪਰਵ ਤੇ ਲੋੜ ਹੈ ਉਹਨਾਂ ਪੱਗ ਚਿੰਨਾਂ ਤੇ ਚੱਲਣ ਦੀ ਜੋ ਸਾਡੇ ਗੁਰੂਆਂ ਦੁਆਰਾ ਸਾਡੇ ਭਲੇ ਅਤੇ ਸਾਡੀ ਉੱਨਤੀ ਲਈ ਬਣਾਏ ਗਏ ਹਨ।ਅਜਿਹਾ ਕਰ ਅਸੀਂ ਵਿਸਾਖੀ ਦੇ ਦਿਨ ਦੀ ਮਹੱਤਤਾ ਅਤੇ ਪਵਿੱਤਰਤਾ ਨੂੰ ਬਰਕਰਾਰ ਰੱਖ ਪਾਵਾਂਗੇ।




ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
94787-93231

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template