Headlines News :
Home » , » ਪੁਰਾਣੇ ਤਵੇ (ਰਿਕਾਰਡ) ਤੇ ਗ੍ਰਾਮੋਫੋਨ ਮਸ਼ੀਨਾਂ ਸਾਂਭਣ ਦਾ ਸ਼ੌਕੀਨ ਗੁਰਜੀਤ ਸਿੰਘ ਗਗੜਵਾਲ - ਤਸਵਿੰਦਰ ਸਿੰਘ ਬੜੈਚ

ਪੁਰਾਣੇ ਤਵੇ (ਰਿਕਾਰਡ) ਤੇ ਗ੍ਰਾਮੋਫੋਨ ਮਸ਼ੀਨਾਂ ਸਾਂਭਣ ਦਾ ਸ਼ੌਕੀਨ ਗੁਰਜੀਤ ਸਿੰਘ ਗਗੜਵਾਲ - ਤਸਵਿੰਦਰ ਸਿੰਘ ਬੜੈਚ

Written By Unknown on Saturday 17 May 2014 | 03:28

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਖਮਾਣੋਂ ਤਹਿਸੀਲ ਦੇ ਪਿੰਡ ਗਗੜਵਾਲ ਵਿੱਚ ਪੁਰਾਤਨ ਸੰਗੀਤ ਦਾ ਅਣਮੋਲ ਖਜਾਨਾ ਸਾਂਭੀ ਬੈਠਾ ਹੈ ਗੁਰਜੀਤ ਸਿੰਘ। ਗੁਰਜੀਤ ਸਿੰਘ ਇੱਕ ਦਰਮਿਆਨੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਨੇ ਆਪਣੀ ਸੰਗੀਤਕ ਲਾਇਬਰੇਰੀ (ਜਿਸਨੂੰ ਲੋਕੀਂ ਦੂਰੋਂ ਨੇੜਿਓਂ ਦੇਖਣ ਆਉਂਦੇ ਹਨ) ਵਿੱਚ ਪੁਰਾਣੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ  ਤਵੇ (ਰਿਕਾਰਡ) ਅਤੇ ਗ੍ਰਾਮੋਫੋਨ ਮਸ਼ੀਨਾਂ ਆਦਿ ਸਾਂਭੀਆਂ ਹੋਈਆਂ ਹਨ। ਉਸਨੂੰ ਇਹ ਪੁਰਾਣੀਆਂ ਚੀਜਾਂ ਇਕੱਠੀਆਂ ਕਰਨ ਦਾ ਸ਼ੌਕ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੇ ਪਿਆ ਪੁਰਾਣਾ ਗ੍ਰਾਮੋਫੋਨ ਦੇਖ ਕੇ ਜਾਗਿਆ। ਉਦੋਂ ਤੋਂ ਹੀ ਉਸਨੇ ਲੋਕਾਂ ਵੱਲੋਂ ਭੁਲਾ ਦਿੱਤੀਆਂ ਗਈਆਂ ਇਨ੍ਹਾਂ ਚੀਜਾਂ ਨੂੰ ਇਕੱਠੀਆਂ ਕਰਨ ਦਾ ਸਫਰ ਸ਼ੁਰੂ ਕਰ ਦਿੱਤਾ। ਉਸ ਕੋਲ ਪੱਥਰ ਅਤੇ ਪਲਾਸਟਿਕ ਦੇ ਛੋਟੇ-ਵੱਡੇ ਤਿੰਨ ਹਜਾਰ ਦੇ ਲਗਭਗ ਤਵੇ (ਰਿਕਾਰਡ) ਮੌਜੂਦ ਹਨ। ਉਸਦੀ ਲਾਇਬਰੇਰੀ ਵਿੱਚ ਪੰਜਾਬ ਦੇ ਮਸ਼ਹੂਰ ਗਾਇਕਾ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਦੇ ਗੀਤ ‘ਸੂਈ ਵੇ ਸੂਈ ਬਾਲਮਾਂ ਸੂਈ ਵੇ’, ‘ਕਰ ਛੱਤਰੀ ਦੀ ਛਾਂ- ਮੈਂ ਛਾਵੇਂ ਵਹਿੰਨੀ ਆ’, ‘ਚੀਰੇ ਵਾਲਿਆ’, ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’। ਸੀਤਲ ਸਿੰਘ ਦਾ ‘ਜੱਟੀਏ ਟਰੱਕ ਤੇਰੇ ਯਾਰ ਦਾ।’  ਨਰਿੰਦਰ ਬੀਬਾ ਦਾ ‘ਮਾਝੇ ਦੀ ਮੈਂ ਜੱਟੀ।’ ਹਰਚਰਨ ਸਿੰਘ ਗਰੇਵਾਲ ਦੇ ‘ਮੇਰੀ ਵਾਰੀ ਆਈ ਪਤੀਲਾ ਖੜਕੇ’, ਤੇਰੀ ਪੀਂਘ ਦਾ ਹੁਲਾਰਾ ਬਣ ਜਾਵਾਂ।’ ਸਵਰਨ ਲਤਾ-ਕਰਮਜੀਤ ਧੂਰੀ ਦੇ ‘ਸੱਥ ਵਿੱਚ ਲੱਗੀ ਵੇ ਕਚਹਿਰੀ’, ‘ਕਾਹਨੂੰ ਮਰਨੈ ਚੰਦਰਿਆ ਛਮਕਾਂ’, ‘ਭੌਂਕਦੇ ਨੇ ਕੁੱਤੇ।’ ਨਵਾਬ ਕੁਮਾਰ ਦਾ ‘ਜੁਗਨੀ’। ਹਰਨੇਕ ਸਿੰਘ ਨੇਕ ਦਾ ‘ਚੋਰੀ ਆ ਜਾ ਕੰਧ ਟੱਪ ਕੇ’, ‘ਨਾਲਾ ਟੰਗ ਲੈ ਘੁੰਗਰੂਆਂ ਵਾਲਾ।’ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ‘ਲੱਕ ਹਿੱਲੇ ਮਜਾਜਣ ਜਾਂਦੀ ਦਾ।’ ਮੁਹੰਮਦ ਸਦੀਕ ਦਾ ‘ਮੇਰੀ ਐਸੀ ਝਾਂਜਰ ਝਣਕੇ।’ ਲਾਲ ਚੰਦ ਯਮਲਾ ਜੱਟ ਦਾ ‘ਮੈਂ ਕੀ ਪਿਆਰ ਵਿੱਚੋਂ ਖੱਟਿਆ।’ ਆਸਾ ਸਿੰਘ ਮਸਤਾਨਾ ਦਾ ‘ਮੇਲੇ ਨੂੰ ਚੱਲ ਮੇਰੇ ਨਾਲ ਕੁੜੇ।’ ਕਰਮਜੀਤ ਧੂਰੀ ਦਾ ‘ਮਿੱਤਰਾਂ ਦੀ ਲੂਣ ਦੀ ਡਲੀ।’ ਜਗਜੀਤ ਜੀਰਵੀ ਦਾ ‘ਨੱਚਣ ਵਾਲੇ ਦੀ ਅੱਡੀ।’ ਕੁਲਦੀਪ ਮਾਣਕ-ਸੀਮਾ ਦਾ ‘ਛਿੱਕ ਚੰਦਰੇ ਜੇਠ ਨੇ ਮਾਰੀ।’ ਦੀਦਾਰ ਸੰਧੂ ਤੇ ਅਮਰ ਨੂਰੀ ਦਾ ‘ਫਾਟਕ ਕੋਟਕਪੁਰੇ ਦਾ।’ ਪ੍ਰਕਾਸ਼ ਕੌਰ ਦਾ ‘ਗੋਰੀ ਦੀਆਂ ਝਾਂਜਰਾਂ।’ ਗੁਰਮੀਤ ਬਾਵਾ ਤੇ ਕ੍ਰਿਪਾਲ ਬਾਵਾ ਦਾ ‘ਛੜਿਆਂ ਦੀ ਨਜ਼ਰ ਬੁਰੀ’ ਆਦਿ ਦੇ ਰਿਕਾਰਡ ਉਸ ਕੋਲ ਮੌਜੂਦ ਹਨ। ਇਨ੍ਹਾਂ ਪੁਰਾਤਨ ਤਵਿਆ ਤੋਂ ਇਲਾਵਾ ਫਕੀਰ ਸਿੰਘ ਫਕੀਰ , ਜਗਮੋਹਣ ਕੌਰ-ਕੇ. ਦੀਪ., ਕਰਨੈਲ ਗਿੱਲ, ਮੁਹੰਮਦ ਰਫੀ, ਗੁਰਚਰਨ ਪੋਹਲੀ, ਪ੍ਰੇਮਿਲਾ ਪੰਮੀ, ਸੁਰਿੰਦਰ ਛਿੰਦਾ, ਜਸਵੀਰ ਖੁਸ਼ਦਿਲ, ਧੰਨਾ ਸਿੰਘ ਰੰਗੀਲਾ, ਜਸਦੇਵ ਯਮਲਾ, ਗੁਰਪਾਲ ਸਿੰਘ ਪਾਲ, ਏ. ਐਸ. ਕੰਗ, ਕੁਲਦੀਪ ਪਾਰਸ, ਜਸਵੰਤ ਸੰਦੀਲਾ, ਪਰਮਿੰਦਰ ਸੰਧੂ, ਬਾਵਾ- ਸੁਚੇਤ ਬਾਲਾ, ਅਮਰ ਚਮਕੀਲਾ- ਅਮਰਜੋਤ, ਸ਼ਾਂਤੀ ਦੇਵੀ, ਸਮਸ਼ਾਦ ਬੇਗਮ, ਚਾਂਦੀ ਰਾਮ ਆਦਿ ਦੇ ਰਿਕਾਰਡ ਵੀ ਉਸ ਕੋਲ ਮੌਜੂਦ ਹਨ। ਜਿਹੜੇ ਕਲਾਕਾਰ ਬਹੁਤੀ ਪ੍ਰਸਿੱਧੀ ਨਹੀਂ ਖੱਟ ਸਕੇ, ਉਨ੍ਹਾਂ ਕਲਾਕਾਰਾਂ ਦੇ ਰਿਕਾਰਡ ਵੀ ਗੁਰਜੀਤ ਸਿੰਘ ਕੋਲ ਮੌਜੂਦ ਹਨ। ਜਿਨ੍ਹਾਂ ਵਿੱਚ ਅਮਰ ਸਿੰਘ ਰਾਣਾ, ਮੰਜੂ, ਪਰਸਨ ਭੱਜੀ, ਪਰਮਜੀਤ ਪਾਲੀ, ਪਿਆਰਾ ਜਲਾਲਾਬਾਦੀ, ਨੇਕੀ ਕਾਤਿਲ, ਪਾਲਮ ਪਟੇਲ ਆਦਿ। ਪਾਕਿਸਤਾਨ ਦਾ ਆਲਮ ਲੁਹਾਰ, ਨੂਰ ਜਹਾਂ, ਰੇਸ਼ਮਾ, ਸ਼ੌਕਤ ਅਲੀ ਦੀਆਂ ਸੁਰੀਲੀਆਂ ਅਵਾਜਾਂ ਵੀ ਗੁਰਜੀਤ ਨੇ ਸਾਂਭ ਕੇ ਰੱਖੀਆਂ ਹੋਈਆਂ ਹਨ। ਧਾਰਮਿਕ ਰਿਕਾਰਡਿੰਗ ਵਿੱਚ ਸਾਕਾ ਸਰਹਿੰਦ ( ਨਰਿੰਦਰ ਬੀਬਾ), ਸਾਕਾ ਚਮਕੌਰ ਦੀ ਗੜ੍ਹੀ, ਸਾਕਾ ਤੱਤੀ ਤਵੀ (ਕਰਨੈਲ ਸਿੰਘ), ਬਾਬਾ ਦੀਪ ਸਿੰਘ ( ਗੁਰਚਰਨ ਗੋਹਲਵਾਲ), ਨਾਨਕ ਵੀਰਾ ਘੋੜੀ (ਰਣਜੀਤ ਕੌਰ), ਏਕ ਨੂਰ ਸੇ (ਜਸਵਿੰਦਰ ਯਮਲਾ), ਜਪੁਜੀ ਸਾਹਿਬ ਤੋਂ ਇਲਾਵਾ ਹੋਰ ਬਹੁਤ ਸਾਰੇ ਰਾਗੀਆਂ, ਢਾਡੀਆਂ, ਕਵੀਸ਼ਰਾਂ ਦੇ ਰਿਕਾਰਡ ਵੀ ਉਸ ਕੋਲ ਹਨ। ਗੁਰਜੀਤ ਸਿੰਘ ਕੋਲ ਦੋ ਮਸ਼ੀਨਾਂ ਐਚ. ਐਮ. ਵੀ. 3 ਮਾਡਲ, ਦੋ ਮਸ਼ੀਨਾਂ ਮਰਫੀ ਕੰਪਨੀ 102 ਮਾਡਲ, ਇੱਕ ਮਸ਼ੀਨ 666 ਮਾਡਲ ਤੇ ਦੋ ਸੋਹਨ ਬਖਸ਼ ਮਸ਼ੀਨਾਂ ਮੌਜੂਦ ਹਨ। ਇਹ ਸਾਰੀਆਂ ਮਸ਼ੀਨਾਂ ਚਾਬੀ ਨਾਲ ਚੱਲਦੀਆਂ ਹਨ। ਇਸ ਤੋਂ ਇਲਾਵਾ ਉਸ ਕੋਲ ਬਿਜਲੀ ਨਾਲ ਚੱਲਣ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਵੀ ਹਨ। ਜਿਨ੍ਹਾਂ ਵਿੱਚ ਬੁਸ਼ ਕੰਪਨੀ, ਫਲਿਪਸ ਅਤੇ ਐਚ. ਐਮ. ਵੀ.  ਸੰਭਾਲੀਆਂ ਹੋਈਆਂ ਹਨ। ਇਨ੍ਹਾਂ ਦੇ ਤਵੇ ਦੀ ਘੁੰਮਣ ਦੀ ਸਪੀਡ 33.5, 45, 78 ਚੱਕਰ ਪ੍ਰਤੀ ਮਿੰਟ (ਆਰ. ਪੀ. ਐਸ.) ਹੈ। ਗੁਰਜੀਤ ਸਿੰਘ ਨੂੰ ਇਹ ਰਿਕਾਰਡ ਤੇ ਮਸ਼ੀਨਾਂ ਇਕੱਠੀਆਂ ਕਰਨ ਲਈ ਸਾਰਾ ਪੰਜਾਬ, ਦਿੱਲੀ, ਕਲਕੱਤਾ, ਰਾਜਸਥਾਨ ਅਤੇ ਚੰਡੀਗੜ੍ਹ  ਆਦਿ ਥਾਵਾਂ ਤੱਕ ਘੁੰਮਣਾ ਪਿਆ। ਉਸ ਨੇ ਦੱਸਿਆ ਕਿ ਉਹ 20-25 ਸਾਲਾਂ ਤੋਂ ਇਹ ਤਵੇ  (ਰਿਕਾਰਡ) ਤੇ ਮਸ਼ੀਨਾਂ ਇਕੱਠੀਆਂ ਕਰ ਰਿਹਾ ਹੈ। ਉਸ ਨੇ ਕਈ ਰਿਕਾਰਡ ਕਾਫੀ ਪੈਸੇ ਖਰਚ ਕੇ ਪ੍ਰਾਪਤ ਕੀਤੇ ਹਨ। ਇਹ ਸਾਰੀਆਂ ਪੁਰਾਤਨ ਚੀਜਾਂ ਇਕੱਠੀਆਂ ਕਰਨ ਵਿੱਚ ਉਸ ਦੇ ਪਿਤਾ ਸ. ਅਜਮੇਰ ਸਿੰਘ , ਮਾਤਾ ਲਾਭ ਕੌਰ, ਜੀਵਨ ਸਾਥਣ ਦਲਵਿੰਦਰ ਕੌਰ ਅਤੇ ਦੋਸਤ-ਮਿੱਤਰ ਉਸਦਾ ਪੂਰਾ ਸਾਥ ਦੇ ਰਹੇ ਹਨ।  ਗ੍ਰਾਮੋਫੋਨ  ਮਸ਼ੀਨਾਂ  ਤੇ ਰਿਕਾਰਡਾਂ ਤੋਂ ਇਲਾਵਾ  ਹੁਣ ਉਹ ਪੰਜਾਬੀ  ਸਭਿਆਚਾਰ ਦੀ ਜਿੰਦ ਜਾਨ ਸੰਦੂਕ, ਪਿੱਤਲ ਦੇ ਭਾਂਡੇ, ਉਖਲੀ-ਮੋਹਲੇ, ਹੱਥੀ ਆਟਾ ਪੀਸਣ ਵਾਲੀ ਚੱਕੀ, ਚਰਖੇ, ਮਧਾਣੀਆਂ, ਹਲ, ਪੰਜਾਲੀਆਂ, ਪੁਰਾਤਨ ਸਿੱਕੇ ਆਦਿ ਪੁਰਾਤਨ ਵਸਤਾਂ ਵੀ ਇਕੱਠੀਆਂ ਕਰਨ ਜਾ ਰਿਹਾ ਹੈ। ਵਿਗਿਆਨਕ ਯੁੱਗ ਵਿੱਚ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਵੱਡਾ ਖੋਰਾ ਲੱਗਿਆ ਹੈ, ਪਰ ਹਾਲੇ ਵੀ ਗੁਰਜੀਤ ਸਿੰਘ ਵਰਗੇ ਵਿਅਕਤੀ ਪੰਜਾਬੀ  ਲੋਕਧਾਰਾ ਤੇ ਸਭਿਆਚਾਰ ਨੂੰ ਸਾਂਭਣ ਲਈ ਕਿਸੇ ਸੰਸਥਾ ਤੋਂ ਵੱਧ ਕੰਮ ਕਰ ਰਹੇ ਹਨ। ਜਿਨ੍ਹਾਂ ਦੇ ਕੰਮ ਦੀ ਸ਼ਲਾਘਾ  ਕਰਨੀ ਬਣਦੀ ਹੈ। ਸਭਿਆਚਾਰਕ ਕਲੱਬਾਂ ਅਤੇ ਸਰਕਾਰਾਂ ਨੂੰ ਗੁਰਜੀਤ ਸਿੰਘ ਵਰਗੇ ਵਿਅਕਤੀਆਂ ਨੂੰ ਵਿਰਾਸਤੀ ਮੇਲਿਆਂ ਉੱਪਰ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਸ ਵੱਲੋਂ ਸੰਭਾਲੇ ਪੁਰਾਤਨ ਸੰਗੀਤ ਦੇ ਅਨਮੋਲ ਖਜਾਨੇ ਦੇ ਦਰਸ਼ਨ ਕਰਦੇ ਰਹਿਣ।  






ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ-141114
(ਲੁਧਿਆਣਾ)
ਮੋਬਾ: 98763-22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template