Headlines News :
Home » » "ਬੋਹੜ ਦੀ ਛਾਂ ਵਰਗਾ ਹੈ ਪਿਤਾ ਦਾ ਰਿਸ਼ਤਾ" - ਕੰਵਲਜੀਤ ਕੌਰ ਢਿੱਲੋਂ

"ਬੋਹੜ ਦੀ ਛਾਂ ਵਰਗਾ ਹੈ ਪਿਤਾ ਦਾ ਰਿਸ਼ਤਾ" - ਕੰਵਲਜੀਤ ਕੌਰ ਢਿੱਲੋਂ

Written By Unknown on Thursday 12 June 2014 | 07:35

   ਕੰਵਲਜੀਤ ਕੌਰ ਢਿੱਲੋਂ
15 ਜੂਨ ਪਿਤਾ ਦਿਵਸ ਤੇ ਵਿਸ਼ੇਸ 
ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜਿੱਥੇ ਮਾਂ ਦੀ ਅਹਿਮ ਭੂਮਿਕਾਂ ਹੈ, ਉੱਥੇ ਪਿਤਾ ਦੀ ਅਹਿਮੀਅਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਮਾਤਾ- ਪਿਤਾ ਘਰ ਸੰਸਾਰ ਦੀ ਗੱਡੀ ਦੇ ਅਜਿਹੇ ਦੋ ਪਹੀਏ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੇ ਵੀ ਨਾਂ ਹੋਣ ਤੇ ਇਹ ਗੱਡੀ ਅੱਧਵਾਟੇ ਹੀ ਰਹਿ ਜਾਂਦੀ ਹੈ।15 ਜੂਨ ਨੂੰ ਮਨਾਏ ਜਾਣ ਵਾਲੇ ਪਿਤਾ ਦਿਵਸ ਦੇ ਸਬੰਧ ਵਿੱਚ ਮੈਂ ਪਿਤਾ ਦੇ ਰਿਸ਼ਤੇ ਦੀ ਗੱਲ ਕਰਨ ਜਾ  ਰਹੀ ਹਾਂ ।ਆਮ ਤੌਰ ਤੇ ਮਾਵਾਂ ਅਤੇ ਧੀਆਂ ਜਾਂ ਫਿਰ ਮਾਂ ਅਤੇ ਪੁੱਤਰ ਦੇ ਰਿਸ਼ਤੇ ਦੀ ਗੱਲ ਹੀ ਕੀਤੀ ਜਾਂਦੀ ਹੈ ਅਤੇ ਇਸ ਰਿਸ਼ਤੇ ਉੱਪਰ ਹੀ ਜ਼ਿਆਦਾਤਰ ਪੜ੍ਹਨ ਅਤੇ ਸੁਣਨ ਨੂੰ ਮਿਲਦਾ ਹੈ ।ਪਰ ਪਿਉ-ਪੁੱਤਰ ਅਤੇ ਪਿਉ-ਧੀ ਦੇ ਰਿਸ਼ਤੇ ਦਾ ਆਪਣਾ ਇੱਕ ਅਲੱਗ ਹੀ ਅਹਿਸਾਸ ਹੈ।
ਪਿਤਾ ਤਾਂ ਇੱਕ ਬਾਗ਼ਬਾਨ ਦੀ ਤਰ੍ਹਾਂ ਹੈ, ਜੋ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈ ਅਤੇ ਕਦੀ ਇੱਕ ਰਾਜੇ ਜਾਂ ਮੁਖੀਏ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਹਿੱਤ ਲਈ ਫੈਸਲੇ ਲੈਂਦਾ ਹੈੇ।ਬੋਹੜ ਦੀ ਛਾਂ ਵਰਗਾ ਹੁੰਦਾ ਹੈ ਪਿਤਾ ਦਾ ਰਿਸ਼ਤਾ ਜੋ ਦੁਨਿਆਵੀ ਦੁੱਖ ਤਕਲੀਫਾਂ ਦੀ ਤਪਸ਼ ਤੋਂ ਬਚਾਉਂਦਾ ਹੈ।ਇੱਕ ਪਿਤਾ ਜੋ ਆਪਣੇ ਬੱਚਿਆਂ ਲਈ ਕਰ ਸਕਦਾ ਹੈ, ਉਹ ਸੰਸਾਰ ਦਾ ਕੋਈ ਵਿਅਕਤੀ ਜਾਂ ਨਜ਼ਦੀਕੀ ਰਿਸ਼ਤੇਦਾਰ ਵੀ ਨਹੀਂ ਕਰ ਸਕਦਾ।
ਇੱਕ ਪਿਤਾ ਆਪਣਾ ਅਕਸ ਆਪਣੇ ਪੁੱਤਰ ਵਿੱਚ ਵੇਖਦਾ ਹੈ।ਬਚਪਨ ਵਿਚ ਪੁੱਤਰ ਦੀ ਉਂਗਲੀ ਪਕੜ ਜਿੱਥੇ ਚੱਲਣਾ ਸਿਖਾਉਂਦਾ ਹੈ, ਉੱਥੇ ਹੀ  ਜਿੰਦਗੀ ਦੇ ਟੇਡੇ -ਮੇਡੇ ਰਾਹਾਂ ਤੋਂ ਲੰਘਦਿਆਂ ਜੀਵਨ ਜਾਂਚ ਸਿਖਾਉਂਦੇ ਹੋਏ ਜਵਾਨੀ ਦੀ ਦਹਿਲੀਜ਼ ਤੇ ਪਹੁੰਚਾ ਦਿੰਦਾ ਹੈ।ਪੁੱਤਰ ਨੂੰ ਜਵਾਨ ਹੁੰਦੇ ਦੇਖ ਪਿਤਾ ਦਾ ਆਪਣੀ ਢਲਦੀ ਉਮਰ ਦਾ ਦੁੱਖ ਕਿਧਰੇ ਅਲੋਪ ਹੋ ਜਾਂਦਾ ਹੈ।ਉਸ ਨੂੰ ਆਪਣੇ ਸੁਪਨੇ ਹਕੀਕਤ ਵਿੱਚ ਬਦਲਦੇ ਨਜਰ ਆਉਣ ਲੱਗਦੇ ਹਨ।ਹਰ ਪਿਤਾ ਆਪਣੇ ਪੁੱਤਰ ਨੂੰ ਇੱਕ ਖਾਸ ਬੁਲੰਦੀ ਤੇ ਵੇਖਣਾ ਚਾਹੁੰਦਾ ਹੈ, ਤੇ ਇਸ ਲਈ ਉਹ ਆਪਣੀ ਹੈਸੀਅਤ ਤੋਂ ਵੱਧ ਕੇ ਉਸ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ।ਜਦੋਂ ਉਹੀ ਪੁੱਤਰ ਪੜ੍ਹ-ਲਿੱਖ ਕੇ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਆਪਣੇ ਗਰੀਬ ਪਿਓ ਨੂੰ ਪਿਤਾ ਕਹਿਣ ਵਿਚ ਵੀ ਸ਼ਰਮ ਮਹਿਸੂਸ ਹੁੰਦੀ ਹੈ।ਬਹੁਤ ਸਾਰੇ ਪਿਤਾ ਜੋ ਆਪਣੀ ਉਮਰ ਭਰ ਦੀ ਕਮਾਈ ਬੱਚਿਆ ਦੇ ਸੁਨਿਹਰੀ ਭਵਿੱਖ ਤੇ ਲਗਾ  ਬੱਚਿਆਂ ਨੂੰ ਹੀ ਆਪਣੀ ਅਸਲੀ ਪੂੰਜੀ ਸਮਝਦੇ ਹਨ। ਪਰ ਕਈ ਵਾਰੀ ਅਜਿਹੇ ਮਾਪੇ ਆਪਣੀ ਆਖਰੀ ਉਮਰ ਬੇਸਹਾਰਾ ਗੁਜ਼ਾਰਦੇ ਹਨ।ਅੱਜ ਦੀ ਨੌਜਵਾਨ ਪੀੜ੍ਹੀ ਨੇ ਤਾਂ ਪਿਤਾ ਨੂੰ ਏ.ਟੀ.ਐਮ. ਦਾ ਦਰਜਾ ਦੇ ਦਿੱਤਾ ਹੈ, ਜਿਸ ਨਾਲ ਉਹਨਾਂ ਦਾ ਵਾਸਤਾ ਆਪਣੀ ਕਿਸੇ ਗਰਜ ਨੂੰ ਪੂਰਾ ਕਰਨ ਲਈ ਪੈਸੇ ਲੈਣ ਤੱਕ ਦਾ ਰਹਿ ਗਿਆ ਹੈ।
ਸਾਡੇ ਸਮਾਜ ਵਿੱਚ ਹਰ ਪਿਤਾ ਆਪਣੇ ਵੰਸ਼ ਨੂੰ ਅੱਗੇ ਤੋਰਨ ਲਈ ਜਿੱਥੇ ਪੁੱਤਰ ਚਾਹੁੰਦਾ ਹੈ, ਉਥੇ ਹੀ ਦੇਖਣ ਵਿੱਚ ਆਇਆ ਹੈ ਕਿ ਪਿਤਾ ਦੇ ਸਨੇਹ ਅਤੇ ਪਿਆਰ ਦੀਆਂ ਭਾਗੀਦਾਰ ਜਿਆਦਾਤਰ ਕੁੜੀਆਂ ਹੁੰਦੀਆਂ ਹਨ।ਇੱਕ ਲੜਕੀ ਸਭ ਤੋਂ ਵੱਧ  ਸਨੇਹ ਅਪਣੇ ਪਿਤਾ ਨਾਲ ਕਰਦੀ ਹੈ ਅਤੇ ਆਪਣੇ ਪਤੀ ਵਿੱਚ ਵੀ ਉਹ ਆਪਣੇ ਪਿਤਾ ਦਾ ਹੀ ਅਕਸ ਦੇਖਣਾ ਚਾਹੁੰਦੀ ਹੈ।ਪੰਜਾਬੀ ਲੋਕ ਗੀਤਾਂ ਵਿਚ ਵੀ ਧੀ ਦੁਆਰਾ ਬਾਬਲ ਦੀ ਵਡਿਆਈ ਉਸ ਨੂੰ ਮਹਿਲਾਂ ਦਾ ਰਾਜਾ ਕਹਿ ਕੇ ਕੀਤੀ ਗਈ ਹੈ।ਧੀਆਂ ਸਹੁਰੇ ਘਰ ਬੈਠੀਆਂ ਵੀ ਆਪਣੇ ਬਾਬਲ ਦੇ ਵਿਹੜੇ ਦਾ ਹੀ ਗੁਣਗਾਨ ਕਰਦੀਆਂ ਹਨ।
ਮਾਂ ਦੇ ਪਿਆਰ ਵਿੱਚ ਜਿੱਥੇ ਮਮਤਾ ਅਤੇ ਨਰਮੀ ਦੇ ਨਿੱਘ ਦਾ ਅਹਿਸਾਸ ਹੁੰਦਾ ਹੈ, ਉਥੇ ਪਿਤਾ ਦੇ ਪਿਆਰ ਵਿੱਚ ਕਿਧਰੇ ਕਠੋਰਤਾ ਦੀ ਝਲਕ ਦਿਖਾਈ ਦਿੰਦੀ ਹੈ।ਪਰ ਇਸ ਕਠੋਰਤਾ ਪਿੱਛੇ ਵੀ ਬੱਚਿਆਂ ਦੀ ਭਲਾਈ ਹੀ ਛਿਪੀ ਹੁੰਦੀ ਹੈ।ਖੱਟੇ ਮਿੱਠੇ ਅਹਿਸਾਸਾਂ ਦੇ ਨਾਲ ਜੁੜਿਆ ਹੈ ਪਿਤਾ ਦਾ ਰਿਸ਼ਤਾ ।ਅੱਜ ਦੇ ਇਸ ਜਮਾਨੇ ਵਿਚ ਇੱਕ ਆਦਰਸ਼ ਪਿਤਾ ਬਣਨਾ ਅਸਾਨ ਹੈ ਪਰ ਆਦਰਸ਼ ਔਲਾਦ ਬਣਨਾ ਬਹੁਤ ਮੁਸ਼ਕਿਲ ਹੈ।ਪਰ ਸਾਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਆਪਣੇ ਮਾਤਾ ਪਿਤਾ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਕਿਉਂਕਿ ਉਹ ਸਾਡੇ ਪਾਲਣਹਾਰ ਹਨ।ਜੇਕਰ ਬੱਚਿਆ ਦਾ ਪਾਲਣ ਪੋਸ਼ਣ ਕਰਨਾ ਅਤੇ ਸਮਾਜ ਵਿੱਚ ਵਿਚਰਨ ਯੋਗ ਬਣਾਉਣਾ ਮਾਤਾ ਪਿਤਾ ਦਾ ਫਰਜ਼ ਹੈ ਤਾਂ ਆਖਰੀ ਸਮੇਂ ਵਿੱਚ ਉਹਨਾਂ ਦੀ ਸੇਵਾ ਕਰਨਾ ਵੀ ਬੱਚਿਆਂ ਦਾ ਕਰਤੱਵ ਹੈ।
                                                                                   
ਤਰਨ ਤਾਰਨ
ਸਪੰਰਕ 9478793231
Email:-kanwaldhillon2001@gmail.com


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template