Headlines News :
Home » » ਪੁਸਤਕਾਂ ਇੱਕ ਜੀਵਨ ਪੱਖੀ ਵਰਤਾਰਾ - ਜਸਵੰਤ ਕੌਰ ‘ਮਣੀ’

ਪੁਸਤਕਾਂ ਇੱਕ ਜੀਵਨ ਪੱਖੀ ਵਰਤਾਰਾ - ਜਸਵੰਤ ਕੌਰ ‘ਮਣੀ’

Written By Unknown on Saturday 21 June 2014 | 10:07

ਪ੍ਰਸਿੱਧ ਯੂਨਾਨੀ ਕਹਾਵਤ ਹੈ ਕਿ ‘ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਧੀਆਂ-ਪੁੱਤਰ ਯਾਦ ਰੱਖਣ ਤਾਂ ਇਕ ਝੋਪੜੀ ਬਣਾਓ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਪੋਤੇ-ਪੋਤੀਆਂ ਯਾਦ ਰੱਖਣ ਤਾਂ ਇਕ ਵਧੀਆਂ ’ਤੇ ਮਜ਼ਬੂਤ ਮਕਾਨ ਬਣਾਓ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਤਾਂ ਇੱਕ ਪੁਸਤਕ ਲਿਖੋਂ। ਆਪਣੇ ਆਪ ਵਿੱਚ ਇਹ ਇੱਕ ਅਟੱਲ ਸੱਚਾਈ ਹੈ ਕਿਉਕਿ ਪੁਸਤਕਾਂ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਮਨੁੱਖੀ ਵਿਚਾਰਾਂ ਨੂੰ ਸਦੀਆਂ ਤੱਕ ਜ਼ਿੰਦਾ ਰੱਖਿਆਂ ਜਾ ਸਕਦਾ ਹੈ। ਪੁਸਤਕ ਅਨਮੋਲ ਸੌਗਾਤ ਹੈ ਜੋ ਮਨੁੱਖ ਦੇ ਇਸ ਨਾਸ਼ਵਾਨ ਸੰਸਾਰ ਤੋਂ ਰੁਖ਼ਸਤ ਹੋਣ ਮਗਰੋਂ ਵੀ ਉਸਦੀ ਮੌਜੂਦਗੀ ਦਾ ਹਰਦਮ ਅਹਿਸਾਸ ਕਰਵਾਉਂਦੀ ਹੈ। ਪੁਸਤਕ ਰਚਨਹਾਰੇ ਕੂਕਨਸਾਂ ਵਾਂਗਰ ਹੁੰਦੇ ਹਨ ਜੋ ਆਪਣੇ ਰਚੇ ਅੱਖਰਾਂ/ਸ਼ਬਦਾਂ ਵਿਚੋਂ ਜੀਵਤ ਹੋ ਉੱਠਦੇ ਹਨ। ਸੋਹਣੇ ਸਮਾਜ ਦੀ ਸਿਰਜਨਾ ਵਿੱਚ ਪੁਸਤਕਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਤਿਹਾਸ ਗਵਾਹ ਹੈ ਕਿ ਜੇਕਰ ਸਾਡੇ ਂਭਾਰਤਵਾਸੀ ਅੰਗਰੇਜ਼ੀ ਸਾਹਿਤ ਦਾ ਅਧਿਐਨ ਨਾ ਕਰਦੇ ਤਾਂ ਸਾਇਦ ਉਨ੍ਹਾਂ ਅੰਦਰ ਸੁਤੰਤਰਤਾ ਪ੍ਰਾਪਤੀ ਦੀ ਚਿੰਗਾਰੀ ਨਾ ਉਪਜਦੀ। ਆਜ਼ਾਦੀ ਦੇ ਅਸਲ ਅਰਥ ਉਨ੍ਹਾਂ ਪੁਸਤਕਾਂ ਰਾਹੀਂ ਸਮਝੇ ।
ਪੁਸਤਕਾਂ ਦੀ ਪ੍ਰਵਿਰਤੀ ਹਮੇਸ਼ਾ ਹੀ ਮਨੁੱਖ ਨੂੰ ਅਮਰ ਬਣਾ ਦੇਣ ਵਾਲੀ ਰਹੀ ਹੈ। ਪ੍ਰਾਚੀਨ ਸਮੇਂ ਤੋਂ ਲੈ ਕੇ ਅੱਜ ਤੱਕ ਪੁਸਤਕਾਂ ਦੀ ਅਹਿਮੀਅਤ ਬਣੀ ਆ ਰਹੀ ਹੈ। ਵੇਦ, ਉਪਨਿਸ਼ਦ, ਬਾਈਬਲ, ਕੁਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਪ੍ਰਗਟ ਗੁਰੂ ਦੀ ਦੇਹ) ਆਪਣੇ-ਆਪ ਵਿਚ ਪੁਸਤਕਾਂ ਹੀ ਹਨ, ਜਿਨ੍ਹਾਂ ਦੀ ਮਹਾਨਤਾ ਅੱਗੇ ਮਨੁੱਖ ਅੱਜ ਵੀ ਸਿਰ ਝੁਕਾਉਂਦਾ ਹੈ ’ਤੇ ਜਿਨ੍ਹਾਂ ਮਹਾਨ ਪੁਰਖਾਂ ਦੇ ਵਿਚਾਰਾਂ ਨੂੰ ਸੰਭਾਲਿਆ ਹੋਇਆ ਹੈ। ਮਹਾਨ ਵਿਦਵਾਨਾਂ ਦੇ ਅਣਮੁੱਲੇ ਵਿਚਾਰ ਪੁਸਤਕੀ ਰੂਪ ਵਿਚ ਅੱਜ ਵੀ ਸਾਡੇ ਕੋਲ ਮੌਜੂਦ ਹਨ। ਜਿਨ੍ਹਾਂ ਤੋਂ ਅਸੀਂ ਉੱਤਮ ਸੇਧ ਲੈਂਦੇ ਹਾਂ। ਇਤਿਹਾਸਕ ਸੋਮਿਆਂ ਵਜੋਂ ਵੀ ਪੁਸਤਕਾਂ ਦੀ ਵਿਸ਼ੇਸ਼ ਧਾਰਨਾ ਹੈ ਕਿਉਕਿ ਅੱਜ ਦੀਆਂ ਪੁਸਤਕਾਂ ਨੇ ਹੀ ਕਲ੍ਹ ਦਾ ਇਤਿਹਾਸ ਬਣ ਜਾਣਾ ਹੁੰਦਾ ਹੈ।
ਪੁਸਤਕਾਂ ਜ਼ਿੰਦਗੀ ਦੇ ਅਰਥ ਸਮਝਾਉਂਦੀਆਂ ਹੋਈਆਂ ਮਨੁੱਖ ਨੂੰ ਜੀਣਾ ਸਿਖਾਉਂਦੀਆਂ ਹਨ। ਦਰਦਾਂ ਭਰੇ ਜੀਵਨ ਵਿਚ ਖੁਸ਼ੀਆਂ-ਖੇੜਾ ਭਰਦੀਆਂ ਹਨ। ਇਸ ਦੇ ਨਾਲ ਹੀ ਜੀਵਨ ਨੂੰ ਜਿਆਦਾਂ ਤੋਂ ਜਿਆਦਾਂ ਸੁਹਜਮਈ, ਖੁਸਹਾਲ, ਸੋਹਣਾ ’ਤੇ ਆਨੰਦਮਈ ਪੁਸਤਕਾਂ ਜ਼ਰੀਏ ਬਣਾਇਆ ਜਾ ਸਕਦਾ ਹੈ ਕਿਉਕਿ ਜ਼ਿੰਦਗੀ ਦੇ ਖੱਟੇ-ਮਿੱਠੇ ਦੁੱਖ-ਦਰਦਾਂ ਨੂੰ ਇਹ ਆਪਣੇ ਵਿਚ ਸਮੇਟਣ ਦੀ ਤਾਕਤ ਰੱਖਦੀਆਂ ਹਨ ਜੋ ਸਮਾਂ ਪਾ ਕੇ ਮਨੁੱਖ ਲਈ ‘ਯਾਦਾਂ ਦੇ ਖੰਡਰ’ ਬਣ ਜਾਂਦੇ ਹਨ। ਇਕ ਚੰਗੀ ਪੁਸਤਕ ਸਹੀ ਸੇਧ ਦੇਣ, ਮਾਰਗ ਦਰਸ਼ਨ ਕਰਨ ’ਤੇ ਮੰਜ਼ਿਲ ਸਰ ਕਰਨ ਵਿੱਚ ਬਾਖੂਬੀ ਭੂਮਿਕਾ ਅਦਾ ਕਰਦੀ ਹੈ। ਸਮਾਜਿਕ ਚੇਤੰਨਤਾ,ਰਾਸ਼ਟਰੀ-ਅੰਤਰ-ਰਾਸ਼ਟਰੀ ਸੂਝ ਪ੍ਰਦਾਨ ਕਰਕੇ ਜ਼ਿੰਦਗੀ ਦੇ ਕਈ ਉਲਝੇ ਹੋਏ ਸਵਾਲਾਂ ਦੇ ਜਵਾਬ ਦਿੰਦੀਆਂ ਹਨ। ਇਹ ਸਾਧਨ ਹੈ ਜਿਸ ਰਾਹੀਂ ਮਨੁੱਖ ਘਰ ਦੇ ਇਕ ਕੋਨੇ ਵਿਚ ਬੈਠਾ ਵੀ ਆਲੇ -ਦੁਆਲੇ  ਦਾ ਸਫ਼ਰ ਤੈਅ ਕਰਦਾ ਹੈ। ਦੁਨੀਆਦਾਰੀ ਦਾ ਗਿਆਨ/ਸੋਝੀ ਪ੍ਰਾਪਤ ਕਰਦਾ ਹੈ। ਸਾਹਿਤਕ ਪੁਸਤਕਾਂ-ਕਵਿਤਾ, ਨਾਵਲ, ਕਹਾਣੀ-ਸੰਗ੍ਰਹਿ, ਸਫ਼ਰਨਾਮੇ, ਜੀਵਨੀਆਂ, ਸਵੈਜੀਵਨੀਆਂ ਆਦਿ ਸਾਨੂੰ ਬਹੁਪੱਖੀ ਗਿਆਨ ਪ੍ਰਦਾਨ ਕਰਨ ਦੇ ਨਾਲ ਨਾਲ ਆਤਮਿਕ ਖੁਸ਼ੀ ਵੀ ਬਖ਼ਸਦੀਆਂ ਹਨ। ਸੋ ਜੇਕਰ ਸਿਲੇਬਸ ਵਿਚ ਲੱਗੀਆਂ ਪਾਠ-ਪੁਸਤਕਾਂ ਤੋਂ ਇਲਾਵਾ ਹੋਰ ਕੁਝ ਨਾ ਪੜ੍ਹਿਆ ਜਾਵੇ ਤਾਂ ਆਦਮੀ ਗਿਆਨ ਦੇ ਪੱਖੋਂ ‘ਖੂਹ ਦਾ ਡੱਡੂ’ ਬਣਕੇ ਰਹਿ ਜਾਂਦਾ ਹੈ। ਮਨੁੱਖੀ ਜੀਵਨ ਵਿੱਚ ਪੁਸਤਕ ਦਾ ਸਥਾਨ ਇਕ ਹਮਸਫ਼ਰ ਵਾਂਗ ਹੁੰਦਾ ਹੈ। ਜੋ ਜੀਵਨ ਭਰ ਰੂਹਾਨੀਅਤ ਖੁਸ਼ੀ ਪ੍ਰਦਾਨ ਕਰਨ ਵਿਚ ਸਹਾਇਕ ਹੈ। ਜਿਸ ਤਰ੍ਹਾਂ ਤੁਹਾਡੀ ਜਿੰਦਗੀ ਵਿਚ ਕਿਸੇ ਖ਼ਾਸ ਵਿਅਕਤੀ ਦਾ ਯੋਗਦਾਨ ਰਹਿੰਦਾ ਹੈ। ਉਸੇ ਤਰ੍ਹਾਂ ਕਿਤਾਬਾਂ ਦੀ ਸਮੂਲੀਅਤ ਵੀ ਸਾਡੇ ਲਈ ਖ਼ਾਸ ਸੌਗਾਤ ਦੀ ਤਰ੍ਹਾਂ ਹੈ ਜੋ ਸਫ਼ਰ ਨੂੰ ਸੁਖਾਲਾ ਬਣਾਉਣ ਵਿਚ ਸਹਾਈ ਹੁੰਦੀ ਹੈ। ਇਨ੍ਹਾਂ ਦੀ ਮੌਜੂਦਗੀ ਹਮੇਸ਼ਾ ਕਿਸੇ ਕਰੀਬੀ ਦੋਸਤ ਦਾ ਅਹਿਸਾਸ ਪ੍ਰਗਟਾਉਂਦੀ ਹੈ। ਇਸ ਲਈ ਕਿਹਾ ਜਾਂਦਾ ਹੈ ‘‘ ਪੁਸਤਕਾਂ ਮਨੁੱਖ ਦੀਆਂ ਸੱਚੀਆਂ ਦੋਸਤ/ਮਿੱਤਰ ਹਨ’’ ਜੋ ਮਨੁੱਖੀ ਰਿਸ਼ਤਿਆਂ ਵਿਚ ਮਿਠਾਸ ਭਰਨ ਦੇ ਨਾਲ-ਨਾਲ ਪਿਆਰ ਦੀ ਚਿਣਗ ਵੀ ਪੈਦਾ ਕਰਦੀਆਂ ਹਨ। ਸਿਰ ਨੀਵਾਂ ਕਰਕੇ ਉੱਚੀ ਮੱਤ ਦੇ ਧਾਰਨੀ ਬਣਾਉਂਦੀਆਂ ਹਨ।
ਪੁਸਤਕ ਵਾਚਨ ਇਕ ਕਲਾ ਹੈ ’ਤੇ ਇਸ ਅਨਮੋਲ ਸੌਗਾਤ ਦੀ ਅਹਿਮੀਅਤ ਉਹੀ ਜਾਣ ਸਕਦਾ ਹੈ ਜੋ ਇਸ ਨੂੰ ਪੜ੍ਹਨ ਦੀ ਦਿਲੋਂ ਚਾਹਤ ਰੱਖਦਾ ਹੈ। ਪੁਸਤਕ ਅਧਿਐਨ ਸਮੇਂ ਚਿਹਰੇ ਦੇ ਹਾਵ-ਭਾਵ ਸਪਸੱਟ ਕਰ ਦਿੰਦੇ ਹਨ ਕਿ ਸਾਡੇ ’ਤੇ ਇਸਦਾ ਕੀ ਪ੍ਰਭਾਵ ਪੈ ਰਿਹਾ ਹੈ ’ਤੇ ਅਸੀ ਕਿੰਨਾ ਚਿਰ ਇਕ ਅਜੀਬ ਜਿਹੀ ਦੁਨੀਆਂ ਨੂੰ ਮਹਿਸੂਸ ਕਰਦੇ ਰਹਿੰਦੇ ਹਾਂ। ਇਹ ਸਾਨੂੰ ਪਦਾਰਥਕ ਯੁੱਗ ਨਾਲ ਜੋੜ ਵੀ ਸਕਦੀਆਂ ਹਨ ਅਤੇ ਇਸ ਤੋਂ ਬਾਹਰ ਵੀ ਕੱਢ ਸਕਦੀਆਂ ਹਨ। ਪੁਸਤਕ-ਅਧਿਐਨ ਉਸ ਮਹਾਨ ਵਿਦਵਾਨ ਨਾਲ ਮੁਲਾਕਾਤ ਕਰਵਾਉਣ ਦੀ ਵੀ ਸਮਰੱਥਾ ਰੱਖਦਾ ਹੈ ਜੋ ਸੰਸਾਰ ਨੂੰ ਕਦ ਦੇ ਅਲਵਿਦਾ ਕਹਿ ਚੁੱਕੇ ਹੁੰਦੇ ਹਨ। ਪੁਸਤਕਾਂ ਰਾਹਂੀ ਸਾਨੂੰ ਉਨ੍ਹਾਂ ਦੀ ਮੌਜੂਦਗੀ ਦਾ ਫਿਰ ਤੋਂ ਅਹਿਸਾਸ ਹੁੰਦਾ ਹੈ। ਜਦ ਸ: ਭਗਤ ਸਿੰਘ ਨੂੰ ਫਾਂਸੀ ਲਈ ਆਖ਼ਰੀ ਬੁਲਾਵਾ ਆਇਆ ਤਾਂ ਉਹ ਵੀ ਲੈਨਿਨ ਦੀ ਜੀਵਨੀ ਪੜ੍ਹ ਕੇ ਉਸ ਨਾਲ ਮੁਲਾਕਾਤ ਕਰਨ ਦਾ ਅਹਿਸਾਸ ਪ੍ਰਾਪਤ ਕਰ ਰਿਹਾ ਸੀ। 
ਪੁਸਤਕਾਂ ਸਾਧਾਰਨ ਜੀਵਨ ਦਾ ਰਸਤਾ ਦਿਖਾ ਕੇ ਉੱਚ ਪੱਧਰੀ ਸੋਚ, ਫਰਜ਼ ’ਤੇ ਕਾਰਜ ਕਰਨ ਦਾ ਬਲ ਬਖ਼ਸਦੀਆਂ ਹਨ। ਬਹੁਤ ਸਾਰੇ ਸਾਹਿਤਕਾਰਾਂ/ਲੇਖਕਾਂ ਆਦਿ ਨੇ ਆਪਣੇ-ਆਪ ਨੂੰ ਪੁਸਤਕਾਂ ਦੀ ਦੁਨੀਆਂ ਵਿਚ ਰੰਗ ਕੇ ਨਿਖਾਰਿਆ ਅਤੇ ਭੀੜ ਭਰੇ ਮਾਹੌਲ ਵਿਚ ਵੀ ਆਪਣੀ ਨਿਵੇਕਲੀ ਪਹਿਚਾਨ ਬਣਾਈ। ਪੁਸਤਕਾਂ ਘਰ ਦਾ ਸਿੰਗਾਰ ਬਣਦੀਆਂ ਹਨ। ਘਰ ਦੀ ਸਜਾਵਟ ਵਿਚ ਵੀ ਇਨ੍ਹਾਂ ਦੀ ਵਿਸੇਸ ਭੂਮਿਕਾ ਹੁੰਦੀ ਹੈ। ਨਰਿੰਦਰ ਕਪੁੂਰ ‘ ਬੂਹੇ -ਬਾਰੀਆਂ’ ਵਿਚ ਲਿਖਦਾ ਹੈ-‘‘ਸਭ ਤੋਂ ਸੋਹਣੀ ਸਜਾਵਟ ਕਿਤਾਬਾਂ ਹੁੰਦੀਆਂ ਹਨ ਜਿਵੇਂ ਬੱਦਲ ਆਸਮਾਨ ਦੀ ਕਲਪਨਾ ਹਨ ਉਵੇਂ ਹੀ ਕਿਤਾਬਾਂ ਮਾਨਵਜਾਤੀ ਦੇ ਸਾਕਾਰ ਹੋਏ ਸੁਪਨੇ ਹਨ।’’
ਆਧੁਨਿਕ ਯੁੱਗ ਭਾਵੇਂ ਦਿਨੋਂ- ਦਿਨ ਤਰੱਕੀ ਵੱਲ ਵਧ ਰਿਹਾ ਹੈ। ਹਰ ਰੋਜ਼ ਨਵੀਆਂ -ਨਵੀਆਂ ਤਕਨੀਕਾਂ /ਖੋਜਾਂ ਹੋਂਦ ਵਿਚ ਆ ਰਹੀਆਂ ਹਨ ਪਰ ਫਿਰ ਵੀ ਪੁਸਤਕਾਂ ਦੀ ਆਪਣੀ ਨਿਵੇਕਲੀ ਹੀ ਪਹਿਚਾਨ ਹੈ ਕਿਉਕਿ ਇਨ੍ਹਾਂ ਖੋਜਾਂ ਨੂੰ ਜੀਵਤ/ਸੰਚਾਰਤ ਪੁਸਤਕਾਂ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਰ ਜੇਕਰ ਦੇਖਿਆਂ ਜਾਵੇ ਤਾਂ ਪੁਸਤਕਾਂ ਆਪਣੀ ਅਸਲ ਹੋਂਦ ਅੱਜ ਕਲ੍ਹ ਗਵਾਦੀਆਂ ਜਾ ਰਹੀਆਂ ਹਨ। ਇਹ ਸੱਚ ਹੈ ਕਿ ਅੱਜ ਵੱਡੇ ਪੱਧਰ ’ਤੇ ਪਬਲੀਕੇਸ਼ਨਜ਼ਾਂ ਵੱਲੋਂ ਲਗਾਤਾਰ ਕਿਤਾਬਾਂ ਦੀ ਛਪਾਈ ਹੋ ਰਹੀ ਹੈ, ਨਵੇਂ-ਨਵੇਂ ਲੇਖਕ ਉੱਭਰ ਕੇ ਸਾਹਮਣੇ ਆ ਰਹੇ ਹਨ ਪਰ ਮਾਡਰਨਪੁੂਣੇ ਦਾ ਸ਼ਿਕਾਰ ਹੋ ਰਹੀ ਅਜੋਕੀ ਨੌਜਵਾਨ ਪੀੜ੍ਹੀ ਇਨ੍ਹਾਂ ਦੀ ਮਹੱਤਤਾ ਤੋਂ ਪਾਸਾ ਵਟਦੀ ਜਾ ਰਹੀ ਹੈ ’ਤੇ ਪੁਸਤਕਾਂ ਦੀ ਜਗ੍ਹਾਂ ਹਰ ਪਲ ਉਨ੍ਹਾਂ ਦੇ ਹੱਥ ਮੋਬਾਇਲ ਫੋਨਾਂ ਵਰਗੇ ਯੰਤਰ ਫੜੇ ਹੁੰਦੇ ਹਨ। ਸਫ਼ਰ ਦੌਰਾਨ ਅਕਸਰ ਅਜਿਹੇ ਦ੍ਰਿਸ਼ ਆਮ ਵੇਖਣ ਨੂੰ ਮਿਲਦੇ ਹਨ ਜਦੋਂ ਕੋਈ ਪੜ੍ਹਿਆਂ ਲਿਖਿਆ ਬਜ਼ੁਰਗ ਮੋਟੇ ਸ਼ੀਸ਼ਿਆਂ ਰਾਹੀਂ ਪੂਰੀ ਨੀਝ ਨਾਲ ਕਿਸੇ ਪੁਸਤਕ/ਅਖ਼ਬਾਰ ਦਾ ਅਧਿਐਨ ਕਰ ਰਿਹਾ ਹੁੰਦਾ ਹੈ ਪਰ ਨੌਜਵਾਨ ਵਰਗ ਮੋਬਾਇਲ ਫੋਨ ’ਤੇ ਮਗਨ ਹੁੰਦਾ ਏ। ਅਜਿਹੇ ਸਾਧਨਾਂ ਵਿਚ ਵੀ ਉਨ੍ਹਾਂ ਦੀ ਕਿਸੇ ਮਨਪਸੰਦ ਪੁਸਤਕ ਦੀ ਸਜਿਲਦ ਤਸਵੀਰ ਵੇਖਣ ਨੂੰ ਨਹੀ ਮਿਲਦੀ । ਸਾਡੀਆਂ ਆਧੁਨਿਕ ਲੋੜਾ ਪੂਰੀਆਂ ਕਰਨ ਵਿਚ ਬੇਸ਼ੱਕ ਇਹ ਸਾਧਨ ਕਾਫ਼ੀ ਲਾਹੇਵੰਦ ਹਨ, ਜਿਨ੍ਹਾਂ ਤੋਂ ਇਨਕਾਰੀ ਨਹੀਂ ਹੋਇਆ  ਜਾ ਸਕਦਾ ਪਰ ਇਨ੍ਹਾਂ ਦੀ ਸਹੀ ਵਰਤੋਂ ਦੀ ਜਗ੍ਹਾ ਦੁਰਵਰਤੋਂ ਜਰੂਰ ਹੋ ਰਹੀ ਹੁੰਦੀ ਹੈ ਜਿਨ੍ਹਾਂ ਦੇ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ ਇੱਥੋਂ ਤੱਕ ਕਿ ਅੱਜਕਲ੍ਹ ਦੇ ਕਈ ਪੰਜਾਬੀ ਗੀਤਾਂ ਜਿਨ੍ਹਾਂ ਨੂੰ ਪੰਜਾਬੀ ਆਖਣਾ ਮੂਰਖਤਾ ਹੈ। ਵਿਚ ਵੀ ਪੁਸਤਕਾਂ ਨੂੰ ਪਿਛਾੜ ਕੇ ਮੋਬਾਇਲ, ਮੋਟਰਕਾਰਾਂ ਆਦਿ ਵਰਗੇ ਸਾਧਨਾਂ ਰਾਹਂੀ ਹੀ ਪ੍ਰਭਾਵਿਤ ਕਰਨ ਦੇ ਤੌਰ ਤਰੀਕੇ ਸਿਖਾਏ ਜਾਂਦੇ ਹਨ।
 ਅਜੋਕੀ ਪੀੜ੍ਹੀ ਆਪਣੇ ਉੱਚੇ ਸ਼ੌਂਕ ਪੁਗਾਉਣ ਲਈ ਖੁੱਲ੍ਹ ਕੇ ਪੈਸੇ ਖ਼ਰਚਣ ਤੋਂ ਗੁਰੇਜ਼ ਨਹੀ ਕਰਦੀ ਪਰ ਪੁਸਤਕ ਵਰਗੇ ਕੀਮਤੀ ਖਜ਼ਾਨੇ ਨੂੰ ਅੱਖੋਂ ਓਹਲੇ ਕੀਤਾ ਹੋਇਆ ਹੈ। ਇਥੋਂ ਤੱਕ ਕਿ ਆਪਣੀ ਹੈਸੀਅਤ ਦਿਖਾਉਣ ਲਈ ਮਹਿੰਗੇ ਸਾਧਨ ਹੀ ਤੋਹਫ਼ਿਆ ਦੇ ਰੂਪ ਵਿਚ ਵਰਤੇ ਜਾਂਦੇ ਹਨ। ਅਸਲ ਵਿਚ ਇਨ੍ਹਾਂ ਸਾਧਨਾਂ ਦਾ ਜੀਵਨ ਵਿਚ ਜ਼ਿਆਦਾ ਮਹੱਤਵ ਨਹੀ ਰਹਿੰਦਾ। ਲੋੜ ਹੈ ਅਜੋਕੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਦੇ ਵਾਚਨ ਦੀ ਅਤੇ ਇਨ੍ਹਾਂ ਦੀ ਅਸਲ ਮਹੱਤਤਾ ਤੋਂ ਜਾਣੂ ਹੋਣ ਦੀ।
 ਬੱਚੇ ਨੂੰ ਛੋਟੀਆਂ ਜਮਾਤਾਂ ਵਿਚ ਹੀ ਪੁਸਤਕਾਂ ਨਾਲ ਜੋੜਨਾ ਚਾਹੀਦਾ ਹੈ। ਜਿਸ ਵਿਚ ਅਧਿਆਪਕ ’ਤੇ ਮਾਪੇ ਵਿਸ਼ੇਸ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਵਿਚ ਪੜ੍ਹਨ ਦੀ ਚੇਟਕ ਪੈਦਾ ਕਰਨ ਲਈ ਖਿਡੋਣਿਆਂ ਦੇ ਨਾਲ-ਨਾਲ ਕੁਝ ਵਧੀਆ ਕਿਤਾਬਾਂ ਵੀ ਖਰੀਦ ਕੇ ਦਿੱਤੀਆਂ ਜਾਣ। ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨ ਲਈ ਸਰਗਰਮੀਆਂ ਲਗਾਤਾਰ ਤੇਜ਼ ਰਹਿਣੀਆਂ ਚਾਹੀਦੀਆਂ ਹਨ। 
 ਸੋ ਗੁਜ਼ਾਰਸ਼ ਹੈ ਉਨ੍ਹਾਂ ਅਜ਼ੀਜ਼ ਜਿਹੇ ਸਾਥੀਆਂ /ਦੋਸ਼ਤਾਂ ਨੂੰ ਜਿਹੜੇ ਪੁਸਤਕਾਂ ਦੀ ਜਗ੍ਹਾਂ ਆਪਣੇ ਉਚੇਰੇ ਸ਼ੌਂਕਾਂ ਜਾਂ ਨਸ਼ਿਆਂ ਨੂੰ ਪਹਿਲ ਦਿੰਦੇ ਹਨ ਕਿ ਆਪਣੇ ਜੀਵਨ ਵਿਚ ਪੁਸਤਕਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਕਿਉਕਿ ਸਮਾਜ ’ਤੇ ਜਿੰਦਗੀ ਦੇ ਚੰਗੇਰੇ ਉਦੇਸ਼ਾਂ ਦੀ ਪ੍ਰਾਪਤੀ ਇਨ੍ਹਾਂ ਜ਼ਰੀਏ ਵਧੀਆਂ ਹੋ ਸਕਦੀ ਹੈ। ਇਸ ਦੇ ਨਾਲ ਹੀ ਕਿਸੇ ਕਰੀਬੀ ਵਲੋਂ ਮਿਲੇ ਕਿਤਾਬੀ ਤੋਹਫੇ ਨੂੰ ਜਰੂਰ ਪੜ੍ਹੋ ਕਿਉਕਿ ਇਹ ਸਦੀਵੀਂ ਖੁਸ਼ੀ ’ਤੇ ਸਦੀਵੀਂ ਸਾਂਝ ਪੈਦਾ ਕਰਨ ਵਿਚ ਸਹਾਇਕ ਹੈ, ਨਾਲ ਹੀ ਇਸਦੇ  ਨਸ਼ਟ ਹੋਣ ਦੀ ਕੋਈ ਮਿਆਦ ਨਹੀ ਹੁੰਦੀ, ਜਰੂਰਤ ਹੈ ਬੱਸ ਇਸ ਨੂੰ ਰੀਝ ਨਾਲ ਪੜ੍ਹਨ ਦੀ ਅਤੇ ਸੱਚੇ ਦਿਲੋਂ ਸੰਭਾਲ ਕੇ ਰੱਖਣ ਦੀ। 


ਜਸਵੰਤ ਕੌਰ ‘ਮਣੀ’
ਐਮ.ਏ.ਬੀ.ਐੱਡ,
ਮਾਸਟਰ ਮਾਈਡ ਕਾਲਜ ਆਫ਼ ਐਜੂਕੇਸ਼ਨ
ਗਹਿਰੀ ਬੁੱਟਰ ਬਠਿੰਡਾ।
ਮੋਬਾਇਲ 98888-70822

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template