Headlines News :
Home » » ਨਸ਼ੇ ਦੇ ਬੱਜਟ ਤੇ ਚੱਲਣ ਵਾਲ ਦੇਸ਼ ਨਸ਼ਾ ਮੁਕਤ ਹੋਣਾ ਕਿੰਨਾ ਸੰਭਵ - ਗੁਰਵਿੰਦਰ ਸਿੰਘ

ਨਸ਼ੇ ਦੇ ਬੱਜਟ ਤੇ ਚੱਲਣ ਵਾਲ ਦੇਸ਼ ਨਸ਼ਾ ਮੁਕਤ ਹੋਣਾ ਕਿੰਨਾ ਸੰਭਵ - ਗੁਰਵਿੰਦਰ ਸਿੰਘ

Written By Unknown on Saturday 21 June 2014 | 09:28

ਪੰਜਾਬ .... ਜੀ ਹਾਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜੋ ਕਦੇ ਦਿੱਲੀ ਤੋਂ ਲੈ ਕੇ ਕਾਬਲ ਤੱਕ ਫੈਲਿਆ ਹੋਇਆ ਸੀ। ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਮਾਰਾਂ ਦੇ ਕਾਰਨ ਬੜਾ ਹੀ ਛੋਟਾ ਜਿਹਾ ਖਿੱਤਾ ਬਣ ਕੇ ਰਹਿ ਗਿਆ। ਪ੍ਰੰਤੂ ਫਿਰ ਵੀ ਪੰਜਾਬ ਵਾਸੀ ਪੰਜਾਬੀ ਆਪਣੇ ਦ੍ਰਿੜ ਇਰਾਦੇ, ਬਹਾਦਰੀ ਅਤੇ ਜ਼ਜਬੇ ਦੇ ਨਾਲ ਦੁਨੀਆਂ ਵਿਚ ਜਾਣੇ ਜਾਣੇ ਜਾਂਦੇ ਸਨ। ਇਤਿਹਾਸ ਗਵਾਹ ਹੈ ਕਿ ਇਸ ਪੰਜਾਬ ਨੇ ਆਪਣੇ ਸੀਨੇ ਤੇ ਬਹੁਤ ਜਖਮ ਝੱਲੇ ਹਨ  ਜਿਨ੍ਹਾਂ ਵਿਚੋਂ ਕਦੇ ਨਾ ਭੁੱਲਣ ਵਾਲੇ ਜਖ਼ਮ ‘47 ਅਤੇ ‘84 ਦੇ ਹਨ ਜਿਨ੍ਹਾਂ ਦੀਆਂ ਚੀਸਾਂ ਅਜੇ ਵੀ ਘੱਟ ਨਹੀਂ ਹੋਈਆ ਪਰ ਇਸਨੇ ਕਦੇ ਹੌਂਸਲਾ ਨਹੀਂ ਗਵਾਇਆ ।। ਪ੍ਰੰਤੂ ਜੇ ਗੱਲ ਅੱਜ ਦੀ ਕਰੀਏ ਤਾਂ ਅੱਜ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣੇ ਜਾਦੇ ਪੰਜਾਬ ਤੇ ਇਕ ਨਸ਼ਿਆਂ ਦਾ ਛੇਵਾਂ ਦਰਿਆਂ ਵਗਿਆ ਹੀ ਨਹੀਂ ਸਗੋਂ ਹੜ੍ਹ ਦਾ ਰੂਪ ਧਾਰਨ ਕਰ ਚੁੱਕਾ ਹੈ ਜੋ ਕਿ ਪੰਜਾਬ ਦੀ ਹੀਰਿਆਂ ਵਰਗੀ ਜਵਾਨੀ ਨੂੰ ਆਪਣੇ ਵਹਾਅ ਵਿਚ ਲਪੇਟ ਕੇ ਲਿਜਾ ਰਿਹਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਹੀ ਨਹੀਂ ਵੇਖ ਰਿਹਾ ਸਗੋਂ ਆਪਣੀਆਂ ਸਿਆਸੀ ਰੋਟੀਆਂ ਵੀ ਸੇਕ ਰਿਹਾ ਹੈ। ਜੇਕਰ ਅਜੋਕੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਿਆਂ, ਆੜ੍ਹਤੀਆਂ ਦੇ ਕਰਜ਼ਿਆਂ ਅਤੇ ਯੂਰੀਆ, ਖਾਦ ਪਦਾਰਥਾਂ ਅਤੇ ਡੀਜ਼ਲ ਪੈਟਰੋਲ ਆਦਿ ਦੀਆਂ ਵਧ ਰਹੀਆਂ ਕੀਮਤਾਂ ਨਾਲ ਦਮ ਤੋੜ ਰਹੀ ਹੈ। ਇਹਨਾਂ ਸਭ ਦੇ ਨਾਲ ਨਾਲ ਇਸ ਨਸ਼ਿਆਂ ਦੇ ਹੜ੍ਹ ਨੇ ਪੰਜਾਬ ਦੀ ਹਾਲਤ ਵਿਗਾੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਜਿੰਨੀ ਬਰਬਾਦੀ ਪੰਜਾਬ ਦੀ ਨਸ਼ੇ ਕਰ ਰਹੇ ਹਨ ਇੰਨੀ ਸ਼ਾਇਦ ਹੀ ਕਿਸੇ ਕੁਦਰਤੀ ਕਰੋਪੀ ਜਾ ਜੰਗ ਵਿਚ ਹੋਈ ਹੋਏ । ਕਿਉਕਿ ਪੰਜਾਬੀ ਸੈਕੜੇਂ ਜੰਗਾਂ-ਯੁੱਧਾਂ ਵਿਚ ਸ਼ਹਾਦਤਾਂ ਪਾ ਕੇ ਆਪਣੀ ਕੌਮ ਨੂੰ ਬਚਾਉਣ ਵਿਚ ਕਾਮਯਾਬ ਹੋਏ ਪਰ ਨਸ਼ੇ ਦੀ ਮਾਰ ਵਿਚ ਆਉਣ ਵਾਲੇ ਸ਼ਾਇਦ ਹੀ ਮੁੜ ਹਰੇ ਹੋਣ। ਵੈਸੇ ਤਾਂ ਇਸ ਨਸ਼ਿਆਂ ਰੂਪੀ ਦਰਿਆ ਨੇ ਪੂਰੀ ਦੁਨੀਆਂ ਅਤੇ ਹਿੰਦੁਸਤਾਨ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਪ੍ਰੰਤੂ ਇਸ ਦਰਿਆ ਦੀ ਮਾਰ ਪੰਜਾਬ ਤੇ ਸਭ ਤੋਂ ਜਿਆਦਾ ਪੈ ਰਹੀ ਹੈ। ਜਿਸ ਦੀ ਮਿਸਾਲ ਇਸ ਗੱਲ ਤੋਂ ਵੀ ਲਈ ਜਾ ਸਕਦੀ ਹੈ ਕਿ ਪਿਛਲੇ ਦਿਨੀ ਇਕ ਖਬਰ ਆਈ ਕਿ ਖੰਨਾ ਤੋਂ ਇਕ ਮਾਂ ਦਾ ਦੁੱਧ ਚੁੰਘਦਾ ਬੱਚਾ ਹੀ ਸਮੈਕ ਦੀ ਲਪੇਟ ਵਿਚ ਆ ਗਿਆ ਕਿਉਂਕਿ ਇਸ ਬੱਚੇ ਦੀ ਮਾਂ ਸਮੈਕ ਦਾ ਸੇਵਨ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਦੋਰਾਹੇ ਨੇੜਿਓ ਛੋਟੇ ਛੋਟੇ ਬੱਚੇ ਫੜ੍ਹੇ ਸਨ ਜੋ ਕਿ ਨਸ਼ਿਆ ਦਾ ਸੇਵਨ ਕਰਦੇ ਸਨ। ਇਹ ਖਬਰਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ ਕਿ ਹੁਣ ਤਾਂ ਬੱਚਿਆਂ ਨੂੰ ਗੁੜਤੀ ਵੀ ਨਸ਼ੇ ਦੀ ਹੀ ਮਿਲ ਰਹੀ ਹੈ। ਇਕ ਸਰਵੇ ਦੇ ਅਨੁਸਾਰ ਸਹਾਮਣੇ ਆਇਆ ਹੈ ਕਿ +2 ਜਮਾਤ ਤੱਕ ਜਾਂਦਿਆਂ ਤਕਰੀਬਨ 65-70 ਪ੍ਰਤੀਸ਼ਤ ਬੱਚੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰ ਚੁੱਕੇ ਹੁੰਦੇ ਹਨ। ਇਸ ਨਸ਼ੇ ਦੇ ਦਰਿਆ ਵਿਚ ਸ਼ਰਾਬ, ਨਸ਼ੇ ਦੀਆਂ ਗੋਲੀਆਂ, ਡੋਡੇ, ਭੁੱਕੀ, ਤਮਾਕੂ, ਚਰਸ,  ਹੈਰੋਇਨ, ਸਮੈਕ, ਨਸ਼ੇ ਦੇ ਟੀਕੇ ਅਤੇ ਪਤਾ ਨਹੀਂ ਕਿੰਨੇ ਹੀ ਹੋਰ ਅਜਿਹੇ ਨਸ਼ੀਲੇ ਪਦਾਰਥ  ਹਨ ਅਤੇ ਇਸ ਹੜ੍ਹ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਮਾਰ ਹੇਠ ਲਿਆ ਹੋਇਆ ਹੈ। ਨਸ਼ਿਆ ਦੀ ਗੱਲ ਕਰਦਿਆਂ ਹਰ ਇਕ ਦੇ ਦਿਮਾਗ ਵਿਚ ਇਹੋ ਹੀ ਸਵਾਲ ਉਠਦਾ ਹੈ ਕਿ ਪੰਜਾਬ ਵਿੱਚ ਐਨੇ ਨਸ਼ੇ ਕਿਵੇਂ ਅਤੇ ਕਿੱਥੋਂ ਆਏ? ਇਸ ਸੰਬੰਧ ਵਿਚ ਸਾਡੀ ਸਰਕਾਰ ਤੇ ਪ੍ਰਸਾਸ਼ਨ ਇਹ ਕਹਿ ਕੇ ਪੱਲਾ ਝਾੜ ਲੈਦਾ ਹੈ ਕਿ ਇਹ ਸਰਹੱਦ ਪਾਰ ਤੋ ਆਉਦਾ ਹੈ । ਇਹ ਗੱਲ ਕਾਫੀ ਹੱਦ ਤੱਕ ਸਹੀ ਤਾਂ ਹੈ ਪਰ ਪੂਰੀ ਤਰ੍ਹਾਂ ਢੁੱਕਵੀਂ ਨਹੀਂ। ਕਿਉਂਕਿ ਗਵਾਂਢੀ ਮੁਲਕਾਂ ਤੋਂ ਨਸ਼ੇ ਦੀ ਤਸਕਰੀ ਪੰਜਾਬ ਵਿੱਚ ਹੀ ਕਿਉਂ ਜ਼ਿਆਦਾ ਹੁੰਦੀ ਹੈ, ਕੀ ਕਿਸੇ ਹੋਰ ਸੂਬੇ ਨਾਲ ਸਰਹੱਦ ਨਹੀਂ ਲਗਦੀ...? ਹੋਰ ਵੀ ਤਾਂ ਸੂਬੇ ਲਗਦੇ ਹਨ ਸਰਹੱਦ ਨਾਲ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਆਦਿ ।  ਪਰ ਇਹ ਪੰਜਾਬ ਵਿਚ ਹੀ ਕਿਉ ਆਉਦਾ ਹੈ? ਪਰ ਕੁਭਕਰਨੀ ਨੀਂਦ ਸੁੱਤੀਆਂ ਸਰਕਾਰਾਂ ਸ਼ਾਇਦ ਜਾਗਣਾ ਹੀ ਨਹੀਂ ਚਾਹੁੰਦੀਆਂ ਜਾਂ ਸ਼ਾਇਦ  ਜਿਸ ਤਰ੍ਹਾਂ ਅੱਜ ਕਲ੍ਹ ਚਰਚਾ ਚੱਲ ਰਹੀ ਹੈ ਕਿ ਸਿਆਸੀ ਲੀਡਰਾਂ ਦਾ ਤੋਰੀ ਫੁਲਕਾ ਹੀ ਨਸ਼ਿਆ ਦੀ ਸਮੱਗਲਿਗ ਨਾਲ ਚਲਦਾ ਹੈ । ਜਿਨ੍ਹਾਂ ਵਿਚੋ ਕਈਆਂ ਦੇ ਨਾਮ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਜੱਗ ਜ਼ਾਹਿਰ ਹੋਏ ਹਨ।  ਕਈ ਵਾਰ ਲੋਕਾਂ ਵਲੋਂ ਨਸ਼ਿਆ ਦੇ ਇਸ ਹੜ੍ਹ ਨੂੰ ਰੋਕਣ ਲਈ ਅਵਾਜ਼ ਵੀ ਉਠਾੲਂੀ ਗਈ ਹੈ । ਇਸ ਲਈ ਸਰਕਾਰਾਂ ਵਾਰ ਵਾਰ ਵਾਅਦੇ ਵੀ ਕਰਦੀਆਂ ਹਨ ਕਿ ਨਸ਼ਾ ਮੁਕਤ ਸਮਾਜ ਸਿਰਜਿਆ ਜਾਵੇਗਾ। ਪਰ ਭੋਲੇ ਭਾਲੇ ਲੋਕ ਇਹ ਨਹੀਂ ਸਮਝ ਸਕਦੇ ਕਿ  ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਵੀ ਨਸ਼ੇ ਦਾ ਕਾਰੋਬਾਰ ਹੀ ਹੈ।। ਮੁੱਖ ਨਸ਼ਾ ਸ਼ਰਾਬ ਜੋ ਕਿ ਹਰ ਸਾਲ ਸਰਕਾਰ ਵੱਲੋਂ ਠੇਕਿਆਂ ‘ਤੇ ਵੇਚੀ ਜਾਂਦੀ ਹੈ ਪੰਜਾਬ ਵਿੱਚ ਬਹੁਤ ਜ਼ਿਆਦਾ ਮਾਰ ਕਰ ਰਿਹਾ ਹੈ।। ਜਿਸ ਨਾਲ ਹਰ ਸਾਲ ਹਜ਼ਾਰਾ ਹੀ ਪਰਿਵਾਰ ਉਜੜਦੇ ਹਨ ਅਤੇ ਇਹ ਨਸ਼ਾ ਹੀ ਜਿਆਦਾਤਰ ਹਾਦਸਿਆ ਜਾ ਕਾਰਨ ਬਣਦਾ ਹੈ । ਜਿਸ ਨਾਲ ਹਜ਼ਾਰਾਂ ਹੀ ਪਰਿਵਾਰ ਉਜੜਦੇ ਹਨ। ਇਹ ਗੱਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਜਿਸ ਦੇਸ਼ ਦੀਆਂ ਸਰਕਾਰਾਂ ਹੀ ਨਸ਼ੇ ਨਾਲ ਪਈਆਂ ਵੋਟਾਂ ਨਾਲ ਬਣਦੀਆਂ ਹਨ, ਉਹ ਦੇਸ਼ ਨਸ਼ਾ-ਮੁਕਤ ਹੋ ਸਕਦਾ ਹੈ?  ਜਿਸ ਸਰਕਾਰ ਦਾ ਬੱਜਟ ਹੀ ਨਸ਼ਿਆ ਨਾਲ ਮੈਨੇਜ ਹੁੰਦਾ ਹੈ ਉਹ ਦੇਸ਼ ਨਸ਼ਾ ਮੁਕਤ ਹੋ ਸਕਦਾ ਹੈ ? ਜਿਸ ਦੇਸ਼ ਦੀਆਂ ਪੰਥਕ ਸਰਕਾਰਾਂ ਬੇਸ਼ੱਕ ਸਟੇਜਾਂ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਦਾਅਵੇ ਕਰਨ ਪਰ ਹਰ ਸਾਲ ਬੰਦ ਕਮਰਿਆਂ ਵਿਚ ਮੀਟਿੰਗਾਂ ਕਰਕੇ ਸ਼ਰਾਬ ਵਰਗੇ ਨਸ਼ਿਆਂ ਦੀ ਵਿਕਰੀ ਵਧਾਉਣ ਦੀਆਂ ਪਾਲਸੀਆਂ ਬਣਾਉਦੀਆਂ ਹਨ ਕੀ ਉਹ ਦੇਸ਼ ਨਸ਼ਾ ਮੁਕਤ ਹੋ ਸਕਦਾ ਹੈ? ਜਾਂ ਸਾਡਾ ਉਨ੍ਹਾਂ ਨੂੰ ਪੰਥਕ ਕਹਿਣਾ ਜ਼ਾਇਜ ਹੈ? ਜਾਂ ਜਿਸ ਦੇਸ਼ ਅੰਦਰ ਚੋਣਾਂ ਵੇਲੇ ਕਿਸੇ ਪਿੰਡ ਪਾਰਟੀਆਂ ਦੇ ਮੈਨੀਫੈਸਟੋ ਦੀਆਂ ਕਾਪੀਆਂ ਚਾਹੇ ਨਾ ਪਹੁੰਚਣ ਪਰ ਸ਼ਰਾਬ ਦੇ ਭਰੇ ਟਰੱਕ , ਛੋਟੇ ਹਾਥੀ ਜਰੂਰ ਪਹੁੰਚ ਜਾਂਦੇ ਹਨ। ਉਹ ਦੇਸ਼ ਨਸ਼ਾ ਮੁਕਤ ਹੋ ਸਕਦਾ ਹੈ?  ਸਵਾਲ ਹੋਰ ਵੀ ਬਹੁਤ ਨੇ ਜਿਨ੍ਹਾਂ ਵਿਚੋਂ ਨਸ਼ਾ ਫੜਨ ਵਾਲੀ ਪੁਲਿਸ ਦਾ ਖੁਦ ਨਸ਼ੇ ਦਾ ਸ਼ਿਕਾਰ ਹੋਣਾ ਵੀ ਹੈ । ਵੈਸੇ ਵੀ ਜੇਕਰ ਸਰਕਾਰ ਦੀਆਂ ਨੀਤੀਆਂ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੀ ਲਗਦਾ ਹੈ।  ਖੈਰ ਜੇ ਗੱਲ ਕਰੀਏ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਅਤੇ ਨਸ਼ੇ ਨੂੰ ਜੜ ਤੋ ਖਤਮ ਕਰਨ ਕਰਨ ਦੀ ਤਾਂ ਵੀ ਇਕ ਬਹੁਤ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਮਹਿਕਮੇ ਨੇ ਨਸ਼ੇ ਤੇ ਕਾਬੂ ਪਾਉਣਾ ਹੈ ਉਹ ਮਹਿਕਮਾ ਖੁਦ ਬੁਰੀ ਤਰ੍ਹਾਂ ਨਸ਼ੇ ਦੀ ਦਲਦਲ ਵਿਚ ਗਰਕ ਚੁੱਕਾ ਹੈ ।  ਜਿਸਨੂੰ ਨਸ਼ੇ ਦੀ ਰੋਕਥਾਮ ਵਿਚ ਲਾਉਣਾ ਬਿੱਲੀ ਸਿਰਹਾਣੇ ਦੁੱਧ ਰੱਖਣ ਵਾਲੀ ਗੱਲ ਹੈ ਦੀ ਅਗਲੇ ਲੇਖ ਵਿਚ ਗੱਲ ਕਰਾਂਗੇ।  ਪੰਜਾਬ ਦੇ ਵਿਗੜੇ ਬੱਜਟ ਸੰਤੁਲਨ ਨੂੰ ਕੰਟਰੋਲ ਕਰਨ ਲਈ ਜਿਥੇ ਸਰਕਾਰਾਂ ਨਵੀਆਂ ਸ਼ਰਾਬ ਫੈਕਟਰੀਆ ਲਾਉਣ ਵਿਚ ਵਿਅਸਤ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਲੱਤ ਤੇ ਲਾ ਕੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਤੋਰਨ ਦੇ ਸੁਪਨੇ ਵੇਖ ਰਹੀਆਂ ਹਨ ਉਥੇ ਹੁਣ ਪੰਜਾਬ ਵਾਸੀਆਂ, ਸਮਾਜਸੇਵੀਆਂ ਅਤੇ  ਨਸ਼ਾ ਮੁਕਤ ਸਮਾਜ ਪਸੰਦ ਲੋਕਾਂ ਦਾ ਹੀ ਫਰਜ਼ ਬਣਦਾ ਹੈ ਕਿ ਅੱਗੇ ਆਉਣ ਅਤੇ ਨਸ਼ੇ ਦੇ ਇਸ ਹੜ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਰਾਹਤ ਕਾਰਜ ਚਲਾਏ ਜਾਣ । ਜੇਕਰ ਆਪਾਂ ਸਭ ਹੀ ਸਰਕਾਰਾਂ ਵੱਲ ਉਮੀਦ ਲਾ ਕੇ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਤਾਂ ਕਿਤੇ ਦੇਰ ਨਾ ਹੋ ਜਾਵੇ ਤੇ ਦੁਨੀਆਂ ਵਿਚ ਸਿਰਮੋਰ ਪੰਜਾਬੀਅਤ ਕੌਮ ਨਸ਼ਿਆ ਦੇ ਵਿਚ ਗਰਕ ਕੇ ਹੀ ਖਤਮ ਨਾ ਹੋ ਜਾਵੇ।  

ਗੁਰਵਿੰਦਰ ਸਿੰਘ 
ਪਿੰਡ ਤੇ ਡਾਕ ਸੰਗਤ ਕਲਾਂ, ਜਿਲ੍ਹਾ ਬਠਿੰਡਾ।
ਮੋ: 94782-41031

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template