Headlines News :
Home » » ਬਾਦਲ ਸਰਕਾਰ ਕੋਲ ਪੰਜਾਬ ਦੇ ਲਟਕਦੇ ਮਸਲੇ ਹੱਲ ਕਰਾਉਣ ਦਾ ਸਹੀ ਸਮਾਂ - ਜਗਦੇਵ ਸਿੰਘ ਗੁੱਜਰਵਾਲ

ਬਾਦਲ ਸਰਕਾਰ ਕੋਲ ਪੰਜਾਬ ਦੇ ਲਟਕਦੇ ਮਸਲੇ ਹੱਲ ਕਰਾਉਣ ਦਾ ਸਹੀ ਸਮਾਂ - ਜਗਦੇਵ ਸਿੰਘ ਗੁੱਜਰਵਾਲ

Written By Unknown on Saturday 21 June 2014 | 04:42

ਦੇਸ਼ ’ਚ ਹੋਈਆਂ 16ਵੀਆਂ ਲੋਕ ਸਭਾ ਚੋਣਾਂ ਅੰਦਰ ਲੰਮੇ ਅਰਸੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਪੂਰਨ ਬਹੁਮਤ ਪ੍ਰਾਪਤ ਕਰਕੇ ਉਨ੍ਹਾਂ ਸਾਰੇ ਸਿਆਸੀ ਮਾਹਿਰਾਂ ਅਤੇ ਪੰਡਿਤਾਂ ਦੀਆਂ ਕਿਆਸਰਾਈਆਂ ਅਤੇ ਭਵਿੱਖਬਾਣੀਆਂ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਜੋ ਕਹਿੰਦੇ ਸਨ ਕਿ ਹੁਣ ਕੇਂਦਰ ਵਿੱਚ ਕਿਸੇ ਇੱਕ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਬਣਨ ਦੇ ਸਮੇਂ ਲੱਥ ਗਏ ਕਿਉਂਕਿ ਆਉਣ ਵਾਲਾ ਸਮਾਂ ਕੇਂਦਰ ਵਿੱਚ ਰਲੀਆ-ਮਿਲੀਆ ਪਾਰਟੀਆਂ ਦੀ ਖਿਚੜੀ ਸਰਕਾਰਾਂ ਬਣਨ ਦਾ ਹੈ । ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਬਹੁਮਤ ਮਿਲਣ ਪਿੱਛੇ ਪਿਛਲੇ ਦਸਾਂ ਸਾਲਾਂ ਤੱਕ ਕਾਂਗਰਸ ਦੀ ਅਗਵਾਈ ਹੇਠ ਕੇਂਦਰ ਵਿੱਚ ਰਾਜ ਕਰਦੀ ਰਹੀ ਯੂ.ਪੀ.ਏ. ਸਰਕਾਰ ਦੇ ਸਹਿਯੋਗੀ ਦਲਾਂ ਦੇ ਮੰਤਰੀਆਂ ਵਲੋਂ ਆਏ ਦਿਨ ਬਿਨਾਂ ਕਿਸੇ ਡਰ-ਭੈਅ ਤੋਂ ਇੱਕ ਦੂਜੇ ਤੋਂ ਵਧ ਕੇ ਕੀਤੇ ਵੱਡੇ-ਵੱਡੇ ਘਪਲੇ, ਅਪਰਾਧ, ਦੇਸ਼ ਅੰਦਰ ਵਧੀ ਲੱਕ ਤੋੜਵੀਂ ਮਹਿੰਗਾਈ, ਬੇਰੁਜਗਾਰੀ, ਟੈਕਸਾਂ ਦਾ ਭਾਰੀ ਬੋਝ, ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਲੁੱਟਣ ਲਈ ਦਿੱਤੇ ਅਧਿਕਾਰਾਂ ਸਮੇਤ ਹੋਰ ਅਜਿਹੇ ਬਹੁਤ ਸਾਰੇ ਦੇਸ਼ ਵਿਰੋਧੀ ਕਾਰਣ ਰਹੇ ਹਨ ਜਿਸ ਕਾਰਣ ਦੇਸ਼ ਦੀ ਜਨਤਾ ਦਾ ਯੂ.ਪੀ.ਏ. ਸਰਕਾਰ ਵਲੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਸੀ ਅਤੇ ਉਹ ਸਰਕਾਰ ਨੂੰ ਚਲਦਾ ਕਰਨ ਦੀ ਪੂਰੀ ਧਾਰੀ ਬੈਠੇ ਸਨ । ਕੇਂਦਰ ਵਿੱਚ ਆਪਣੀ ਸਰਕਾਰ ਦਾ ਬਹੁਮਤ ਬਣਾਈ ਰੱਖਣ ਲਈ ਕਾਂਗਰਸ ਪਾਰਟੀ ਨੇ ਆਪਣੇ ਸਮੂਹ ਸਹਿਯੋਗੀ ਦਲਾਂ ਨੂੰ ਦੇਸ਼ ਲੁੱਟਣ ਦੀਆਂ ਪੂਰੀਆਂ ਖੁੱਲ੍ਹਾਂ ਦੇ ਰੱਖੀਆਂ ਸਨ ਜਿਸ ਕਾਰਣ ਆਏ ਦਿਨ ਯੂ.ਪੀ.ਏ. ਸਰਕਾਰ ਦੇ ਮੰਤਰੀਆਂ ਦੇ ਵੱਡੇ-ਵੱਡੇ ਘਪਲੇ, ਅਪਰਾਧ ਦੇਸ਼ ਦੇ ਲੋਕਾਂ ਸਾਹਮਣੇ ਨੰਗੇ ਹੁੰਦੇ ਰਹੇ । ਇਸ ਸਭ ਕੁੱਝ ਤੋਂ ਭਲੀਭਾਂਤ ਜਾਣੂ ਹੁੰਦੇ ਹੋਏ ਵੀ ਯੂ.ਪੀ.ਏ. ਸਰਕਾਰ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਖਾਂ-ਕੰਨ ਬੰਦ ਕਰਕੇ ਇਸ ਨੂੰ ਵਿਰੋਧੀਆਂ ਅਤੇ ਮੀਡੀਆ ਵਲੋਂ ਯੂ.ਪੀ.ਏ.ਸਰਕਾਰ ਦਾ ਅਕਸ਼ ਖਰਾਬ ਕਰਨ ਲਈ ਬਣਾਈਆਂ ਜਾ ਰਹੀਆਂ ਸਾਜਿਸ਼ਾਂ ਦਾ ਨਾਅ ਦੇ ਕੇ ਟਾਲਦੇ ਰਹੇ । ਅਜਿਹੇ ਸਭ ਕਾਰਣਾ ਕਰਕੇ ਹੀ ਕਾਂਗਰਸ ਪਾਰਟੀ ਨੂੰ ਹੁਣ ਤੱਕ ਦੀ ਸਭ ਤੋਂ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ । ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ ਤੋ ਪਹਿਲਾ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਦੀ ਦੁੱਖ ਦੀ ਨਬਜ਼ ਪਛਾਣ ਕੇ ਆਪਣੇ ਚੋਣ ਭਾਸ਼ਣਾ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਹੱਥੋਂ ਦਸਾਂ ਸਾਲਾਂ ਤੱਕ ਲੁੱਟੇ-ਪੁੱਟੇ ਗਏ ਦੇਸ਼ ਵਾਸੀਆਂ ਨੂੰ ਇੱਕ ਸਾਫ ਸੁੱਥਰੀ ਤੇ ਗਰੀਬ ਪੱਖੀ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਾਲੀ ਸਰਕਾਰ ਦੇਣ ਦੇ ਨਾਅ ’ਤੇ ਵੋਟਾਂ ਮੰਗੀਆਂ । ਜਿਸ ਕਾਰਣ ਦੇਸ਼ ਵਾਸੀਆਂ ਨੇ ਨਰਿੰਦਰ ਮੋਦੀ ਦੇ ਬੋਲਾਂ ’ਤੇ ਫੁੱਲ ਝੜਾਉਦਿਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਪੂਰਨ ਬਹੁਮਤ ਵਾਲੀ ਸਥਾਈ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਇਤਿਹਾਸਿਕ ਫੈਸਲਾ ਕੀਤਾ । ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਅਜੋਕੀ ਕੇਂਦਰ ਸਰਕਾਰ ਕੋਲ ਇਕੱਲੇ ਤੌਰ ’ਤੇ ਹੀ ਪੂਰਨ ਬਹੁਮਤ ਹੈ ਇਸ ਲਈ ਉਸ ਨੂੰ ਕਿਸੇ ਸਹਿਯੋਗੀ ਪਾਰਟੀ ਦੇ ਦਬਾਅ ਹੇਠ ਫੈਸਲੇ ਲੈਣ ਤੇ ਨੀਤੀਆਂ ਬਣਾਉਣ ਦੀ ਲੋੜ ਨਹੀਂ ਹੈ । ਕੇਂਦਰ ਦੀ ਮੌਜੂਦਾ ਸਰਕਾਰ ਦੇਸ਼ ਵਾਸੀਆਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਹੈ । ਹੁਣ ਵੇਖਣਾ ਹੈ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜ਼ਾਮਾ ਪਹਿਨਾਉਣ ਵਿੱਚ ਕਿੰਨੀ ਕੁ ਸੰਜ਼ੀਦਗੀ ਨਾਲ ਕੰਮ ਕਰਦੇ ਹਨ ਕਿਉਂਕਿ ਦੇਸ਼ ਵਾਸੀਆਂ ਨੇ ਢੇਰਾਂ ਆਸਾਂ-ਉਮੀਦਾਂ ਨਾਲ ਵੋਟਾਂ ਪਾ ਕੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ । ਉਝ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਉਪਰੰਤ ਨਰਿੰਦਰ ਮੋਦੀ ਨੇ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਹੀ ਆਪਣੀ ਤੇ ਸਹਿਯੋਗੀ ਪਾਰਟੀ ਦੇ ਮੰਤਰੀਆਂ ਨੂੰ ਇਹ ਕਹਿ ਕੇ ਸਾਫ ਤੇ ਸਪਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪਿਛਲੀ ਯੂ.ਪੀ.ਏ. ਸਰਕਾਰ ਦੀਆਂ ਗਲਤੀਆਂ ਅਤੇ ਭਾਈ-ਭਤੀਜਾਵਾਦ ਤੋਂ ਉਪਰ ਉਠ ਕੇ 125 ਕਰੋੜ ਦੇਸ਼ ਵਾਸੀਆਂ ਦੀ ਭਲਾਈ ਲਈ ਕੰਮ ਕਰਨ ਨੂੰ ਤਰਜੀਹ ਦੇਣੀ ਹੈ ਅਤੇ ਚੋਣਾਂ ਦੌਰਾਨ ਦੇਸ਼ ਵਾਸੀਆਂ ਨਾਲ ਕੀਤੇ ਵਾਅਦਿਆਂ ’ਤੇ ਪੂਰਾ-ਖਰਾ ਉਤਰਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ । 
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਪੁਰਾਣੀ ਤੇ ਮੁੱਖ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਾਲੀ ਸਰਕਾਰ ਹੈ । ਅਕਾਲੀ ਭਾਜਪਾ ਗਠਜੋੜ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਹੀ ਨਹੁੰ-ਮਾਸ ਦਾ ਰਿਸ਼ਤਾ ਕਹਿ ਕੇ ਸਲਾਉਂਦੇ ਰਹਿੰਦੇ ਹਨ ।  16ਵੀਂ ਲੋਕ ਸਭਾ ਦੀਆਂ ਚੋਣਾਂ ਅਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਕੇਂਦਰ ਦੀ ਯੂ.ਪੀ.ਏ. ਸਰਕਾਰ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਪੱਖਪਾਤੀ ਤੇ ਮਾੜਾ ਸਲੂਕ ਕਰਨ ਦਾ ਦੋਸ਼ ਲਗਾਉਣ ਸਮੇਤ ਪੰਜਾਬ ’ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ, ਕਿਸਾਨੀ ਦੀ ਮਾੜੀ ਆਰਥਿਕ ਹਾਲਤ, ਸਿੱਖਿਆ-ਸਿਹਤ ਅਤੇ ਵਿਕਾਸ ਦੇ ਖੇਤਰ ਵਿੱਚ ਪਿਛੜਨ ਆਦਿ ਸਮੱਸਿਆਵਾਂ ਦਾ ਠੀਕਰਾ ਕੇਂਦਰ ਸਰਕਾਰ ਸਿਰ ਹੀ ਭੰਨਦੇ ਰਹੇ ਹਨ, ਪਰ ਹੁਣ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕੈਬਨਿਟ ਮੰਤਰੀ ਬਣਨ ਨਾਲ ਉਨ੍ਹਾਂ ਦੇ ਪੁਰਾਣੇ ਸਾਰੇ ਗਿਲੇ-ਸ਼ਿਕਵੇ ਤੇ ਉਲਾਂਭੇ ਦੂਰ ਹੋ ਜਾਣੇ ਚਾਹੀਦੇ ਹਨ ਅਤੇ ਹੁਣ ਪੰਜਾਬ ਵਾਸੀ ਆਸ ਕਰਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਜਪਾ ਨਾਲ ਆਪਣੇ ਪੁਰਾਣੇ ਸਬੰਧਾ ਦੇ ਅਧਾਰ ’ਤੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਪੰਜਾਬ ਦੇ ਗੰਭੀਰ ਮਸਲੇ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, 84 ਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਪੰਜਾਬ ਸਿਰ ਚੜਿਆ ਕਰਜ਼ਾ ਮੁਆਫ ਕਰਵਾਉਣ, ਮਹਿੰਗੀ ਰੇਤਾਂ-ਬਜ਼ਰੀ ਦਾ ਪੱਕਾ ਸਥਾਈ ਹੱਲ ਕਰਵਾਉਣ, ਅੰਤਰਰਾਸ਼ਟਰੀ ਬਾਰਡਰ ਰਹੀ ਹੋ ਰਹੀ ਨਸ਼ਿਆਂ ਦੀ ਤਸਕਰੀ ਬੰਦ ਕਰਵਾਉਣ (ਪੰਜਾਬ ਸਰਕਾਰ ਦੇ ਕਹਿਣ ਅਨੁਸਾਰ), ਪੰਜਾਬ ਦੇ ਕਿਸਾਨਾਂ ਲਈ ਡਾ. ਸੁਆਮੀਨਾਥਨ ਕਮੀਸ਼ਨ ਦੀਆਂ ਸਿਫਾਰਸ਼ਾ ਲਾਗੂ ਕਰਵਾਉਣ ਸਮੇਤ ਸਾਰੇ ਮੁੱਦੇ ਹੱਲ ਕਰਵਾਉਣ ਲਈ ਹੰਭਲਾ ਮਾਰਨਗੇ । ਪੰਜਾਬ ਵਾਸੀ ਆਸ ਕਰਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰੋਕਤ ਸਾਰੇ ਮਸਲਿਆਂ ਨੂੰ ਆਪਣੇ ਚੋਣ ਮੁੱਦੇ ਬਣਾਈ ਰੱਖਣ ਤੋਂ ਉਪਰ ਉਠ ਕੇ ਹੱਲ ਕਰਵਾਉਣ ਲਈ ਸੰਜੀਦਗੀ ਨਾਲ ਯਤਨ ਕਰਨਗੇ ਕਿਉਂਕਿ ਪੰਜਾਬ ਸਰਕਾਰ ਕੋਲ ਇਹ ਸਾਰੇ ਮਸਲੇ ਹੱਲ ਕਰਵਾਉਣ ਦਾ ਹੁਣ ਸੁਨਿਹਰੀ ਮੌਕਾ ਹੈ ਜਿਸ ਦਾ ਸਰਕਾਰ ਨੂੰ ਬਿਨ੍ਹਾਂ ਦੇਰੀ ਤੇ ਬਹਾਨੇ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ । ਇਸ ਸਭ ਦੇ ਨਾਲ-ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਦੀ ਰਾਜਨੀਤੀ ਬੰਦ ਕਰਕੇ ਆਪਣੇ ਭਾਈਵਾਲੀ ਵਾਲੀ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਵਾਸੀਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਯੋਜਨਾ ਉਲੀਕੇ ਕਿਉਂਕਿ ਪੰਜਾਬ ਦੇ ਅਣਖੀ ਲੋਕਾਂ ਨੂੰ ਤਰਸ ਦੇ ਅਧਾਰ ’ਤੇ ਮੁਫਤ ਸਹੂਲਤਾਂ ਦੀ ਨਹੀਂ ਪੱਕੇ ਤੇ ਸਥਾਈ ਰੁਜ਼ਗਾਰ ਦੀ ਲੋੜ ਹੈ । ਜਦੋਂ ਇਨ੍ਹਾਂ ਕੋਲ ਕਰਨ ਲਈ ਕੰਮ ਤੇ ਆਮਦਨ ਦੇ ਸਥਾਈ ਸਾਧਨ ਹੋਣਗੇ ਤਾਂ ਉਹ ਆਪਣੀ ਹਰ ਲੋੜ ਪੈਸੇ ਜਰੀਏ ਪੂਰੀ ਕਰਨ ਦੇ ਸਮਰਥ ਹੋਣਗੇ । ਉਝ ਵੀ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਥੋੜਾ ਦੇ ਕੇ ਟੈਕਸਾਂ ਰਾਹੀਂ ਬਹੁਤਾ ਲੈਣ ਦੀ ਖੇਡ ਹੈ ਜਿਨ੍ਹਾਂ ਨੂੰ ਖਤਮ ਕਰਨ ਦੀ ਲੋੜ ਹੈ । ਪੰਜਾਬ ਸਰਕਾਰ ਵਲੋਂ ਸਭ ਤੋਂ ਜਰੂਰੀ ਤੇ ਤੁਰੰਤ ਕਰਨ ਵਾਲੇ ਕੰਮਾਂ ਵਿੱਚ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਨਾਲ ਜੁੜੀ ਕਿਸਾਨੀ ਨੂੰ ਬਚਾਉਣ ਦਾ ਹੈ ਜੋ ਇਸ ਸਮੇਂ ਪੂਰੀ ਤਰ੍ਹਾਂ ਆਰਥਿਕ ਤੌਰ ’ਤੇ ਟੁੱਟ ਕੇ ਖੁਦਕੁਸ਼ੀਆਂ ਦੇ ਰਾਹੇ ਪਈ ਹੋਈ ਹੈ । ਲਗਾਤਾਰ ਘਾਟੇ ਵਿੱਚ ਜਾ ਰਹੇ ਖੇਤੀਬਾੜੀ ਦੇ ਧੰਦੇ ਤੋਂ ਪੰਜਾਬ ਦੇ ਕਿਸਾਨ ਲਗਾਤਾਰ ਮੁੱਖ ਮੋੜਦੇ ਜਾ ਰਹੇ ਹਨ ਪੰਜਾਬ ’ਚੋਂ ਪਲੈਨ ਕਰ ਰਹੀ ਇੰਡਸਟਰੀ ਬਚਾਉਣ ਸਮੇਤ ਪੰਜਾਬ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਕੇਂਦਰ ਤੋਂ ਵਡਮੁੱਲਾ ਸਹਿਯੋਗ ਲੈ ਕੇ ਪੰਜਾਬ ਵਾਸੀਆਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਮੁਹੱਈਆ ਕਰਵਾ ਸਕਦੀ ਹੈ । ਇਸ ਤਰ੍ਹਾਂ ਹੋਣ ਨਾਲ ਜਿਥੇ ਪੰਜਾਬ ਸਰਕਾਰ ਦੀ ਜਨਤਾ ਵਿੱਚ ਦਿਨੋਂ-ਦਿਨ ਘੱਟ ਰਹੀ ਲੋਕਪ੍ਰਿਅਤਾ ਮੁੜ ਬਹਾਲ ਹੋਵੇਗੀ ਉਥੇ ਪੰਜਾਬ ਮੁੜ ਹੱਸਦਾ, ਵੱਸਦਾ ਤੇ ਖੁਸ਼ਹਾਲ ਸੂਬਾ ਬਣ ਉਭਰੇਗਾ । 




ਜਗਦੇਵ ਸਿੰਘ ਗੁੱਜਰਵਾਲ
ਪਿੰਡ ਤੇ ਡਾਕਖਾਨਾ ਗੁੱਜਰਵਾਲ,
ਜ਼ਿਲ੍ਹਾ ਲੁਧਿਆਣਾ । 
ਮੋ: 99149-28048


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template