Headlines News :
Home » » ਗ਼ਫ਼ਲਤ ਦੀ ਨੀਂਦੋਂ ਜਾਗ ਰਿਹਾ ਹਿੰਦੁਸਤਾਨੀ ਅੱਵਾਮ - ਜਸਵੰਤ ਭਾਰਤੀ

ਗ਼ਫ਼ਲਤ ਦੀ ਨੀਂਦੋਂ ਜਾਗ ਰਿਹਾ ਹਿੰਦੁਸਤਾਨੀ ਅੱਵਾਮ - ਜਸਵੰਤ ਭਾਰਤੀ

Written By Unknown on Saturday 28 June 2014 | 02:11

ਤਲਖ਼ ਹਕੀਕਤ ਹੈ ਕਿ ਇਤਿਹਾਸ ਆਪਣੇ-ਆਪ ਨੂੰ ਅਜ਼ਲ ਤੋਂ ਹੀ ਦੁਹਰਾਉਂਦਾ ਆ ਰਿਹਾ ਹੈ। ਸਮਾਂ ਕਰਵਟਾਂ ਲੈਂਦਾ ਹੈ ਅਤੇ ਜਦੋਂ ਹਰ ਪਾਸੇ ਬਦਇੰਤਜ਼ਾਮੀ ਅਤੇ ਆਪ-ਹੁਦਰੇਪਨ ਦਾ ਮਾਹੌਲ਼ ਕਾਇਮ ਹੋ ਜਾਵੇ ਤਾਂ ਕੁਦਰਤ ਕੋਈ ਨਾ ਕੋਈ ਅਜਿਹਾ ਵਸੀਲਾ ਬਣਾਉਂਦੀ ਹੈ ਕਿ ਗਲ਼ੇ-ਸੜੇ ਨਿਜ਼ਾਮ ਦੀ ਬਰਬਾਦੀ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ, ਨਵੇਂ ਜਜ਼ਬੇ ਅਤੇ ਉਤਸ਼ਾਹ ਲੈ ਕੇ ਕੁਝ ਨੇਕ ਅਤੇ ਸੁਥਰਾ ਕਰਨ ਵਾਲਿਆਂ ਦੁਆਰਾ ਨਵਯੁੱਗ ਦਾ ਆਗ਼ਾਜ਼ ਹੋ ਜਾਂਦਾ ਹੈ। ਭਾਵੇਂ ਕਿ ਅਜੋਕੇ ਹਿੰਦੁਸਤਾਨ ਦੇ ਸੰਦਰਭ ਵਿਚ ਇਸ ਸੱਚਾਈ ਤੋਂ ਕਤਈ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ: 
ਹਰ ਤਰਫ਼ ਕਾਨੂੰਨ ਕੀ ਊਂਚੀ ਫ਼ਸੀਲੇਂ ਹੈਂ ਮਗਰ
ਹਰ ਜਗਹ ਇਕ ਚੋਰ ਰਸਤਾ ਹੈ ਹਮਾਰੇ ਦੇਸ਼ ਮੇਂ।
ਲੇਕਿਨ ਪਿਛਲੇ ਤਕਰੀਬਨ ਦੋ-ਕੁ ਵਰ੍ਹਿਆਂ ਤੋਂ ਹਿੰਦੁਸਤਾਨ ਦੀ ਸਿਆਸਤ ਅਤੇ ਪ੍ਰਸ਼ਾਸਨ ’ਚ ਲੰਮੇ ਸਮੇਂ ਤੋਂ ਕੋਹੜ ਵਾਂਗ ਲੱਗੇ ਰੋਗ ਦੇ ਸਫ਼ਾਏ ਦੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿੱਥੇ ਦੇਸ਼ ਦੇ ਗ਼ੌਰਵਮਈ ਮੱਥੇ ’ਤੇ ਬਦਨੁਮਾ ਦਾਗ਼ ਬਣ ਕੇ ਲੱਗੇ ਘੋਟਾਲ਼ੇਬਾਜ਼ ਰਾਜਸੀ ਆਗੂਆਂ, ਗ਼ੈਰ-ਜ਼ਿੰਮੇਵਾਰ ਨੌਕਰਸ਼ਾਹਾਂ, ਆਡੰਬਰੀ ਸਾਧਾਂ ਅਤੇ ਖ਼ੁਦਮੁਖ਼ਤਿਆਰ ਕਾਰੋਬਾਰੀਆਂ ਦੀਆਂ ਕੋਝੀਆਂ ਕਰਤੂਤਾਂ ਆਪਣੀ ਚਰਮ-ਸੀਮਾ ਨੂੰ ਛੂਹ ਰਹੀਆਂ ਨੇ, ਉਥੇ ਦੂਜੇ ਪਾਸੇ ਲੱਕ-ਤੋੜਵੀਂ ਮਹਿੰਗਾਈ, ਬੇਰੁਜ਼ਗਾਰੀ ਅਤੇ ਨਾ-ਇਨਸਾਫ਼ੀ ਦੇ ਸਤਾਏ ਹੋਏ ਕੁਝ ਲੋਕ ਜਾਗਰੂਕ ਹੋ ਕੇ ਪੁਰਅਮਨ, ਏਕੇ ਅਤੇ ਇਨਸਾਫ਼ ਦੀ ਸਥਾਪਤੀ ਖ਼ਾਤਿਰ ਸੜਕਾਂ ਉੱਪਰ ਨਿੱਕਲ ਆਏ ਹਨ। ਵਿਸ਼ਵ ਦੀਆਂ ਸਿਰਮੌਰ ਤਾਕਤਾਂ ਦੇ ਹੱਥਾਂ ’ਚ ਦੇਸ਼ ਨੂੰ ਕਠਪੁਤਲੀ ਬਣਾਉਣ ਵਾਲੇ, ਦੇਸ਼ਵਾਸੀਆਂ ਦੀ ਪਿੱਠ ’ਚ ਛੁਰਾ ਖੋਭ ਕੇ ਆਪਣੀਆਂ ਕਈ-ਕਈ ਪੀੜ੍ਹੀਆਂ ਵਾਸਤੇ ਦੌਲਤ ਨਾਲ਼ ਤਿਜੋਰੀਆਂ ਭਰਨ ਵਾਲ਼ੇ ਸਿਆਸਤਦਾਨਾਂ, ਰੱਬੀ-ਨਾਮ ਦਾ ਵਪਾਰ ਕਰਨ ਵਾਲ਼ੇ ਅਖੌਤੀ ਸੰਤਾਂ, ਭ੍ਰਿਸ਼ਟ ਨੌਕਰਸ਼ਾਹਾਂ ਅਤੇ ਲੋਕਾਂ ਨੂੰ ਮਨਮਰਜ਼ੀ ਦੀ ਕੀਮਤ ਤੇ ਆਪਣੇ ਉਤਪਾਦਨ ਵੇਚਣ ਵਾਲ਼ੇ ਜ਼ਖ਼ੀਰੇਬਾਜ਼ੀ ਅਤੇ ਕਾਲ਼ਾ-ਬਜ਼ਾਰੀ ਦੇ ਮਾਹਿਰ ਕਾਰੋਬਾਰੀਆਂ ਦੇ ਮਾੜੇ ਵਕਤ ਦੀ ਸ਼ੁਰਆਤ ਦਾ ਬਿਗਲ ਵੱਜ ਚੁੱਕਾ ਹੈ। 
2011 ਵਿਚ ਗਾਂਧੀਵਾਦੀ ਸੁਧਾਰਕ ਅੰਨਾ ਹਜ਼ਾਰੇ ਦੁਆਰਾ ਘਪਲੇਬਾਜ਼ਾਂ ਨੂੰ ਨੂੜਣ ਲਈ ਮਜ਼ਬੂਤ ਜਨ-ਲੋਕਪਾਲ ਦੀ ਮੰਗ ਤੇ ਇਕੱਠੇ ਹੋਏ ਜਨ-ਕਾਫ਼ਲੇ ਤੋਂ ਇਹ ਸੰਕੇਤ ਸਪੱਸ਼ਟ ਹੋ ਗਿਆ ਸੀ ਕਿ ਬਿਨ੍ਹਾਂ ਸ਼ੱਕ ਯੁੱਗ-ਪਲਟਾਊ ਮੁਹਿੰਮ ਦਾ ਆਗ਼ਾਜ਼ ਹੋ ਰਿਹਾ ਹੈ। ਅੰਨਾ ਹਜ਼ਾਰੇ, ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ, ਪ੍ਰਸ਼ਾਂਤ ਭੂਸ਼ਨ, ਕਿਰਨ ਬੇਦੀ, ਕੁਮਾਰ ਬਿਸਵਾਸ ਜਿਹੇ ਵਤਨ-ਪ੍ਰਸਤਾਂ ਨੇ ਜਿਸ ਦਲੇਰੀ, ਠਰੰਮੇ ਅਤੇ ਇਮਾਨਦਾਰੀ ਨਾਲ਼ ਅੱਵਾਮ ਨੂੰ ਲੋਕਤੰਤਰ ਦੇ ਅਸਲੀ ਅਰਥ ਦੱਸਦਿਆਂ ਜਾਗਰੂਕ ਕਰਕੇ ਦੇਸ਼ ਦੀ ਤਬਾਹੀ ਕਰਨ ’ਤੇ ਤੁਲ਼ੇ ਹੋਏ ਮੁਲਕ ਦੇ ਗ਼ੱਦਾਰਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ, ਉਸਦੇ ਹੈਰਾਨੀਜਨਕ ਨਤੀਜੇ ਦਿੱਲੀ ਵਿਧਾਨ ਸਭਾ ਚੋਣਾਂ ਮਗਰੋਂ ਸਾਰੇ ਮੁਲਕ ਸਾਹਵੇਂ ਪ੍ਰਤੱਖ਼ ਹੋਏ। ਪਰੰਪਰਾਗਤ ਸੌੜੀ ਸਿਆਸਤ ਦੀਆਂ ਗੁੰਝਲਾਂ ਅਤੇ ਗੁੱਝੇ ਭੇਦਾਂ ਨੂੰ ਸਮਝਣ ਦਾ ਦਾਅਵਾ ਕਰਨ ਵਾਲ਼ੇ ਉਨ੍ਹਾਂ ਮਹਾਂਰਥੀਆਂ ਦੇ ਕਿਆਫ਼ੇ ਕੁਝ-ਕੁ ਦਿਨਾਂ ਵਿਚ ਹੀ ਉਡਣ-ਛੂਅ ਹੋ ਗਏ ਸਨ ਜਿਨ੍ਹਾਂ ਦੀ ਸੌੜੀ ਸੋਚ ਅੰਦਰ ਇਹ ਭਰਮ ਪੱਕੀ ਤਰ੍ਹਾਂ ਬੈਠ ਗਿਆ ਸੀ ਕਿ ਬਗ਼ੈਰ ਧਨ, ਪਹੁੰਚ ਅਤੇ ਭ੍ਰਿਸ਼ਟ ਹੱਥਕੰਡਿਆਂ ਤੋਂ ਕੋਈ ਸੱਤਾ-ਪ੍ਰਾਪਤੀ ਜਾਂ ਬਦਲਾਉ ਮੁਮਕਿਨ ਨਹੀਂ। ਸਮੇਂ ਨੇ ਖ਼ੁਦ ਸਾਬਿਤ ਕਰ ਵਿਖਾਇਆ ਹੈ ਕਿ ਜ਼ਹੀਨ, ਨੇਕ-ਦਿਲ, ਇਮਾਨਦਾਰ, ਸੱਚੇ-ਸੁੱਚੇ ਅਤੇ ਕਥਨੀ-ਕਰਨੀ ’ਚ ਸੁਮੇਲ਼ਤਾ ਰੱਖਣ ਵਾਲ਼ੇ ਅਰਵਿੰਦ ਕੇਜਰੀਵਾਲ ਜਿਹੇ ਯੁੱਗਪੁਰਸ਼ਾਂ ਦਾ ਸ਼ਖ਼ਸੀ ਕੱਦ ਹਿੰਦੁਸਤਾਨੀ ਸਿਆਸਤ ਅਤੇ ਤਖ਼ਤ ’ਤੇ ਕਾਬਜ਼ ਰਾਜਸੀ ਆਗੂਆਂ ਨਾਲੋਂ ਕਿਤੇ ਜ਼ਿਆਦਾ ਬੁਲੰਦ ਅਤੇ ਕਾਬਿਲੇ-ਤਾਰੀਫ਼ ਹੈ। ਸਮੇਂ ਦੇ ਸ਼ਾਹਸਵਾਰ ਅਰਵਿੰਦ ਕੇਜਰੀਵਾਲ ਮੁਤਅੱਲੁਕ ਸਹਿਜੇ ਹੀ ਆਖਿਆ ਜਾ ਸਕਦੈ: 
ਹਜ਼ਾਰੋਂ ਸਾਲ਼ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਮੇਂ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।
ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕਿਆ ਹੈ ਕਿ ਜਦੋਂ ਕੁਸ਼ਾਸਕਾਂ ਦਾ ਜ਼ੁਲਮੋ-ਸਿਤਮ ਹੱਦਾਂ-ਬੰਨੇ ਟੱਪ ਜਾਂਦਾ ਹੈ, ਜਨਤਾ ਦੇ ਭਰੋਸੇ ਨਾਲ਼ ਕੋਝਾ ਖ਼ਿਲਵਾੜ ਕਰਦਿਆਂ ਮੁਲਕ ਦੇ ਬੇਸ਼ਕੀਮਤੀ ਖ਼ਜ਼ਾਨੇ ਨੂੰ ਗ਼ੈਰ-ਕਾਨੂੰਨੀ ਤਰੀਕਿਆਂ ਨਾਲ਼ ਨਿੱਜੀ ਐਸ਼ੋ-ਆਰਾਮ ਖ਼ਾਤਿਰ ਖ਼ੋਰਾ ਲਗਾਇਆ ਜਾਂਦਾ ਹੈ ਤਾਂ ਅਜਿਹਾ ਪਲਟਾਅ ਹੋਣਾ ਯਕੀਨੀ ਹੈ। 
ਜਮਹੂਰੀਅਤ ਪੱਖ਼ੋਂ ਵਿਸ਼ਵ ਦੇ ਸਭ ਤੋਂ ਅਜ਼ੀਮ ਅਤੇ ਭੂਗੋਲਿਕ ਆਕਾਰ ਪੱਖ਼ੋਂ ਦੁਨੀਆ ਦੇ ਸੱਤਵੇਂ ਸਭ ਤੋਂ ਵੱਡੇ ਮੁਲਕ ਹਿੰਦੁਸਤਾਨ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਿਕਾਸ ਦੇ ਜਿੰਨੇ ਮਰਜ਼ੀ ਵੱਡੇ-ਵੱਡੇ ਦਾਅਵੇ ਕਰੀ ਜਾਣ ਪਰ ਜ਼ਮੀਨੀ ਹਕੀਕਤ ਕਿਸੇ ਤੋਂ ਲੁਕੀ ਨਹੀਂ ਹੈ ਕਿ ਆਜ਼ਾਦੀ-ਪ੍ਰਾਪਤੀ ਦੇ 66 ਵਰ੍ਹੇ ਬੀਤਣ ਦੇ ਬਾਵਜੂਦ ਦੇਸ਼ ਦੇ ਕਿਸੇ ਇਕ ਵੀ ਖ਼ਿੱਤੇ ਵਿਚ ਅੱਵਾਮ ਲਈ ਖਾਧ-ਪਦਾਰਥਾਂ, ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਮੁਕੰਮਲ਼ ਇੰਤਜ਼ਾਮ ਤਾਂ ਇਕ ਪਾਸੇ ਰਿਹਾ ਬਲਕਿ ਸਾਫ਼-ਸਵੱਛ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਬਹੁਤੇ ਪ੍ਰਦੇਸ਼ਾਂ ਵਿਚ ਪਾਣੀ ਅਤੇ ਰੇਤੇ ਨੂੰ ਬੜੇ ਮਹਿੰਗੇ ਭਾਅ ਤੇ ਵੇਚਿਆ ਜਾ ਰਿਹਾ ਹੈ। ਬਹੁ-ਗਿਣਤੀ ਗੁੰਮਰਾਹ ਹੋਏ ਜਨਤਕ ਆਗੂ ਆਪਣੇ ਫ਼ਰਜ਼ਾਂ ਨੂੰ ਛਿੱਕੇ ਟੰਗ ਕੇ ਨੌਜੁਆਨ ਸ਼ਕਤੀ ਦੀ ਸੁਯੋਗ ਵਰਤੋਂ ਕਰਨ ਦੀ ਬਜਾਇ ਉਨ੍ਹਾਂ ਨੂੰ ਵਿਲਾਸਮਈ ਪਦਾਰਥਾਂ ਅਤੇ ਨਸ਼ਿਆਂ ਦੀ ਦਲ਼ਦਲ਼ ’ਚ ਗ਼ਲਤਾਨ ਕਰਨ ’ਤੇ ਤੁਲ਼ੇ ਹੋਏ ਹਨ। ਮੁਲਕ ਦੇ ਗ਼ੱਦਾਰ ਅਜਿਹੇ ਲੀਡਰਾਂ ਨੂੰ ਤੌਖ਼ਲਾ ਇਹੀ ਹੈ ਕਿ ਜੇਕਰ ਲੋਕਾਂ ਦੀ ਸੁੱਤੀ ਸੋਚ ਜਾਗ ਪਈ ਤਾਂ ਉਨ੍ਹਾਂ ਦਾ ਤਖ਼ਤੋ-ਤਾਜ ਅਤੇ ਸਰਮਾਏ ਦੇ ਅੰਬਾਰ ਪਲਕ ਝਪਕਦਿਆਂ ਹੀ ਉਡਣ-ਛੂਅ ਹੋ ਜਾਣਗੇ। ਵਤਨ-ਦੋਖ਼ੀ ਅਜਿਹੇ ਲੀਡਰਾਂ ਦੀਆਂ ਕੋਝੀਆਂ ਕਰਤੂਤਾਂ ਸਦਕਾ ਆਮ ਆਦਮੀ ਦਾ ਜਿਊਣਾ ਇੰਨਾ ਦੁੱਭਰ ਹੋ ਗਿਆ ਹੈ ਕਿ ਤ੍ਰਾਸਦਿਕ ਜਮਹੂਰੀਅਤ ਲਈ ਜਿਊਣ ਦਾ ਅਰਥ ਨਰਕ ਭੋਗਣਾ ਬਣ ਚੁੱਕਿਆ ਹੈ। 
ਡੂੰਘਾਈ ਵੱਲ ਨਾ ਜਾਂਦਿਆਂ ਹੋਇਆਂ ਜੇਕਰ ਪੰਛੀ-ਝਾਤ ਹੀ ਮਾਰੀਏ ਤਾਂ ਸਮੁੱਚੇ ਮੁਲਕ ਦਾ ਆਲਮ ਇਹ ਹੈ ਕਿ ਜਿੱਥੇ ਇਕ ਪਾਸੇ ਮਹਿੰਗਾਈ ਦੀ ਚੱਕੀ ਦੇ ਪੁੜਾਂ ’ਚ ਨਪੀੜੀ ਜਾ ਰਹੀ ਜਨਤਾ ਫ਼ਾਕੇ ਕੱਟਣ ਲਈ ਬੇਬਸ ਹੋਈ ਪਈ ਹੈ, ਸਰਕਾਰੀ ਮੁਲਾਜ਼ਮਾਂ ਨੂੰ ਕਈ-ਕਈ ਮਹੀਨੇ ਤਨਖ਼ਾਹਾਂ ਲਈ ਲੇਲੜੀਆਂ ਕੱਢਣੀਆਂ ਪੈ ਰਹੀਆਂ ਹਨ, ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਢੋਡਰਾਂ ਵਾਂਗ ਤਸ਼ੱਦੁਦ ਢਾਹਿਆ ਜਾਂਦਾ ਹੈ, ਉਥੇ ਦੂਜੇ ਪਾਸੇ ਸਥਾਨਕ, ਪ੍ਰਾਦੇਸ਼ਿਕ ਜਾਂ ਕੇਂਦਰੀ ਕਿਸੇ ਵੀ ਹਕੂਮਤ ਦੇ ਬਹੁ-ਗਿਣਤੀ ਅਹੁਦੇਦਾਰਾਂ ਦੁਆਰਾ ਆਪਣੇ ਰੁਤਬੇ ਦੀ ਨਾਜਾਇਜ਼ ਵਰਤੋਂ ਕਰਕੇ ਮੁਲਕ ਦੀ ਅੰਨ੍ਹੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਸਿਆਸੀ ਨੁਮਾਇੰਦਿਆਂ ਅਤੇ ਨੌਕਰਸ਼ਾਹਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਰਿਹਾਇਸ਼, ਖਾਣੇ, ਆਵਾਜਾਈ, ਸੰਚਾਰ ਅਤੇ ਸੁਰੱਖਿਆ ਸਹੂਲਤਾਂ ਉੱਪਰ ਅਰਬਾਂ ਰੁਪਏ ਅੰਨ੍ਹੇਵਾਹ ਫ਼ੂਕੇ ਜਾ ਰਹੇ ਹਨ। ਆਮ ਜਨਤਾ ਦੀ ਭਲਾਈ ਲਈ ਬਣਾਈਆਂ ਯੋਜਨਾਵਾਂ ਦੀ ਧਨ ਰਾਸ਼ੀ ਦਾ ਬਹੁਤਾ ਹਿੱਸਾ ਮੁਲ਼ਕ ਦਾ ਸ਼ੋਸ਼ਣ ਕਰਨ ਵਾਲ਼ਿਆਂ ਦੁਆਰਾ ਆਪਣੇ ਢਿੱਡੀਂ ਤੁੰਨਿਆ ਜਾ ਰਿਹਾ ਹੈ। 
ਭਾਰਤ ਦੇ ਕਿਸੇ ਵੀ ਖੇਤਰ ਵਿਚ ਕਿਸੇ ਵੀ ਸਿਆਸੀ ਦਲ਼ ਦੀ ਹਕੂਮਤ ਰਹੀ ਹੋਵੇ, ਪਿੰਡ ਦੇ ਆਮ ਪੰਚ ਤੋਂ ਲੈ ਕੇ ਸਰਕਾਰ ਦੇ ਵੱਡੇ ਤੋਂ ਵੱਡੇ ਵਜ਼ੀਰਾਂ ਜਾਂ ਨੌਕਰਸ਼ਾਹਾਂ ਵਿੱਚੋਂ ਬਹੁ-ਗਿਣਤੀ ਨੇ ਤਾਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਜ਼ਰੀਏ ਧਨ ਦੇ ਅੰਬਾਰ ਇਕੱਠੇ ਕਰਨ ਦੀ ਮਨਸ਼ਾ ਨਾਲ਼ ਹੀ ਕਾਰਜਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ। ਬੇਸ਼ੱਕ ਸੱਚਾਈ ਦੇ ਅਲਮ-ਬਰਦਾਰ, ਇਮਾਨਦਾਰ ਅਤੇ ਸੇਵਾ-ਭਾਵਨਾ ਵਾਲ਼ੇ ਕਾਰਜਸ਼ੀਲ ਇਨਸਾਨਾਂ ਦੀ ਹੋਂਦ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਤ੍ਰਾਸਦੀ ਇਹ ਹੈ ਕਿ ਅਜਿਹੇ ਇਨਸਾਨਾਂ ਦੀ ਤਾਦਾਦ ਆਟੇ ’ਚ ਲੂਣ ਦੀ ਮਿਕਦਾਰ ਤੋਂ ਵੀ ਕਿਤੇ ਘੱਟ ਹੈ। ਦਰਅਸਲ ਭ੍ਰਿਸ਼ਟ ਰਾਜਸੀ ਆਗੂਆਂ ਅਤੇ ਗ਼ੈਰ-ਜ਼ਿੰਮੇਵਾਰ ਨੌਕਰਸ਼ਾਹੀ ਨੇ ਮਿਲ਼ ਕੇ ਅਜਿਹਾ ਨਿਜ਼ਾਮ ਕਾਇਮ ਕਰ ਘੱਤਿਆ ਹੈ ਕਿ ਨਿਸ਼ਠਾ, ਦਿਆਨਤਦਾਰੀ ਅਤੇ ਜਨ-ਸਮਰਪਿਤ ਭਾਵਨਾਵਾਂ ਵਾਲ਼ੇ ਕਰਮਯੋਗੀ ਇਨਸਾਨਾਂ ਲਈ ਆਪਣਾ ਵਜੂਦ ਕਾਇਮ ਰੱਖਣਾ ਵੀ ਦੁੱਭਰ ਹੋਇਆ ਪਿਆ ਹੈ। ਰਿਸ਼ਵਤਖ਼ੋਰੀ ਦਾ ਕੁਲਹਿਣਾ ਕੋਹੜ ਤਾਂ ਇਸ ਹੱਦ ਤੀਕਰ ਸਰਵ-ਵਿਆਪਕ ਹੋਇਆ ਪਿਆ ਹੈ ਕਿ ਨਿੱਕੇ ਤੋਂ ਨਿੱਕਾ ਕੰਮ ਵੀ ਇਸਦੇ ਬਗ਼ੈਰ ਨੇਪਰੇ ਨਹੀਂ ਚੜ੍ਹਦਾ। ਇਥੋਂ ਤੀਕ ਕਿ ਕਈ ਹਸਪਤਾਲਾਂ ਦੁਆਰਾ ਬਿਮਾਰੀਆਂ ਅਤੇ ਹਾਦਸਿਆਂ ਸਦਕਾ ਮਰ ਰਹੇ ਲੋਕਾਂ ਦੀਆਂ ਲੋਥਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੁੱਠੀ ਗਰਮ ਕੀਤੇ ਬਗ਼ੈਰ ਨਾ ਸੌਂਪਣ ਦੀਆਂ ਖ਼ਬਰਾਂ ਤੋਂ ਵੀ ਕੋਈ ਅਣਜਾਨ ਨਹੀਂ ਹੈ।
ਇਸ ਤਰ੍ਹਾਂ ਦੇ ਬਦਨੁਮਾ ਕਲੰਕਾਂ ਨੂੰ ਸਾਫ਼ ਕਰਨ ਅਤੇ ਲੋਕਤੰਤਰ ਅੰਦਰਲੀ ਗ਼ੰਦਗੀ ਨੂੰ ਖ਼ਤਮ ਕਰਨ ਦਾ ਤਹੱਈਆ ਕਰਕੇ ਹੀ ਟੀਮ ਅੰਨਾ ਨੇ ਪਰਚਮ ਲਹਿਰਾਇਆ ਸੀ ਜਿਸਦੇ ਬਲਬੂਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ 28 ਦਸੰਬਰ 2013 ਨੂੰ ਦਿੱਲੀ ਦੀ ਪ੍ਰਾਦੇਸ਼ਿਕ ਹਕੂਮਤ ਨੇ ਹੋਂਦ ਵਿਚ ਆਉਂਦਿਆਂ ਹੀ ਗ਼ਫ਼ਲਤ ਦੀ ਨੀਂਦ ’ਚ ਗੜੁੱਚ ਹੋਏ ਲੋਕਾਂ ਨੂੰ ਅਸਲ ਜਮਹੂਰੀਅਤ ਦੇ ਪ੍ਰਤੱਖ਼ ਦੀਦਾਰ ਕਰਵਾ ਦਿੱਤੇ ਸਨ। ਸੱਤਾ ਸੰਭਾਲ਼ਦਿਆਂ ਹੀ ਉਸਨੇ ਜਨਤਾ ਨਾਲ਼ ਕੀਤੇ ਆਪਣੇ ਕੌਲ਼ ਵਿਵਹਾਰਕ ਰੂਪ ’ਚ ਪੂਰੇ ਕਰਨ ਦਾ ਸਿਲਸਿਲਾ ਬੜੇ ਧੜੱਲੇ ਨਾਲ਼ ਆਰੰਭ ਕਰ ਦਿੱਤਾ ਸੀ। ਆਪਣੇ ਵਜ਼ੀਰਾਂ ਲਈ ਸਰਕਾਰੀ ਬੰਗਲੇ, ਲਾਲ ਬੱਤੀ ਵਾਲ਼ੀਆਂ ਗੱਡੀਆਂ, ਮਹਿੰਗੀਆਂ ਸੁਰੱਖ਼ਿਆ ਸਹੂਲਤਾਂ ਆਦਿ ਲੈਣ ਤੋਂ ਕੋਰਾ ਇਨਕਾਰ ਕਰਕੇ ਇਕ ਐਸਾ ਰੌਸ਼ਨਮਈ ਇਤਿਹਾਸ ਸਿਰਜ ਘੱਤਿਆ ਸੀ ਜੋ ਅੱਜ ਤੋਂ ਪਹਿਲਾਂ ਹਿੰਦੁਸਤਾਨ ’ਚ ਕਦੇ ਵੀ ਨਹੀਂ ਵਾਪਰਿਆ ਸੀ। ਦਿੱਲੀ ਦੀ ਖ਼ਲਕਤ ਨੂੰ ਤਖ਼ਤ ਉੱਪਰ ਬੈਠਦਿਆਂ ਹੀ 660 ਪ੍ਰਤੀ ਦਿਨ ਲਿਟਰ ਮੁਫ਼ਤ ਪਾਣੀ ਉਪਲਬਧ ਕਰਵਾ ਕੇ, ਬਿਜਲੀ ਕੰਪਨੀਆਂ ਦੇ ਆੱਡਿਟ ਨੂੰ ਹਰੀ ਝੰਡੀ ਦੇ ਕੇ ਅਤੇ ਬਿਜਲੀ ਦਰਾਂ’ਚ ਭਾਰੀ ਗਿਰਾਵਟ ਕਰਕੇ ਵਿਵਹਾਰਕ ਅਮਲਾਂ ਦਾ ਆਗ਼ਾਜ਼ ਕੀਤਾ। ਦਿੱਲੀ ਵਿਧਾਨ ਸਭਾ ਵਿਚ ਕੇਜਰੀਵਾਲ ਨੇ ਚੁਫ਼ੇਰਿਓਂ ਤਿੱਖ਼ੇ ਵਿਰੋਧ ਅਤੇ ਅਨੇਕਾਂ ਅੜਿੱਕਿਆਂ ਦੇ ਬਾਵਜੂਦ ਜਿਸ ਦਾਨਿਸ਼ਮੰਦੀ ਨਾਲ਼ ਭਰੋਸੇ ਦਾ ਬਹੁਮਤ ਹਾਸਿਲ ਕਰਕੇ ਦਿਖਾਇਆ, ਉਸ ਤੋਂ ਉਸਦੀ ਦੂਰਦਰਸ਼ੀ ਅਤੇ ਪਾਰਦਰਸ਼ੀ ਸੋਚ ਸਭ ਦੇ ਸਾਹਵੇਂ ਰੂਬਰੂ ਹੋਈ। ਬੇਸ਼ੱਕ ਵਿਰੋਧੀ ਦਲਾਂ ਦੁਆਰਾ ਜਾਇਜ਼-ਨਾਜਾਇਜ਼ ਤਰੀਕਿਆਂ ਦੁਆਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਕੇ ਡੇਗਣ ਦੀਆਂ ਸਾਜ਼ਿਸ਼ਾਂ ਅਤੇ ਗਤੀਵਿਧੀਆਂ ਵੀ ਪੂਰੀ ਤਰ੍ਹਾਂ ਗਰਮਾਹਟ ਵਿਚ ਰਹੀਆਂ ਅਤੇ ਦੂਜੇ ਪਾਸੇ ਕੇਜਰੀਵਾਲ ਨੇ ਜਨਤਾ ਨਾਲ਼ ਕੀਤੇ ਵਾਅਦੇ ਅਨੁਸਾਰ ਇਕ ਨਿੱਗਰ ਜਨ-ਲੋਕਪਾਲ ਲਾਗੂ ਕਰਵਾਉਣ ਲਈ ਰਾਹ ਵਿਚ ਅੜਿੱਕਾ ਪਾ ਰਹੀਆਂ ਇਸ ਬਿੱਲ ਵਿਰੋਧੀ ਪਾਰਟੀਆਂ ਦੀ ਤਿੱਖੀ ਮੁਖ਼ਾਲਫ਼ਿਤ ਕਾਰਨ ਦਿੱਲੀ ਦੇ ਤਖ਼ਤ ਨੂੰ ਸਵੈ-ਇੱਛਾ ਨਾਲ਼ ਤਿਆਗ ਕੇ ਲੋਕ-ਮਨਾਂ ਅੰਦਰ ਇਕ ਸਨਮਾਨਯੋਗ ਜਗ੍ਹਾ ਬਣਾ ਲਈ ਅਤੇ ਰੂੜ੍ਹੀਵਾਦੀ ਲੀਡਰਾਂ ਨੂੰ ਇਹ ਸਾਬਿਤ ਕਰ ਵਿਖਾਇਆ ਕਿ ਜਨਤਾ ਦੇ ਹਿੱਤਾਂ ਦੀ ਰਾਖੀ ਅਤੇ ਕੀਤੇ ਵਾਅਦੇ ਨੂੰ ਪੁਗਾਉਣ ਲਈ ਉਹ ਕਿਸੇ ਵੀ ਸਿੰਘਾਸਨ ਜਾਂ ਰੁਤਬੇ ਨੂੰ ਹੱਸ ਕੇ ਠੋਕਰ ਮਾਰ ਸਕਦੇ ਹਨ।
ਜਨਤਾ ਦੇ ਇਸ ਮਹਿਬੂਬ ਨੇਤਾ ਦੇ ਇਰਦ-ਗ਼ਿਰਦ ਗਲ਼-ਕਟੀਅਨਾਂ ਦਾ ਜਮਘਟਾ ਹੋਣ ਦੇ ਬਾਵਜੂਦ ਉਸਦਾ ਹੌਸਲਾ ਪੂਰੀ ਤਰ੍ਹਾਂ ਬੁਲੰਦ ਰਿਹਾ। ਦੂਜੀ ਤਰਫ਼ ਵੀ.ਆਈ.ਪੀ. ਸਹੂਲਤਾਂ ਭੋਗਦੇ ਆ ਰਹੇ ਵਜ਼ੀਰਾਂ ਦੀ ਐਸ਼-ਭਰਪੂਰ ਜ਼ਿੰਦਗੀ ’ਚ ਖ਼ਲਲ ਪੈਦਾ ਹੋਣੀ ਤਾਂ ਸੁਭਾਵਿਕ ਹੀ ਹੈ। ਆਪਣੇ ਹੱਥੋਂ ਖੁੱਸ ਰਹੇ ਸਵਰਗੀ ਝੂਟਿਆਂ ਦੇ ਝੋਰੇ ਕਾਰਨ ਉਨ੍ਹਾਂ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ। ਕੇਜਰੀਵਾਲ ਦੀ ਵਿਚਾਰਧਾਰਾ “ਦੇਸ਼ ਦੀ ਰਾਜਨੀਤੀ ਵਿਚਲੇ ਚਿੱਕੜ ਨੂੰ ਰਾਜਨੀਤੀ ’ਚ ਵੜ ਕੇ ਹੀ ਸਾਫ਼ ਕੀਤਾ ਜਾ ਸਕਦਾ ਹੈ” ਨੇ ਅਜਿਹਾ ਚੋਖ਼ਾ ਰੰਗ ਲਿਆਂਦਾ ਕਿ ਮੁਲਕ ਦੀ ਸਿਆਸੀ ਗੰਦਗੀ ਨੂੰ ਸਾਫ਼ ਕਰਨ ਦਾ ਤਹੱਈਆ ਕਰਕੇ ਪੂਰੇ ਮੁਲਕ ਦੀ ਯੁਵਾ ਜਮਾਤ ਨੇ ਪਹਿਲੀ ਮਰਤਬਾ ਪੂਰੇ ਜੋਸ਼ੋ-ਖ਼ਰੋਸ਼ ਨਾਲ਼ ਬਤੌਰ ਇਕ ਜ਼ਿੰਮੇਵਾਰ ਵੋਟਰ ਆਪਣੀ ਭੂਮਿਕਾ ਨਿਭਾਈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿਚ ਭਾਰਤੀ ਚੋਣ ਕਮਿਸ਼ਨ ਅਤੇ ਬਹੁਤ ਸਾਰੀਆਂ ਜਾਗਰੂਕ ਸਮਾਜ-ਸੇਵੀ ਸੰਸਥਾਵਾਂ ਦੇ ਯਤਨ ਵੀ ਬੜੇ ਸ਼ਲਾਘਾਯੋਗ ਰਹੇ। 
ਹੁਣ ਪੜਾਅ-ਦਰ-ਪੜਾਅ ਹੋ ਰਹੀਆਂ 16ਵੀਂ ਲੋਕ ਸਭਾ ਚੋਣਾਂ ’ਚ ਜਾਗਰੂਕ ਹੋ ਚੁੱਕੇ ਲੋਕਾਂ ਖ਼ਾਸਕਰ ਨੌਜੁਆਨ ਪੀੜ੍ਹੀ ਦੀ ਸ਼ਮੂਲੀਅਤ ਨੇ ਹਿੰਦੁਸਤਾਨ ਨੂੰ ਆਪਣੀ ਜੱਦੀ-ਪੁਸ਼ਤੀ ਮਲਕੀਅਤ ਸਮਝਣ ਵਾਲਿਆਂ ਦੇ ਮਨਾਂ ਅੰਦਰ ਤਰਥੱਲੀ ਮਚਾ ਰੱਖੀ ਹੈ। 402 ਸੀਟਾਂ ਲਈ ਭਰਪੂਰ ਮੱਤਦਾਨ ਹੋ ਚੁੱਕਿਆ ਹੈ ਅਤੇ ਛੇਕੜਲੇ ਗੇੜ ਦੀਆਂ ਚੋਣਾਂ 12 ਮਈ ਨੂੰ ਸਮਾਪਤ ਹੋ ਜਾਣਗੀਆਂ। ਅੱਵਾਮੀ ਫ਼ੈਸਲਾ 16 ਮਈ ਨੂੰ ਸਭ ਦੇ ਸਨਮੁੱਖ ਹੋ ਜਾਏਗਾ। ਜੇਕਰ ਚੋਣ ਕਮਿਸ਼ਨ ਦੀਆਂ ਕਾਰਵਾਈਆਂ ਵਿਚ ਅੜਿੱਕਾ ਨਾ ਪਾਉਂਦਿਆਂ ਹੋਇਆਂ ਕਾਲ਼ੇ ਧਨ ਅਤੇ ਰਾਜਸੀ ਧੱਕੇਸ਼ਾਹੀ ਸਦਕਾ ਲੋਕਾਂ ਦੇ ਫ਼ੈਸਲੇ ਨੂੰ ਸੰਭਾਲ਼ੀ ਬੈਠੀਆਂ ਇਲੈਕਟ੍ਰੌਨਿਕਸ ਵੋਟਿੰਗ ਮਸ਼ੀਨਾਂ ਨਾਲ਼ ਛੇੜਛਾੜ ਨਾ ਕੀਤੀ ਗਈ ਤਾਂ ਇਸ ਵਾਰ ਦੇ ਨਤੀਜੇ ਸਭ ਨੂੰ ਚਕਾਚੌਂਧ ਕਰ ਦੇਣਗੇ। ਦਰਅਸਲ ਦੇਸ਼ ਲਈ ਇਸ ਤੋਂ ਅਜ਼ੀਮ ਦੁਖਾਂਤ ਹੋ ਕੀ ਹੋ ਸਕਦਾ ਹੈ ਕਿ ਜਨਤਾ ਦੁਆਰਾ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਜਨਤਾ ਵਿੱਚੋਂ ਹੀ ਚੁਣੇ ਗਏ ਪ੍ਰਤੀਨਿਧ ਜਨਤਾ ਮੁਲਕ ਦੇ ਸਤਿਕਾਰਿਤ ਸੰਵਿਧਾਨ ਨੂੰ ਅਣਗ਼ੌਲਦਿਆਂ ਹੋਇਆਂ ਦੇਸ਼ ਦੀਆਂ ਆਂਦਰਾਂ ਵੱਢਣ ਲਈ ਲੱਕ ਬੰਨ੍ਹੀ ਬੈਠੇ ਹਨ। ਦੇਸ਼ ਦੀ ਸਨਮਾਨਯੋਗ ਸੰਸਦ ਅੰਦਰ ਇਕ-ਦੂਜੇ ਦੇ ਮਾਈਕ੍ਰੋਫੋਨ ਤੋੜਣ, ਦਸਤਾਵੇਜ਼ ਪਾੜਣ, ਫ਼ਰਨੀਚਰ ਤਬਾਹ ਕਰਨ ਜਾਂ ਭੱਦੀ ਸ਼ਬਦਾਵਲ਼ੀ ਵਰਤਣ ਵਾਲ਼ੇ ਮੁਲਕ ਅਤੇ ਅੱਵਾਮ ਦੀ ਭਲ਼ਾ ਕੀ ਸੁਆਰ ਸਕਣਗੇ? ਲੋਕਾਂ ਦੇ ਚੁਣੇ ਹੋਏ ਅਜਿਹੇ ਪ੍ਰਤੀਨਿਧ ਜਨ-ਕਲਿਆਣਕਾਰੀ ਕਾਰਜਾਂ ਦੀ ਬਜਾਇ ਸੰਵਿਧਾਨ ਅਤੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਬੇਬਸ ਲੋਕਾਈ ਦੀਆਂ ਵੋਟਾਂ ਨੂੰ ਕਾਲ਼ੇ ਧਨ, ਧਾਂਦਲੀਆਂ, ਨਸ਼ਿਆਂ ਅਤੇ ਹੋਰਨਾਂ ਦਿਲਫ਼ਰੇਬ ਲਾਲਚਾਂ ਸਦਕਾ ਆਪਣੇ ਹੱਕ ’ਚ ਭੁਗਤਾਉਣ ਲਈ ਹਰ ਵਾਰ ਅਸੀਮ ਧਨ ਵਹਾ ਘੱਤਦੇ ਹਨ। ਸਥਾਪਿਤ ਪਾਰਟੀਆਂ ਪ੍ਰਤੀ ਅੰਨ੍ਹੀ ਸ਼ਰਧਾ ਦੀ ਗੜੁੱਚ ਨੀਂਦੋਂ ਜਾਗ ਰਹੀ ਜਨਤਾ ਦੁਆਰਾ ਜੁਆਬਦੇਹੀ ਕਰਨ ਕਾਰਨ ਸੁੱਕੀ ਰੇਤ ਵਾਂਗੂੰ ਆਪਣੇ ਹੱਥੋਂ ਖੁਸ ਰਹੀ ਸੱਤਾ ਅਤੇ ਸਿੰਘਾਸਨਾਂ ਦੇ ਹੇਰਵੇ ਕਈ ਅੱਵਾਮੀ ਆਗੂਆਂ ਲਈ ਜਾਨ ਦਾ ਜੋਖ਼ਮ ਬਣੇ ਪਏ ਹਨ। ਤਲਖ਼ ਹਕੀਕਤ ਇਹ ਵੀ ਹੈ ਕਿ ਗ਼ਰਜ਼ਪ੍ਰਸਤ ਹਾਕਮਾਂ ਦਾ ਕੋਈ ਲੋਭ-ਲਾਲਚ, ਮੱਕਾਰੀ ਜਾਂ ਧੱਕੇਸ਼ਾਹੀ ਜਾਗ ਚੁੱਕੀ ਜਨਤਾ ਦੇ ਮੁਹਾਣ ਨੂੰ ਬਦਲ ਨਹੀਂ ਸਕਦੀ। ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਖ਼ਾਤਿਰ ਦੇਸ਼ ਨਾਲ਼ ਗ਼ੱਦਾਰੀ ਕਰਨ ਵਾਲ਼ੇ ਗ਼ਰਜ਼-ਪ੍ਰਸਤ ਨੇਤਾਵਾਂ, ਕਾਰੋਬਾਰੀਆਂ ਅਤੇ ਨੌਕਰਸ਼ਾਹਾਂ ਨੂੰ ਬਦਲ ਰਹੇ ਸਮੀਕਰਣਾਂ ਦੀ ਹਕੀਕਤ ਨੂੰ ਸੰਜੀਦਗੀ ਨਾਲ਼ ਲੈ ਕੇ ਆਪੋ-ਆਪਣੇ ਫ਼ਰਜ਼ ਪਛਾਨਣ ਦੀ ਭਰਵੀਂ ਜ਼ਰੂਰਤ ਹੈ ਕਿਉਂਕਿ ਬਿਨ੍ਹਾਂ ਸ਼ੱਕ ਉਹ ਦਿਨ ਸ਼ੁਰੂ ਹੋ ਚੁੱਕੇ ਹਨ ਜਦ ਆਮ ਆਦਮੀ ਆਪਣੀ ਵੋਟ ਅਤੇ ਅਧਿਕਾਰਾਂ ਪ੍ਰਤੀ ਹੁਣ ਪਹਿਲਾਂ ਵਾਂਗ ਅਵੇਸਲਾ ਨਹੀਂ ਰਿਹਾ। ਇਸੇ ਸੰਦਰਭ ’ਚ ਸਾਹਿਰ ਲੁਧਿਆਣਵੀ ਦੇ ਇਨ੍ਹਾਂ ਬੋਲਾਂ ਦੀ ਸੱਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ:
ਮੇਰੀ ਸਦਾਅ ਕੋ ਦਬਾਨਾ ਤੋ ਖ਼ੈਰ ਮੁਮਕਿਨ ਹੈ
ਮਗਰ ਹਯਾਤ ਕੀ ਲਲਕਾਰ ਕੌਨ ਰੋਕੇਗਾ?
ਫ਼ਸੀਲੇ-ਆਤਸ਼ੋ-ਆਹਨ ਬਹੁਤ ਬੁਲੰਦ ਸਹੀ
ਬਦਲਤੇ ਵਕਤ ਕੀ ਰਫ਼ਤਾਰ ਕੌਨ ਰੋਕੇਗਾ?

ਜਸਵੰਤ ਭਾਰਤੀ
ਸਲੇਮਪੁਰਾ, 
ਸਿਧਵਾਂ ਬੇਟ-142 033
ਲੁਧਿਆਣਾ  
ਫੋਨ: 9872727789  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template