Headlines News :
Home » » ਮੰਜ਼ਿਲ ਵੱਲ ਸਰਗਰਮੀ ਨਾਲ ਵੱਧ ਰਹੀ ਹੋਣਹਾਰ ਕਲਮ ਕਮਲਜੀਤ ਕਮਲ - ਪ੍ਰੀਤਮ ਲੁਧਿਆਣਵੀ

ਮੰਜ਼ਿਲ ਵੱਲ ਸਰਗਰਮੀ ਨਾਲ ਵੱਧ ਰਹੀ ਹੋਣਹਾਰ ਕਲਮ ਕਮਲਜੀਤ ਕਮਲ - ਪ੍ਰੀਤਮ ਲੁਧਿਆਣਵੀ

Written By Unknown on Saturday 21 June 2014 | 02:19

ਹੱਸੂ-ਹੱਸੂ ਕਰਦੇ ਖੂਬਸੂਰਤ ਚਿਹਰੇ ਵਾਲੀ, ਜ਼ਿੰਦਗੀ ਦੀਆਂ 29 ਰੁੱਤਾਂ ਹੰਢਾ ਚੁੱਕੀ ਕਮਲਜੀਤ ਕਮਲ ਨੂੰ ਬਚਪਨ ਤੋਂ ਹੀ ਧਾਰਮਿਕ ਸਾਹਿਤ ਪੜ੍ਹਨ ਦਾ ਸੌਕ ਜਾਗ ਪਿਆ ਸੀ, ਕਿਉਂਕਿ ਉਨ੍ਹਾਂ ਦੇ ਦਾਦਾ ਸਵ: ਸ. ਦੀਵਾਨ ਸਿੰਘ ਜੀ ਸਿੱਖ ਇਤਿਹਾਸ ਦੇ ਉੱਚ-ਗਿਆਤਾ ਸਨ ਅਤੇ ਘਰ ਵਿੱਚ ਗੁਰੂ-ਘਰ ਨਾਲ ਸਬੰਧਿਤ ਸਾਹਿਤ-ਸਮੱਗਰੀ ਅਕਸਰ ਪੜ੍ਹਦੇ ਤੇ ਸੁਣਾਉਂਦੇ ਰਹਿੰਦੇ ਸਨ: ਜਿਸ ਦਾ ਅਸਰ ਕਮਲ ਦੇ ਬਾਲ-ਮਨ ਨੇ ਖੂਬ ਕਬੂਲਿਆ। ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਬਚਿੱਤਰ ਸਿੰਘ ਨਾਂ ਦੇ ਭਰਾਵਾਂ ਅਤੇ ਸੁਰਿੰਦਰ ਕੌਰ ਭੈਣ ਦੀ ਸਭ ਤੋਂ ਛੋਟੀ ਲਾਡਲੀ ਕਮਲ ਨੂੰ ਦਸਵੀਂ ਦੀ ਸਿੱਖਿਆ ਸ੍ਰੀ ਹਰਗੋਬਿੰਦਪੁਰ ਤੋਂ ਹਾਸਲ ਕਰਦੇ ਸਮੇਂ ਗਾਉਣ ਦਾ ਸ਼ੌਕ ਵੀ ਜਾਗ ਪਿਆ ਸੀ। ਭਾਵੇਂ ਕਿ ਘਰ ਦਾ ਮਾਹੌਲ ਸੰਗੀਤਕ-ਮਾਹੌਲ ਨਹੀਂ ਸੀ, ਪਰ ਫਿਰ ਵੀ ਸੰਗੀਤ ਉਸ ਦੀ ਰੂਹ ਦੀ ਖੁਰਾਕ ਬਣਦੀ ਚਲੀ ਗਈ। ਉਪਰੰਤ ਸੈਂਟਰਲ ਕਾਲਜ ਫਾਰ ਵੂਮੈਨ, ਘੁਮਾਣ ਵਿੱਚ ਬੀ.ਏ. ਦੀ ਉੱਚ ਸਿੱਖਿਆ ਪ੍ਰਾਪਤ ਕਰਦਿਆਂ ਕਾਲਜ-ਪ੍ਰਿੰਸੀਪਲ ਸਤਿੰਦਰ ਕੌਰ ਪੁੰਨੂ ਜੋ ਸਾਹਿਤਕ ਸੁਰ ਰੱਖਦੇ ਸਨ ਦੀ ਸੰਗਤ ਨੇ ਐਸਾ ਜਾਦੂਮਈ ਪ੍ਰਭਾਵ ਪਾਇਆ ਕਿ ਕਮਲ ਦੀ ਕਲਮ ਵੀ ਕੋਰੇ ਕਾਗਜ਼ ਦੀ ਹਿੱਕ ਤੇ ਸ਼ਬਦ ਵਾਹੁਣ ਲਈ ਆਪ-ਮੁਹਾਰੇ ਤੁਰ ਪਈ। ਪਹਿਲੀ ਕਵਿਤਾ ਸੀ - ‘‘ਦਿਲ ਦੇ ਹਰ ਕੋਨੇ ਵਿੱਚ ਕਿੰਨਾ ਘੁੱਪ ਹਨੇਰਾ ਏ, ਇੰਝ ਲੱਗਦਾ ਏ ਕਿਸੇ ਖੰਡਰ ਵਿੱਚ ਮੇਰਾ ਰੈਣ ਬਸੇਰਾ ਏ’’। ਦਿਨ-ਪਰ-ਦਿਨ ਕਮਲ ਦੀ ਸਾਹਿਤ ਨਾਲ ਗੂੜ੍ਹੀ ਪ੍ਰੀਤ ਪੈਂਦੀ ਗਈ। ਉਹ ਦੱਸਦੀ ਹੈ, ‘‘ਭਾਵੇਂ ਕਿ ਨੱਚਣਾ-ਗਾਉਣਾ ਮੇਰਾ ਸ਼ੌਕ ਹੈ, ਪਰ ਸਾਹਿਤ ਵਿੱਚ ਮੇਰੀ ਜ਼ਿਆਦਾ ਰੁੱਚੀ ਹੈ। ਸ਼ੁਰੂ ਵਿੱਚ ਮੈਨੂੰ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਪ੍ਰੋ: ਮੋਹਨ ਸਿੰਘ, ਨੰਦ ਲਾਲ ਨੂਰਪੁਰੀ ਅਤੇ ਸੁਰਜੀਤ ਪਾਤਰ ਆਦਿ ਸਾਹਿਤਕਾਰਾਂ ਦੇ ਸਾਹਿਤ ਨੂੰ ਪੜ੍ਹਨ ਦਾ ਮੌਕਾ ਮਿਲਿਆ। ਅੰਮ੍ਰਿਤਾ ਪ੍ਰੀਤਮ ਦੇ ਸ਼ਬਦ ਤਾਂ ਮੇਰੇ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ। 
ਗੁਰਦਾਸਪੁਰ ਤੋਂ ਕੋਈ 40 ਕਿਲੋ ਮੀਟਰ ਦੀ ਦੂਰੀ ਤੇ ਬਿਆਸ ਦਰਿਆ ਦੇ ਕੰਢੇ ਤੇ ਵਸੇ ਪਿੰਡ ਸ੍ਰੀ ਹਰਗੋਬਿੰਦਪੁਰ ਦੀ ਵਸਨੀਕ, ਮਾਤਾ ਕੁਲਵੰਤ ਕੌਰ ਦੀ ਪਾਕ ਕੁੱਖ ਨੂੰ ਭਾਗ ਲਾਉਣ ਵਾਲੀ, ਪਿਤਾ ਸ. ਹਰਬੰਸ ਸਿੰਘ ਦੇ ਗ੍ਰਹਿ ਵਿਖੇ ਪੈਦਾ ਹੋਈ ਕਮਲ ਦੱਸਦੀ ਹੈ ਕਿ ਉਹ ਜੋ ਕੁਝ ਵੀ ਲਿਖਦੀ ਹੈ ਆਪਣੇ ਪਿਤਾ ਅਤੇ ਪਰਿਵਾਰ ਨੂੰ ਜ਼ਰੂਰ ਦਿਖਾਉਂਦੀ ਹੈ। ਉਨ੍ਹਾਂ ਤੋਂ ਉਸ ਨੂੰ ਕਾਫੀ ਪ੍ਰੇਰਨਾ ਮਿਲਦੀ ਹੈ। ਕਲਮੀ ਸਫਰ ਤੇ ਚੱਲਦਿਆਂ ਕਮਲ ਦਾ ਮੇਲ ਦਾ ਸਬੱਬ ਨਾਮਵਰ ਸ਼ਹਿਰ ਪ੍ਰਤਾਪ ਪਾਰਸ ਗੁਰਦਾਸਪੁਰੀ ਅਤੇ ਲੈਕਚਰਾਰ ਗੁਰਵਿੰਦਰ ਸਿੰਘ (ਜਲੰਧਰ) ਨਾਲ ਬਣਿਆ। ਜਿਨ੍ਹਾਂ ਤੋਂ ਉਸ ਦੀ ਕਲਮ ਨੂੰ ਹੋਰ ਵੀ ਪ੍ਰੇਰਨਾ ਭਰਿਆ ਹੁਲਾਰਾ ਮਿਲਿਆ। ਜਿੱਥੇ ਉਹ ਇਨ੍ਹਾਂ ਸਖਸ਼ੀਅਤਾਂ ਦੀ ਦਿਲੋ-ਮਨੋਂ ਕਦਰ ਕਰਦੀ ਹੈ, ਉਥੇ ਮਨਜੀਤ ਸਿੰਘ ਭੁੱਲਰ ਦੇ ਨਾਲ-ਨਾਲ ਸੁਰਜੀਤ ਕੌਰ, ਰਾਜਦੀਪ ਕੌਰ ਸੈਣੀ, ਲਖਵਿੰਦਰ ਕੌਰ ਭੱਟੀ ਅਤੇ ਅੱਤਵਿੰਦਰ ਕੌਰ ਲਈ ਵੀ ਉਸਦੇ ਮਨ ਵਿੱਚ ਕਹਿਰਾਂ ਦੀ ਸਤਿਕਾਰ ਭਾਵਨਾ ਹੈ, ਜਿਨ੍ਹਾਂ ਨੇ ਹਰ ਕਦਮ ਅਤੇ ਹਰ ਸਟੇਜ਼ ਤੇ ਉਹਦੀ ਕਲਮ ਨੂੰ ਭਰਵਾਂ ਸਹਿਯੋਗ ਦਿੱਤਾ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਸ ਕਿਹਾ, ‘‘ਮਨੁੱਖ ਦਾ ਸੁਭਾਅ ਹੈ ਸੁਪਨੇ ਦੇਖਣਾ। ਮੇਰਾ ਸੁਪਨਾ ਪੰਜਾਬੀ ਦੀ ਪ੍ਰੋਫੈਸਰ ਬਣਨ ਦਾ ਸੀ, ਪਰ ਘਰੇਲੂ ਆਰਥਿਕ ਤੰਗੀਆਂ-ਤੁਰਸ਼ੀਆਂ ਨੇ ਇਹ ਸੁਪਨਾ ਤਾਂ ਭਾਵੇਂ ਪੂਰਾ ਨਹੀਂ ਹੋਣ ਦਿੱਤਾ: ਪਰ, ਮੈਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਜੋ ਮੈਨੂੰ ਕਲਮੀ ਦਾਤ ਬਖਸ਼ੀ ਹੈ, ਉਸ ਦਾਤ ਸਦਕਾ ਮੈਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਸਕਦੀ ਹਾਂ। ‘‘ਰਜਨੀ’’ ਨਾਲ ਮੁਲਾਕਾਤ ਦੌਰਾਨ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਸ ਕਿਹਾ, ‘‘ਪੰਜਾਬੀ ਸਾਹਿਤ ਉਪਰ ਪੱਛਮੀ ਸਾਹਿਤ ਦਾ ਬੜਾ ਮੰਦਾ ਪ੍ਰਭਾਵ ਪਿਆ ਹੈ ਜਿਸ ਸਦਕਾ ਪੰਜਾਬੀ ਸਾਹਿਤ ਅਲੋਪ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਮੂਲ ਨਾਲੋਂ ਟੁੱਟ ਰਹੇ ਹਾਂ: ਕਿਉਂਕਿ ਜਿਸ ਗਤੀ ਨਾਲ ਪੱਛਮੀ ਸੱਭਿਅਤਾ ਦਾ ਪ੍ਰਭਾਵ ਚੱਲ ਰਿਹਾ ਹੈ ਉਸ ਗਤੀ ਦੇ ਮੁਕਾਬਲਨ ਪੰਜਾਬੀ ਸਾਹਿਤ ਦੇ ਪ੍ਰਸਾਰ-ਪ੍ਰਚਾਰ ਵਿੱਚ ਭਾਰੀ ਕਮੀ ਵਾਪਰੀ ਹੈ। ਨਤੀਜਨ ਸਾਡੇ ਗੀਤਾਂ ਵਿੱਚ ਅਸ਼ਲੀਲਤਾ ਦਾ ਬੋਲ-ਬਾਲਾ ਵੱਧ ਚੁੱਕਾ ਹੈ। ਪਰ ਇਸ ਦੇ ਲਈ ਅਸੀਂ ਸਾਰੇ ਹੀ ਬਰਾਬਰ ਦੇ ਦੋਸ਼ੀ ਹਾਂ, ਇੱਕ ਨਹੀਂ। ਕਿਸੇ ਤੇ ਦੋਸ਼ ਲਗਾਉਣ ਨਾਲੋਂ ਅੱਜ ਸਾਨੂੰ ਇੱਕ ਜੁੱਟ ਹੋ ਕੇ ਕਲਮੀ ਤਲਵਾਰ ਲੈ ਕੇ ਲੜਨ ਦੀ ਲੋੜ ਹੈ, ਤਾਂ ਕਿ ਪੰਜਾਬੀ ਸਾਹਿਤ ਵਿੱਚ ਪਏ ਪੱਛਮੀ ਸਾਹਿਤ ਦੇ ਪ੍ਰਭਾਵ ਨੂੰ ਮੁਕਤ ਕਰ ਸਕੀਏ’’। 
ਭਾਵੇਂ ਕਿ ਕਮਲ ਵਾਰਤਕ ਉੱਤੇ ਵੀ ਹੱਥ ਅਜਮਾ ਲੈਂਦੀ ਹੈ, ਪਰ ਜ਼ਿਆਦਾ ਰੁੱਚੀ ਕਵਿਤਾ, ਗੀਤਾਂ, ਗ਼ਜ਼ਲਾਂ ਅਤੇ ਦੋਹੇ ਆਦਿ ਲਿਖਣ ਵੱਲ ਹੀ ਭਾਰੂ ਹੈ। ਹੁਣ ਤੱਕ ਉਹ ਦੋ ਕਾਵਿ-ਪੁਸਤਕਾਂ ਦੇ ਖਰੜੇ ਤਿਆਰ ਕਰੀ ਬੈਠੀ ਹੈ ਅਤੇ ਉਸ ਸ਼ੁੱਭ ਘੜੀ ਦੀ ਉਡੀਕ ਵਿੱਚ ਹੈ ਜਦੋਂ ਇਸ ਨੂੰ ਕਿਤਾਬੀ ਰੂਪ ਮਿਲੇ। ਉਸ ਦਾ ਕਹਿਣਾ ਹੈ ਭਾਵੇਂ ਮੈਂ ਘੱਟ ਹੀ ਲਿਖਾਂ, ਪਰ ਜੋ ਵੀ ਲਿਖਾਂ, ਉਹ ਮੇਰੀ ਪਹਿਚਾਣ ਬਣ ਜਾਵੇ। ‘ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:)’ ਦੀ ਸਰਗਰਮ ਮੈਂਬਰ (ਸੰਸਥਾ ਦੀ ਨਵੀਂ ਕਾਵਿ ਪੁਸਤਕ ਵਿੱਚ ਸ਼ਾਮਿਲ) ਕਮਲ ਜਿੱਥੇ ਆਪਣੀ ਸੰਸਥਾ ਉੱਤੇ ਮਾਣ ਕਰਦੀ ਨਹੀਂ ਥੱਕਦੀ, ਉੱਥੇ ਜਲੰਧਰ ਤੋਂ ਨਿਕਲਦੇ ਮਾਸਿਕ ਮੈਗਜ਼ੀਨ ‘‘ਰਜ਼ਨੀ’’ ਦੇ ਮੁੱਖ ਸੰਪਾਦਕ ਸ. ਏ.ਐਸ. ਆਜ਼ਾਦ ਜੀ ਦਾ ਵੀ ਹਾਰਦਿਕ ਧੰਨਵਾਦ ਕਰਦੀ ਹੈ ਜੋ ਸਮੇਂ-ਸਮੇਂ ਤੇ ਉਸ ਨੂੰ ਛਾਪ ਕੇ ਹੌਸਲਾ-ਅਫਜਾਈ ਕਰਦੇ ਆ ਰਹੇ ਹਨ। ਭਰੂਣ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦੀ ਲਾਹਨਤ, ਔਰਤ ਦੀ ਤ੍ਰਾਸਦੀ, ਗਰੀਬੀ, ਤਨਹਾਈ ਅਤੇ ਧੀ ਦਾ ਦੁੱਖ ਆਦਿ ਵੱਖ-ਵੱਖ ਵਿਸ਼ਿਆਂ ਨੂੰ ਕਲਮੀ ਕਲਾਵੇ ਵਿੱਚ ਲੈ ਰਹੀ ਇਸ ਮਾਣ-ਮੱਤੀ ਕਵਿੱਤਰੀ ਲਈ ਉਹ ਦਿਨ ਦੂਰ ਨਹੀਂ ਜਦੋਂ ਸਾਹਿਤ-ਜਗਤ ਵਿੱਚ ਉਸ ਦਾ ਨਾਮ ਹਰੇਕ ਦੀ ਜੁਬਾਨ ਤੇ ਹੋਵੇਗਾ। ਰੱਬ ਕਰੇ ਉਹ ਦਿਨ ਜਲਦੀ ਆਵੇ! ਆਮੀਨ! 





ਪ੍ਰੀਤਮ ਲੁਧਿਆਣਵੀ
98764-28641 


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template