Headlines News :
Home » » ਕਪਟੀ ਚੁੱਲ੍ਹੇ ਦੀ ਤਾਂ ਸ਼ੁਆਹ ਨੂੰ ਵੀ ਸਲਾਮਾਂ ਨੇ ਭਾਈ! - ਪਰਸ਼ੋਤਮ ਲਾਲ ਸਰੋਏ

ਕਪਟੀ ਚੁੱਲ੍ਹੇ ਦੀ ਤਾਂ ਸ਼ੁਆਹ ਨੂੰ ਵੀ ਸਲਾਮਾਂ ਨੇ ਭਾਈ! - ਪਰਸ਼ੋਤਮ ਲਾਲ ਸਰੋਏ

Written By Unknown on Friday 20 June 2014 | 23:14

ਪਿਆਰੇ ਤੇ ਸੂਝਵਾਨ ਪਾਠਕੋ ‘‘ਨਵੇਂ ਮਸ਼ੀਨੀ ਯੁੱਗ ਵਿੱਚ ਕੋਈ, ਕਿਹਦਾ ਲਗਦਾ ਮਾਮਾ। ਕਪਟੀ ਚੁੱਲ੍ਹੇ ਦੀ ਸੁਆਹ ਵੀ ਹੋਵੇ, ਉਸ ਨੂੰ ਵੀ, ਹੋਣ ਸਲਾਮਾਂ।’’ ਹਾਂ ਮੇਰੇ ਪਿਆਰੇ ਤੇ ਸੂਝਵਾਨ ਪਾਠਕੋ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਕਿ ਮੈਂ ਆਪਣੇ ਇਨ੍ਹਾਂ ਚੰਦ ਅਲਫ਼ਾਜ਼ਾਂ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ! ਸੱਚ ਤਾਂ ਇਹ ਹੀ ਹੈ ਕਿ ਤੁਹਾਡੇ ਵਿੱਚੋਂ ਵੀ ਕੋਈ ਇਸ ਅਸਲੀਅਤ ਤੋਂ ਅਣਭਿੱਗ ਜਾਂ ਅਣਜਾਣ ਨਹੀਂ ਰਹਿ ਗਿਆ। 
ਗੱਲ ਕੀ ਜੀ ਇਹ ਅੱਜ ਦਾ ਇੱਕ ਕੜਬਾ ਸੱਚ ਵੀ ਬਣ ਗਿਆ ਹੈ। ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ।  ਵੈਸੇ ਇਸ ਸਮਾਜ ਦਾ ਸੱਚ ਬਿਆਨ ਕਰਨਾ ਉਂਜ ਤਾਂ ਇਸ ਸਮਾਜ ਦੇ ਮੂੰਹ ’ਤੇ ਚਪੇਟ ਹੈ। ਪਰ ਇਸ ਬੇਸ਼ਰਮੀ ਦੇ ਜ਼ਮਾਨੇ ਵਿੱਚ ਇਸ ਚਪੇੜ ਦੀ ਪਰਵਾਹ ਕੋਣ ਕਰਦਾ ਹੈ ਭਲਾ!  ਕਪਟ ਦੇ ਤੇਲ ਨਾਲ ਪਿØੰਡਾ ਭਰਿਆ ਹੋਣ ਕਰਕੇ ਇਹ ਸੱਚ ਦੀ ਮਾਰੀ ਹੋਈ ਚਪੇੜ ਵੀ ਤਿਲਕ ਕੇ ਲੰਘ ਜਾਂਦੀ ਹੈ।
ਚਲੋ ਗੱਲ ਨੂੰ ਜ਼ਲੇਬੀ ਵਾਂਗੂੰ ਨਾ ਬਲੇਟੇ ਮਾਰਦੇ ਹੋਏ ਸਿੱਧਾ ਈ ਭਕਿਆਈ ਮਾਰ ਦਿੰਦੇ ਹਾਂ। ਕਿ ਚਾਰੇ ਪਾਸੇ ਰਾਜਨੀਤੀ ਨਾਂਅ ਦੀ ਚੁੜੇਲ ਆ ਕੇ ਸਾਰੇ ਸਮਾਜ ਨੂੰ ਚੁੰਬੜ ਗਈ ਹੈ। ਕੋਈ ਵੀ ਇਸ ਚੜੇਲ ਤੋਂ ਬਚਿਆ ਨਹੀਂ ਰਹਿ ਸਕਿਆ। ਹੁਣ ਅਸੀਂ ਭਕਿਆਈ ਮਾਰਨ ਦੀ ਗੱਲ ਕੀਤੀ ਹੈ। ਤਾਂ ਇਹ ਗੱਲ ਆਪ ਹੀ ਜਾਹਰ ਹੋ ਜਾਂਦੀ ਹੈ ਕਿ ਅੱਜ ਸੱਚ ਕਹਿਣ ਨੂੰ ਭਕਿਆਈ ਮਾਰਨ ਦਾ ਨਾਂਅ ਦੇਣਾ ਹੀ ਬਚਿਆ ਰਹਿ ਗਿਆ ਹੈ। 
ਦੂਜੇ ਨੂੰ ਲੱਤ ਮਾਰ ਕੇ ਆਪ ਅੱਗੇ ਲੰਘਣਾ ਵੀ ਅੱਜ ਦੇ ਇਸ ਸਮਾਜ ਵਿੱਚ ਇਨਸਾਨੀਅਤ ਹੈ। ਪਿੰਡ ਪਹਿਰਾ ਲਗਦਾ ਰਾਤੀਂ ਮਿਲਣ ਨਾ ਆਵੀਂ ਵੇ। ਪਰ ਇਸ ਪਹਿਰੇ ਦੀ ਪਰਵਾਹ ਕਿਹਦੇ ਕੋਲ ਹੈ। ਇਹ ਰਾਜਨੀਤੀ ਨੇ ਤਾਂ ਅੱਜ ਦੇ ਕਪਟੀ ਸਮਾਜ ਦੇ ਲੋਕਾਂ ਨੂੰ ਦਿਨ ਨੂੰ ਵੀ ਮਿਲਣਾ ਨਹੀਂ ਛੱਡਿਆ ਦਿਨ ਨੂੰ ਵੀ ਸ਼ਰੇਆਮ ਹਰ ਇੱਕ ਦਾ ਦਰਵਾਜ਼ਾ ਆ ਖੜਕਾਉਂਦੀ ਹੈ। ਫਿਰ ਬੰਦਾ ਦਰਵਾਜ਼ਾ ਖੋਲ੍ਹ ਕੇ ਵੀ ਤਾਂ ਨਹੀਂ ਕਹਿ ਸਕਦਾ ਕਿ ਮੈਂ ਘਰ ਨਹੀਂ ਹਾਂ। ਫਿਰ ਜਿੱਥੇ ਸਿਰਫ਼ ਆਪਾ ਹੀ ਦਿਖਾਈ ਦਿੰਦਾ ਹੋਵੇ ਉਸ ਪ੍ਰਸਥਿਤੀ ਵਿੱਚ ਮੈਂ ਘਰ ਨਹੀਂ ਹਾਂ ਕਹਿਣਾ ਵੀ ਤਾਂ ਇੱਕ ਮੂਰਖਤਾ ਦੀ ਨਿਸ਼ਾਨੀ ਹੀ ਹੋ ਨਿੱਬੜਦਾ ਹੈ। ਹੋਰ ਤਾਂ ਹੋਰ ਇਸ ਨੇ ਤਾਂ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਡੇਰਾ ਈ ਬਣਾ ਲਿਆ ਹੈ।  ਅੱਜ ਅਸਲ ਕੀ ਹੈ-
ਮੈਂ ਉੱਠਿਆ ਹਾਂ ਤੇ ਭਾਈ ਆਪਣੇ ਨੂੰ ਵੀ, 
  ਮੈਂ ਸਹਾਰਾ ਦੇ ਕੇ ਨਾਲ ਉਠਾਵਾਂ।
ਮਾਂ ਦੇ ਦੁੱਧ ਕਰਜ਼ ਹੈ ਜਿਹੜਾ,
ਉਸ ਨੂੰ ਮੈਂ ਚੁਕਾਵਾਂ।
ਪਰ ਅੱਜ ਹੁੰਦਾ ਇਹ ਹੈ,
ਜੇ ਵਧਿਆ ਹਾਂ ਮੈਂ ਅੱਗੇ ਤਾਂ,
ਇਸ ਨਾਲ ਦੇ ਜਾਏ ਨੂੰ ,
ਕਿਉਂ ਨਾ ਲੱਤਾਂ ਤੋੜ ਕੇ, 
ਬਸ ਮੰਜੇ ਤੇ ਲੰਮਾਂ ਪਾਵਾਂ।
ਹਾਂ ਬਾਬੇ ਕਪਟ ਸ਼ਾਹ ਦੀ ਸੌਂਹ ਖਾ ਕੇ ਆਪਣੇ ਦਿਲਾਂ ’ਤੇ ਹੱਥ ਰੱਖ ਕੇ ਆਪਣੀ ਅੰਤਰ ਆਤਮਾ ਵੱਲ ਧਿਆਨ ਮਾਰ ਕੇ ਦੇਖੋ ਭਲਾ ਕਿ ਕੀ ਤੁਹਾਡੇ ਵਿੱਚ ਸੱਚ ਮੁੱਚ ਹੀ ਇਨਸਾਨ ਬਣਨ ਵਾਲੇ ਸਾਰੇ ਗੁਣ ਮੌਜ਼ੂਦ ਹਨ। ਹਾਂ ਜੇਕਰ ਨਹੀਂ ਫਿਰ ਕਲਯੱਗੀ ਸਮਾਜ ਵਿੱਚ ਕੋਈ ਇਨਸਾਨ ਕਿਵੇਂ ਹੋ ਸਕਦਾ ਹੈ।  ਕਿਸੇ ਕਪਟੀ ਨੂੰ ਪੁੱਛ ਕੇ ਦੇਖ ਲਓ ਕਿ ਕੀ ਤੂੰ ਇਨਸਾਨ ਹੈ? ਉਹ ਕਹੇਗਾ, ‘‘ਨਾ ਜੀ ਨਾ ਮੈਂ ਇਨਸਾਨ ਕਿਵੇਂ ਹੋ ਸਕਦਾ ਹਾਂ ਭਲਾ, ਮੈਂ ਤਾਂ ਫਰਿਸ਼ਤਾ ਹਾਂ, ਫਰਿੱਸ਼ਤਾ।  ਹਾਂ! ’’ ਅਰਥਾਤ ਆਪਣੇ ਆਪ ਨੂੰ ਦੂਜੇ ਦਾ ਮਸੀਹਾ ਮੰਨਦਾ ਹੈ। 
ਇਸ ਸਮਾਜ ਵੱਲ ਧਿਆਨ ਲਗਾ ਕੇ ਧਿਆਨ ਨਾਲ ਦੇਖੋ ਭਲਾ ਕਿ ਜੋ ਮੈਂ ਕਹਿ ਰਿਹਾ ਹਾਂ ਅਜਿਹੀ ਕਪਟੀ ਖੀਰ ਸਾਡੇ ਅੱਜੇ ਦੇ ਸਮਾਜ ਵਿੱਚ ਰਿੱਝਦੀ ਹੈ ਜਾਂ ਨਹੀਂ? ਵੈਸੇ ਦੇਖਿਆ ਜਾਵੇ ਤਾਂ ਅਜਿਹਾ ਕਪਟੀ ਮਿੱਠੀ ਖੀਰ ਖਾਣ ਤੋਂ ਕੌਣ ਇਨਕਾਰੀ ਹੁੰਦਾ ਹੈ ਭਲਾ। ਕਿਉਂ ਕਿ ਕਪਟ ਦੀ ਖੀਰ ਵੈਸੇ ਈ ਜ਼ਿਆਦਾ ਮਿੱਠੀ ਬਣਦੀ ਹੈ ਤੇ ਅੱਜ ਦੇ ਨਵੇਂ ਕਲਯੁੱਗੀ ਜ਼ਮਾਨੇ ਵਿੱਚ ਹਰ ਇਕ ਤਾਂ ਸਿਰਫ਼ ਤੇ ਸਿਰਫ਼ ਆਪਣੀ ਜੀਭ ਦਾ ਸੁਆਦ ਹੀ ਭਾਲਦਾ ਹੈ। ਅਜਿਹੀ ਪ੍ਰਸਥਿਤੀ ਵਿੱਚ ਇਸ ਖੀਰ ਖਾਣ ਤੋਂ ਕੌਣ ਪਿੱਛੇ ਰਹਿ ਸਕਦਾ ਹੈ ਭਲਾ? 
ਅੱਜ ਦੇ ਸਮਾਜ ਕੋਲੋਂ ਮੈਂ ਇੱਕ ਸਵਾਲ ਪੁੱਛਦਾ ਹਾਂ ਕਿ ਕੀ ਤੁਹਾਡੇ ਅਸਲ ਮਹਿਨੇ ਵਿੱਚ ਮਸੀਹਾ ਜਿਹੜੇ ਤੁਹਾਨੂੰ ਸੱਚ ਦਿਖਲਾਉਣ ਦਾ ਯਤਨ ਕਰਦੇ ਰਹੇ ਹਨ। ਕੀ ਉਹਨਾਂ ਦੇ ਸਮਝਾਏ ਹੋਏ ਸੱਚ ਦੇ ਰਾਸਤੇ ਉੱਤੇ ਤੁਸੀਂ ਸਾਰੇ ਜਣੇ ਚੱਲ ਰਹੇ ਹੋ? ਕਿਸੇ ਮਸੀਹਾ ਨੇ ਖੁਦ ਆਣ ਕੇ ਇਹ ਗੱਲ ਕਹੀ ਹੈ ਕਿ ਮਾਰਗਾਂ ਦਾ ਨਾਂਅ ਵੀ ਤੁਸੀਂ ਸਿਰਫ਼ ਮੇਰੇ ਨਾਂਅ ’ਤੇ ਰੱਖੋ?
ਕੀ ਉਹਨਾਂ ਮਸੀਹਾਂ ਨੇ ਕਦੇ ਇਹ ਗੱਲ ਸ਼ਰੇਆਮ ਆ ਕੇ ਕਹੀ ਹੈ, ਕਿ ਮੈਂ ਤੁਹਾਡਾ ਮਸੀਹਾਂ ਹਾਂ। ਜਿਸ ਤਰ੍ਹਾਂ ਅੱਜ ਕੁਝ ਕਪਟੀ ਰਾਜਨੀਤਿਕ ਲੋਕ, ਆਪਣੇ-ਆਪ ਨੂੰ, ਦਲਿੱਤ ਲੋਕਾਂ ਦਾ ਮਸੀਹਾ ਐਲਾਨ ਕੇ ਉਨ੍ਹਾਂ ਨਾਲ ਹੀ ਛਲ-ਕਪਟ ਕਰਦੇ ਨਜ਼ਰ ਆ ਰਹੇ ਹਨ ਤੇ ਸਾਡੇ ਨਾ-ਸਮਝ ਲੋਕ ਅਸਲੀਅਤ ਨੂੰ ਨਾ ਘੋਖਦੇ ਹੋਏ ‘‘ਆ ਬੈਲ ਮੁਝ ਮਾਰ ਵਾਲੀ’’ ਕਹਾਵਤ ਨੂੰ ਸੱਚ ਕਰ ਕੇ ਸਿੰਗ ਖਾ ਕੇ ਆਪ ਤੇ ਭੁੱਖੇ ਮਰ ਰਹੇ ਹਨ ਤੇ ਇਨ੍ਹਾਂ ਦਾ ਤੋਰੀ ਫ਼ੁਲਕਾ ਜ਼ਰੂਰ ਤੋਰ ਰਹੇ ਹਨ।
ਅੱਜ ਦੇ ਜ਼ਮਾਨੇ ਤੋਂ ਮੈਂ ਇੱਕ ਸਵਾਲ ਪੁੱਛਦਾ ਹਾਂ ਕਿ ਕੀ ਅੱਜ ਵੀ ਕੋਈ ਅਜਿਹਾ ਹੈ ਜਿਹੜਾ ਬੇਗ਼ਮਪੁਰਾ ਸ਼ਹਿਰ ਬਣਾਉਣ ਦੀ ਗੱਲ ਕਰ ਸਕਦਾ ਹੈ ਤੇ ‘‘ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।’’ ਦੀ ਸੋਚ ਨੂੰ ਸੋਚ ਸਕਦਾ ਹੈ। ਜਾਂ ਉਹਦੇ ਕੋਲ ਮਾਇਆ ਖੁਦ ਚੱਲ ਕੇ ਆਈ ਹੋਵੇ ਤਾਂ ਉਹ ਨੇ ਉਸ ਮਾਇਆ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੋਵੇ। ਕੀ ਅੱਜ ਦੇ ਜ਼ਮਾਨੇ ਤੁਹਾਨੂੰ ਕੋਈ ਅਜਿਹਾ ਦੇਖਣ ਨੂੰ ਨਜ਼ਰੀ ਪੈਂਦਾ ਹੈ? ਫੇਰ ਜੇਕਰ ਬਾਵਾ ਸਾਹਿਬ ਜੀ ਬਾਰੇ ਗੱਲ ਕਰੀਏ ਤਾਂ ਅੱਜ ਕੌਣ ਹੈ ਜਿਹੜਾ ਬਾਵਾ ਸਾਹਿਬ ਵਾਲੀ ਸਹੀ ਮਾਇਨੇ ਵਾਲੀ ਸੋਚ ਰੱਖ ਸਕਦਾ ਹੈ? 
ਚੱਲੋ ਇੱਕ ਗੱਲ ਮੈਂ ਇਸ ਸਮਾਜ ਤੋਂ ਹੋਰ ਪੁੱਛਦਾ ਹਾਂ ਕਿ ਕੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਰਗਾ ਕੌਣ ਹੋ ਸਕਦਾ ਹੈ ਜਿਹੜਾ ਰਾਜੇ ਦੇ ਮਹਿਲਾਂ ਦੇ ਸੁੱਖ ਅਰਾਮ ਨੂੰ ਤਿਆਗ ਕੇ ਕਿਸੇ ਗਰੀਬ ਦੇ ਘਰ ਭੋਜਨ ਛਕਣ ਨੂੰ ਪਹਿਲ ਦੇਵੇਗਾ ਤੇ ਰਾਜੇ ਦੇ ਭੋਜਨ ਵਿੱਚੋਂ ਗਰੀਬਾਂ ਦਾ ਲਹੂ ਕੱਢ ਕੇ ਤੇ ਉਸ ਗਰੀਬ ਦੇ ਭੋਜਨ ਵਿੱਚੋਂ ਦੁੱਧ ਕੱਢ ਕੇ ਅਸਲ ਸੱਚ ਨੂੰ ਦਿਖਲਾ ਸਕਦਾ ਹੋਵੇ। 
ਗੱਲ ਕਰਨ ਲੱਗੇ ਹਾਂ ਤਾਂ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਕੀ ਕੋਈ ਅਜਿਹਾ ਹੈ ਜਿਹੜਾ ਮਿਹਨਤੀ ਤੇ ਗਰੀਬ ਮਜ਼ਲੂਮਾਂ ਦੇ ਹਿੱਤ ਦੀ ਰੱਖਿਆ ਲਈ ਆਪਣਾ ਸਰਬੰਸ਼ ਤੱਕ ਵੀ ਵਾਰ ਸਕਦਾ ਹੋਵੇ? ਜਾਂ ਅਜਿਹਾ ਅੱਜ ਕੌਣ ਹੈ,  ਜਿਹੜਾ ਸੱਚ ਲਈ ਤੇਰਾ ਭਾਣਾ ਮੀਠਾ ਲਾਗੈ ਦੀ ਸੋਚ ਨੂੰ ਮਨ ’ਚ ਧਾਰ ਕੇ ਤੱਤੀਆਂ ਤਵੀਆਂ ’ਤੇ ਵੀ ਬੈਠ ਜਾਂਦਾ ਹੋਵੇ? ਏ ਸੀ ਲੱਗੇ ਰੂਮਾਂ ’ਚ ਬੈਠਣਾ ਬੜਾ ਆਸ਼ਾਨ ਹੈ ਮੇਰੇ ਭਾਈ!
ਅੱਜ ਦੇ ਇਸ ਕਲਜੁਗੀ ਜ਼ਮਾਨੇ ਵਿੱਚਲੇ ਲੋਕ ਅਸਲ ਸੱਚ ਤੋਂ ਕੋਹਾਂ ਪਰ੍ਹੇ ਬੈਠੇ ਹੋਏ ਹਨ। ਸੱਚ ਤੋਂ ਅਜਿਹੀ ਦੂਰੀ ਹੀ ਬੰਦੇ ਨੂੰ ਸੱਚ ਨੂੰ ਸ਼ੂਲੀ ਚੜ੍ਹਾਉਣ ਲਈ ਮਜ਼ਬੂਰ ਕਰ ਦਿੰਦੀ ਹੈ। ਫਿਰ ਜਿਸ ਵੇਲੇ ਸਮਾਜ ਵਿੱਚ  ਅਜਿਹੀ ਪ੍ਰਸਥਿਤੀ ਆ ਕੇ ਆਪਣਾ ਠੱਗ ਬਾਬਿਆਂ ਵਾਗ ਡੇਰਾ ਜਮਾ ਲਵੇ ਤਾਂ ਅਜਿਹੇ ਦੇ ਸਮਾਜ ਨੂੰ ਮੈਂ ਤਾਂ ਇੱਕ ‘‘ਮਾਨਸਿਕ ਤੌਰ ’ਤੇ ਬੀਮਾਰ ਸਮਾਜ’’ ਦਾ ਹੀ ਨਾਂਅ ਦੇ ਸੱਕਦਾ ਹਾਂ।  ਗੱਲ ਕੀ ਜੀ ਇਸ ਮਾਨਸਿਕ ਬੀਮਾਰ ਸਮਾਜ ਵਿੱਚ ਹੋਰ ਹੋ ਵੀ ਕੀ ਸਕਦਾ ਹੈ? ਬੱਸ!  ਕਪਟ ਹੀ ਵਧਦਾ ਫੁੱਲਦਾ ਹੈ ਤੇ ਸਮਾਜ ਦੇ ਮੂਰਖ ਲੋਕ ਕਪਟੀ ਨੂੰ ਅਤੇ ਉਹ ਦੇ ਕਪਟੀ ਚੁੱਲ੍ਹੇ ਦੀ ਸ਼ੁਆਹ ਤੱਕ ਨੂੰ ਵੀ ਸਲਾਮਾਂ ਕਰਦੇ ਹੋਏ ਦਿਖਾਈ ਦਿੰਦੇ ਹਨ। 





 ਪਰਸ਼ੋਤਮ ਲਾਲ ਸਰੋਏ, 
ਮੋਬਾਈਲ - 92175-44348


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template