Headlines News :
Home » » "ਸਾਵਣ ਦਾ ਮੀਂਹ ਅਤੇ ਤੀਆਂ ਦਾ ਤਿਉਹਾਰ" - ਕੰਵਰਜੀਤ ਕੌਰ ਢਿੱਲੋਂ

"ਸਾਵਣ ਦਾ ਮੀਂਹ ਅਤੇ ਤੀਆਂ ਦਾ ਤਿਉਹਾਰ" - ਕੰਵਰਜੀਤ ਕੌਰ ਢਿੱਲੋਂ

Written By Unknown on Thursday 24 July 2014 | 03:33

   ਕੰਵਰਜੀਤ ਕੌਰ ਢਿੱਲੋਂ
ਤਰਨ ਤਾਰਨ         
      94787-93231   
         
ਭਰ ਗਰਮੀ ਵਿੱਚ ਸਾਵਣ ਦੇ ਮਹੀਨੇ ਦਾ ਜਿਕਰ ਕਰਦਿਆਂ ਹੀ ਮਨ ਵਿੱਚ ਆਪ ਮੁਹਾਰੇ ਹੀ ਸਾਵਣ ਵਿਚ ਪੈਣ ਵਾਲੀ ਨਿੰਮੀ-ਨਿੰਮੀ ਫ਼ੁਹਾਰ ਦਾ ਅਹਿਸਾਸ ਹੋਣ ਲੱਗਦਾ ਹੈ। ਜਦੋਂ ਸਾਵਣ ਦਾ ਮਹੀਨਾ ਦਸਤਕ ਦਿੰਦਾ ਹੈ ਤਾਂ ਅੱਤ ਦੀ ਗਰਮੀ ਤੋਂ ਛੁਟਕਾਰੇ ਦੀ ਇੱਕ ਉਮੀਦ ਨਜਰ ਆਉਂਦੀ ਹੈ।ਸਾਵਣ ਵਿੱਚ ਪੌਣ ਰੁਮਕਣ ਲੱਗਦੀ ਹੈ, ਜੋ ਹੌਲੀ -ਹੌਲੀ ਤੇਜ਼ ਹਵਾ ਦਾ ਰੂਪ ਧਾਰ ਲੈਂਦੀ ਹੈ।ਇਸ ਹਵਾ ਵਿਚ ਮਸਤ ਹੋ ਮੋਰ ਆਪਣੇ ਖੰਭ ਖਿਲਾਰ ਪੈਲ ਪਾਉਂਦੇ ਹਨ।ਅਸਮਾਨ ਵਿੱਚ ਛੋਟੇ ਛੋਟੇ ਬੱਦਲ ਅਠਖੇਲੀਆਂ ਕਰਦੇ ਨਜਰ ਆਉਂਦੇ ੱਤੇ ਥੋੜੀ ਦੇਰ ਬਾਅਦ ਇੱਕ ਜੁੱਟ ਹੋ ਵੱਡੇ ਬੱਦਲ ਦਾ ਰੂਪ ਧਾਰ ਲੈਂਦੇ ਹਨ। ਵੇਖਦਿਆਂ - ਵੇਖਦਿਆਂ ਉਹ ਬੱਦਲ ਗੂੜੇ ਕਾਲੇ ਰੰਗ ਦਾ ਹੋ ਜਾਂਦਾ ਅਤੇ ਗੱਜਣ ਲੱਗ ਪੈਂਦਾ ਹੈ ।ਅਸਮਾਨ ਵਿੱਚ ਬਿਜਲੀ ਦੀ ਚਮਕ ਤੋਂ ਮੀਂਹ ਦਾ ਆਉਣਾ ਸਪੱਸ਼ਟ ਹੋ ਜਾਂਦਾ ਅਤੇ ਲੋਕ ਖੁੱਲੇ ਅਸਮਾਨ ਹੇਠ ਪਿਆ ਸਾਜੋ ਸਮਾਨ ਸਾਭਣ ਲੱਗ ਪੈਂਦੇ ਹਨ।ਕੁੱਝ ਹੀ ਪਲਾਂ ਵਿਚ ਹੀ ਮੋਹਲੇਧਾਰ ਮੀਂਹ ਸ਼ੁਰੂ ਹੋ ਜਾਂਦਾ ਹੈ।ਛੋਟੇ ਬੱਚੇ ਮੀਂਹ ਪੈਣ ਤੇ ਜਿੱਥੇ ਕੱਪੜੇ ਉਤਾਰ ਮੀਂਹ ਵਿੱਚ ਨਹਾਉਂਦੇ ਹਨ, ਉਥੇ ਹੀ ਕਾਗਜ਼ ਦੀਆਂ ਬੇੜੀਆਂ ਬਣਾ ਪਾਣੀ ਦੇ ਵਹਿਣ ਵਿਚ ਤਾਰਦੇ ਨਜਰ ਆਉਂਦੇ ਹਨ।ਅਕਸਰ ਅਸੀਂ ਬੱਚਿਆ ਨੂੰ ਇਹ ਗਾਉਦਿਆਂ ਸੁਣਿਆਂ ਹੈ:-
ਰੱਬਾ ਰੱਬਾ ਮੀਂਹ ਵਰਸਾ,
ਸਾਡੀ ਕੋਠੀ ਦਾਣੇ ਪਾ।
ਕਿਉਂਕਿ ਸਾਵਣ ਮਹੀਨੇ ਵਿੱਚ ਪੈਣ ਵਾਲੇ ਮੀਂਹ ਤੇ ਹੀ ਸਾਉਣੀ ਦੀ ਫ਼ਸਲ ਨਿਰਭਰ ਕਰਦੀ ਹੈ ਅਤੇ ਉਸਦਾ ਝਾੜ ਵੱਧ ਜਾਂਦਾ ਹੈ।ਸਾਵਣ ਮਹੀਨੇ ਵਿੱਚ ਪੈਣ ਵਾਲੇ ਮੀਂਹ ਦਾ ਲੁਤਫ਼ ਕੇਵਲ ਇਨਸਾਨ ਹੀ ਨਹੀਂ, ਸਗੋਂ ਪਸ਼ੂ ਪੰਛੀ ਵੀ ਉਠਾਉਂਦੇ ਹਨ।ਸਾਵਣ ਮਹੀਨੇ ਪੈਣ ਵਾਲੀ ਫੁਹਾਰ ਨੂੰ ਪਸ਼ੂ ਅੱਖਾਂ ਬੰਦ ਕਰ ਆਪਣੇ ਸਿਰ ਉਪਰ ਪਵਾਉਂਦੇ ਹਨ।ਉਸ ਸਮੇਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਬੇਜੁਬਾਨ ਜਾਨਵਰ ਆਪਣੇ ਸਰੀਰ ਅੰਦਰੋਂ ਜੇਠ ਹਾੜ ਦੀ ਤਪਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ ਕਰ ਰਹੇ ਹੋਣ।ਸਾਵਣ ਦੀ ਬਾਰਿਸ਼ ਦਾ ਪਾਣੀ ਟੋਇਆਂ ਟਿੱਬਿਆਂ ਅਤੇ ਛੱਪੜਾਂ ਵਿਚ ਭਰ ਜਾਂਦਾ ਹੈ।ਪੀਲੇ ਰੰਗ ਦੇ ਬਰਸਾਤੀ ਡੱਡੂ ਛੱਪੜ ਦੇ ਪਾਣੀ ਵਿਚ ਟਰ-ਟਰ ਕਰਦੇ ਨਜ਼ਰ ਆਉਂਦੇ ਹਨ, ਜਿਵੇਂ ਹੋਰ ਮੀਂਹ ਮੰਗ ਰਹੇ ਹੋਣ।ਟਟੌਲੀਆਂ ਪਾਣੀ ਵਿੱਚ ਘੁੰਮਦੀਆਂ ਅਤੇ ਘਾਹ ਦੇ ਨਿੱਕੇ-ਨਿੱਕੇ ਝੀਂਗਰ ਤ੍ਰਿਣ-ਤ੍ਰਿਣ ਕਰਦੇ ਸੁਣਦੇ ਹਨ।ਸੁਣਿਆਂ ਹੈ ਕਿ ਇੱਕ ਪੰਛੀਂ ਪਪੀਹਾ ਜੋ ਕਦੇ ਪਾਣੀ ਨਹੀਂ ਪੀਂਦਾ ਸਿਰਫ ਬਾਰਿਸ਼ ਦੀ ਬੂੰਦ ਹੀ ਉਸਦੀ ਹਲਕ ਵਿਚ ਉਤਰਦੀ ਹੈ ਅਤੇ ਉਸਦੀ ਪਿਆਸ ਬੁਝਾਉਂਦੀ ਹੈ।ਇਸ ਲਈ ਉਹ ਅਸਮਾਨ ਵੱਲ ਮੂੰਹ ਕਰ ਬਾਰਿਸ਼ ਦਾ ਇੰਤਜਾਰ ਕਰਦਾ ਹੈ ।ਜਦੋਂ ਬਾਰਿਸ਼ ਰੁਕਦੀ ਅਤੇ ਬਦਲ ਖਿੰਡ ਜਾਦੇਂ ਹਨ ਤਾਂ ਸ਼ਾਮ ਨੂੰ ਅਸਮਾਨ ਵਿਚ ਪਈ ਸਤਰੰਗੀ ਪੀਂਘ ਆਪਣੇ ਆਪ ਵਿੱਚ ਹੀ ਕਾਦਰ ਦੀ ਕੁਦਰਤ ਦਾ ਅਲੌਕਿਕ ਨਜ਼ਾਰਾ ਪੇਸ਼ ਕਰਦੀ ਹੈ।ਅਕਸਰ ਬਾਰਿਸ਼ ਰੁਕਣ ਤੋਂ ਬਾਅਦ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਜਦੋਂ ਲਿਸ਼ਕਦਾ ਹੈ ਤਾਂ ਪੁਰਾਣੇ ਬਜ਼ੁਰਗ ਕਹਿ ਦਿੰਦੇ ਹਨ ਕਿ ਮੀਂਹ ਇੱਕ ਵਾਰ ਫਿਰ ਆਵੇਗਾ।ਸਾਵਣ ਦੀ ਇਸ ਵਰਖਾ ਨਾਲ ਜੇਠ-ਹਾੜ ਦੀ ਗਰਮੀ ੱਤੇ ਬਿਨਾਂ ਪਾਣੀ ਤੋਂ ਮੁਰਝਾਏ ਰੁੱਖ ਫਿਰ ਤੋਂ ਹਰੇ-ਭਰੇ ਹੋ ਜਾਂਦੇ ਹਨ ਅਤੇ ਹਰ ਪਾਸੇ ਹਰਿਆਲੀ ਨਜ਼ਰ ਆਉਣ ਲੱਗਦੀ ਹੈ।
ਸਾਵਣ ਦੇ ਮਹੀਨੇ ਦਾ ਸਬੰਧ ਜਿੱਥੇ ਵਰਖਾ ਰੁੱਤ ਨਾਲ ਹੈ, ਉੱਥੇ ਤੀਆਂ ਦੇ ਤਿਉਹਾਰ ਦਾ ਸਬੰਧ ਵੀ ਇਸ ਮਹੀਨੇ ਨਾਲ ਜੁੜਿਆਂ ਹੋਇਆ ਹੈ।ਸਾਵਣ ਮਹੀਨੇ ਆਉਣ ਵਾਲੇ ਹਰ ਐਤਵਾਰ ਤੀਆਂ ਦਾ ਤਿਉਹਾਰ ਮਨਾਇਆਂ ਜਾਂਦਾ ਹੈ।ਸਾਵਣ ਮਹੀਨਾ ਚੜ੍ਹਨ ਤੋਂ ਕੁੱਝ ਦਿਨ ਪਹਿਲਾ ਭਰਾ ਆਪਣੀਆਂ ਸਹੁਰੇ ਗਈਆਂ ਭੈਣਾਂ ਖਾਸ ਕਰ ਸੱਜ ਵਿਆਹੀਆਂ ਨੂੰ ਪੇਕੇ ਘਰ ਲੈ ਆਉਂਦੇ ਹਨ।ਸੱਜ -ਵਿਆਹੀਆਂ ਮੁਟਿਆਰਾਂ ਸਾਵਣ ਦੇ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ।ਤੀਆਂ ਵਾਲੇ ਦਿਨ ਮੁਟਿਆਰਾਂ ਗਹਿਣਿਆਂ ਨਾਲ ਲੱਧੀਆਂ ਰੰਗ ਬਰੰਗੀਆਂ ਪੁਸ਼ਾਕਾਂ ਪਹਿਨ ਪਿੰਡ ਦੇ ਬਾਹਰ ਕਿਸੇ ਖੁੱਲੀ ਜਗ੍ਹਾਂ ਜਿੱਥੇ ਹਰ ਸਾਲ ਤੀਆਂ ਲੱਗਦੀਆਂ ਉੱਥੇ ਤੀਆਂ ਖੇਡਣ ਜਾਂਦੀਆ ਹਨ।ਇੱਥੇ ਉਹ ਚਿਰ ਤੋਂ ਵਿੱਛੜੀਆਂ ਸਹੇਲੀਆਂ ਨੂੰ ਮਿਲਦੀਆਂ ਅਤੇ ਦੁੱਖ ਸੁੱਖ ਸਾਂਝੇ ਕਰ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ।ਮਹੌਲ ਉਸ ਸਮੇਂ ਬਦਲ ਜਾਂਦਾ ਜਦੋਂ ਗਿੱਧਾ ਸ਼ੁਰੂ ਹੋ ਜਾਂਦਾ ਅਤੇ ਬੋਲੀਆਂ ਪੈਣ ਲੱਗਦੀਆਂ।ਕੁੜੀਆਂ ਬੋਲੀਆਂ ਵਿੱਚ ਵੀ ਸਹੁਰੇ ਪਰਿਵਾਰ ਨਾਲ ਗਿਲੇ ਸ਼ਿਕਵੇ ਅਤੇ ਪੇਕੇ ਘਰ ਦੀ ਵਡਿਆਈ ਕਰਦੀਆਂ ਹਨ।ਕੁੜੀ ਦੇ ਸਹੁਰੇ ਪਰਿਵਾਰ ਨਾਲ ਗਿਲੇ ਸ਼ਿਕਵੇ ਉਦੋਂ ਨਜ਼ਰ ਆਉਂਦੇ ਜਦੋਂ ਉਹ ਬੋਲੀ ਪਾਉਂਦੀ :-
ਸੱਸੇ ਨੀ ਤੇਰੀ ਮੱਝ ਮਰ ਜਾਵੇ,
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਕੁੜੀ ਆਪਣੇ ਸਹੁਰੇ ਪਰਿਵਾਰ ਵੱਲੋਂ ਪਾਏ ਗਏ ਘੱਟ ਗਹਿਣਿਆਂ ਦਾ ਜ਼ਿਕਰ ਅਤੇ ਪੇਕੇ ਘਰ ਦੀ ਵਡਿਆਈ ਬੋਲੀ ਰਾਹੀ ਇਸ ਤਰ੍ਹਾਂ ਜਾਹਿਰ ਕਰਦੀ ਹੈ:-
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜ੍ਹਦਾ ਤਾਂ ਲਾਹਦੇ ਲਾਹਦੇ ਕਰਦਾ ਨੀ।
ਹਰ ਬੋਲੀ ਤੇ ਦੋ-ਦੋ ਕੁੜੀਆਂ ਵਾਰੀ -ਵਾਰੀ ਪਿੜ ਵਿਚ ਆਣ ਨੱਚਦੀਆਂ ਅਤੇ ਕਿਕਲੀ ਪਾਉਂਦੀਆਂ । ਸੂਰਜ ਛਿੱਪਣ ਤੋਂ ਪਿੱਛੋਂ ਅਗਲੀ ਤੀਅ ਤੇ ਫਿਰ ਮਿਲਣ ਦੇ ਵਾਦੇ ਨਾਲ ਪਿੜ ਖਿੰਡ ਜਾਂਦਾ ਹੈ।ਤੀਆਂ ਜਾਂ ਸਾਵੇਆ ਦਾ ਇਹ ਸਿਲਸਿਲਾ ਸਾਵਣ ਮਹੀਨੇ ਦੇ ਹਰ ਐਤਵਾਰ ਚਲਦਾ ਰਹਿੰਦਾ ਹੈ।
ਜਿੱਥੇ ਕੁੜੀਆਂ ਤੀਆਂ ਖੇਡਦੀਆਂ ਉੱਥੇ ਮੁੰਡੇ ਇਸ ਦਿਨ ਕਬੱਡੀ ਖੇਡ ਤੀਆਂ ਤਾ ਤਿਉਹਾਰ ਮਨਾਉਂਦੇ । ਵੱਡਿਆਂ ਪਿੰਡਾਂ ਵਿੱਚ ਜਿੱਥੇ ਸਿੰਝਾਂ ਪੈਦੀਆਂ ਉੱਥੇ ਕੁਸ਼ਤੀਆਂ ਕਰਵਾਈਆਂ ਜਾਂਦੀਆ।
ਜਦੋਂ ਤੀਆਂ ਖੇਡ ਕੁੜੀਆਂ ਮੁੰਡੇ ਵਾਪਸ ਆਪਣੇ ਘਰ ਪਰਤਦੇ ਤਾਂ ਘਰ ਵਿੱਚ ਮਾਂ ਨੇ ਖੀਰ ਪੂੜੇ ਬਣਾਏ ਹੁੰਦੇ ਜਿਸ ਨੂੰ ਸਾਰੇ ਬੜੀ ਰੀਝ ਨਾਲ ਖਾਂਦੇ। ਖੀਰ ਬਾਰੇ ਇੱਕ ਪੁਰਾਣੀ ਕਹਾਵਤ ਹੈ:-
ਸਾਵਣ ਖੀਰ ਨਾ ਖਾਧੀਆ,
ਕਿਉਂ ਆਈਓ ਉਪਾਧੀਆ।
ਸਾਵਣ ਦੇ ਮਹੀਨੇ ਕੁੜੀਆਂ ਪਿਪਲੀ ਪਾਈਆਂ ਪੀਘਾਂ ਝੂਟਦੀਆਂ ਅਤੇ ਨਵ-ਵਿਆਹੀਆਂ ਪੀਂਘ ਦੇ ਹਰ ਹੁਲਾਰੇ ਨਾਲ ਆਪਣੇ ਮਾਹੀਂ ਨੂੰ ਯਾਦ ਕਰਦੀਆਂ ਪਰ ਜੇਕਰ ਮਾਹੀਂ ਸਾਵਣ ਮਹੀਨੇ ਲੈਣ ਆ ਜਾਂਦਾ ਤਾਂ ਅੱਗੋ ਉਸ ਨੂੰ ਕਿਹਾ ਜਾਂਦਾ :-
ਸਾਵਣ ਦਾ ਮਹੀਨਾ, ਵੇ ਤੂੰ ਆਇਓ ਗੱਡੀ ਜੋੜ ਕੇ।
ਜਾ ਮੈਂ ਨਹੀਂ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ ਕੇ।
ਪੁਰਾਣੇ ਸਮੇਂ ਵਿੱਚ ਜਦੋਂ ਗੱਭਰੂ ਸਿਰ ਤੇ ਫਰਲੇ ਵਾਲਾ ਚੀਰਾ ਬੰਨ੍ਹ, ਗੱਲ ਵਿੱਚ ਦੋਲੜੀਆ ਕੈਠਾਂ ਪਾ , ਧੂਣਾਂ ਚਾਦਰਾ ਲਾ, ਸੁਨਿਹਰੀ ਤਿੱਲੇ ਵਾਲੀ ਜੁੱਤੀ ਪਾ ਅਤੇ ਹੱਥ ਸੰਮਾਂ ਵਾਲੀ ਡਾਂਗ ਫੜ੍ਹ ਪਹਿਰ ਦਿਨ ਰਹਿੰਦਿਆਂ ਆਪਣੀ ਸੱਜ ਵਿਆਹੀ ਨੂੰ ਲੈਣ ਸਹੁਰੇ ਘਰ ਆ ਜਾਂਦਾ ਤਾਂ ਸਹੁਰੇ ਪਰਿਵਾਰ ਵੱਲੋਂ ਉਸਦੀ ਪੂਰੀ ਆਓ-ਭਗਤ ਕੀਤੀ ਜਾਂਦੀ ।ਸਾਲੇਹਾਰਾਂ ਅਤੇ ਸਾਲੀਆਂ ਦੁਆਰਾ ਉਸ ਨੂੰ ਸਾਉਣ ਰਹਿੰਦਿਆਂ ਲੈਣ ਆਉਣ ਤੇ ਮਜ਼ਾਕ ਕੀਤੇ ਜਾਂਦੇ। ਤੀਆਂ ਵਾਲੇ ਦਿਨ ਉਹ ਆਪਣੇ ਸਾਲਿਆਂ ਦੇ ਨਾਲ ਕਬੱਡੀ ਵੇਖਣ ਜਾਂਦਾ ਅਤੇ ਕੁੜੀ ਆਪਣੀਆਂ ਸਹੇਲੀਆਂ ਨਾਲ ਤੀਆਂ ਖੇਡਣ ਜਾਂਦੀ। ਸੂਰਜ ਢਲਣ ਉਪਰੰਤ ਵੀ ਗਿੱਧੇ ਦੀ ਗੂੰਜ ਬੰਦ ਨਾ ਹੁੰਦੀ, ਅਖੀਰ ਹਨੇਰਾ ਹੁੰਦਾ ਵੇਖ ਕੁੜੀਆਂ ਤੀਆਂ ਵਿਚਲੇ ਗਿੱਧੇ ਦੇ ਪਿੜ ਨੂੰ ਇੱਕ ਸਾਲ ਲਈ ਅਲਵਿਦਾ ਕਹਿ ਅਗਲੇ ਸਾਲ ਫਿਰ ਮਿਲਣ ਦਾ ਵਾਧਾ ਕਰ ਵਾਪਸ ਘਰ ਪਰਤ ਆਉਂਦੀਆਂ।
                             ਅਯੋਕੇ ਸਮੇਂ ਵਿੱਚ ਤੀਆਂ ਦੀ ਰੂਪ ਰੇਖਾ ਬਿਲਕੁਲ ਬਦਲ ਚੁੱਕੀ ਹੈ। ਅੱਜ ਤੀਆਂ ਇੱਕ ਤਿਉਹਾਰ ਨਾ ਰਹਿ ਕੇ ਇੱਕ ਫੰਕਸ਼ਨ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਜੋ ਸਿਰਫ਼ ਕੁੱਝ ਗਿਣੀਆਂ ਮਿਥੀਆਂ ਜਗ੍ਹਾਂ ਤੇ ਹੀ ਮਨਾਈਆਂ ਜਾਂਦੀਆਂ ਹਨ।ਜਿਹਨਾਂ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਪ੍ਰਮੁੱਖ ਹਨ।ਇਸ ਤਰ੍ਹਾ ਅਸੀਂ ਆਪਣੇ ਪੰਜਾਬੀ ਵਿਰਸੇ ਅਤੇ ਬੇਸ਼ਕੀਮਤੀ ਸੱਭਿਆਚਾਰ ਤੋਂ ਦਿਨ-ਬ-ਦਿਨ ਦੂਰ ਹੁੰਦੇ ਜਾ ਰਹੇ ਹਾਂ। ਲੋੜ ਹੈ ਅਯੋਕੀ ਪੀੜ੍ਹੀ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਦੀ।
                                                                                 



                                                                                                                                                                                                                                                                                                  

  


Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template