Headlines News :
Home » » ਜੁਝਾਰਵਾਦੀ ਕਵੀ ਲਾਲ ਸਿੰਘ ਦਿਲ ਨੂੰ ਯਾਦ ਕਰਦਿਆਂ - ਗੁਰਤੇਜ ਸਿੰਘ ਮੱਲੂ ਮਾਜਰਾ

ਜੁਝਾਰਵਾਦੀ ਕਵੀ ਲਾਲ ਸਿੰਘ ਦਿਲ ਨੂੰ ਯਾਦ ਕਰਦਿਆਂ - ਗੁਰਤੇਜ ਸਿੰਘ ਮੱਲੂ ਮਾਜਰਾ

Written By Unknown on Saturday 16 August 2014 | 01:49

ਬਰਸੀ ’ਤੇ ਵਿਸ਼ੇਸ਼
             ਦੇਸ਼ ਅਜ਼ਾਦ ਹੋਣ ਪਿੱਛੋਂ ਜਦੋਂ ਸਮਾਜਿਕ ਪੱਧਰ ’ਤੇ ਕੋਈ ਪਰਿਵਰਤਨ ਨਾ ਆਇਆ ਤਾਂ ਕੁਝ ਪੜ੍ਹੇ-ਲਿਖੇ ਲੋਕਾਂ ਨੇ ਸਰਕਾਰ ਦੇ ਖ਼ਿਲਾਫ ਹੀ ਬਗਾਵਤ ਵਾਲਾ ਰੁਖ ਅਖਤਿਆਰ ਕਰ ਲਿਆ । ਇਹ ਲੋਕ ਚਾਹੁੰਦੇ ਸਨ ਕਿ ਜਨਤਾ ਸਰਕਾਰ ਦੇ ਪੂੰਜੀਪਤੀਆਂ,ਭੂਮੀਪਤੀਆਂ,ਨੌਕਰਸ਼ਾਹਾਂ ਅਤੇ ਸਿਆਸੀ ਗੱਠ-ਜੋੜ ਬਾਰੇ ਜਾਗਰੂਕ ਹੋ ਜਾਵੇ ਅਤੇ ਨਾਲ ਹੀ ਉਨ੍ਹਾਂ ਦਾ ਮੁਖ ਮਕਸਦ ਸੀ ਕਿ ਹਰੇਕ ਨਾਗਰਿਕ ਨੂੰ ਬਣਦੇ ਅਧਿਕਾਰ (ਹੱਕ ) ਦਿੱਤੇ ਜਾਣ । ਸਮਾਜਿਕ ਪੱਧਰ ’ਤੇ ਕੋਈ ਭਿੰਨਤਾ ਜਾਂ ਸ਼੍ਰੇਣੀ ਨਹੀਂ ਹੋਣੀ ਚਾਹੀਦੀ । ਇਨ੍ਹਾਂ ਪੜ੍ਹੇ-ਲਿਖੇ ਲੋਕਾਂ ਨੇ ਸਾਹਿਤ (ਕਾਵਿ) ਦਾ ਆਸਰਾ ਲੈ ਕੇ ਹਥਿਆਰਬੰਦ ਇਨਕਲਾਬ ਦੀ ਗੱਲ ’ਤੇ ਜ਼ੋਰ ਦਿੱਤਾ ਤਾਂ ਜੋ ਸਰਕਾਰ ਦਾ ਪਾਸਾ ਪਲਟਿਆ ਜਾ ਸਕੇ । ਸਾਹਿਤ ਰਾਹੀਂ ਲੋਕਾਂ ਤੱਕ ਪਹੁੰਚੇ ਵਿਚਾਰ ਬਿਲਕੁਲ ਪੇਂਡੂ ਅਤੇ ਕਿਰਸਾਨੀ ਪੀੜ੍ਹੀ ਦੀ ਸਮਝ ਅਨੁਸਾਰ ਸਨ ।ਅਜਿਹੇ ਕ੍ਰਾਂਤੀਕਾਰੀ ਕਾਵਿ ਵਿਚ ਲੋਕਾਂ ਦੇ ਦਰਦ ਦੀ ਤਸਵੀਰ (ਪੇਂਡੂ ਲੋਕਾਂ ਦੇ ਪੱਧਰ ’ਤੇ ) ਪੇਸ਼ ਕੀਤੀ ਗਈ । ਇਸ ਤਰਾਂ ਦੀ ਕਰੁਣਾਮਈ ਤਸਵੀਰ ਪੇਸ਼ ਕਰਨ ਵਿਚ  ਸਮਰਾਲੇ ਦੇ ਸ: ਲਾਲ ਸਿੰਘ ਦਿਲ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਉਸਨੇ ਸਮਾਜ ਦੇ ਅਜਿਹੇ ਪਾਤਰਾਂ ਨੂੰ ਕਾਵਿ ਵਿਚ ਪੇਸ਼ ਕੀਤਾ ਜਿਨ੍ਹਾਂ ਨੂੰ ਸਾਡੇ ਹੋਰਨਾਂ ਕਵੀਆਂ/ ਸਾਹਿਤਕਾਰਾਂ ਨੇ ਅੱਖੋਂ ਉਹਲੇ ਕਰ ਛੱਡਿਆ  ਸੀ। ਗੱਲ ਕਹਿਣ ਅਤੇ ਲਿਖਣ ਦਾ ਉਸਦਾ ਵੱਖਰਾ ਅਤੇ ਨਿਵੇਕਲਾ ਅੰਦਾਜ ਸੀ ।
    ਲਾਲ ਸਿੰਘ ਦਾ ਜਨਮ 11 ਅਪ੍ਰੈਲ,1943 ਨੂੰ ਉਸਦੇ ਨਾਨਕੇ ਘਰ ਪਿੰਡ ਘੁੰਗਰਾਲੀ ਸਿੱਖਾਂ,ਜ਼ਿਲ੍ਹਾ ਲੁਧਿਆਣਾ ਵਿਚ ਹੋਇਆ । ਉਸਦਾ ਜੱਦੀ ਪਿੰਡ ਸਮਰਾਲਾ ਸੀ । ਉਸਦੇ ਪਿਤਾ ਦਾ ਨਾਮ ਸ: ਰੌਣਕੀ ਰਾਮ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਬਚਿੰਤ ਕੌਰ  ਸੀ ।ਉਸਦੇ ਦੋ ਭਰਾ ਅਤੇ ਦੋ ਭੈਣਾਂ ਸਨ । ਇਹ ਪਰਿਵਾਰ ਦਲਿਤ-ਵਰਗ ਨਾਲ ਸੰਬੰਧਤ ਸੀ ।ਇਸ ਦਲਿਤ-ਵਰਗ ਦਾ ਸੰਤਾਪ ਉਸਨੇ ਸਕੂਲ ਪੜ੍ਹਦਿਆਂ ਵੀ ਝੱਲਿਆ ਸੀ ਕਿਉਂਕਿ ਸਕੂਲ ਵਿਚ ਪੜ੍ਹਾਉਂਦੇ ਬ੍ਰਾਹਮਣ ਅਧਿਆਪਕ ਉਸਨੂੰ ਪ੍ਰਾਰਥਨਾ ਕਹਾਉਣ ਵਾਲਿਆ’ਚੋਂ, ਕਵਿਤਾ ਬੋਲਣ (ਤਿਆਰ ਕਰਨ ) ਵਾਲਿਆ ’ਚੋਂ ਅਤੇ ਨਾਟਕ ਦੀ ਟੀਮ ( ਮੰਡਲੀ ) ’ਚੋਂ ਬਾਹਰ ਕੱਢ ਦਿੰਦੇ ਸਨ । ਅਜਿਹੇ ਮਹੌਲ ’ਚ ਲਾਲ ਸਿੰਘ ਦਿਲ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ । ਸਮਰਾਲਾ ਦੇ ਸੈਕੰਡਰੀ ਸਕੂਲ ਵਿਚੋਂ 1960 ’ਚ ਦਸਵੀਂ ਪਾਸ ਕੀਤੀ । 1961-62 ਵਿਚ ਉਸਨੇ ਏ.ਐਸ. ਕਾਲਜ ਖੰਨਾ ’ਚ ਦਾਖ਼ਲਾ ਲੈ ਲਿਆ । ਅਜੇ ਕਾਲਜ ਦੇ ਇਮਤਿਹਾਨ ਵੀ ਨਹੀਂ ਸਨ ਹੋਏ ਕਿ ਉਸਨੂੰ ਬਹਿਲੋਲਪੁਰ ਪਿੰਡ ’ਚ ਖੁੱਲ੍ਹੇ ਨਵੇਂ ਜੇ.ਬੀ.ਟੀ.ਸਕੂਲ ’ਚ ਦਾਖਲਾ ਮਿਲ ਗਿਆ । ਇਸ ਪਿੰਡ ਵਿਚ ਲਾਲ ਸਿੰਘ ਦਿਲ ਮੰਗਿਆ ਹੋਇਆ ਸੀ । ਬਹਿਲੋਲਪੁਰ ਵਾਲਿਆ ਨੇ ਆਪਣੀ ਬੇਟੀ ਕਿਤੇ ਹੋਰ ਵਿਆਹ ਦਿੱਤੀ  । ਉਸ ਨੂੰ ਇਸ ਪਿੰਡ ਵਿਚ ਪੜ੍ਹਨ ਜਾਣਾ ਔਖਾ ਹੋ ਗਿਆ ਤੇ ਉਸਨੇ ਆਪਣਾ ਜੇ.ਬੀ.ਟੀ. ਦਾ ਕੋਰਸ ਅੱਧ ਵਿਚਕਾਰ ਹੀ ਛੱਡ ਦਿੱਤਾ ।ਇਸ ਤੋਂ ਬਾਅਦ ਲਾਲ ਸਿੰਘ ਦਿਲ ਨੇ ਆਪਣੇ ਮਿੱਤਰ ਹਰਜੀਤ ਮਾਂਗਟ ਨਾਲ ਮਿਲਕੇ ਗਿਆਨੀ ਦਾ ਕੋਰਸ ਆਰੰਭ ਕੀਤਾ ਪ੍ਰੰਤੂ ਕਵਿਤਾ ਦੇ ਪੇਪਰ ’ਚੋਂ ਦੋਵਾਂ ਨੂੰ ਹੀ ਅਸਫ਼ਲਤਾ ਹੱਥ ਲੱਗੀ । ਇਸ ਪ੍ਰਕਾਰ ਗਿਆਨੀ ਦਾ ਕੋਰਸ ਵੀ ਅਧੂਰਾ ਹੀ ਰਹਿ ਗਿਆ ।                                                         ਲਾਲ ਸਿੰਘ ਦਿਲ ਪੜ੍ਹਾਈ ਵੱਲੋਂ ਹਟਦਿਆਂ ਹੀ ਮਜ਼ਦੂਰੀ ਕਰਨ ਲੱਗ ਪਿਆ ਉਸਦਾ ਕੋਈ ਪੱਕਾ ਕਿੱਤਾ ਨਹੀਂ ਸੀ । ਉਹ ਮਜ਼ਦੂਰੀ ਕਰਨ ਲਈ ਕਦੇ ਰਾਜ ਮਿਸਤਰੀਆਂ ਨਾਲ ਅਤੇ ਕਦੇ ਖੇਤਾਂ ’ਚ ਦਿਹਾੜੀ ਕਰਨ ਚਲਾ ਜਾਂਦਾ ਸੀ ।ਸਕੂਲ ਦੇ ਦਿਨਾਂ ਵਿਚ ਵੀ ਉਹ ਆਪਣੇ ਦੋਸਤ ਰਾਮਦਾਸ ਨਾਲ ਮਿਲਕੇ ਅੰਬ ਵੇਚਿਆ ਕਰਦਾ ਸੀ । ਵਿਹਲੇ ਸਮੇਂ ਉਹ ਲੋਕਾਂ ਦੀਆਂ  ਮੱਝਾਂ ( ਦੇ ਪਸ਼ੂ) ਚਾਰਕੇ ਕੁਝ ਪੈਸੇ ਕਮਾਉਂਦਾ ਅਤੇ ਘਾਹ ਦੀਆਂ ਪੰਡਾਂ ਵੇਚਣ ਜਾਂਦਾ ਸੀ ।                                     
   1967-68 ਵਿਚ ਨਕਸਲੀ ਦੌਰ ਆਰੰਭ ਹੋ ਗਿਆ । ਉਹ ਨਕਸਲੀਆਂ ਵੱਲੋਂ ਜੱਥੇ-ਬੰਦ ਕੀਤੀ ਸਰਵ ਭਾਰਤੀ ਇਨਕਲਾਬੀ ਤਾਲਮੇਲ ਕਮੇਟੀ ਪੰਜਾਬ ਦਾ ਮੈˆਬਰ ਬਣ ਗਿਆ । ਇਨਕਲਾਬੀ ਕਮੇਟੀ ਨੇ 30 ਅਪ੍ਰੈਲ,1969 ਨੂੰ ਚਮਕੌਰ ਸਾਹਿਬ ਦੇ ਥਾਣੇ ’ਤੇ ਹਮਲਾ ਕਰ ਦਿੱਤਾ ।ਗੱਲ ਕੀ ਲਾਲ ਸਿੰਘ ਦਿਲ ਕਾਮਰੇਡਾਂ ਨਾਲ ਮਿਲਕੇ ਹਰ ਥਾਂ ’ਤੇ ਅੱਗੇ ਲੱਗ ਕੇ ਕਾਰਜ ਕਰਦਾ ਸੀ । ਇਨ੍ਹਾਂ ਨਕਸਲੀ ਗਤੀ-ਵਿਧੀਆਂ ਕਾਰਣ ਹੀ ਉਹ ਛੇਤੀ ਹੀ ਪੁਲਿਸ ਦੀ ਲਪੇਟ ਵਿਚ ਆ ਗਿਆ ਸੀ ।ਉਸਨੂੰ ਹਵਾਲਾਤ ਦੇ ਜੱਜ ਵੱਲੋਂ ਪਿਸਤੌਲ ਦੇ ਕੇਸ ਵਿਚ ਅਤੇ ਚਮਕੌਰ ਸਾਹਿਬ ਦੇ ਥਾਣੇ ’ਤੇ ਹਮਲੇ ਦੇ ਦੋਸ਼ ਵਿਚ ਤਿੰਨ ਸਾਲ ਨੌ ਮਹੀਨੇ ਦੀ ਕੈਦ ਹੋਈ ।                                
     ਜਦੋਂ ਲਾਲ ਸਿੰਘ ਦਿਲ ਜੇਲ੍ਹ ਕੱਟ ਕੇ ਆਪਣੇ ਪਿੰਡ ਸਮਰਾਲੇ ਵਾਪਸ ਆਇਆ ਤਾਂ ਉੱਥੇ ਸਮੱਗ਼ਲਰਾਂ ਨੇ ਕਿਸੇ ਥਾਣੇਦਾਰ ਦਾ ਕਤਲ ਕਰ ਦਿੱਤਾ ਸੀ । ਉੱਥੋਂ ਦੀ ਪੁਲਿਸ ਦਿਨ-ਰਾਤ ਇਲਾਕੇ ਵਿਚ ਚੱਕਰ ਕੱਟਦੀ ਰਹਿੰਦੀ ਸੀ ਜਿਸ ਕਰਕੇ ਕਿਸੇ  ਵੀ ਰਿਸ਼ਤੇਦਾਰ ,ਘਰ ਵਾਲਿਆ ਅਤੇ ਕਿਸੇ ਮਿੱਤਰ ਜਾਂ ਸਾਹਿਤਕਾਰ ਨੇ ਆਪਣੇ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ ।                                                                                               ਇਸ ਸਭ ਕਾਸੇ ਤੋਂ ਪ੍ਰੇਸ਼ਾਨ ਹੋਇਆ ਅਖ਼ੀਰ ਉਹ ਸਾਲ 1972 ਵਿਚ ਪੰਜਾਬ ਛੱਡ ਕੇ ਉੱਤਰ-ਪ੍ਰਦੇਸ਼ ਚਲਾ ਗਿਆ ।ਉਥੇ ਕਿਸੇ ਲੁਧਿਆਣੇ ਦੇ ਕਿਸੇ ਸੇਠ ਨੇ ਜ਼ਮੀਨ ਖ਼ਰੀਦੀ ਹੋਈ ਸੀ ਉਸ ਦੇ ਫਾਰਮ ’ਤੇ ਚਲਾ ਗਿਆ । ਸੇਠ ਉਸ ਦੇ ਆ ਜਾਣ ’ਤੇ ਸਾਰਾ ਕੰਮ ਉਸ ਨੂੰ ਸੰਭਾਲ ਕੇ ਉਹ ਆਪਣੇ ਪਰਿਵਾਰ ਕੋਲ ਲੁਧਿਆਣੇ ਚਲਾ ਗਿਆ । ਸੇਠ ਡੇਢ ਮਹੀਨੇ ਪਿੱਛੋਂ ਵਾਪਸ ਆਇਆ । ਸੇਠ ਦੇ ਵਾਪਸ ਆਉਣ ’ਤੇ ਉਸ ਨੇ ਹੋਰ ਕਈ ਥਾਂ ਕੰਮ ਕਰਨੇ ਆਰੰਭ ਕੀਤੇ । ਜਿਵੇਂ ਖੰਡ ਮਿੱਲ ’ਚ ਚੌਂਕੀਦਾਰਾ, ਖੇਤਾਂ ’ਚ ਮਜ਼ਦੂਰੀ , ਅੰਬਾਂ ਦਾ ਬਾਗ ਸੰਭਾਲਿਆ , ਬੂਟ-ਚੱਪਲਾਂ ਦੀ ਡੱਗੀ ਲਾਈ ਅਤੇ ਕੱਪੜ੍ਹੇ ਦੀ ਦੁਕਾਨ ’ਚ ਕੰਮ ਕੀਤਾ । ਅਖੀਰ ਸਾਲ 1982 ਵਿਚ ਉਹ ਇੱਕ ਥਾਣੇਦਾਰ ਦੇ ਘਰ ਨੌਕਰ (ਰਸੋਈਆ ) ਲੱਗ ਗਿਆ । ਉਥੇ ਉਸ ਦੇ ਪਰਿਵਾਰਕ ਮੈˆਬਰਾਂ ਨਾਲ ਝਗੜਾ ਹੁੰਦਾ ਵੇਖਕੇ ਸਾਲ 1987 ਵਿਚ ਪੰਜਾਬ ਵਿਚ ਵਾਪਸ ਆ ਗਿਆ । ਇਸ ਤੋਂ ਇਲਾਵਾ ਲਾਲ ਸਿੰਘ ਦਿਲ ਨੇ ਗੁਜਰਾਤ ਵਿਚ ਹਰਜੀਤ ਮਾਂਗਟ ਦੇ ਖੇਤਾਂ ’ਚ ਪੇਟ ਭਰਨ ਲਈ ਸਖ਼ਤ ਮਿਹਨਤ ਕੀਤੀ ਜਿਸ ਤੋਂ ਸਿਰਫ਼ ਦੋ ਵਕਤ ਦੀ ਰੋਟੀ ਹੀ ਨਸੀਬ ਹੁੰਦੀ ਸੀ ।                                                
 ਲਾਲ ਸਿੰਘ ਦਿਲ ਨੇ ਉੱਤਰ-ਪ੍ਰਦੇਸ਼ ਵਿਚ ਮੁਸਲਮਾਨਾ ਦੇ ਮੁਹੱਲੇ ’ਚ ਰਹਿੰਦਿਆਂ ਉਨ੍ਹਾਂ ਦੀ ਪ੍ਰੇਮ-ਭਾਵਨਾ, ਭਾਈਚਾਰਾ ਅਤੇ ਰਹਿਣ-ਸਹਿਣ ਵੇਖ ਕੇ ਉਸਨੇ ਸਾਲ 1973 ਵਿਚ ਇਸਲਾਮਧਾਰਨ ਕਰ ਲਿਆ ਸੀ ।ਇਨ੍ਹਾਂ ਲੋਕਾਂ ਵਿਚ ਉਸ ਨੂੰ ਕੋਈ ਊਚ-ਨੀਚ ਨਜ਼ਰ ਨਹੀਂ ਸੀ ਆਈ । ਕਿਉਂਕਿ ਉਹ ਸਾਰੇ ਹੀ ਇਕ ਹੀ ਬਰਤਨ ਵਿਚ ਖਾਣਾ ਖਾ ਲੈˆਦੇ ਸਨ ।                                                                                                         ਪੰਜਾਬ ਵਾਪਸ ਆ ਕੇ ਲਾਲ ਸਿੰਘ ਦਿਲ ਸਮਰਲੇ ਦੇ ਇਕ ਨਲਕੇ ਲਾਉਣ ਵਾਲੇ ਮਿਸਤਰੀ ਨਲ ਮਜ਼ਦੂਰੀ (ਦਿਹਾੜ੍ਹੀ )ਲਈ ਗਿਆ ਤਾਂ ਉੱਥੇ ਮਕਾਨ ਮਾਲਕ ਨੇ ਮਿਸਤਰੀ ਨੂੰ ਕਿਹਾ ਕਿ,” ਨਹੀਂ-ਨਹੀਂ ਇਸ (ਵਿਆਕਤੀ ) ਨੂੰ ਕੰਮ ’ਤੇ ਨਹੀਂ ਲਾਉਣਾ ” । ਜਦੋਂ ਪੰਜਾਬ ’ਚ ਮਜ਼ਦੂਰੀ ਲਈ ਕੋਈ ਵਧੀਆ ਮਹੌਲ ਨਾ ਮਿਲਿਆ ਤਾਂ ਉਸ ਨੇ ਸਮਰਾਲਾ ਟਰੱਕ ਯੂਨੀਅਨ ਕੋਲ (ਮਾਛੀਵਾੜ੍ਹਾ ਰੋਡ ’ਤੇ )ਚਾਹ ਦਾ ਇੱਕ ਖੋਖਾ ਕਰ ਲਿਆ ਜਿਸ ਤੋਂ ਜੇਬ ਖਰਚ ਲਈ ਕੁਝ ਰੁਪਏ ਆ ਜਾਂਦੇ ਸਨ । ਜਦੋਂ ਜੇਬ ਖਰਚ ਮਿਲਣ ਲੱਗ ਪਿਆ ਤਾਂ ਉਹ ਰੋਜ਼ਾਨਾ ਹੀ ਸ਼ਰਾਬ ਅਤੇ ਬੀੜ੍ਹੀ ਪੀਣ ਦਾ ਆਦੀ ਹੋ ਗਿਆ ਸੀ । ਉਸ ਦਾ ਸਰੀਰ ਨਸ਼ੇ ਨੇ ਖਾ ਲਿਆ ਸੀ ਨਸ਼ੇ ਦੀ ਹਾਲਤ ਵਿਚ ਤਾਂ ਉਹ ਉੱਚ-ਸ਼੍ਰੇਣੀ ਦੀਆਂ ਮੜ੍ਹੀਆਂ ’ਚ ਘੁੰਮਦਾ ਰਹਿੰਦਾ ਸੀ ਇੱਕ ਦਿਨ ਅਜਿਹਾ ਆ ਗਿਆ ਕਿ ਉਹ ਬਿਮਾਰ ਹੋ ਕੇ ਮੰਜ਼ੇ ’ਤੇ ਪੈ ਗਿਆ ।ਸਰੀਰਕ  ਬਿਮਾਰੀ ਕਾਰਣ ਅੰਤ ਲੁਧਿਅਣਾ ਦੇ ਡੀ.ਐਮ.ਸੀ.(ਹਸਪਤਾਲ) ’ਚ 14 ਅਗਸਤ ,2007 ਨੂ ਅੰਤੜ੍ਹੀਆਂ ਦੀ ਬਿਮਾਰੀਨੂੰ ਨਾ ਸਹਾਰਦਾ ਹੋਇਆ ਸਾਨੂੰ ਸੰਦੀਵੀਂ ਵਿਛੋੜਾ ਦੇ ਗਿਆ ।                                                                                   ਅੱਜ ਇਸ ਵਿੱਛੜੇ ਕਵੀ ਲਾਲ ਸਿੰਘ ਦਿਲ ਦੀ ਅੱਜ ਬਰਸੀ ਹੈ । ਭਾਵੇਂ ਉਹ ਸਾਡੇ ਵਿਚਕਾਰ ਮੌਜੂਦ ਨਹੀਂ ਹੈ ਪਰ ਉਸ ਦੀਆਂ ਰਚਨਾਵਾਂ ਉਸ ਦੀ ਹੋਦ ਨੂੰ ਮਹਿਸੂਸ ਕਰਵਾਉਂਦੀਆਂ ਹਨ ।ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ’ਸਤਲੁਜ ਦੀ ਹਵਾ ’ 1971 , ’ਬਹੁਤ ਸਾਰੇ ਸੂਰਜ ’1982 , ’ਸੱਥਰ ’ 1997, ’ਨਾਗ ਲੋਕ’ (ਸਮੁੱਚੀ ਕਾਵਿ ਰਚਨਾ )1998,’ਦਾਸਤਾਨ ’(ਸਵੈ-ਜੀਵਨੀ ) 1998 ,ਅਤੇ ਮਰਨ ਉਪਰੰਤ ”ਅੱਜ ਬਿੱਲਾ ਫਿਰ ਆਇਆ ” 2009 ਪੁਸਤਕਾਂ ਦਿੱਤੀਆਂ । ਲਾਲ ਸਿੰਘ ਦਿਲ ਦਾ ਨਾਂ ਪੰਜਾਬੀ ਸਾਹਿਤ-ਜਗਤ ਵਿਚ ਨਕਸਲੀ-ਕਾਵਿ ਅਤੇ ਦਲਿਤ-ਕਾਵਿ ਕਰਕੇ ਵੀ ਪ੍ਰਸਿੱਧ ਹੈ । ਉਸ ਨੇ ਪਹਿਲਾਂ-ਪਹਿਲਾਂ ਲਾਲ ਸਿੰਘ ਚੌਪੜਾ ਅਤੇ ਲਾਲ ਸਿੰਘ ਪਿਆਸਾ ਦੇ ਨਾਂ ਹੇਠ ਵੀ ਰਚਨਾਵਾਂ ਲਿਖੀਆਂ । ਇਸਲਾਮ ਧਾਰਨ ਕਰਨ ਪਿੱਛੋਂ ਉਸ ਨੇ ਆਪਣਾ ਨਾਮ ਬਦਲਕੇ ਮੁਹੰਮਦ ਬੁਸਰਾ ਚੌਂਕੀਦਾਰ ਅਤੇ ਵਲੀ ਮੁਹੰਮਦ ਰੱਖ ਲਿਆ ਸੀ । ਅੰਤਮ ਉਰਦੂ ਸ਼ਾਇਰੀ ਉਸ ਨੇ ਵਲੀ ਮੁਹੰਮਦ ਦੇ ਨਾਂ ਹੇਠ ਲਿਖੀ ਹੋਈ ਹੈ । ਦੇਖੋ-
                          ਬਨਾ ਨਾ ਦਰਦੇ ਜਿਗਰ ਕੋ ਵਲੀ ਕਾ ਜੁਰਮੇ ਜ਼ੁਬਾਂ
                              ਅਭੀ  ਐਂ  ਅਸਕੇ  ਕਲਮ ਆਸਮਾਨ  ਬਾਕੀ ਹੈ ।    
                                                                                           

                                                                                                                                                                                                 ਗੁਰਤੇਜ ਸਿੰਘ ਮੱਲੂ ਮਾਜਰਾ 
                                                                             ਮੋਬਾ:98144-75783

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template