Headlines News :
Home » » ਨੇਤਰ ਦਾਨ ਮਹਾਨ ਦਾਨ - ਨੇਤਰ ਦਾਨ ਮਹਾਨ ਦਾਨ- ਕੰਵਲਜੀਤ ਕੌਰ ਢਿੱਲੋਂ

ਨੇਤਰ ਦਾਨ ਮਹਾਨ ਦਾਨ - ਨੇਤਰ ਦਾਨ ਮਹਾਨ ਦਾਨ- ਕੰਵਲਜੀਤ ਕੌਰ ਢਿੱਲੋਂ

Written By Unknown on Friday 12 September 2014 | 23:51

ਇਸ ਸੰਸਾਰ ਵਿੱਚ ਆਪਣੇ ਸਰੀਰ ਦੇ ਪੂਰੇ ਅੰਗ ਲੈ ਕੇ ਪੈਦਾ ਹੋਣਾ ਅਤੇ ਬਿਨਾ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਇੱਕ ਚੰਗੀ ਜ਼ਿੰਦਗੀ ਬਸਰ ਕਰ ਸੰਸਾਰ ਨੂੰ ਅਲਵਿਦਾ ਕਹਿਣਾ ਆਪਣੇ ਆਪ ਵਿੱਚ ਬਹੁਤ ਵੱਡੀ ਖੁਸ਼ਕਿਸਮਤੀ ਹੈ। ਸੰਸਾਰ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿਸੇ ਹਾਦਸੇ ਦੌਰਾਨ ਆਪਣੇ ਅੰਗ ਪੈਰ ਗਵਾ ਬੈਠਦੇ ਹਨ ਅਤੇ ਕੁੱਝ ਜਨਮ ਤੋ ਹੀ ਅਪਾਹਜ, ਗੂੰਗੇ ਜਾਂ ਬੋਲੇ ਹੁੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨ੍ਹਾਂ ਕੋਲ ਮੀਲਾਂ ਦਾ ਸਫ਼ਰ ਤਹਿ ਕਰਨ ਲਈ ਪੈਰ ਨਹੀਂ ਹੁੰਦੇ ਅਤੇ ਆਪਣੀ ਕਿਸਮਤ ਬਣਾਉਣ ਲਈ ਹੱਥ ਨਹੀਂ ਹਨ। ਕੁੱਝ ਲੋਕ ਵਾਤਾਵਰਣ ਵਿੱਚ ਰੁਮਕਣ ਵਾਲੀ ਪੌਣ ਦਾ ਮਧੁਰ ਸੰਗੀਤ ਵੀ ਨਹੀ ਸੁਣ ਸਕਦੇ ਅਤੇ ਬਹੁਤ ਸਾਰੇ ਅੱਖਾਂ ਨਾ ਹੋਣ ਕਾਰਨ ਕਾਦਰ ਦੀ ਕੁਦਰਤ ਦੇ ਅਲੌਕਿਕ ਨਜ਼ਾਰੇ ਵੇਖਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਰੀਰ ਦੇ ਸਾਰੇ ਅੰਗਾਂ ਦਾ ਹੋਣਾ ਬਹੁਤ ਜਰੂਰੀ ਹੈ।
ਅੱਜ ਮੈਂ ਇਥੇ ਅੱਖਾਂ ਦੀ ਗੱਲ ਕਰਨ ਜਾ ਰਹੀ ਹਾਂ। ਅੱਖਾਂ ਹੀ ਹਨ ਜਿਸ ਦੀ ਬਦੌਲਤ
ਅਸੀਂ ਵੱਖ - ਵੱਖ ਚਿਹਰਿਆਂ ਦੀ ਪਛਾਣ ਕਰ ਪਾਉਂਦੇ ਹਾਂ। ਆਪਣੇ ਆਸ ਪਾਸ ਫੈਲੀ ਬਨਸਪਤੀ ਦੇ ਨਜ਼ਾਰੇ ਨੂੰ ਦੇਖ ਸਕਦੇ ਹਾਂ ਅਤੇ ਅਸਮਾਨ ਤੇ ਪਈ ਸਤਰੰਗੀ ਪੀਂਘ ਵੀ ਸਾਨੂੰ ਇਹਨਾਂ ਅੱਖਾਂ ਦੀ ਬਦੌਲਤ ਹੀ ਦਿਖਾਈ ਦਿੰਦੀ ਹੈ। ਕਿਸੇ ਖਾਣ ਵਾਲੇ ਪਦਾਰਥ ਨੂੰ ਅੱਖਾਂ ਰਾਂਹੀ ਦੇਖ ਅਸੀਂ ਉਸਦੀ ਸਵੱਛਤਾ ਦਾ ਅੰਦਾਜ਼ਾ ਲਗਾ ਸਕਦੇ ਹਾਂ। ਪਰ ਕਈ ਵਾਰ ਜਨਮ ਤੋਂ ਜਾਂ ਕਿਸੇ ਹਾਦਸੇ ਤਹਿਤ ਅੱਖਾਂ ਦੀ ਜੋਤੀ ਚਲੀ ਜਾਂਦੀ ਹੈ ਤਾਂ ਅਜਿਹੇ ਵਿੱਚ ਸੰਸਾਰ ਦੇ ਸਾਰੇ ਅਲੌਕਿਕ ਨਜ਼ਾਰੇ ਅੰਧਕਾਰ ਵਿੱਚ ਬਦਲ ਜਾਂਦੇ ਹਨ। ਸਾਡੇ ਲਈ ਹਨੇਰੇ ਵਿੱਚ ਇੱਕ ਪਲ ਗੁਜ਼ਾਰਨਾ ਮੁਸ਼ਕਿਲ ਹੁੰਦਾ ਹੈ, ਪਰ ਕੁੱਝ ਲੋਕਾਂ ਨੂੰ ਆਪਣੀ ਸਾਰੀ ਉਮਰ ਇਸ ਅੰਧਕਾਰ ਵਿੱਚ ਗੁਜ਼ਾਰਨੀ ਪੈਂਦੀ ਹੈ। ਪਰ ਜੇਕਰ ਅਸੀਂ ਚਾਹੀਏ ਤਾਂ ਮਰਨ ਤੋਂ ਬਾਅਦ ਨੇਤਰ ਦਾਨ ਕਰ ਅਸੀਂ ਕਿਸੇ ਅੰਧਕਾਰ ਵਿੱਚ ਡੁੱਬੇ ਵਿਅਕਤੀ ਨੂੰ ਇਹ ਦੁਨੀਆਂ ਫਿਰ ਤੋਂ ਦਿਖਾ ਸਕਦੇ ਹਾਂ ਅਤੇ ਉਸ ਦੀ ਜ਼ਿੰਦਗੀ ਵਿੱਚ ਰੌਸ਼ਨੀ ਦੀ ਕਿਰਨ ਫਿਰ ਤੋਂ ਵਾਪਸ ਆ ਸਕਦੀ ਹੈ। ਕਿਸੇ ਇੱਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀ ਇਹ ਦੁਨੀਆਂ ਦੁਬਾਰਾ ਦੇਖ ਸਕਦੇ ਹਨ। ਪਰੰਤੂ ਅੱਜ ਵੀ ਸਾਡੇ ਦੇਸ਼ ਵਿੱਚ ਬਹੁਤ ਘੱਟ ਲੋਕ ਹਨ ਜੋ ਮਰਨ ਤੋਂ ਬਾਅਦ ਅੱਖਾਂ ਦਾਨ ਕਰਦੇ ਹਨ। ਸਾਡੇ ਦੇਸ਼ ਵਿੱਚ ਲੱਗਭਗ 0.12 ਮਿਲੀਅਨ ਲੋਕ ਅਜਿਹੇ ਹਨ ਜੋ ਅੱਖਾਂ ਤੋਂ ਦੇਖ ਨਹੀਂ ਸਕਦੇ ਅਤੇ ਇਸ ਵਿੱਚ ਹਰ ਸਾਲ 20,000 ਵਿਅਕਤੀ ਹੋਰ ਜੁੜ ਜਾਂਦੇ ਹਨ। ਇਹਨਾਂ ਵਿੱਚੋਂ ਜਿਆਦਾਤਰ ਗਿਣਤੀ ਨੌਜਵਾਨ ਵਰਗ ਦੀ ਹੈ। ਇਹ ਨੌਜਵਾਨ ਵਰਗ ਕਿਸੇ ਦੇ ਨੇਤਰ ਲੈ ਦੁਬਾਰਾ ਤੋਂ ਇਹ ਦੁਨੀਆਂ ਦੇਖ ਸਕਦਾ ਹੈ। ਪਰ ਨੇਤਰ ਦਾਨ ਕਰਨ ਵਾਲਿਆ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਹਰ ਸਾਲ 45000 ਤੋਂ ਲੈ ਕੇ 50000 ਵਿਅਕਤੀ ਆਪਣੀਆਂ ਅੱਖਾਂ ਦਾਨ ਕਰਦੇ ਹਨ। ਜੋ ਕਿ ਅਨੁਪਾਤ ਵਿੱਚ ਬਹੁਤ ਹੀ ਘੱਟ ਹਨ।
ਭਾਰਤ ਸਰਕਾਰ ਦੁਆਰਾ ਨੇਤਰ ਦਾਨ ਨੂੰ ਉਤਸ਼ਾਹਿਤ ਕਰਨ ਲਈ 25 ਅਗਸਤ 2014 ਤੋਂ 8 ਸਤੰਬਰ 2014 ਤੱਕ 29 ਵਾਂ ਨੇਤਰ-ਦਾਨ ਕੌਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦਾ ਉਦੇਸ਼ ਆਮ ਜਨਤਾ ਨੂੰ ਨੇਤਰ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਸਬੰਧ ਵਿੱਚ ਸਕੂਲ ਕਾਲਜ ਦੇ ਅਧਿਆਪਕ ਅਤੇ ਬੱਚੇ ਨੇਤਰ ਦਾਨ ਦੇ ਸ਼ੰਦੇਸ਼ ਨੂੰ ਭਾਸ਼ਣ ਮੁਕਾਬਲਿਆ ਰਾਹੀ ਅਤੇ ਪੋਸਟਰਾਂ ਰਾਹੀ ਆਮ ਜਨਤਾ ਤੱਕ ਪਹੁੰਚਾ ਸਕਦੇ ਹਨ। ਦੇਸ਼ ਦੇ ਨੇਤਾਵਾਂ ਦੀ ਅਵਾਜ਼ ਆਮ ਜਨਤਾ ਤੱਕ ਅਸਾਨੀ ਨਾਲ ਪਹੁੰਚ ਜਾਂਦੀ ਹੈ, ਜੇਕਰ ਇਹ ਨੇਤਾ ਚਾਹੁਣ ਤਾਂ ਉਹ ਜਨਤਾ ਨੂੰ ਨੇਤਰਦਾਨ ਕਰਨ ਵੱਲ ਪ੍ਰੇਰਿਤ ਕਰ ਸਕਦੇ ਹਨ। ਇਸ ਦੇ ਨਾਲ ਹੀ ਟੀ.ਵੀ., ਰੇਡੀਓ ਅਤੇ ਅਖ਼ਬਾਰਾ ਰਾਹੀ ਵੀ ਨੇਤਰਦਾਨ ਕਰਨ ਲਈ ਆਮ ਜਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਸਰਕਾਰ ਦੁਆਰਾ ਨੇਤਰ-ਦਾਨ ਨੂੰ ਬੜਾਵਾ ਦੇਣ ਲਈ ਬਹੁਤ ਸਾਰੇ ਫ਼ੰਡ ਸਰਕਾਰੀ ਹਸਪਤਾਲਾ ਵਿੱਚ ਭੇਜੇ ਜਾਂਦੇ ਹਨ। ਜਿੰਨ੍ਹਾਂ ਦੀ ਵਰਤੋਂ ਲੋਕਾਂ ਨੂੰ ਨੇਤਰ-ਦਾਨ ਕਰਨ ਲਈ ਪ੍ਰੇਰਿਤ ਕਰਨ ਵਿੱਚ ਕੀਤੀ ਜਾਂਦੀ ਹੈ। ਬਹੁਤ ਸਾਰੇ ਆਈ ਬੈਂਕ ਹਨ ਜੋ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਅਧੀਨ ਕੰਮ ਕਰ ਰਹੇ ਹਨ। ਇਹ ਆਈ ਬੈਂਕ ਅੱਖਾਂ ਦਾਨ ਕਰਨ ਵਾਲੇ ਵਿਅਕਤੀਆਂ ਅਤੇ ਲੋੜ ਵੰਦ ਵਿਅਕਤੀਆਂ ਵਿੱਚ ਇੱਕ ਪੁੱਲ ਦਾ ਕੰਮ ਕਰਦੇ ਹਨ।
ਸਾਡਾ ਦੇਸ਼ ਆਪਣੀ ਅਮੀਰ ਸੱਭਿਅਤਾ ਅਤੇ ਧਾਰਮਿਕ ਮਹੱਤਤਾ ਕਾਰਨ ਜਾਣਿਆ ਜਾਂਦਾ ਹੈ। ਇੱਥੋ ਦੇ ਲੋਕ ਕਰਮ-ਧਰਮ ਅਤੇ ਦਾਨ-ਪੁੰਨ ਕਰਨ ਵਿੱਚ ਯਕੀਨ ਰੱਖਦੇ ਹਨ। ਫਿਰ ਅਸੀਂ ਨੇਤਰ - ਦਾਨ ਕਰਨ ਤੋਂ ਗੁਰੇਜ਼ ਕਿਉੋਂ ਕਰਦੇ ਹਾਂ? ਨੇਤਰ -ਦਾਨ ਨੂੰ ਇੱਕ ਮਹਾਨ ਦਾਨ ਮੰਨਿਆਂ ਗਿਆ ਹੈ। ਦੁਨੀਆਂ ਦੇ ਬਾਕੀ ਸਾਰੇ ਦਾਨ ਤਾਂ ਇਨਸਾਨ ਆਪਣੇ ਜੀਵਨ ਕਾਲ ਦੌਰਾਨ ਕਰਦਾ ਹੈ ਪਰ ਇਹ ਇੱਕ ਅਜਿਹਾ ਦਾਨ ਹੈ ਜੋ ਮਰਨ ਉਪਰੰਤ ਕੀਤਾ ਜਾ ਸਕਦਾ ਹੈ। ਸਾਡੇ ਮਰਨ ਉਪਰੰਤ ਵੀ ਸਾਡੀਆਂ ਇਹ ਅੱਖਾਂ ਦੁਨੀਆਂ ਵਿੱਚ ਜੀਵਤ ਰਹਿ ਕਿਸੇ ਦੂਸਰੇ ਵਿਅਕਤੀ ਦੀ ਅੰਧੇਰੀ ਦੁਨੀਆਂ ਨੂੰ ਰੌਸ਼ਨ ਕਰ ਸਕਦੀਆਂ ਹਨ। ਸਾਡੀ ਅੱਖਾਂ ਦੀ ਜੋਤੀ ਕਿਸੇ ਅੰਨ੍ਹੇ ਵਿਅਕਤੀ ਦਾ ਦੁਨੀਆਂ ਵੇਖਣ ਦਾ ਸੁਪਨਾ ਸੱਚ ਕਰ ਸਕਦੀ ਹੈ। ਜੇਕਰ ਅਸੀਂ ਸਾਰੇ ਹੀ ਨੇਤਰ-ਦਾਨ ਕਰਨ ਦਾ ਪ੍ਰਣ ਕਰ ਲਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਦੇਸ਼ ਵਿੱਚ ਕੋਈ ਵੀ ਵਿਅਕਤੀ ਅੰਨ੍ਹਾਂ ਨਹੀਂ ਰਹੇਗਾ ਅਤੇ ਉਸ ਦਿਨ ਸਰਕਾਰ ਨੂੰ ਇਹ ਪੰਦਰਵਾੜੇ ਮਨਾਉਣ ਦੀ ਜਰੂਰਤ ਵੀ ਨਹੀਂ ਰਹੇਗੀ।

    

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template