Headlines News :
Home » » ਨਾ ਮੈਂ ਕੋਈ ਝੂਠ ਬੋਲਿਆ.....................? - ਹਰਵਿੰਦਰ ਸਿੰਘ ਸੱਗੂ

ਨਾ ਮੈਂ ਕੋਈ ਝੂਠ ਬੋਲਿਆ.....................? - ਹਰਵਿੰਦਰ ਸਿੰਘ ਸੱਗੂ

Written By Unknown on Sunday 6 April 2014 | 06:51

ਜੇਕਰ ਚੋਣਾਂ ਖਰਚ ਤੋਂ ਬਗੈਰ ਹੋਣ ਲੱਗ ਜਾਣ ਤਾਂ ਅਸੀਂ ਭ੍ਰਿਸ਼ਟਾਚਾਰ ਨੂੰ ਕਾਬੂ ਕਰ ਸਕਦੇ ਹਾਂ
ਪੰਜਾਬ ਦੀਆਂ ਚੋਣਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਚੋਣ ਕਮਿਸ਼ਨ ਵਧਾਈ ਦੀ ਪਾਤਰ
ਪੰਜਾਬ ਵਿਚ ਇਸ ਵਾਰ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਇਸ ਵਾਰ ਪਹਿਲਾਂ ਹੋਈਆਂ ਚੋਣਾਂ ਨਾਲੋਂ ਵੱਖਰਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਚੋਣ ਕਮਿਸ਼ਨ ਵਲੋਂ ਜੋ ਸਖਤੀ ਦਿਖਾਈ ਗਈ ਹੈ ਉਸ ਨਾਲ ਭਾਵੇਂ ਉਮੀਦਵਾਰਾਂ ਨੂੰ ਨਿਰਾਸ਼ਾ ਹੋ ਰਹੀ ਹੈ ਪਰ ਆਮ ਆਦਮੀ ਚੋਣ ਕਮਿਸ਼ਨ ਦੇ ਕੰਮ ਤੋਂ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਥੋੜਾ ਸਮਾਂ ਪਹਿਲਾਂ ਇਕ ਚੋਣ ਕਮਿਸ਼ਨ ਟੀ. ਐਨ. ਸੇਸ਼ਨ ਆਏ ਸਨ। ਜਿਨ੍ਹਾਂ ਵਲੋਂ ਇਸ ਤਰ੍ਹਾਂ ਸਖਤੀ ਦਿਖਾਈ ਗਈ ਸੀ ਤਾਂ ਕਿ ਭਾਰਤ ਦੇ ਦੁਨੀਆਂ ਦਾ ਸਭ ਤੋ ਵੱਡਾ ਲੋਕਤੰਤਰ ਹੋਣ ਦਾ ਤਾਜ ਬਰਕਰਾਰ ਰਹਿ ਸਕੇ। ਉਸ ਸਮੇਂ ਟੀ. ਐਨ. ਸੇਸ਼ਨ ਵਜੋਂ ਚੋਣ ਕਮਿਸ਼ਨ ਸਾਡੇ ਰਾਜਨੀਤਿਕ ਲੋਕਾਂ ਨੂੰ ਪਸੰਦ ਨਹੀਂ ਸੀ ਆਇਆ। ਉਨ੍ਹਾਂ ਤੋਂ ਬਾਅਦ ਆਏ ਚੋਣ ਕਮਿਸ਼ਨਾ ਨੇ ਦਾਅਵੇ ਤਾਂ ਬਹੁਤ ਜਤਾਏ ਪਰ ਉਨ੍ਹਾਂ ਨੂੰ ਸਾਰਥਿਕ ਰੂਪ ਨਹੀਂ ਸੀ ਦਿਤਾ ਜਾ ਸਕਿਆ। ਜਿਸ ਕਾਰਨ ਚੋਣਾਂ ਵਿਚ ਧਾਂਦਲੇਬਾਜ਼ੀ, ਗੁੰਡਾਗਰਦੀ, ਨਸ਼ਿਆਂ ਦੀ ਖੁੱਲ੍ਹਾ ਵਰਤੋਂ ਅਤੇ ਖੁੱਲ੍ਹੇ ਤੌਰ ’ਤੇ ਪੈਸਿਆਂ ਦੀ ਵੰਡ ਹੋਣ ਨਾਲ  ਲੋਕਤੰਤਰ ਦਾ ਘਾਣ ਹੋ ਗਿਆ ਸੀ। ਹੁਣ ਜਦੋਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਤਾਂ ਇਕ ਵਾਰ ਫਿਰ ਤੋਂ ਟੀ. ਐਨ. ਸੇਸ਼ਨ ਦੀ ਯਾਦ ਆ ਗਈ ਹੈ। ਮੈਂ ਪਿਛਲੇ ਕੁਝ ਸਮੇਂ ਤੋਂ ਆਰਟੀਕਲ ਲਿਖਣ ਤੋਂ ਗੁਰੇਜ ਕਰ ਰਿਹਾ ਸੀ ਪਰ ਪਾਠਕਾਂ ਦੇ ਆ ਰਹੇ ਸੁਨੇਹਿਆਂ ਅਤੇ ਚੋਣ ਕਮਿਸ਼ਨ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਤੁਹਾਡੇ ਰੂ-ਬਰ-ਰੂ ਹੋਣ ਲਈ ਮਜ਼ਬੂਰ ਕਰ ਦਿਤਾ। ਇਸ ਵਾਰ ਮੈਂ ਚੋਣਾਂ ਨੂੰ ਵਿਲਖਣ ਇਸ ਲਈ ਕਹਿ ਰਿਹਾ ਹਾਂ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣ ਕਮਿਸ਼ਨ ਵਲੋਂ ਇਨ੍ਹਾਂ ਬਾਰੀਕ ਛਾਨਣਾ ਲਗਾਇਆ ਜਾ ਰਿਹਾ ਹੈ ਅਤੇ ਉਮੀਦਵਾਰ ਲਈ ਖਰਚੇ ਦੀ ਜੋ ਸੀਮਾ ਤੈਅ ਕਰ ਦਿਤੀ ਹੈ ਹਰ ਉਮੀਦਵਾਰ ਉਸੇ ਸੀਮਾ ਅੰਦਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਵੇਂ ਕਿ ਇਹ ਅਸਭੰਵ ਹੈ ਪਰ ਉਮੀਦਵਾਰ ਉਸਨੂੰ ਸੰਭਵ ਕਰਨ ਦੀ ਕੋਸ਼ਿਸ਼ ਲੱਗਾ ਹੋਇਆ ਹੈ। ਇਸ ਵਾਰ ਨਾ ਕਿਧਰੇ ਬਹੁਤੇ ਪੋਸਟਰ ਬੈਨਰ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਕੰਨ ਪਾੜਵੀ ਆਵਾਜ਼ ਵਿਚ ਉਮੀਦਵਾਰਾਂ ਲਈ ਵੋਟ ਮੰਗਣ ਦਾ ਪ੍ਰਚਾਰ ਹੋ ਰਿਹਾ ਹੈ। ਚੋਣ ਕਮਿਸ਼ਨ ਦੇ ਸਖਤ ਡੰਡੇ ਕਾਰਨ ਪੰਜਾਬ ਦਾ ਸੂਝਵਾਨ ਵੋਟਰ ਅੰਦਰੋ-ਅੰਦਰੀ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਇਥੇ ਧਿਆਨਦੇਣ ਯੋਗ ਗੱਲ ਇਹ ਹੈ ਕਿ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਪੰਜਾਬ ਦੇ ਰਾਜਨੀਤਿਕ ਮਾਹੌਲ ਦੀ ਬਹੁਤ ਸ਼ਾਨਦਾਰ ਮਿਸਾਲ ਪੇਸ਼ ਕਰ ਦਿਤੀ ਹੈ। ਇਹ ਮਿਸਾਲ ਤਾਂ ਸੁਪਨਮਈ ਹੀ ਹੋ ਸਕਦੀ ਹੈ ਕਿਉਂਕਿ ਇਕ ਬਹੁਤ ਪੁਰਾਣਾ ਮੁਹਾਵਰਾ ਹੈ ਕਿ ‘ ਵਾਰਿਸ ਸਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ -ਪੋਰੀਆਂ ਜੀ ’ ਇਹ ਕਹਾਵਤ ਸਦਾ ਲਈ ਝੂਠੀ ਸਾਬਤ ਹੋ ਨਹੀਂ ਸਕਦੀ। ਪੰਜਾਬ ਵਿਚ ਜੋ ਇਸ ਸਮੇਂ ਚੁਾਣਵੀ ਮਾਹੌਲ ਹੈ ਉਸ ਅਨੁਸਾਰ ਪੰਜਾਬ ਵਿਚ ਭਾਵੇਂ ਖਰਚ ਦੇ ਦਾਇਰੇ ਵਿਚ ਰਹਿਣ ਦਾ ਦਿਖਾਵਾ ਹਰ ਉਮੀਦਵਾਰ ਕਰ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਹੁਣ ਖਰਚੇ ਲੁਕਵੇਂ ਹੋ ਚੁੱਕੇ ਹਨ। ਪਹਿਲਾਂ ਅਖਬਾਰਾਂ ਵਿਚ ਇਸ਼ਤਿਹਾਰ ਲਗਾਏ ਜਾਂਦੇ ਸਨ ਹੁਣ ਉਨ੍ਹਾਂ ਦਾ ਰੂਪ ਬਦਲੀ ਹੋ ਗਿਆ ਹੈ। ਚਲੋ! ਇਸ ਸਭ ਦੇ ਚੱਲਦਿਆਂ ਵੀ ਇਸ ਵਾਰ ਬਹੁਤ ਕੁਝ ਠੀਕ ਹੈ। ਜਿਸਨੂੰ ਮੈਂ ਚੋਣ ਕਮਿਸ਼ਨ ਦਾ ਸ਼ਲਾਘਾਯੋਗ ਕਦਮ ਸਮਝਦਾ ਹਾਂ। ਜੇਕਰ ਹਰੇਕ ਚੋਣ ਵਿਚ ਚੋਣ ਕਮਿਸ਼ਨ ਇਸੇ ਤਰ੍ਹਾਂ ਸਖਤੀ ਦਿਖਾਉਂਦੇ ਹੋਏ ਕੰਮ ਕਰੇ ਤਾਂ ਆਉਂਦੇ ਕੁਝ ਸਮੇਂ ਵਿਚ ਭਾਰਤ ਦੀ ਤਸਵੀਰ ਹੀ ਬਦਲੀ ਨਜ਼ਰਆਏਗੀ ਕਿਉਂਕਿ ਭ੍ਰਿਸ਼ਟਾਚਾਰ ਦੀ ਸਭ ਤੋਂ ਪਹਿਲੀ ਪੌੜੀ ਹੀ ਚੋਣਾਂ ਦੀ ਲਡਾਈ ਤੋਂ ਸ਼ੁਰੂ ਹੁੰਦੀ ਹੈ।  ਚੋਣਾਂ ਵਿਚ ਹੁੰਦੇ ਅਥਾਹ ਖਰਚ ਕਾਰਨ ਆਮ ਆਦਮੀ ਚੋਣ ਲੜਣ ਤੋਂ ਕੋਹਾਂ ਦੂਰ ਨੱਸਦਾ ਹੈ ਅਤੇ ਮੈਦਾਨ ਵਿਚ ਸਿਰਫ ਦੋ ਨੰਬਰ ਦੀ ਕਮਾਈ ਕਰਨ ਵਾਲੇ ਅਤੇ ਭ੍ਰਿਸ਼ਟਾਚਾਰੀ ਹੀ ਜ਼ਿਆਦਾਤਰ ਰਹਿ ਜਾਂਦੇ ਹਨ। ਜਦੋਂ ਇਕ ਸਰਪੰਚੀ ਦੀ ਚੋਣ ਲੱਖਾਂ ਵਿਚ ਅਤੇ ਐਮ. ਐਲ. ਏ. ਦੀ ਚੋਣ ਕਰੋੜਾਂ ’ਚ ਪੈਂਦੀ ਹੈ ਤਾਂ ਉਸੇ ਸਮੇਂ ਭ੍ਰਿਸ਼ਠਾਚਾਰ ਦਾ ਮੁੱਢ ਬੰਨ੍ਹਿਆ ਜਾਂਦਾ ਹੈ। ਜੋ ਉਮੀਦਵਾਰ ਕਰੋੜਾਂ ਖਰਚ ਕਰਕੇ ਈਮਾਨਦਾਰੀ ਨਾਲ ਬਿਨ੍ਹਾਂ ਕਿਸੇ ਆਮਦਨ ਵਾਲੀ ਪੋਸਟ ’ਤੇ ਬੈਠਦਾ ਹੈ ਤਾਂ ਉਹ ਆਪਣੇ ਖਰਚ ਕੀਤੇ ਹੋਏ ਪੈਸੇ ਪੂਰੇ ਕਰਨ ਲਈ ਅਤੇ ਅਗਾਂਹ ਚੋਣ ਲੜਣ ਲਈ ਪੈਸੇ ਦਾ ਜੁਗਾੜ ਸ਼ੁਰੂ ਕਰ ਦਿੰਦਾ ਹੈ। ਜ਼ਾਹਿਰ ਹੈ ਕਿ ਇਹ ਪੈਸਾ ਇਕ ਨੰਬਰ ਵਿਚ ਤਾਂ ਇਕੱਠਾ ਹੋਣਾ ਨਹੀਂ ਹੁੰਦਾ। ਜੇਕਰ ਕਿਸੇ ਨੇ ਸਰਕਾਰੀ ਪੋਸਟ ਦੀ ਬਦਲੀ ਕਰਵਾਉਣੀ, ਜਾਂ ਸਰਕਾਰੀ ਨੌਕਰੀ ਹਾਸਲ ਕਰਨੀ ਹੁੰਦੀ ਹੈ ਤ ਉਸਦੀ ਪੋਸਟ ਅਨੁਸਾਰ ਬੋਲੀ ਲੱਗਦੀ ਹੈ ਅਤੇ ਉਹ ਰੁਪਏ ਰਾਜਨੀਤਿਕ ਲੋਕਾਂ ਦੀ ਜੇਬ ਵਿਚ ਹੀ ਜਾਂਦੇ ਹਨ। ਇਥੇ ਕਿਸੇ ਦੀ ਯੋਗਤਾ ਦਾ ਕੋਈ ਸਵਾਲ ਨਹੀਂ ਰਹਿ ਜਾਂਦਾ। ਫਿਰ ਉਸਤੋਂ ਵੀ ਦੋ ਕਦਮ ਅੱਗੇ ਲੰਘਦੇ ਹਨ ਸਾਡੇ ਰਾਜਨੀਤਿਕ ਲੋਕ। ਉਹ ਹੋਰ ਵਧੇਰੇ ਪੈਸਾ ਇਕੱਠਾ ਕਰਨ ਦੀ ਚਾਹਤ ਨਾਲ ਨਸ਼ਿਆਂ ਦੇ ਦੰਦੇ ਨੂੰ ਵਪਾਰ ਵਜੋਂ ਅਪਨਾ ਕੇ ਸਾਡੀਆਂ ਜੜਾਂ ਖੋਖਲੀਆਂ ਕਰਨ ਵੱਲ ਤੁਰਦੇ ਹਨ ਅਤੇ ਕੁਝ ਪੁਲਸ ਅਫਸਰਾਂ ਨਾਲ ਮਿਲੀਭੁਗਤ ਕਰਕੇ ਆਮ ਆਦਮੀ ਦੀ ਜੇਬ ’ਤੇ ਡਾਕਾ ਮਾਰਨ ਲੱਗਦੇ ਹਨ। ਇਹ ਸਿਲਸਿਲਾ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਸ਼ੁਰੂ ਹੋਇਆ ਅੱਜ ਤੱਕ ਚੱਲ ਰਿਹਾ ਹੈ ਅਤੇ ਬਾਕੀ ਹੋਰ ਕਿਸੇ ਕੰਮ ਵਿਚ ਅਸੀਂ ਤਰੱਕੀ ਕੀਤੀ ਹੋਵੇ ਜ ਨਾ ਪਰ  ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਵਿਚ ਅਸੀਂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਸੌ ਫੀਸਦੀ ਕੀਤੀ ਹੈ ਇਹ ਸਫਰ ਲਗਾਤਾਰ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਨੂੰ ਰੋਕਣ ਲਈ ਸਾਡੇ ਭ੍ਰਿਸ਼ਟਾਚਾਰੀ ਨੇਤਾ ਲੋਕ ਹੀ ਬਿਆਨਬਾਜ਼ੀ ਕਰਦੇ ਹਨ ਪਰ ‘ਬਿੱਲੇ ਦੇ ਸਰਾਹਣੇ ਦੁੱਧ ਜੰਮਦਾ ਕਿਸੇ ਨੇ ਨਹੀਂ ਦੇਖਿਆ’ ਇਸ ਲਈ ਭ੍ਰਿਸ਼ਟਾਚਾਰ ਤੋਂ ਭਾਵੇਂ ਆਮ ਆਦਮੀ ਭ੍ਰਿਸ਼ਟਾਚਾਰ ਦੀ ਮਾਰ ਤੋਂ ਬਹੁਤ ਪ੍ਰੇਸ਼ਾਨ ਹੈ ਪਰ ਉਹ ਇਸਦਾ ਹਲ ਕਰਨ ਲਈ ਵੀ ਜੇਕਰ ਖੁਦ ਪਹਿਲ ਕਰੇਗਾ ਤਾਂ ਸਥਿਤੀ ਸੁਧਰ ਸਕੇਗੀ। ਭ੍ਰਿਸ਼ਟਾਚਾਰ ਤੋਂ ਹਰ ਕੋਈ ਮੁਕਤੀ ਚਾਹੁੰਦਾ ਹੈ। ਇਸੇ ਲਈ ਅੰਨਾ ਹਜ਼ਾਰੇ ਦੀ ਇਕ ਆਵਾਜ਼ ’ਤੇ ਸਾਰਾ ਦੇਸ਼ ਖੜ੍ਹਾ ਹੋ ਗਿਆ। ਜੇਕਰ ਦੇਸ਼ ਵਿਚ ਚੋਣਾਂ ਨਿਰਪੱਖ ਢੰਗ ਨਾਲ ਦਾਇਰੇ ਅੰਦਰ ਰਹਿ ਕੇ ਹੋਣ ਲੱਗ ਜਾਣ ਤਾਂ ਭ੍ਰਿਸ਼ਟਾਚਾਰ ਨੂੰ ਅਸੀਂ ਸਮਾਪਤ ਕਰਨ ਵੱਲ ਵਧ ਸਕਦੇ ਹਾਂ ਕਿਉਂਕਿ ਥੋੜੇ ਪੈਸੇ ਨਾਲ ਚੋਣਾਂ ਲੜਣੀਆਂ ਯਕੀਨੀ ਹੋ ਜਾਣ ਤਾਂ ਆਮ ਆਦਮੀ ਰਾਜਨੀਤੀ ਵਿਚ ਆਉਣਾ ਪਸੰਦ ਕਰਨਗੇ। ਜੇਕਰ ਆਮ ਆਦਮੀ ਅਤੇ ਸੂਝਵਾਨ ਵਰਗ ਰਾਜਨੀਤੀ ਵਿਚ ਪ੍ਰਵੇਸ਼ ਕਰ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਚਮੁੱਚ ਹੀ ਸ਼ਹੀਦਾਂ ਦੇ ਸੁਪਨਿਆਂ ਵਾਲੇ ਭਾਰਤ ਦੇ ਵਸਨੀਕ ਹੋਵਾਂਗੇ। ਇਸਦੀ ਸ਼ੁਰੂਆਤ ਅੱਜ ਚੋਣ ਕਮਿਸ਼ਨ ਵਲਂ ਕੀਤੀ ਗਈ ਹੈ ਮੈਂ ਉਸਦਾ ਸਵਾਗਤ ਕਰਦਾ ਹਾਂ ਅਤੇ ਮੇਰੇ ਵਾਂਗ ਹੋਰ ਕਰੋੜਾਂ ਲੋਕ ਵੀ ਇਸਦੀ ਸ਼ਲਾਘਾ ਕਰ ਰਹੇ ਹੋਣਗੇ। ਆਸ ਕਰਦਾ ਹਾਂ ਕਿ ਇਹ ਸਫਰ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ ਵਿਚ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਜੇਕਰ ਹੁਣ ਇਸ ਪਾਸੇ ਅੰਕੁਸ਼ ਲੱਗ ਜਾਂਦਾ ਹੈ ਤਾਂ ਭਾਵੇਂ ਇਕ ਅੰਨਾ ਹਜ਼ਾਰੇ ਦੀ ਥਾਂ ’ਤੇ ਹਰ ਨਾਗਰਿਕ ਅੰਨਾ ਹਜ਼ਾਰੇ ਬਣ ਜਾਏ ਪਰ ਭ੍ਰਿਸ਼ਟਾਚਾਰ ਵਿਚ ਸਾਨੂੰ ਸਫਲਤਾ ਹਾਸਲ ਨਹੀਂ ਹੋਵੇਗੀ ਕਿਉਂਕਿ ਜਿਸ ਬੁਰਾਈ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਉਸੇ ਬੁਰਾਈ ਨੂੰ ਜਨਮ ਦੇ ਕੇ ਪਾਲ ਕੇ ਜਵਾਨ ਕਰਨ ਵਾਲੇ ਲੋਕ ਸਾਡੇ ਸਿਰ ’ਤੇ ਬੈਠੇ ਹਨ ਅਤੇ ਉਨ੍ਹਾਂ ਪਾਸੋਂ ਹੀ ਅਸੀਂ ਇਸ ਬੁਰਾਈ ਨੂੰ ਖਤਮ ਕਰਨ ਦੀ ਆਸ ਲਗਾਈ ਬੈਠੇ ਹਾਂ।

ਹਰਵਿੰਦਰ ਸਿੰਘ ਸੱਗੂ  
    98723-27899 
    

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template