Headlines News :
Home » » ਮਜ਼ਦੂਰ ਦਿਵਸ ਵੀ ਹੁਣ ਰਹਿ ਗਿਆ ਹੈ ਇੱਕ ਖਾਨਾ ਪੂਰਤੀ - ਕੁਲਦੀਪ ਚੰਦ

ਮਜ਼ਦੂਰ ਦਿਵਸ ਵੀ ਹੁਣ ਰਹਿ ਗਿਆ ਹੈ ਇੱਕ ਖਾਨਾ ਪੂਰਤੀ - ਕੁਲਦੀਪ ਚੰਦ

Written By Unknown on Friday 2 May 2014 | 01:50

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਿਸਨੂੰ ਮਈ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸਦੀ ਸ਼ੁਰੂਆਤ 1886 ਵਿੱਚ ਸ਼ਿਕਾਗੋ ਵਿੱਚ ਉਸ ਸਮੇਂ ਹੋਈ ਸੀ, ਜਦੋਂ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਮਜਦੂਰ ਇਕੱਠੇ ਹੋਕੇ ਮੰਗ ਕਰ ਰਹੇ ਸਨ ਕਿ ਇੱਕ ਦਿਹਾੜੀ ਵਿੱਚ ਕੰਮ ਦੇ ਘੰਟੇ 8 ਘੰਟੇ ਹੋਣ ਅਤੇ ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਹੋਵੇ। ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਬੰਬ ਚਲਾ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਫਾਈਰਿੰਗ ਵਿੱਚ ਕੁਝ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁਝ ਪੁਲਿਸ ਵਾਲੇ ਵੀ ਮਾਰੇ ਗਏ। ਇਸਤੋਂ ਬਾਅਦ 1889 ਵਿੱਚ ਪੈਰਿਸ ਵਿੱਚ ਅੰਤਰਰਾਸ਼ਟਰੀ ਮਹਾਂਸਭਾ ਦੀ ਦੂਜੀ ਬੈਠਕ ਵਿੱਚ ਫਰੈਂਚ ਕ੍ਰਾਂਤੀ ਨੂੰ ਯਾਦ ਕਰਦੇ ਹੋਏ ਇੱਕ ਪ੍ਰਸਤਾਵ ਪਾਰਿਤ ਕੀਤਾ ਗਿਆ ਕਿ ਇਸਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ, ਉਸ ਸਮੇਂ ਤੋਂ ਹੀ ਦੁਨੀਆਂ ਦੇ 80 ਦੇਸ਼ਾਂ ਵਿੱਚ ਮਈ ਦਿਵਸ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਗਿਆ ਅਤੇ ਇਸਨੂੰ ਰਾਸ਼ਟਰ ਪੱਧਰ ਤੇ ਮਨਾਇਆ ਜਾਣ ਲੱਗ ਪਿਆ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ। ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮਸਿਆਵਾਂ ਬਾਰੇ ਸਮੇਂ ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਭਾਰਤ ਵਿੱਚ 1923 ਤੋਂ ਇਸਨੂੰ ਰਾਸ਼ਟਰੀ ਪੱਧਰ ਤੇ ਮਨਾਇਆ ਜਾਣ ਲੱਗਾ। ਸਭਤੋਂ ਪਹਿਲਾਂ 01 ਮਈ 1923 ਨੂੰ ਲੇਬਰ ਕਿਸਾਨ ਪਾਰਟੀ ਆਫ ਹਿੰਦੋਸਤਾਨ ਵਲੋਂ ਮਦਰਾਸ ਵਿੱਚ ਮਜਦੂਰ ਦਿਵਸ ਮਨਾਇਆ ਗਿਆ ਅਤੇ ਪਹਿਲੀ ਵਾਰ ਲਾਲ ਝੰਡਾ ਵਰਤਿਆ ਗਿਆ। ਇਸਤੋਂ ਬਾਦ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ 01 ਮਈ ਦਾ ਦਿਹਾੜਾ ਮਨਾਇਆ ਜਾਣ ਲੱਗ ਪਿਆ। ਵਰਤਮਾਨ ਵਿੱਚ ਸਮਾਜਵਾਦ ਦੀ ਆਵਾਜ਼ ਘੱਟ ਹੀ ਸੁਣਾਈ ਦਿੰਦੀ ਹੈ। ਅਜਿਹੇ ਹਾਲਾਤ ਵਿੱਚ ਇਸ ਮਈ ਦਿਵਸ ਦੀ ਹਾਲਤ ਕੀ ਹੋਵੇਗੀ, ਇਹ ਸਵਾਲ ਮਹੱਤਵਪੂਰਨ ਹੈ। ਇਤਿਹਾਸਕ ਨਜ਼ਰ ਨਾਲ ‘ਦੁਨੀਆਂ ਦੇ ਮਜ਼ਦੂਰੋਂ ਇੱਕ ਹੋਵੋ’ ਦੇ ਨਾਰੇ ਨੂੰ ਦੇਖੀਏ ਤਾਂ ਉਸ ਸਮੇਂ ਵੀ ਦੁਨੀਆਂ ਦੇ ਲੋਕ ਦੋ ਖੇਮਿਆਂ ਵਿੱਚ ਵੰਡੇ ਹੋਏ ਸੀ। ਅਮੀਰ ਅਤੇ ਗਰੀਬ ਦੇਸ਼ਾਂ ਵਿੱਚ ਫਰਕ ਸੀ। ਸਾਰੇ ਦੇਸ਼ਾਂ ਵਿੱਚ ਕੁਸ਼ਲ ਅਤੇ ਗੈਰ-ਕੁਸ਼ਲ ਮਜ਼ਦੂਰ ਇਕੱਠੇ ਟ੍ਰੇਡ ਯੂਨੀਅਨਾਂ ਵਿੱਚ ਭਾਗੀਦਾਰ ਨਹੀਂ ਸਨ। ਪਹਿਲੇ ਸੰਸਾਰ ਯੁੱਧ ਅਤੇ ਦੂਜੇ ਸੰਸਾਰ ਯੁੱਧ ਦੋਰਾਨ ਸਾਰੇ ਮਜ਼ਦੂਰ ਸੰਗਠਨ ਅਤੇ ਇਸਦੇ ਨੇਤਾ ਆਪਣੇ ਦੇਸ਼ ਦੇ ਝੰਡੇ ਦੇ ਥੱਲੇ ਆ ਗਏ। ਇਸਤੋਂ ਬਾਅਦ ਪੱਛਮੀ ਦੇਸ਼ਾਂ ਵਿੱਚ ਕਲਿਆਣਕਾਰੀ ਰਾਜ ਆਇਆ ਅਤੇ ਮਈ ਦਿਵਸ ਦਾ ਪੁਨਰਜਾਗਰਣ ਹੋਇਆ। ਸੋਵੀਅਤ ਸੰਘ ਦੇ ਟੁੱਟਣ ਦੇ ਨਾਲ ਹੀ ਪੂੰਜੀਵਾਦ ਦਾ ਵਿਕੱਲਪ ਦੁਨੀਆਂ ਵਿੱਚ ਗੁੰਮ ਹੋ ਗਿਆ ਹੈ। ਉਦਯੋਗਿਕ ਉਤਪਾਦਨ ਦਾ ਤਰੀਕਾ ਬਦਲ ਗਿਆ। ਉਦਯੋਗਿਕ ਉਤਪਾਦਨ ਤੰਤਰ ਦਾ ਵਿਸਤਾਰ ਪੂਰੀ ਦੁਨੀਆਂ ਵਿੱਚ ਹੋ ਗਿਆ ਹੈ। ਇਕੱਠੇ ਕੰਮ ਕਰਨਾ ਅਤੇ ਇੱਕ ਜਗ੍ਹਾ ਕੰਮ ਕਰਨਾ ਹੁਣ ਮਹਿਜ ਇੱਕ ਸੁਪਨਾ ਹੀ ਰਹਿ ਗਿਆ। ਅੱਜ ਕੱਲ ਕਿਤਾਬਾਂ ਲਿਖੀਆ ਜਾ ਰਹੀਆਂ ਹਨ ‘ਕੰਮ ਦਾ ਖਾਤਮਾ’।
 ਦੁਨੀਆਂ ਵਿੱਚ ਸਭ ਤੋਂ ਵੱਡਾ ਪਰਿਵਰਤਨ ਇਹ ਆਇਆ ਹੈ ਕਿ ਜਿਹੜਾ ਕੰਮ ਪਹਿਲਾਂ 100 ਮਜ਼ਦੂਰ ਮਿਲਕੇ ਕਰਦੇ ਸੀ ਹੁਣ ਇਹ ਕੰਮ ਇੱਕ ਰੋਬੋਟ, ਕੰਪਿਉਟਰ ਕਰ ਲੈਂਦਾ ਹੈ। ਨਵੀਂਆ ਤਕਨੀਕਾਂ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਘੱਟ ਕਰ ਦਿੱਤਾ ਹੈ। ਇਸ ਨਾਲ ਸਾਧਾਰਨ ਲੋਕਾਂ ਦੀ ਜ਼ਮੀਨ ਘਟ ਰਹੀ ਹੈ। ਲੋਕ ਬੇਰੋਜ਼ਗਾਰ ਹੋ ਰਹੇ ਹਨ, ਜਿਹਨਾਂ ਕੋਲ ਰੋਜ਼ਗਾਰ ਹੈ ਉਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕੱਲ ਨੂੰ ਕਿਤੇ ਰੋਜ਼ਗਾਰ ਖੋਹ ਨਾ ਲਿਆ ਜਾਵੇ। ਆਈ ਐਮ ਐਫ (ਅੰਤਰਰਾਸ਼ਟਰੀ ਮੁੱਦਰਾ ਕੋਸ਼) ਅਤੇ ਵਿਸ਼ਵ ਬੈਂਕ ਦੀਆਂ ਨੀਤੀਆਂ ਦਾ ਹਜ਼ਾਰਾਂ ਨੌਜ਼ਵਾਨ ਸੜਕਾਂ ਤੇ ਵਿਰੋਧ ਕਰਦੇ ਹਨ ਪਰ ਇਸ ਬੁਨਿਆਦੀ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਬੇਸ਼ਕ 01 ਮਈ ਦਾ ਦਿਨ ਅੰਤਰਰਾਸ਼ਟਰੀ ਮਜਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਵੱਖ ਵੱਖ ਥਾਵਾਂ ਤੇ ਮਜ਼ਦੂਰਾਂ ਦੀ ਮਾੜ੍ਹੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ। ਗੈਰ ਸੰਗਠਤ ਖੇਤਰ ਹੋਟਲਾਂ , ਢਾਬਿਆਂ, ਖੇਤੀਬਾੜੀ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜਦੂਰਾਂ ਦੀ ਭਲਾਈ ਦੇ ਨਾਂ ਤੇ ਹਰ ਸਾਲ ਕਰੋੜ੍ਹਾਂ ਰੁਪਏ ਖਰਚੇ ਜਾਂਦੇ ਹਨ। ਸਰਕਾਰ ਵਲੋਂ ਮਹਿਲਾ ਮਜਦੂਰਾਂ, ਬਾਲ ਮਜਦੂਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਹਨਾਂ ਦੇ ਵਿਕਾਸ ਲਈ ਸਕੀਮਾਂ ਬਣਾਈਆਂ ਜਾਂਦੀਆ ਹਨ ਪਰ ਇਹ ਸਕੀਮਾਂ ਕਾਗਜ਼ਾਂ ਵਿੱਚ ਹੀ ਰਹਿ ਜਾਂਦੀਆਂ ਹਨ। ਸਰਕਾਰ ਵਲੋਂ ਕੀਤੇ ਜਾਂਦੇ ਵਾਅਦਿਆ ਦੀ ਹਵਾ ਉਡੱ ਜਾਂਦੀ ਹੈ ਅਤੇ 364 ਦਿਨ ਮੁੜਕੇ ਕਿਸੇ ਰਾਜਨੀਤੀਵਾਨ ਨੂੰ ਅਤੇ ਅਧਿਕਾਰੀਆਂ ਨੂੰ ਮਜਦੂਰਾਂ ਦੀ ਯਾਦ ਨਹੀਂ ਆਂਦੀ ਹੈ। ਮਜਦੂਰਾਂ ਦੀ ਕੰਮ ਕਾਜ ਦੇ ਮਾੜੇ ਹਾਲਤਾਂ ਕਾਰਨ ਵਿਗੜਦੀ ਜਾ ਰਹੀ ਸਿਹਤ, ਮਜਦੂਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੋ ਰਹੀ ਲੁੱਟ ਖਸੁੱਟ, ਆਏ ਦਿਨ ਮਜਦੂਰਾਂ ਨਾਲ ਵਾਪਰ ਰਹੇ ਹਾਦਸੇ ਆਦਿ ਕਾਰਨ ਮਜ਼ਦੂਰਾਂ ਦੀ ਹਾਲਤ ਵਿਗੜਦੀ ਹੀ ਜਾ ਰਹੀ ਹੈ। ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੇਂਡੂ ਮਜਦੂਰਾਂ ਲਈ ਮਹਾਤਮਾ ਗਾਂਧੀ ਰੁਜਗਾਰ ਗਰਾਂਟੀ ਯੋਜਨਾ ਵੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਮਿਲੀਭੁਗਤ ਕਾਰਨ ਮਜਦੂਰਾਂ ਨਾਲੋ ਅਧਿਕਾਰੀਆਂ ਲਈ ਵੱਧ ਲਾਭਦਾਇਕ ਸਾਬਿਤ ਹੋ ਰਹੀ ਹੈ। ਸਰਕਾਰ ਵਲੋਂ ਬਾਲ ਮਜ਼ਦੂਰਾਂ ਤੋਂ ਕਿਸੇ ਵੀ ਤਰਾਂ ਦੀ ਮਜ਼ਦੂਰੀ ਕਰਵਾਣਾ ਗੈਰ ਕਨੂੰਨੀ ਕਰਾਰ ਦਿਤਾ ਗਿਆ ਹੈ ਅਤੇ ਬਾਲ ਮਜ਼ਦੂਰੀ ਕਰਵਾਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਲੋਕਾਂ ਖਿਲਾਫ ਸਜਾ ਅਤੇ ਜ਼ੁਰਮਾਨਾ ਰੱਖਿਆ ਗਿਆ ਹੈ। ਸਰਕਾਰ ਵਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਮੇ-ਸਮੇ ਤੇ ਬਾਲ ਮਜ਼ਦੂਰਾਂ ਬਾਰੇ ਵੀ ਅੰਕੜੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਲ ਮਜਦੂਰੀ ਰੋਕਣ ਲਈ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ, ਪਰ ਹੈਰਾਨੀ ਹੈ ਕਿ ਬਾਲ ਮਜ਼ਦੂਰਾਂ ਤੋਂ ਸ਼ਰੇਆਮ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਹਰ ਸ਼ਹਿਰ ਕਸਬੇ ਵਿੱਚ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹੋਟਲਾਂ, ਢਾਬਿਆਂ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜ਼ਦੂਰਾਂ ਵਿੱਚ ਜ਼ਿਆਦਾ ਗਿਣਤੀ ਬਾਲ ਮਜ਼ਦੂਰਾਂ ਦੀ ਹੁੰਦੀ ਹੈ। ਇਨ੍ਹਾਂ ਬਾਲ ਮਜ਼ਦੂਰਾਂ ਤੋਂ ਜ਼ੋਖਿਮ ਭਰੇ ਕੰਮ ਕਰਵਾਏ ਜਾ ਰਹੇ ਹਨ ਅਤੇ ਮਜ਼ਦੂਰੀ ਨਾਂ- ਮਾਤਰ ਦਿਤੀ ਜਾਂਦੀ ਹੈ। ਇਹਨਾਂ ਮਜਦੂਰਾਂ ਨੂੰ ਜੋਖਿਮ ਭਰੇ ਕੰਮ ਕਰਨ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਵੀ ਲੱਗ ਚੁਕੀਆਂ ਹਨ ਪਰ ਮਾਲਕਾਂ ਵਲੋਂ ਇਹਨਾਂ ਤੋਂ ਸਿਰਫ ਕੰਮ ਲੈਣ ਤੱਕ ਹੀ ਮਤਲਬ ਰੱਖਿਆ ਜਾਦਾ ਹੈ। ਬੇਸੱਕ ਸਰਕਾਰ ਵਲੋਂ ਮਜਦੂਰਾਂ ਦੀ ਭਲਾਈ ਲਈ ਵੱਖ ਵੱਖ ਵਿਭਾਗ ਬਣਾਏ ਗਏ ਹਨ ਪਰ ਮਜਦੂਰਾਂ ਦੇ ਇਨਸਾਫ ਅਤੇ ਭਲਾਈ ਲਈ ਬਣਾਏ ਗਏ ਬੋਰਡ ਅਤੇ ਵਿਭਾਗ ਵੀ ਬਹੁਤੀ ਵਾਰ ਮਜ਼ਦੂਰਾਂ ਦੀ ਥਾਂ ਅਪਣੇ ਹੀ ਅਧਿਕਾਰੀਆਂ ਅਤੇ ਆਗੂਆਂ ਦਾ ਭਲਾ ਕਰਨ ਵਿੱਚ ਲਾਭ ਮਹਿਸੂਸ ਕਰਦੇ ਹਨ। ਇਸ ਤਰਾਂ ਸਰਕਾਰਾਂ, ਮਜ਼ਦੂਰ ਯੂਨੀਅਨਾਂ, ਸਰਕਾਰੀ ਅਧਿਕਾਰੀਆਂ, ਰਾਜਨੀਤਿਕ ਪਾਰਟੀਆ ਵਲੋਂ ਕਰਵਾਏ ਜਾਂਦੇ ਵੱਡੇ ਵੱਡੇ ਸਮਾਗਮ ਸਿਰਫ ਖਾਨਾਪੂਰਤੀ ਹੀ ਲੱਗਦੇ ਹਨ। ਪਿਛਲੇ ਸਮੇਂ ਦੋਰਾਨ ਵਾਪਰੀਆਂ ਅਦਸੁਖਾਵੀਂ ਘਟਨਾਵਾਂ ਨੇ ਸਾਬਤ ਕਰ ਦਿਤਾ ਹੈ ਕਿ ਸਰਕਾਰਾਂ ਮਜਦੂਰਾਂ ਦੀ ਸੁਰਖਿਆ ਲਈ ਕਿੰਨੀ ਕੁ ਗੰਭੀਰ ਹਨ। ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਕਰੋੜ੍ਹਾਂ ਮਜਦੂਰਾਂ ਨੂੰ ਅਜੇ ਤੱਕ 01 ਮਈ ਦੇ ਦਿਹਾੜ੍ਹੇ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਵੱਲ ਦੇਖਿਆ ਹੈ। ਇਨ੍ਹਾਂ ਮਜਦੂਰਾਂ ਲਈ 01 ਮਈ ਮਜਦੂਰ ਦਿਵਸ ਦਾ ਕਦੋਂ ਮਹੱਤਵ ਹੋਉਗਾ ਇਹ ਅਜੇ ਤੱਕ ਵੀ ਇੱਕ ਵੱਡੀ ਬੁਝਾਰਤ ਹੀ ਹੈ। ਜੇਕਰ ਅਸੀਂ ਸੱਚਮੁਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਸਾਨੂੰ ਸਭਨੂੰ ਮਿਲਕੇ ਮਜ਼ਦੂਰਾਂ ਦੀ ਵਿਗੜਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। 01 ਮਈ ਦਾ ਦਿਹਾੜਾ ਮਨਾਉਣ ਦਾ ਅਸਲੀ ਮਕਸਦ ਉਦੋਂ ਹੀ ਪੂਰਾ ਹੋਵੇਗਾ ਜਦੋਂ ਮਜਦੂਰਾਂ ਦੇ ਹੱਕ ਪੂਰੀ ਤਰਾਂ ਸੁਰਖਿਅਤ ਹੋਣਗੇ, ਉਨ੍ਹਾ ਦੀ ਹੋ ਰਹੀ ਲੁਟ ਖਸੁਟ ਬੰਦ ਹੋਵੇਗੀ। 



ਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template