Headlines News :
Home » , » ਕਲਮ ਹੀ ਹੈ ਰਾਜ ਦੀ ਰੋਜ਼ੀ ਰੋਟੀ ਦਾ ਵਸੀਲਾ - ਤਰਸੇਮ ਸਿੰਘ ਫਰੰਡ

ਕਲਮ ਹੀ ਹੈ ਰਾਜ ਦੀ ਰੋਜ਼ੀ ਰੋਟੀ ਦਾ ਵਸੀਲਾ - ਤਰਸੇਮ ਸਿੰਘ ਫਰੰਡ

Written By Unknown on Thursday 8 May 2014 | 00:21


 ਪਹਿਲਾਂ ਤਾਂ ਵਧਾਈ ਕਬੂਲ ਕਰੋ ਕਿ ਆਪ ਦਾ ਨਾਵਲ ‘ਗੇਲ੍ਹੀ’ ਵੱਡੇ ਪਰਦੇ ’ਤੇ ‘ਜੁਗਨੀ’ ਦੇ ਰੂਪ ਵਿੱਚ ਆ ਰਿਹੈ? 
-ਤੁਹਾਨੂੰ ਵੀ ਵਧਾਈ ਕਿ ਇੱਕ ਹੋਰ ਮਲਵਈ ਨਾਵਲ ਨੇ ਇਹ ਸਫਰ ਤਹਿ ਕੀਤਾ। 

 ‘ਗੇਲ੍ਹੀ’ ਤੇ ‘ਜੁਗਨੀ’ ਵਿੱਚ ਕਿੰਨਾ ਕੁ ਅੰਤਰ ਹੋਣ ਦੀ ਸੰਭਾਵਨਾ ਹੈ? 
-ਅੰਤਰ ਤਾਂ ਜ਼ਰੂਰ ਹੋਵੇਗਾ ਪਰ ਮੂਲ ‘ਗੇਲ੍ਹੀ’ ਹੀ ਰਹੇਗੀ। ਜਿੱਥੇ ‘ਗੇਲ੍ਹੀ’ ਸਿਰਫ ਕਲਮ ਦੀ ਕਿਰਤ ਹੈ, ਉਥੇ ‘ਜੁਗਨੀ’ ਨੂੰ ਕਈ ਤਰ੍ਹਾਂ ਦੀਆਂ ਮਜਬੂਰੀਆਂ ਬੰਦਿਸ਼ਾਂ ਤੇ ਨਿਰਦੇਸ਼ਕ ਦੇ ਦ੍ਰਿਸ਼ਟੀਕੋਣ ਵੀ ਹੰਢਾਉਣੇ ਪੈਣੇ ਨੇ ਸੋ ਅੰਤਰ ਤਾਂ ਸੁਭਾਵਕ ਹੀ ਆ ਜਾਣੈ। 

ਕੀ ਲੱਗਦੈ ਨਿਰਦੇਸ਼ਕ ‘ਜੁਗਨੀ’ ਨੂੰ ‘ਗੇਲੀ’ ਦੇ ਬਰਾਬਰ ਤੋਲ ਸਕੇਗਾ?

-ਇਸ ਬਾਰੇ ਤਾਂ ਤਦ ਹੀ ਕਹਿਣਾ ਉਚਿਤ ਹੋਵੇਗਾ ਕਿ ਜਦੋਂ ‘ਜੁਗਨੀ’ ਘੁੰਢ ਚੁੱਕੇਗੀ, ਘੁੰਢ ਦੇ ਹੇਠਾਂ ਲੁਕੇ ਮੁੱਖ ਬਾਰੇ ਕਿਆਸ
ਲਗਾਉਣਾ ਸਹੀ ਨਹੀਂ, ਪਰ ਮੈਨੂੰ ਗੁਰਚੇਤ ਚਿੱਤਰਕਾਰ ਦੀ ਕਾਬਲੀਅਤ ਅਤੇ ਕੰਮ ਪ੍ਰਤੀ ਇਮਾਨਦਾਰੀ ’ਤੇ ਭਰੋਸਾ ਹੈ। ਉਸ ਨੇ ਜੋ ਕੀਤਾ ਹੈ, ਚੰਗਾ ਹੀ ਹੋਵੇਗਾ।
ਪਿਛਲੇ ਦਿਨੀਂ ਮੈਂ ਕਈ ਅਖਬਾਰਾਂ ਵਿੱਚ ਪੜ੍ਹਿਆ ਕਿ ਇਹ ਕਹਾਣੀ 1920-1930 ਦੀ ਹੈ। ਮੈਂ ਗੇਲ੍ਹੀ ਵੀ ਪੜ੍ਹਿਐ ਪਰ ਨਾਵਲ ਵਿੱਚ ਤਾਂ ਅਜਿਹਾ ਕੁੱਝ ਵੀ ਨਹੀਂ ਜੋ ਸਾਬਤ ਕਰਦਾ ਹੋਵੇ ਕਿ ਇਹ 1920 ਦੀ ਗੱਲ ਹੈ ਜਾਂ 1930 ਦੀ ਗੱਲ ਹੈ? 
-(ਮੁਸਕਰਾ ਕੇ) ਮੈਂ ਹੁਣ ਕੀ ਕਹਾਂ? ਹੋ ਸਕਦੈ ਕਹਾਣੀ ਵਿੱਚ ਕੋਈ ਨਿੱਕੀ-ਮੋਟੀ ਤਬਦੀਲੀ
ਕੀਤੀ ਹੋਵੇ, ਜੋ ਵਿਸ਼ੇਸ਼ ਤੌਰ ’ਤੇ 1920 ਜਾਂ 1930 ਵਿੱਚ ਸੰਭਵ ਸੀ ਨਾ ਕਿ 1919 ਜਾਂ 1931 ਵਿੱਚ, ਪਰ ਗੇਲ੍ਹੀ ਦਾ ਸਬੰਧ ਕਿਸੇ ਵਿਸ਼ੇਸ਼ ਸਮੇਂ ਜਾ ਕਾਲ ਨਾਲ ਨਹੀਂ ਬਲਕਿ ਇਹ ਘਟਨਾ 1900 ਤੋਂ 1950 ਤੱਕ ਜਾਂ ਫਿਰ 60 ਤੱਕ ਵੀ ਹੋ ਸਕਦੀ ਹੈ। ਅੱਧੀ ਸਦੀ  ਵਿੱਚ ਕਿਤੇ ਵੀ, ਕਦੋਂ ਵੀ ਵਾਪਰੀ ਹੋ ਸਕਦੀ ਹੈ। ਪਰ ਕਾਲੂ ਨਾਂਅ ਦੇ ਪਾਤਰ ਦੇ ਪਾਇਆ ਕਮੀਜ਼ ਚੁਗਲੀ ਕਰਦੈ ਕਿ ਇਹ ਕਮੀਜ਼ 1920 ਜਾਂ 1930 ਦੀ ਨਹੀਂ ਹੋ ਸਕਦੀ।

 ਗੇਲ੍ਹੀ ਵਿੱਚ ਤੁਸੀਂ ਕੀ ਕਹਿਣਾ ਚਾਹਿਐ? 
-ਗੇਲ੍ਹੀ ਨਾਵਲ ਮੈਂ ਸੁਣੀ-ਸੁਣਾਈ ਇੱਕ ਗੱਲ ਤੋਂ ਸਿਰਜਿਆ ਹੈ। ਹਕੀਕਤ ਵੱਜੋਂ ਦੱਸੀ ਗਈ ਇਸ ਗੱਲ ਵਿੱਚ ਗੇਲ੍ਹੀ ਨਾਂਅ ਦੀ ਔਰਤ
ਚਰਿੱਤਰਹੀਣ ਸੀ, ਪਰ ਨਾਵਲ ‘ਗੇਲ੍ਹੀ’ ਕਾਲਪਨਿਕ ਤੰਦਾਂ ਦਾ ਐਸਾ ਤਾਣਾ ਬਾਣਾ ਹੈ ਕਿ ਮੈਂ ਗੇਲ੍ਹੀ ਨੂੰ ਦਾਗੀ ਹੋਣ ਤੋਂ ਬਚਾਅ ਕੇ ਲੈ ਗਿਆ। ਨਾਇਕਾ ਦੇ ਤਖਤ ’ਤੇ ਬਿਠਾ ਦਿੱਤਾ। ਇਸ ਵਿੱਚ ਮੈਂ ਸਿਰਫ ਇਹ ਕਹਿਣਾ ਚਾਹਿਐ ਕਿ  ਮਨੁੱਖ ਜਦ ਕੁੱਝ ਵੀ ਗਲਤ ਕਰਦੈ ਤਾਂ ਆਮ ਤੌਰ ’ਤੇ ਉਹ ਜਾਣਦਾ ਹੁੰਦੈ ਕਿ ਉਸ ਦੇ ਕੀਤੇ ਨਾਲ ਉਸ ਨੂੰ ਕਿੰਨੀ ਕੁ ਪੀੜ ਹੋਣੀ ਐ, ਪਰ ਉਹ ਆਪਣਾ ਉ¤ਲੂ ਸਿੱਧਾ ਕਰਨ ਲਈ ਆਪਣੇ ਅੰਦਰ ਸਹਿਕਦੇ ਇਸ ਮਾਮੂਲੀ ਜਿਹੇ ਪਾਪ ਬੋਧ ਨੂੰ ਦਰੜ ਕੇ ਲੰਘ ਜਾਂਦੈ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਇਨਸਾਨੀ ਮਾਪਦੰਡ ਬੌਣੇ ਹੁੰਦੇ ਜਾਂਦੇ ਹਨ। ਮੈਂ ਇਹੋ ਕਹਿਣ ਚਾਹਿਆ ਕਿ ਕਰਜ਼ਈ ਆਤਮਾ ਮੁਕਤੀ ਨਹੀਂ ਪਾ ਸਕਦੀ।

 ਕੀ ‘ਜੁਗਨੀ’ ਇਹ ਸੁਨੇਹਾ ਦੇ ਸਕੇਗੀ? 
-ਇਹ ਬਹੁਤ ਬਰੀਕ ਗੱਲ ਹੈ। ਸੂਖਮ ਭਾਵ ਹੈ ਜਿਸ ਨੂੰ ਮਹਿਸੂਸ ਕਰਨ ਲਈ ਵੀ ਉ¤ਚੇ ਬੌਧਿਕ ਕੱਦ ਦੀ ਲੋੜ ਐ। ਆਮ ਲੋਕਾਂ ਲਈ ਇਸ਼ਕ ਦੀ ਖੇਡ ਹੀ ਰੌਚਕਤਾ ਦਾ ਸਬੱਬ ਬਣ ਜਾਂਦੀ ਐ, ਉਨ੍ਹਾਂ ਦੀ ਰੁਚੀ ਗਹਿਰਾ ਉਤਰਣ ਵਿੱਚ ਨਹੀਂ ਹੁੰਦੀ। ਅਜਿਹਾ ਫਲਸਫਾ ਉਨ੍ਹਾਂ ਨੂੰ ਬੋਝ ਲੱਗਦੈ। ਸੋ ਜ਼ਰੂਰੀ ਨਹੀਂ ਕਿ ਮੇਰਾ ਤੇ ਨਿਰਦੇਸ਼ਕ ਦਾ ਦ੍ਰਿਸ਼ਟੀਕੋਣ ਹਰ ਮੋੜ ’ਤੇ ਇੱਕ ਹੋਵੇ। ਨਿਰਦੇਸ਼ਕ ਨੇ ਗੇਲ੍ਹੀ ਕਿਸ ਥਾਂ ਤੋਂ ਕਿਸ ਐਂਗਲ ਤੋਂ ਦੇਖੀ ਐ, ਇਹ ਉਸ ਦਾ ਆਪਣਾ ਨਜ਼ਰੀਆ ਹੈ। ਹਾਂ ਗੁਰਚੇਤ ਚਿੱਤਰਕਾਰ ਗੇਲ੍ਹੀ ਨੂੰ ਤਿੰਨ ਸਾਲ ਤੋਂ ਜਾਣਦੈ, ਬਹੁਤ ਨੇੜਿਓਂ ਜਾਣਦੈ, ਉਸ ਨੇ ਗੇਲ੍ਹੀ ਨੂੰ ਜੁਗਨੀ ਬਣਾਉਣ ਵੇਲੇ ਜ਼ਰੂਰ ਇਹ ਗੱਲਾਂ ਧਿਆਨ ਵਿੱਚ ਰੱਖੀਆਂ ਹੋਣਗੀਆਂ। 

 ਤੁਹਾਡੀ ਨਜ਼ਰ ਵਿੱਚ ਇਸ਼ਕ ਤੇ ਆਸ਼ਕ ਕੀ ਹਨ? 
-ਇਸ਼ਕ...ਇਸ਼ਕ ਸਦੀਆਂ ਪੁਰਾਣਾ ਸੁੱਕਾ ਖੂਹ ਐ, ਜਿਸ ਵਿੱਚ ਸੱਪ ਠੂੰਹੇ ਸਭ ਹਨ, ਪਰ ਨੀਰ, ਪਾਣੀ...ਇਸ ਵਿੱਚ ਨਹੀਂ ਹੈ, ਜੋ ਵੀ ਇਸ ਵਿੱਚ ਡਿੱਗਿਆ, ਉਸ ਦੀ ਪਿਆਸ ਬਾਹਰੀ ਸ਼ਰਬਤਾਂ ਤੋਂ ਆਕੀ ਹੋ ਜਾਂਦੀ ਹੈ। 

 ...ਤੇ ਆਸ਼ਕ...? 
-ਜਿਗਰੇ ਵਾਲਾ ਐਸਾ ਜੁਆਰੀ ਜਿਸ ਨੂੰ ਪਤਾ ਹੈ ਕਿ ਉਸ ਦੀ ਹਾਰ ਹੋਣੀ ਐ, ਪਰ ਫਿਰ ਵੀ ਸਭ ਕੁੱਝ ਦਾਅ ’ਤੇ ਲਗਾ ਦਿੰਦੈ। ਅਜਿਹਾ ਅਣਭੋਲ ਮੂਰਖ ਜੋ ਰੱਬ ਨੂੰ ਮਨਜ਼ੂਰ ਐ, ਪਰ ਜੱਗ ਨੂੰ ਨਾ ਮਨਜ਼ੂਰ। ਅੱਗ ਦਾ ਦਰਿਆ ਪਾਰ ਕਰਨ ਲਈ, ਕਾਠ ਦੀ ਕਿਸ਼ਤੀ ਵਿੱਚ ਬੈਠ ਜਾਣ ਵਾਲਾ ਭਾਵੁਕ ਪਤੰਗਾ। 
 ਯਾਨੀ ਪਾਗਲ? 
-ਬਿਲਕੁਲ ਪਾਗਲ, ਜੱਗ ਦੇ ਨਜ਼ਰੀਏ ਤੋਂ ਪੂਰਾ ਪਾਗਲ ਪਰ ‘ਪਿਆਰਾ ਪਾਗਲ’ ਖਤਰਨਾਕ ਪਾਗਲ ਨਹੀਂ? 
 ਤੇ ਤੁਹਾਡੀ ਨਜ਼ਰ ਵਿੱਚ ਖਤਰਨਾਕ ਪਾਗਲ ਕੌਣ? 
-ਖ਼ਤਰਨਾਕ ਪਾਗਲਾਂ ਦੀ ਕਿਸਮ ਆਮ ਤੌਰ ’ਤੇ ਸੱਤਾ ਦੇ ਇਰਦ-ਗਿਰਦ ਹੀ ਪਾਈ ਜਾਂਦੀ ਹੈ ਜਾਂ ਇਹ ਕਹਿ ਲਵੋ ਕਿ ਪਾਗਲਾਂ ਦੀ ਖਤਰਨਾਕ ਕਿਸਮ ਆਮ ਤੌਰ ’ਤੇ ਰਾਜਨੀਤਕਾਂ ਵਿੱਚ ਹੀ ਪਾਈ ਜਾਂਦੀ ਐ। ਸਿਆਸਤ ਭਾਵੇਂ ਘਰੇਲੂ ਹੋਵੇ, ਪਿੰਡ ਦੀ ਹੋਵੇ ਜਾਂ ਦੇਸ਼ ਦੀ ਸਿਰੇ ਦੇ ਖ਼ਤਰਨਾਕ ਪਾਗਲ ਇਸੇ ਸ਼੍ਰੇਣੀ ਦੇ ਲੋਕਾਂ ਵਿੱਚੋਂ ਲੱਭਣਗੇ। ਇਹ ਮੈਂ ਨਹੀਂ ਇਤਿਹਾਸ ਕਹਿੰਦੈ...। 
 ਲਿਖਣਾ ਕਦ ਸ਼ੁਰੂ ਕੀਤਾ? 
-1984-85 ’ਚ ਬਾਲ ਕਲਾਕਾਰ ਬਲਦੇਵ ਕਾਕੜੀ ਦੀ ਕੈਸਿਟ ਕਾਫੀ ਪ੍ਰਸਿੱਧ ਹੋਈ ਸੀ। ‘ਆਹ ਲੈ ਸਾਂਭ ਲੈ ਯਾਰਾ ਵੇ ਤੇਰਾ ਛੱਲਾ, ਦਿਲ ਲੈ ਗਿਆ ਤਵੀਤੀ ਵਾਲਾ ਆਦਿ 12 ਗੀਤ ਸਨ। ਤਦ ਮੈਨੂੰ ਇਹ ਪਤਾ ਨਹੀਂ ਸੀ ਕਿ ਇਹ ਕੋਈ ਕੰਮ ਜਾਂ ਜ਼ਿੰਮੇਵਾਰੀ ਵੀ ਹੁੰਦੀ। ਉਦੋਂ ਦਾ ਤੁਰਿਆ, ਮੈਂ ਤੁਰਦਾ ਆਇਆਂ ਤੇ 16-17 ਸਾਲਾਂ ਤੋਂ ਮੈਨੂੰ ਪਤਾ ਹੈ ਕਿ ਮੈਂ ਗੀਤਕਾਰ-ਲੇਖਕ ਪਟਕਥਾ ਲੇਖਕ ਨਾਟਕਕਾਰ ਤੇ ਨਾਵਲਕਾਰ ਹਾਂ। 
 ਪਹਿਲੀ ਰਚਨਾ? 
-ਸੱਚ ਤਾਂ ਇਹ ਹੈ ਕਿ ਹਰ ਬੱਚਾ ਦਿਮਾਗੀ ਤੌਰ ’ਤੇ ਤਾਂ ਲੇਖਕ ਹੀ ਹੁੰਦੈ, ਜਦੋਂ ਉਹ ਆਪਣਾ ਪਹਿਲਾ ਝੂਠ ਲਿਪ-ਪੋਚ ਕੇ ਬੋਲਦੈ ਤੇ ਮਾਂ-ਬਾਪ ਨੂੰ ਭਲੋ ਲੈਂਦੈ, ਉਦੋਂ ਉਹ ਆਪਣਾ ਇੱਕ ਲੇਖਕ ਜਾਂ ਰਚੇਤਾ ਹੀ ਹੁੰਦਾ ਤੇ ਮੈਨੂੰ ਨਹੀਂ ਪਤਾ ਮੈਂ ਇਸ ਪੜਾਅ ’ਤੇ ਕਦ ਪਹਿਲਾ ਪੈਰ ਧਰਿਆ ਸੀ। (ਝੂਠ ਤੋਂ ਮੇਰਾ ਮਤਲਬ ਐ ਗੱਲ ਨੂੰ ਕਾਲਪਨਿਕ ਛੋਹ ਦੇ ਕੇ ਪੇਸ਼ ਕਰਨਾ ਵਧਾ ਚੜ੍ਹ੍ਹਾ ਕੇ ਰੌਚਕ ਬਣਾ ਕੇ ਪੇਸ਼ ਕਰਨਾ) ਇੱਕ ਅਖ਼ਬਾਰ ਵਿੱਚ ਮੇਰੀ ਮਿੰਨੀ ਕਹਾਣੀ ਪ੍ਰਕਾਸ਼ਤ ਹੋਈ ਸੀ ਉਸਤਾਦ, ਜਿਸਨੂੰ  ਬਾਅਦ ਵਿੱਚ ਲੱਖਾ ਲਹਿਰੀ ਨੇ ਵੀ.ਡੀ.ਓ. ਫਿਲਮ ਵਿੱਚ ਉਤਾਰਿਆ। ਉਹ ਪਹਿਲੀ ਰਚਨਾ ਕਹਿ ਸਕਦੇ ਹੋ, ਜੋ ਲੋਕਾਂ ਦੇ ਸਨਮੁੱਖ ਹੋਈ। 
 ਕਿੰਨਾ ਕੁ ਲਿਖ ਚੁੱਕੇ ਹੋ, ਕਿਸ-ਕਿਸ ਲਈ ਲਿਖ ਚੁੱਕੇ ਹੋ? 
-ਇਹ ਗਿਣਤੀ ਮੇਰੇ ਚੇਤੇ ਰਹਿਣ ਵਾਲੀ ਨਹੀਂ। ਰੇਡੀਓ-ਦੂਰਦਰਸ਼ਨ ਫਿਲਮਾਂ ਤੇ ਗਾਇਕਾਂ ਲਈ ਲਿਖਦਾ ਹੀ ਆ ਰਿਹਾ ਹਾਂ। ਮੇਰੀ ਰੋਜ਼ੀ ਰੋਟੀ ਦਾ ਵਸੀਲਾ ਕਲਮ ਹੀ ਹੈ। 
 ਕੋਈ ਉਸਤਾਦ? 
-ਇਸ ਦੇ ਵਿੱਚ ਵੀ ਇੱਕ ਹੋਰ ਸੱਚ ਹੈ ਕਿ ਕਲਪਨਾ ਸਿਖਾਈ ਨਹੀਂ ਜਾ ਸਕਦੀ। ਹਾਂ ਸਿੱਖਿਆ ਕਈ ਸਤਿਕਾਰਯੋਗ ਲੋਕਾਂ ਤੋਂ ਹੈ ਪਰ ਸਿਰਫ ਤਕਨੀਕੀ ਪੱਖ ਤੋਂ, ਨਾਂਅ ਮੈਂ ਇਸ ਲਈ ਨਹੀਂ ਲੈ ਰਿਹਾ, ਕਿਉਂਕਿ ਇੰਝ ਕਰਨਾ ਇੱਕ ਵਾਰ ਮੇਰੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਾ ਹੈ। 
 ਤੁਹਾਡੀ ਕੋਈ ਰਚਨਾ ਜੋ ਤੁਹਾਨੂੰ ਖੁਦ ਨੂੰ ਬਹੁਤ ਪਸੰਦ ਹੋਵੇ? 
-ਉਂਝ ਤਾਂ ਆਪਣੀ ਹਰੇਕ ਰਚਨਾ ਹੀ ਚੰਗੀ ਲੱਗਦੀ ਐ, ਪਰ ਕਈ ਵਾਰ ਨਿੱਕੇ-ਨਿੱਕੇ ਸ਼ੇਅਰ ਜਾਂ ਕਾਵਿ ਟੁੱਕੜੇ ਬੜਾ ਚਿੱਤ ਨੂੰ ਲੁਭਾ ਲੈਂਦੇ ਨੇ ਜਿਵੇਂ ਕਿ 
‘ਸੱਚ ਇਹ ਵੀ ਐ ਕਿ ਤੇਰੇ ਖਿਆਲਾਂ ਦੇ ਪੂਰਬ ’ਚੋਂ ਨਿੱਤ ਚੜ੍ਹਦੈ ਮੇਰੀਆਂ ਉਮੰਗਾਂ ਦਾ ਸੂਰਜ’ 
ਤੇ ‘ਝੂਠ ਇਹ ਵੀ ਨਹੀਂ ਕਿ ਤੇਰੀ ਫਿਤਰਤ ਦਾ ਪੱਛਮ ਨਿਗਲ ਜਾਂਦੈ ਰੋਜ਼ ਸਰਾਲ ਬਣ ਕੇ’...। 
 ‘ਜੁਗਨੀ’ ਕੋਲੋਂ ਕੀ ਉਮੀਦਾਂ ਨੇ? 
-ਸਿਰਫ ਇਹ ਉਮੀਦ ਹੈ ਕਿ ਕਿਸੇ ਮੁਕੰਮਲ ਮੌਕੇ ਦਾ ਬੂਹਾ ਖੋਲ੍ਹੇਗੀ ਤਾਂ ਕਿ ਮੈਂ ਆਪਣੀ ਸਿਰਜਨਾਤਮਕ ਸ਼ਕਤੀ ਦਾ ਪੂਰਾ-ਪੂਰਾ ਇਸਤੇਮਾਲ ਕਰ ਸਕਾਂ। 
 ਤਾਂ ਕੀ ਇਹ ਮੁਕੰਮਲ ਮੌਕਾ ਨਹੀਂ ਸੀ? 
-ਮੇਰੀ ਕਲਮ ਲਈ ਤਾਂ ਮੁਕੰਮਲ ਮੌਕਾ ਨਾਵਲ ਹੀ ਸੀ ਜੋ ਮੈਂ ਚੰਗੀ ਤਰ੍ਹਾਂ ਭੁੰਨਾਇਆ, ਪਰ ਸਕਰੀਨ ’ਤੇ ਕੰਮ ਕਰਨ ਦੇ ਮੌਕੇ ਤਾਂ ਮਿਲੇ ਪਰ ਕਾਣੇ ਮੌਕੇ। ਮੁਕੰਮਲ ਮੌਕਾ ਹਾਲੇ ਤੱਕ ਨਹੀਂ ਮਿਲਿਆ। ਅਕਸਰ ਪੈਸੇ ਵਾਲੇ ਦੀ ਦਖਲ-ਅੰਦਾਜ਼ੀ ਮੌਕੇ ਨੂੰ ਮੁਕੰਮਲਤਾ ਤੱਕ ਪਹੁੰਚਾਉਣ ਨਹੀਂ ਦਿੰਦੀ ਤੇ ਮੈਂ ਖੁਦ ਤਾਂ ਬੱਚੇ ਪਰਿਵਾਰ ਹੀ ਬੜੀ ਔਖ ਨਾਲ ਪਾਲ ਰਿਹਾ ਹਾਂ। ਪੈਸਾ ਮੇਰੇ ਕੋਲ ਹੈ ਨਹੀਂ। ਬੱਸ ਪ੍ਰਸ਼ੰਸਕਾਂ ਦੀ ਵਾਹ ਵਾਹ  ਤੋਂ ਇਲਾਵਾ ਕੁੱਝ ਖੱਟਿਆ ਹੀ ਨਹੀਂ। ਸ਼ਾਇਦ ‘ਜੁਗਨੀ’ ਕੋਈ ਬੂਹਾ ਬਾਰੀ ਖੋਲ੍ਹੇ ਸੌਖੇ ਸਾਹਾਂ ਲਈ ਕੋਈ ਤਾਜਾ ਬੁੱਲਾ ਆਕਸੀਜਨ ਦੇ ਜਾਵੇ। 

 ਰੱਬ ਕਰੇ, ਜਲਦੀ ਕੋਈ ਤਾਜ਼ਾ ਬੁੱਲ੍ਹਾ ਤੁਹਾਡਾ ਦਰ ਖੜਕਾਏ। ਸਾਡੀਆਂ ਦੁਆਵਾਂ ਤੁਹਾਡੇ ਹਹੱਥ ਹਨ। ਜੁਗਨੀ ਲਈ ਵੀ ਰੱਬ ਅੱਗੇ ਅਰਦਾਸ ਹੈ ਕਿ ਉਹ ਕਿਸੇ ਮੁਕਾਮ ਤੇ ਪਹੁੰਚੇ, ਤੁਹਾਡਾ ਤੇ ਫਿਲਮ ਵਿੱਚ ਕੰਮ ਕਰਨ ਵਾਲੇ ਹਰ ਮਿਹਨਤਕਸ਼  ਨੂੰ ਮਾਣ ਦੁਆਏ। 
-ਸ਼ੁਕਰੀਆ ਧੰਨਵਾਦ

ਤਰਸੇਮ ਸਿੰਘ ਫਰੰਡ 
ਸੰਪਰਕ-99885-86107
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template