Headlines News :
Home » » ਕੀ ਭਾਜਪਾ ਪੰਜਾਬ ਵਿਚ ‘ਅਕੇਲਾ ਚਲੋ‘ ਦੀ ਨੀਤੀ ਅਪਣਾ ਸਕਦੀ ਹੈ? - ਨਿਰੰਜਣ ਬੋਹਾ

ਕੀ ਭਾਜਪਾ ਪੰਜਾਬ ਵਿਚ ‘ਅਕੇਲਾ ਚਲੋ‘ ਦੀ ਨੀਤੀ ਅਪਣਾ ਸਕਦੀ ਹੈ? - ਨਿਰੰਜਣ ਬੋਹਾ

Written By Unknown on Sunday 22 June 2014 | 01:11

                            ਲੋਕ ਸਭਾ ਚੋਣਾਂ 2014 ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਅਣਕਿਆਸੀ ਸਫ਼ਲਤਾ ਕਾਰਨ ਦੇਸ਼ ਦੇ ਬਦਲੇ ਰਾਜਨੀਤਕ ਸਮੀਕਰਨਾਂ  ਨੇ ਪੰਜਾਬ ਦੀ ਸਿਆਸਤ ਨੂੰ ਵੀ ਬਹੁਤ ਹੱਦ ਤੱਕ ਬਦਲ ਦਿੱਤਾ ਹੈ  । ਕੌਮੀ ਪੱਧਰ ‘ਤੇ ਭਾਜਪਾ ਨੂੰ ਮਿਲੀ ਏਡੀ ਵੱਡੀ ਜਿੱਤ ਨੇ ਸੂਬਾਈ ਪੱਧਰ ‘ਤੇ ਇਸ  ਪਾਰਟੀ ਦੇ  ਵਰਕਰਾਂ ਦਾ ਮਨੋਬਲ ਏਨਾ ਵੱਧਾ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਨਾਂ ਕੇਵਲ ਪਹਿਲਾਂ ਨਾਲੋਂ ਵੱਧ ਮੱਹਤਵ ਪੂਰਨ ਸਮਝਣ ਲੱਗ ਪਏ ਹਨ ਬਲਕਿ ਇਹ ਸੁਫ਼ਨੇ ਵੀ ਵੇਖਣ ਲੱਗ ਪਏ ਹਨ ਕਿ ਭਵਿੱਖ ਵਿਚ ਭਾਜਪਾ ਆਪਣੇ ਬਲਬੂਤੇ ਤੇ ਵੀ ਪੰਜਾਬ ਵਿਚ ਸਰਕਾਰ ਬਣਾ ਸਕਦੀ ਹੈ। ਭਾਵੇਂ ਪੰਜਾਬ ਸਰਕਾਰ ਵਿਚ ਅਜੇ ਇਸ ਪਾਰਟੀ ਦਾ ਦਰਜ਼ਾ ਸ਼੍ਰੋਮਣੀ ਅਕਾਲੀ ਦਲ  ਛੋਟੇ ਭਰਾ ਵਾਲਾ ਹੈ ਪਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਦ ਇਸ  ਦਾ ਹਰ ਨੇਤਾ ਜਾਂ ਵਰਕਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿਚ ਹੈ ਕਿ ਹੁਣ ਵੱਡੇ ਭਰਾ ਵੱਲੋਂ ਵਿਖਾਈ ਜਾਂਦੀ ਰਹੀ  ਦਾਦਾਗਿਰੀ ਦੇ ਦਿਨ ਪੁਗ ਚੁੱਕੇ ਹਨ ਤੇ ਭਾਜਪਾ ਪੰਜਾਬ ਦੀ ਸਿਆਸਤ ਤੇ ਸਰਕਾਰ  ਵਿਚ ਆਪਣੀ ਭੂਮਿਕਾ ਵਧਾਉਣ ਦਾ ਪੱਕਾ ਇਰਾਦਾ ਰੱਖਦੀ ਹੈ।
                          ਕਿਸੇ ਵੀ ਗੱਠਜੋੜ ਵਿਚ ਸ਼ਾਮਿਲ ਸਿਆਸੀ ਪਾਰਟੀਆਂ ਦਾਅਵਾ ਤਾਂ ਇਹ ਕਰਦੀਆਂ ਹਨ ਕਿ ਉਹ ਵਿਚਾਰਧਾਰਕ ਸਮਾਨਤਾ ਕਾਰਨ ਹੀ ਇੱਕਠੀਆਂ   ਹੋਈਆਂ ਹਨ ਪਰ ਹਕੀਕਤ ਵਿਚ ਸੱਤਾ ਤੇ ਕਾਬਜ਼ ਹੋਣ ਦੀ ਲਾਲਸਾ ਹੀ ਉਹਨਾਂ ਨੂੰ ਗੱਠਬੰਧਨ ਵਿਚ  ਬੱਝਣ ਲਈ ਮਜਬੂਰ ਕਰਦੀ ਹੈ । ਜੇ  ਅਕਾਲੀ ਦਲ ਕੋਲ ਆਪਣਾ  ਕਰਕੇ ਪੇਂਡੂ ਵੋਟ ਬੈਂਕ  ਹੈ   ਤਾਂ  ਭਾਜਪਾ ਵੀ ਸ਼ਹਿਰੀ ਵੋਟਰਾਂ ਤੇ ਚੰਗੀ ਪਕੜ ਰੱਖਦੀ ਹੈ । ਇਸ ਤਰਾਂ ‘ਸਾਰਾ ਜਾਦਾ ਵੇਖੀਏ ਤਾਂ ਅੱਧਾ ਦੇਈਏ  ਵੰਡ‘  ਦੀ ਕਹਾਵਤ ਅਨੁਸਾਰ  ਸ਼੍ਰੋਮਣੀ ਅਕਾਲੀ ਦਲ ਨੇ  ਆਪਣੀ ਮੁੱਖ ਵਿਰੋਧੀ  ਪਾਰਟੀ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਹੀ ਭਾਜਪਾ ਨੂੰ ਆਪਣਾ ਸਿਆਸੀ ਭਾਈਵਾਲ ਬਣਾਇਆ ਹੈ । ਇਹਨਾਂ ਦੋਹੇਂ ਧਿਰਾਂ ਦੀ ਨੇੜਤਾ ਵਿਚਾਰਧਾਰਕ ਇਕਸੁਰਤਾ  ਨਾਲੋਂ ਇਹਨਾਂ ਦੀਆਂ ਆਪਣੀਆਂ ਆਪਣੀਆਂ ਸਿਆਸੀ ਲੋੜਾਂ ਤੇ ਵਧੇਰੇ ਨਿਰਭਰ ਹੈ।ਸੱਤਾ ਸਤੁੰਲਣ ਵਿਚ ਤਬਦੀਲੀ ਹੋਣ ਤੇ ਜਦੋਂ  ਇਹਨਾਂ ਵਿਚ ਕੋਈ ਧਿਰ ਵਧੇਰੇ ਤਾਕਤਵਰ ਸਾਬਿਤ ਹੁੰਦੀ ਹੈ ਤਾਂ ਉਹ ਵਿਚਾਰਧਾਰਕ  ਏਕਤਾ ਦਾ ਰਾਗ ਗਾਉਣ ਦੀ ਬਜ਼ਾਇ ਦੂਜੀ ਧਿਰ ਨੂੰ ਅੱਖਾਂ ਵਿਖਾਉਣ ਲੱਗ ਪੈਂਦੀ ਹੈ । 2005 ਦੀਆ ਵਿਧਾਨ ਸਭਾ  ਚੋਣਾਂ ਵਿਚ ਜਦੋਂ ਅਕਾਲੀ ਦਲ ਨੂੰ ਬਹੁ ਮੱਤ ਮਿਲਿਆ ਤਾਂ ਉਸ ਭਾਜਪਾ ਨਾਲ ਦੂਜੇ ਦਰਜ਼ੇ ਦਾ ਨਾਗਰਿਕਾਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ । ਇਸ ਸਰਕਾਰ ਦੇ ਕਾਰਜ਼ਕਾਲ ਦੌਰਾਨ ਹੋਈਆ ਪੰਚਾਇਤਾਂ, ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ਦੀਆ ਚੋਣਾਂ ਵਿਚ ਅਕਾਲੀ ਦਲ ਨੇ ਆਪਣੇ ਭਾਈਵਾਲ ਪਾਰਟੀ  ਨੂੰ ਬਣਦਾ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕਈ ਥਾਈਂ ਉਸ  ਨੂੰ ਅਕਾਲੀ ਦਲ ਦੇ  ਉਮੀਦਵਾਰਾਂ  ਦੇ ਖਿਲਾਫ ਹੀ ਆਪਣੇ  ਉਮੀਦਵਾਰ ਉਤਾਰਣੇ ਪਏ । ਇਸ ਮੌਕੇ ਤੇ ਵੱਡੇ ਭਰਾ ਨੇ ਰੁੱਸੇ ਛੋਟੇ ਭਰਾ ਨੂੰ ਮਨਾਉਣ ਦੀ ਬਜਾਇ ਜਿਹੜੀ ਦਾਦਾਗਿਰੀ ਵਿਖਾਈ ਉਹ ਸ਼ਾਇਦ ਭਾਜਪਾ ਦਾ ਨਜਦੀਕੀ ਦੁਸ਼ਮਣ ਵੀ ਨਾ ਵਿੱਖਾ ਸਕੇ । ਹੁਣ ਕੇਂਦਰ ਵਿਚ ਭਾਜਪਾ ਕੋਲ ਆਪਣੇ ਬਲਬੂਤੇ ਤੇ ਸਰਕਾਰ ਬਣਾਉਣ ਲਈ ਪੂਰਨ ਬਹੁਮੱਤ ਹੈ ਤਾਂ  ਹੁਣ ਹੈਂਕੜ ਵਿਖਾਉਣ ਦੀ ਵਾਰੀ ਉਸ ਦੀ ਹੈ । ਇਸ ਲਈ  ਹੁਣ ਪੰਜਾਬ ਦੇ ਭਾਜਪਾ ਨੇਤਾਵਾਂ ਦੇ ਸੁਰ ਵੀ ਬਦਲੇ ਬਦਲੇ ਵਿਖਾਈ ਦੇਣ ਲੱਗ ਪਏ ਹਨ ।
                         ਤਣਾਵਾਂ ਟਕਰਾਵਾਂ ਤੇ ਮਨ ਮਨੌਤੀਆਂ ਦੇ ਕਈ ਪੜਾਵਾਂ ਵਿਚੋਂ ਲੰਘ ਕੇ  ਕੇ ਹੀ ਪੰਜਾਬ ਵਿਚ ਅਕਾਲੀ ਦਲ- ਭਾਜਪਾ  ਦੇ ਸਬੰਧ ਮੌਜੂਦਾ ਮੁਕਾਮ ‘ਤੇ ਪਹੁੰਚੇ ਹਨ । ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ  ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ  ਸ: ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਆਪਣੇ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਵੱਜੋਂ ਸ਼ਾਮਿਲ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਪੁਰਾਨੇ ਸਹਿਯੋਗੀਆਂ ਦੀ ਪੂਰੀ ਕਦਰ  ਕਰਦੇ ਹਨ ਪਰ ਕੁਝ ਵਧੇਰੇ ਦੂਰ ਅੰਦੇਸ਼ੀ ਰਾਜਨੀਤਕ ਵਿਸ਼ਲੇਸ਼ਕਾ ਦਾ ਮੰਨਣਾ ਹੈ ਕਿ ਸ੍ਰੀ ਮੋਦੀ ਨੇ ਬੀਬਾ ਬਾਦਲ ਨੂੰ ਇਸ ਲਈ ਕੈਬਨਿਟ ਮੰਤਰੀ ਬਣਾਇਆ ਹੈ ਕਿ ਅਕਾਲੀ ਦਲ ਭਵਿੱਖ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ , ਤੇ ਅਨੰਦਪੁਰ ਦਾ ਮੱਤਾ ਲਾਗੂ ਕਰਨ  ਵਰਗੇ ਮੁੱਦੇ ਉਠਾ ਕੇ ਕੇਂਦਰ ਸਰਕਾਰ ਲਈ ਕੋਈ ਪ੍ਰੇਸ਼ਾਨੀ ਨਾ ਖੜ੍ਹੀ ਕਰੇ।   ਪੰਜਾਬ ਦੇ ਭਾਜਪਾ ਆਗੂ  ਵੀ ਹੁਣ ਇਸ ਤਰਾਂ ਦੇ ਬਿਆਨ ਦੇ ਰਹੇ ਹਨ ਜਿਵੇਂ ਸ੍ਰੀ ਮੋਦੀ ਨੇ ਬੀਬਾ ਬਾਦਲ ਨੂੰ ਕੈਬਨਿਟ  ਮੰਤਰੀ ਬਣਾ ਕੇ  ਅਕਾਲੀ ਦਲ ਸਿਰ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ।ਉਹ ਬੀਬਾ ਬਾਦਲ ਨੂੰ ਕੇਂਦਰ ਵਿਚ ਕੈਬਨਿਟ ਮੰਤਰੀ ਬਨਾਉਣ ਦੇ ਬਦਲੇ ਉਹ  ਪੰਜਾਬ ਸਾਰਕਾਰ ਵਿਚ ਭਾਜਪਾ ਕੋਟੇ ਦਾ  ਉਪ ਮੁੱਖ ਮੰਤਰੀ ਬਨਾਉਣ ਦੀ ਮੰਗ ਵੀ ਦਬਵੇਂ ਸੁਰ ਵਿਚ ਕਰਨ ਲੱਗ ਪਏ ਹਨ।
                     ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿਚਲੇ ਆਗੂ  ਪੰਜਾਬ ਵਿਚ ਗੱਠਜੋੜ ਨੂੰ ਅੱਧੀਆਂ ਸੀਟਾਂ ‘ਤੇ ਮਿਲੀ ਹਾਰ ਦੀ ਜਿੰਮੇਵਾਰੀ ਸਾਂਝੇ ਤੌਰ ‘ਤੇ ਨਾ ਕਬੂਲ ਕੇ  ਕੇਵਲ ਅਕਾਲੀ ਦਲ ਸਿਰ ਪਾ ਰਹੇ ਹਨ। ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਅਰੁਣ ਜੇਟਲੀ ਦੀ ਹਾਰ ਤਾਂ ਉਹਨਾ ਤੋਂ ਬਿਲਕੁਲ ਹੀ ਬਰਦਾਸਤ ਨਹੀਂ ਹੋ ਰਹੀ ਤੇ ਉਹ ਸ਼ਰੇਆਮ  ਇਕ ਵਿਰੋਧੀ ਪਾਰਟੀ ਵਾਂਗ ਹੀਇਸ ਹਾਰ ਲਈ ਅਕਾਲੀ ਦਲ ਦੀਆ ਨੀਤੀਆਂ ਨੂੰ  ਭੰਡ ਰਹੇ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਚਾਰ ਲੋਕ ਸਭਾ ਖੇਤਰਾਂ ਵਿਚ ਮਿਲੀ ਜਿੱਤ ਨੇ ਉਹਨਾਂ ਨੂੰ ਸੋਚਣ ਲਾ ਦਿੱਤਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਨਰਾਜ਼ ਹੋਏ  ਲੋਕ ਜੇ  ਇੱਕ ਨਵੀਂ ਪਾਰਟੀ ਨਾਲ ਜਾ ਸਕਦੇ ਹਨ ਤਾਂ ਭਾਜਪਾ ਨਾਲ ਕਿਉਂ ਨਹੀਂ ਜਾ ਸਕਦੇ? ਇਹੀ ਸੋਚ ਹੀ  ਹੁਣ ਉਹਨਾਂ ਨੂੰ ਪੰਜਾਬ ਵਿਚ ‘ਅਕੇਲਾ ਚਲੋ‘ ਦੀ ਨੀਤੀ ਅਪਨਾਉਣ ਲਈ ਪ੍ਰੇਰਿਤ ਕਰ ਰਹੀ ਹੈ ।
                ਮੌਜੂਦਾ ਭਾਜਪਾ ਵਿਧਾਇਕਾਂ ਤੇ ਮੰਤਰੀਆਂ ਦੇ ਬਿਆਨ  ਇਹ ਸਾਫ਼ ਸੰਕੇਤ ਦੇ ਰਹੇ ਹਨ ਕੇ ਹੁਣ ਪੰਜਾਬ ਸਰਕਾਰ ਵਿਚ ਸ਼ਾਮਿਲ ਇਹ ਭਾਈਵਾਲ ਪਾਰਟੀ ਭ੍ਰਿਸ਼ਟਾਚਾਰ, ਰੇਤਾ ਬਜਰੀ ਦੀ ਬਲੈਕ , ਪ੍ਰਾਪਟੀ ਟੈਕਸ ਵਰਗੇ  ਮੁੱਦਿਆਂ ‘ਤੇ ਅਕਾਲੀ ਦਲ ਦੀ ਸੁਰ ਵਿਚ ਸੁਰ ਮਿਲਾਉਣ ਦੀ ਬਜ਼ਾਇ ਵੱਖਰਾ ਰਾਹ ਅਪਨਾਵੇਗੀ। ਆਪਣੇ ਸ਼ਹਿਰੀ ਵੋਟ ਬੈਂਕ ਦੇ ਖੋਰੇ ਨੂੰ ਰੋਕਣ ਲਈ ਉਸ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਹੈ। ਭਾਜਪਾ ਮੰਤਰੀਆਂ ਤੇ ਵਿਧਾਇਕਾਂ ਨੂੰ ਗਿਲਾ ਹੈ ਕਿ ਜੇ ਉਹ ਸ਼ਹਿਰੀ ਲੋਕਾਂ ਦੇ ਹਿੱਤਾ ਦੇ ਵਿਰੋਧ ਵਿਚ ਜਾਂਦੀ ਕਿਸੇ  ਗੱਲ ਦਾ ਵਿਰੋਧ ਕਰਦੇ ਸਨ ਤਾਂ ਭਾਜਪਾ ਦੀ ਕੇਂਦਰੀ ਹਾਈ ਕਮਾਂਡ ਗੱਠਜੋੜ ਬਣਾਈ ਰੱਖਣ ਦੀ ਲੋੜ ਦਾ ਹਵਾਲਾ ਦੇ ਕੇ ਉਹਨਾਂ ਨੂੰ ਚੁੱਪ ਰਹਿਣ ਲਈ ਕਹਿ ਦੇਂਦੀ ਸੀ ।  ਹੁਣ ਬਦਲੇ ਹੋਏ ਹਲਾਤ ਵਿਚ ਉਹਨਾਂ ਦੀ ਇਸ ਚੁਪ  ਦਾ ਟੁਟਣਾ ਯਕੀਨੀ ਹੋ ਗਿਆ ਹੈ । ਬਦਲੇ ਰਾਜਨੀਤਕ ਸਮੀਕਰਨਾਂ ਨੇ ਵੱਡੇ ਛੋਟੇ ਬਾਦਲਾਂ ਦੇ ਹੱਥਾ ਵਿਚੋਂ ਉਹ ਅਕੁੰਸ ਖੋਹ ਲਿਆ ਹੈ ਜਿਸ ਨਾਲ  ਉਹ ਸਰਕਾਰ ਦੇ  ਫੈਸਲਿਆਂ ਨੂੰ ਆਪਣੀ ਮਨ ਚਾਹੀ ਦਿਸ਼ਾ ਦੇ ਲੈਂਦੇ ਸਨ।
                    ਜੱਗ ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸੈਵੰਮ ਸੇਵਕ ਸੰਘ ਤੋ ਹੀ ਵਿਚਾਰਧਾਰਕ ਊਰਜਾ ਹਾਸਿਲ ਕਰਦੀ ਹੈ ਤੇ  ਪਾਰਟੀ ਨੂੰ ਕੇਂਦਰ ਵਿਚ ਬਹੁਮੱਤ ਦਿਵਾਉਣ ਵਿਚ ਸੰਘ ਦੀ ਵੀ  ਵੱਡੀ ਭੂਮਿਕਾ ਰਹੀ ਹੈ । ਸੰਘ ਦੇ ਪਰਮੁੱਖ ਸ੍ਰੀ ਮੋਹਨ ਭਾਗਵਤ ਵੱਲੋਂ ਪਿਛਲੇ ਦਿਨੀਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨਾਲ ਮਾਨਸਾ ਵਿੱਖੇ ਕੀਤੀ ਅੱਧੇ ਘੰਟੇ ਦੀ ਉਚੇਚੀ ਮੁਲਾਕਾਤ ਨੂੰ  ਭਾਜਪਾ ਵੱਲੋਂ ਪੰਜਾਬ ਵਿਚ ਆਪਣਾ ਜਨਤਕ ਅਧਾਰ ਵਧਾਉਣ ਦੀਆ ਕੋਸ਼ਿਸ਼ਾ ਵਜੋਂ  ਹੀ ਵੇਖਿਆ ਜਾ ਰਿਹਾ ਹੈ । ਭਾਵੇਂ ਮੁਲਾਕਾਤ ਕਰਨ ਵਾਲੀਆ ਦੋਹੇਂ ਧਿਰਾਂ ਇਸ ਨੂੰ ਕੇਵਲ  ਸਦਭਾਵੀ ਤੇ ਪੁਰਾਣੇ ਸਬੰਧਾਂ  ਤੇ ਅਧਾਰਿਤ  ਮੀਟਿੰਗ ਹੀ  ਕਹਿ ਰਹੀਆ ਹਨ ਪਰ ਇਸ ਨੇ ਅਕਾਲੀ ਦਲ ਦੀ ਚਿੰਤਾ ਵਿਚ ਵਾਧਾ ਜ਼ਰੂਰ  ਕਰ ਦਿੱਤਾ ਹੈ ਕਿ ਆਖਿਰ ਸੰਘ ਪ੍ਰਮੁੱਖ ਵੱਲੋਂ  ਪੰਜਾਬ ਦੇ ਸੱਭ ਤੋਂ ਵੱਡੇ ਜਨਤਕ ਅਧਾਰ  ਵਾਲੇ ਡੇਰੇ ਦੇ ਮੁੱਖੀ ਨਾਲ ਬੰਦ ਕਮਰਾ ਮੀਟਿੰਗ ਕਰਨ ਦਾ ਮੱਕਸਦ ਕੀ ਸੀ।
                      ਜਿਹੜੇ ਲੋਕ ਭਾਵੁਕਤਾ ਵਿਚ ਵੱਸ ਅਕਾਲੀ -ਭਾਜਪਾ ਦੋਸਤੀ ਨੂੰ ਸਦੀਵੀ  ਤੇ ਅਟੁੱਟ ਕਰਾਰ ਦੇਂਦੇ ਹਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰਾਜਨੀਤਕ ਵਿਚ ਭਾਵੁਕਤਾ ਲਈ ਕੋਈ ਥਾਂ ਨਹੀਂ ਹੁੰਦੀ ਤੇ ਕੇਵਲ ਆਪਣੇ ਹਿੱਤ ਵੇਖੇ ਜਾਂਦੇ ਹਨ  । ਹਰਿਆਣਾ ਵਿਚ ਇੰਡੀਅਨ  ਨੈਸ਼ਨਲ ਲੋਕ ਦਲ ਤੇ ਭਾਜਪਾ ਵਿਚ ਹੀ ਕਿਸੇ ਸਮੇਂ ਅਜਿਹੀ ਦੋਸਤੀ ਸੀ ਪਰ ਉਸ ਸਮੇ ਹਰਿਆਣਾ ਵਿਚ ਵੱਡੀ ਪਾਰਟੀ ਹੋਣ ਦੇ ਅਹੰਮ ਨੇ  ਇਨੈਲੌ ਨੇਤਾਵਾਂ ਨੂੰ ਕੁਝ ਵਧੇਰੈ ਹੈਂਕੜਬਾਜ਼ ਬਣਾ ਦਿੱਤਾ ਤਾਂ ਭਾਜਪਾ ਨੇ ਇਹ ਹੈਂਕੜਬਾਜ਼ੀ ਸਹਿਣ ਦੀ ਬਜਾਇ ਸੱਤਾ ਤੋਂ ਦੂਰ ਰਹਿਣਾ ਹੀ ਪਸੰਦ ਕੀਤਾ। ਭਾਵੇਂ ਅਜੇ ਪੰਜਾਬ ਵਿਚ ਅਕਾਲੀ ਭਾਜਪਾ ਸਬੰਧ ਇਨੈਲੋ -ਭਾਜਪਾ ਸਬੰਧਾ ਵਾਂਗ ਤੱੜਕ ਕਰਕੇ   ਟੁੱਟਣ ਦੀ ਸੰਭਾਵਨਾਂ ਨਹੀ ਹੈ ਪਰ  ਇਹ  ਸਿਆਸੀ ਭਵਿੱਖਬਾਣੀ ਹੁਣ ਕੰਧਾਂ ਤੇ ਉਕਰੀ ਗਈ  ਹੈ ਕਿ ਪੰਜਾਬ ਵਿਚ ਭਾਜਪਾ ਨੂੰ ਆਪਣੇ ਨਾਲ ਰੱਖਣ ਲਈ ਅਕਾਲੀ ਦਲ ਨੂੰ ਆਪਣੇ ਤੌਰ ਤਰੀਕੇ ਬਦਲਣੇ ਪੈਣਗੇ ਤੇ ਹਰ ਮੱਹਤਵ ਪੂਰਨ ਸਰਕਾਰੀ ਫੈਸਲੇ ‘ਤੇ ਉਸ ਦੀ ਰਾਇ ਦਾ ਸਤਿਕਾਰ ਵੀ ਕਰਨਾ ਪਵੇਗਾ। ਅਕਾਲੀ  ਦਲ ਨੂੰ ਇਹ ਗੱਲ ਹਰ ਹਾਲ  ਧਿਆਨ ਵਿਚ ਰੱਖਣੀ ਪਵੇਗੀ ਕਿ ਕੇਂਦਰ ਵਿਚ ਭਾਜਪਾ ਬਹੁਮੱਤ ਵਾਲੀ ਸਰਕਾਰ ਦੇ ਹੁੰਦਿਆ ਹੁਣ ਪੰਜਾਬ ਭਾਜਪਾ ਨੂੰ ‘ਅਕੇਲਾ ਚਲੋ‘ ਦੀ ਨੀਤੀ ਅਪਨਾਉਣ ਵਿਚ ਵਧੇਰੇ ਮੁਸ਼ਕਲ ਨਹੀਂ ਆਵੇਗੀ।
                                                         
      

ਨਿਰੰਜਣ ਬੋਹਾ
  ਕੱਕੜ ਕਾਟੇਜ਼, ਮਾਡਲ ਟਾਊਨ, 
ਬੋਹਾ (ਮਾਨਸਾ)
                                                                    89682-82700 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template