Headlines News :
Home » » ਅਰਜ਼ੋਈ' - ਰਾਜ ਮਾਨਸਾ

ਅਰਜ਼ੋਈ' - ਰਾਜ ਮਾਨਸਾ

Written By Unknown on Sunday 29 June 2014 | 06:44

ਬੇਲੇ ਜੰਗਲ ਪਹਾੜ ਹਰਿਆਲੀਆਂ,
ਸਦਾ ਕਾਇਮ ਰਹਿਣ ਰੌਣਕਾਂ ਨਿਰਾਲੀਆਂ,
ਰਾਣੀ ਧਰਤੀ ਖਜ਼ਾਨੇ ਬੇਸ਼ੁਮਾਰ ’ਤੇ,
ਪੰਜਾਂ-ਪਾਣੀਆਂ ਦੇ ਪੂਰੇ ਪਰਿਵਾਰ ’ਤੇ,
ਮਾਲਕਾ ਮਿਹਰ ਕਰੀਂ ਦਾਤਿਆ ਮਿਹਰ ਕਰੀਂ।

ਵਿਹੜਿਆਂ ਦੀ ਹੱਦੇ, ਕੰਧਾਂ ਰਹਿਣ ਨਾ ਉਦਾਸੀਆਂ,
ਵੱਜਣ ਕਿਲਕਾਰੀਆਂ ਖਿੜਨ ਨਿੱਤ ਹਾਸੀਆਂ,
ਦਾਦੀ ਮੁੱਢ ਬਹਿਣ ਬੇਬੇ, ਬਾਪੂ, ਤਾਈਆਂ-ਚਾਚੀਆਂ,
ਬੁੱਢਿਆਂ ਰੁੱਖਾਂ ’ਤੇ ਰੁੱਤਾਂ ਆਉਣ ਨਾ ਉਦਾਸੀਆਂ,
ਧੀਆਂ-ਪੁੱਤ ਦੋਹਤੇ ਪੋਤਰਿਆਂ ਦੇ ਪਿਆਰ ’ਤੇ।
ਮਾਲਕਾ ਮਿਹਰ ਕਰੀਂ...।

ਚਾਅਵਾਂ ਲੱਦੀ ਵੇਲ ਦਾ ਕੋਈ ਫੁੱਲ ਸੜ ਜਾਵੇ ਨਾ,
ਰੀਝਾਂ ਵਾਲੇ ਬੂਟਿਆਂ ਦਾ ਬੂਰ ਲੜ ਜਾਵੇ ਨਾ,
ਆਸਾਂ ਦੇ ਕੁਹਾਰਾਂ ਨੂੰ ਕੋਈ ਸੱਪ ਲੜ ਜਾਵੇ ਨਾ,
ਨੈਣਾਂ ਵਾਲੀ ਤਾਂਘ ਨੂੰ ਕੋਈ ਤਾਪ ਚੜ੍ਹ ਜਾਵੇ ਨਾ,
ਮਿੱਠੇ-ਸੁਪਨਿਆਂ ਦੀ ਮਹਿਕੀ ਗੁਲਜ਼ਾਰ ’ਤੇ,


ਮਾਲਕਾ ਮਿਹਰ ਕਰੀਂ...।

ਕੁੰਜੀਆਂ ਸੰਭਾਕੇ ਮਾਂ ਨੂੰ ਛੱਡ ਸਰਦਾਰੀਆਂ,
ਦਾਨਾਂ ਸਿਰ ਦਾਨ ਰਹਿਣ ਧੀਆਂ ਜਾਨੋਂ ਪਿਆਰੀਆਂ,
ਖੁਸ਼ੀਆਂ ਹੰਢਾਉਣ ਤੇ ਨਿਭਾਉਣ ਜ਼ਿੰਮੇਵਾਰੀਆਂ,
ਆਪਣੇ ਪਰਾਂ ’ਤੇ ਲਾਉਣ  ਉੱਚੀਆਂ ਉਡਾਰੀਆਂ,
ਦਾਨੀ ਬਾਬੁਲ ਗਰੀਬ ਤਾਅਬੇਦਾਰ ’ਤੇ,
ਮਾਲਕਾ ਮਿਹਰ ਕਰੀਂ...।

ਚੜ੍ਹਦੀ ਜਵਾਨੀ ਨੂੰ ਕੋਈ ਘੁਣ ਲੱਗ ਜਾਵੇ ਨਾ,
ਪਿੜਾਂ ਦੀ ਕਬੱਡੀ ਨੂੰ ਨਜ਼ਰ ਕੋਈ ਖਾਵੇ ਨਾ,
ਟੂਣੇਹਾਰੀ ਅੱਖ ਵਿੱਚ ਕਸੀਰ ਧੱਸ ਜਾਵੇ ਨਾ,
ਰੱਬਾ ਕੋਈ ਮਜਾਜਣਾਂ ਦਾ ਮਾਣ ਮਿੱਧ ਜਾਵੇ ਨਾ
ਹਰ ਗੱਭਰੂ ਤੇ ਹਰ ਮੁਟਿਆਰ ’ਤੇ,
ਮਾਲਕਾ ਮਿਹਰ ਕਰੀਂ...।

ਮੋਤੀਆਂ ਨੇ ਮੜੀਆਂ ਜੋ ਮੱਕੀ ਦੀਆਂ ਛੱਲੀਆਂ,
ਮੜਕਾਂ ਭੰਨਣ ਜੋ ਕਣਕ ਦੀਆਂ ਬੱਲੀਆਂ,
ਲਿਫ-ਲਿਫ ਜਾਂਦੀਆਂ ਨੇ ਸਰ੍ਹਵਾਂ ਵੀ ਝੱਲੀਆਂ,
ਬਾਜਰੇ ਦੇ ਸਿੱਟੇ ਛੋਲੇ ਟਾਟਾਂ ਦੀਆਂ ਫਲੀਆਂ
ਹਾਲੀ-ਪਾਲੀ ਕਾਮੇ ਜੱਟ ਸ਼ਾਹੂਕਾਰ ’ਤੇ,
ਮਾਲਕਾ ਮਿਹਰ ਕਰੀਂ...।

ਵਿਹੁ ਭਿੱਜੀਆਂ ਹਵਾਵਾਂ ਕਦੇ ਆਉਣ ਨਾ,
ਸਾਂਝੇ ਦਿਲਾਂ ’ਚ ਤਰੇੜਾਂ ਕਦੇ ਪਾਉਣ ਨਾ,
ਸਾਡੇ ਗੀਤ ਜਾ ਕੇ ਕਬਰਾਂ ’ਚ ਸੌਣ ਨਾ,
ਸੱਥਾਂ ਸਾਂਝੀਆਂ ’ਚ ਵੰਡੀਆਂ ਪਵਾਉਣ  ਨਾ
‘ਰਾਜ ਮਾਨਸਾ’ ਦੇ ਬੱਝੇ ਇਤਬਾਰ ’ਤੇ,
ਮਾਲਕਾ ਮਿਹਰ ਕਰੀਂ...।

ਰਾਜ ਮਾਨਸਾ 
ਸੰਪਰਕ-80543-01575 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template