Headlines News :
Home » » ਬੰਦ-ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ - ਰਮੇਸ਼ ਬੱਗਾ ਚੋਹਲਾ

ਬੰਦ-ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ - ਰਮੇਸ਼ ਬੱਗਾ ਚੋਹਲਾ

Written By Unknown on Tuesday 8 July 2014 | 23:13

9 ਜੁਲਾਈ ਸ਼ਹੀਦੀ ਦਿਵਸ
ਸਿੱਖ ਇਤਿਹਾਸ ਦੇ ਪੰਨਿਆਂ ਨੂੰ ਜੇਕਰ ਪੂਰੀ ਗਹੁ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਪੰਨਿਆਂ ਦੀ ਇਬਾਰਤ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਦਿਖਾਈ ਦਿੰਦੀ ਹੈ। ਇਸ ਇਬਾਰਤ ਦੀ ਬਣਾਵਟ ਅਤੇ ਸਜਾਵਟ ਵਿਚ ਦੁੱਧ ਪੀਂਦੇ ਬੱਚਿਆਂ ਤੋਂ ਲੈ ਕੇ ਪੰਝੱਤਰ-ਅੱਸੀ ਸਾਲ ਦੇ ਬਾਬਿਆਂ ਦੇ ਬਲੀਦਾਨ ਦੀ ਇਕ ਅਨੋਖੀ ਅਤੇ ਦਲੇਰਾਨਾ ਪਹੁੰਚ ਕੰਮ ਕਰ ਰਹੀ ਹੈ। ਇਹ ਇਬਾਰਤ ਇਸ ਗੱਲ ਨੂੰ ਤਸਦੀਕ ਕਰਦੀ ਹੈ ਕਿ ਇਸ ਦੇ ਸਿਰਜਕਾਂ ਨੇ ਆਪਣੇ ਸਰੀਰ ਦੇ ਬੰਦ-ਬੰਦ ਤਾਂ ਹੱਸ ਕੇ ਕਟਵਾ ਲਏ ਪਰ ਕਿਸੇ ਵੀ ਕੀਮਤ 'ਤੇ ਸਿੱਖੀ ਦੇ ਸਿਧਾਂਤਾਂ ਨੂੰ ਢਾਹ ਨਹੀਂ ਲੱਗਣ ਦਿੱਤੀ। ਜਦੋਂ ਵੀ ਕਦੇ ਮਨੁੱਖੀ ਕਦਰਾਂ-ਕੀਮਤਾਂ ਜਾਂ ਇਨਸਾਨੀਅਤ ਨਾਲ ਜੁੜੇ ਪੱਖਾਂ
ਦੀ ਪਹਿਰੇਦਾਰੀ ਦਾ ਵਕਤ ਆਇਆ ਤਾਂ ਸਿੱਖ ਸ਼ਹੀਦਾਂ ਨੇ ਵਕਤ ਦੇ ਹਾਕਮਾਂ ਤੋਂ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ ਮੰਗੀ। ਸਗੋਂ ਅਣਮਨੁੱਖੀ ਤਸੀਹਿਆਂ ਨੂੰ ਵੀ ‘ਉਸ ਦੀ’ ਰਜ਼ਾ ਸਮਝ ਕੇ ਸਹਿਣ ਕਰ ਲਿਆ। ਇਸੇ ਤਰ੍ਹਾਂ ਦੀ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੀ ਸ਼ਾਮਲ ਹੈ, ਭਾਈ ਮਨੀ ਸਿੰਘ ਜੀ ਸ਼ਹੀਦ ਦਾ ਨਾਮ।ਭਾਈ ਮਨੀ ਸਿੰਘ ਜੀ ਦੇ ਜਨਮ ਬਾਬਤ ਕਈਆਂ ਲੇਖਕਾਂ ਵਿਚ ਕੁਝ ਮਤਭੇਦ ਵੀ ਬਰਕਰਾਰ ਹਨ। ਪਰ ਭੱਟ ਵਹੀਆਂ ਅਤੇ ਪੰਡਾ ਵਹੀਆਂ ਦੀ ਲਿਖਤ ਅਨੁਸਾਰ ਭਾਈ ਸਾਹਿਬ ਦਾ ਜਨਮ 10 ਮਾਰਚ 1644 ਈ: ਨੂੰ ਪਿਤਾ ਭਾਈ ਮਾਈਦਾਸ ਅਤੇ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜਫ਼ਰਗੜ੍ਹ (ਪਾਕਿਸਤਾਨ) ਵਿਖੇ ਹੋਇਆ। ਭਾਈ ਮਨੀ ਸਿੰਘ ਦੇ ਪਰਵਾਰ ਦਾ ਨਾਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਹੀ ਜੁੜਦਾ ਹੈ ਕਿਉਂਕਿ ਭਾਈ ਸਾਹਿਬ ਦੇ ਦਾਦਾ ਭਾਈ ਬਲੂ ਰਾਉ ਛੇਵੇਂ ਪਾਤਸ਼ਾਹ ਦੇ ਸਿਰਕੱਢਵੇਂ ਜਰਨੈਲ ਸਨ। ਭਾਈ ਮਾਈਦਾਸ ਦੇ ਇਕ ਦਰਜਨ ਸਪੁੱਤਰ ਸਨ ਜਿਨ੍ਹਾਂ ਵਿੱਚੋਂ 11 ਸਪੁੱਤਰਾਂ ਨੇ ਸਿੱਖ ਆਦਰਸ਼ਾਂ ਦੀ ਰਾਖਵਾਲੀ ਕਰਦਿਆਂ ਆਪਣੀਆਂ ਜਾਨਾਂ ਤਕ ਦੀ ਪਰਵਾਹ ਨਹੀਂ ਕੀਤੀ। ਜਦੋਂ ਭਾਈ ਮਨੀ ਸਿੰਘ ਦੀ ਉਮਰ 13 ਸਾਲ ਦੀ ਹੋਈ ਤਾਂ ਭਾਈ ਮਾਈਦਾਸ ਉਸ ਨੂੰ ਨਾਲ ਲੈ ਕੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਬਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਆ ਨਤਮਸਤਕ ਹੋਇਆ। ਜਦੋਂ ਬਾਲਕ ਮਨੀਏ (ਭਾਈ ਮਨੀ ਸਿੰਘ ਜੀ) ਨੇ ਸਤਵੇਂ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ ਤਾਂ ਉਸ
ਦੇ ਸੁੰਦਰ ਸਰੂਪ ਨੂੰ ਦੇਖ ਕੇ ਗੁਰੂ ਸਾਹਿਬ ਕਹਿਣ ਲੱਗੇ, “ਮਨੀਆ ਗੁਨੀਆ ਹੋਵੇਗਾ ਬੀਚ ਜਗ ਸਾਰੇ।” ਦੋ ਸਾਲ ਗੁਰੂ ਘਰ ਦੇ ਜੂਠੇ ਬਰਤਨਾਂ ਨੂੰ ਮਾਂਜਦਿਆਂ ਬਾਲਕ ਮਨੀਏ ਨੇ ਆਪਣੇ ਮਨ ਦੀ ਮੈਲ ਗੁਆ ਲਈ ਅਤੇ ਇਕ ਨਿਰਮਲ ਅਤੇ ਨਿਰਛੱਲ ਹਿਰਦੇ ਦਾ ਮਾਲਕ ਬਣ ਗਿਆ। ਜਦੋਂ ਭਾਈ ਮਨੀਏ ਦੀ ਉਮਰ 16 ਕੁ ਸਾਲ ਤਕ ਪਹੁੰਚੀ ਤਾਂ ਉਸ ਦਾ ਅਨੰਦ ਕਾਰਜ ਬੀਬੀ ਸੀਤੋ ਪੁੱਤਰੀ ਭਾਈ ਲੱਖੀਸ਼ਾਹ ਵਾਸੀ ਖੈਰਪੁਰ ਨਾਲ ਹੋ ਗਿਆ। ਅਨੰਦ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਭਾਈ ਮਨੀ ਸਿੰਘ ਆਪਣੇ ਦੋ ਭਰਾਵਾਂ ਭਾਈ ਜੇਠਾ ਅਤੇ ਭਾਈ ਦਿਆਲਾ ਜੀ ਸਮੇਤ ਮੁੜ ਕੀਰਤਪੁਰ ਸਾਹਿਬ ਆ ਗਏ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਜੀ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿਚਜੁੱਟ ਗਏ। ਅਠਵੇਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਬਾਬੇ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ।
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੀ ਬਾਹੀ ਵੱਲ ਧਰਮ ਪ੍ਰਚਾਰ ਕਰ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੀ ਹਾਜ਼ਰੀ ਇੱਥੇ ਲਗਵਾਉਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ-ਸੰਭਾਲ ਦਿੱਤੀ। ਜਿਸ ਨੂੰ ਆਪ ਨੇ ਬੜੀ ਹੀ ਤਨਦੇਹੀ ਨਾਲ ਨਿਭਾਇਆ। ਮਜ਼ਲੂਮਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਜਦੋਂ ਨੌਵੇਂ ਗੁਰੂ ਹਿੰਦ ਦੀ ਚਾਦਰ ਬਣ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹਿ ਗਏ। ਦਸਮ ਪਿਤਾ ਦੀ ਹਜ਼ੂਰੀ ਵਿਚ ਰਹਿ ਕੇ ਭਾਈ ਸਾਹਿਬ ਦੀ ਬੌਧਿਕਤਾ ਵਿਚ ਕਾਫ਼ੀ ਨਿਖ਼ਾਰ ਆ ਗਿਆ। ਇਸ ਨਿਖ਼ਾਰ ਸਦਕਾ ਉਹ ਸਿੱਖ ਧਰਮ ਦੇ ਮਹਾਨ ਵਿਦਵਾਨ ਬਣ ਗਏ। ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਉਸ ਵਕਤ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦਾ ਡਟਵਾਂ ਸਾਥ ਦਿੱਤਾ। ਇਸ ਜੰਗ ਵਿਚ ਉਨ੍ਹਾਂ ਦੇ ਭਰਾ ਹਰੀ ਚੰਦ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਇਕ ਸਾਲ ਬਾਅਦ ਨਦੌਣ ਦੀ ਲੜਾਈ ਲੜੀ ਗਈ ਤਾਂ ਭਾਈ ਸਾਹਿਬ ਦੀ ਬਹਾਦਰੀ ਅਤੇ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਵੱਲੋਂ ਇਨ੍ਹਾਂ ਨੂੰ ਦੀਵਾਨ ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ। 1699 ਈ: ਵਿਚ ਜਦੋਂ ਪਾਤਸ਼ਾਹ ਨੇ ਵੈਸਾਖੀ ਦੇ ਦਿਹਾੜੇ 'ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਮੇਤ ਗੁਰਮਤਿ ਪ੍ਰਕਾਸ਼ 22 ਜੁਲਾਈ 2012 ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਆਪ ਜੀ ਦਾ ਨਾਮ ਭਾਈ ਮਨੀਏ ਤੋਂ ਭਾਈ
ਮਨੀ ਸਿੰਘ ਹੋ ਗਿਆ। ਇਸ ਤਰ੍ਹਾਂ ਗੁਰੂ-ਦਰਬਾਰ ਵਿਚ ਉਨ੍ਹਾਂ ਦਾ ਮਾਣ-ਸਤਿਕਾਰ ਪਹਿਲਾਂ ਤੋਂ ਵੀ ਵਧ ਗਿਆ। ਸੂਰਬੀਰ ਹੋਣ ਦੇ ਨਾਲ-ਨਾਲ ਆਪ ਆਪਣੇ ਸਮੇਂ ਦੇ ਸਥਾਪਿਤ ਕਥਾ-ਵਾਚਕ ਵੀ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਰੋਜ਼ਾਨਾ ਹੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸਮੇਂ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤਾਇਆ ਸੀ ਤਾਂ ਉਸ ਦਾ ਮੂੰਹ-ਤੋੜ ਜਵਾਬ ਵੀ ਭਾਈਮਨੀ ਸਿੰਘ ਦੇ ਫ਼ਰਜੰਦਾਂ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਨੇ ਹੀ ਦਿੱਤਾ ਸੀ। ਇਨ੍ਹਾਂ ਦੋਵਾਂ ਦੀ ਬਹਾਦਰੀ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਇਕ ਵਿਸ਼ੇਸ਼ ਹੁਕਮਨਾਮੇ ਦੀ ਬਖ਼ਸ਼ਿਸ਼ ਕਰ ਦਿੱਤੀ। ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜੀ ਤਕ ਜਿੱਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਅਤੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ, ਉੱਥੇ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਵੀ ਸਿੱਖ ਧਰਮ ਤੋਂ ਕੁਰਬਾਨ ਹੋ ਗਏ। ਸ੍ਰੀ ਮੁਕਤਸਰ ਦੀ ਲੜਾਈ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚੇ ਤਾਂ ਭਾਈ ਮਨੀ ਸਿੰਘ ਨੇ ਵੀ ਉੱਥੇ ਪਹੁੰਚ ਕੇ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਤੋਂ ਦਮਦਮੀ ਬੀੜ ਲਿਖਵਾਈ ਜਿਸ ਵਿਚ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੀ ਬਾਣੀ ਵੀ ਦਰਜ ਕੀਤੀ ਗਈ। ਸੰਨ 1721 ਤੋਂ ਭਾਈ ਮਨੀ ਸਿੰਘ ਜੀ ਸਿੱਖ ਕੌਮ ਦੀ ਰਹਿਨੁਮਾਈ ਕਰ ਰਹੇ ਸਨ। ਦੀਵਾਲੀ ਅਤੇ ਵੈਸਾਖੀ ਦੇ ਤਿਉਹਾਰਾਂ ਮੌਕੇ ਉਹ ਅਕਸਰ ਇਕ ਵੱਡਾ ਇਕੱਠ ਕਰ ਕੇ ਸਿੱਖ ਸੰਗਤਾਂ ਨੂੰ ਆਪਸ ਵਿਚ ਮਿਲਾਉਣ/ਬੈਠਾਉਣ ਦਾ ਯਤਨ ਕਰਿਆ ਕਰਦੇ ਸਨ। ਇਨ੍ਹਾਂ ਮਿਲਣੀਆਂ/ਬੈਠਕਾਂ ਸਦਕਾ ਹੀ ਸਿੱਖ ਕੌਮ ਸੰਕਟਕਾਲੀਨ ਸਮਿਆਂ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦੀ ਰਹੀ ਹੈ। 70 ਸਾਲ ਉਮਰ ਹੋ ਜਾਣ ਕਰਕੇ ਭਾਈ ਮਨੀ ਸਿੰਘ ਦਾ ਸਰੀਰ ਬੇਸ਼ੱਕ, ਕੁਝ ਕਮਜ਼ੋਰ ਪੈ ਰਿਹਾ ਸੀ ਪਰ ਉਨ੍ਹਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਉਤਸ਼ਾਹ ਅਜੇ ਵੀ ਜਵਾਨ ਸੀ। ਸੰਮਤ 1790 ਬਿਕ੍ਰਮੀ ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ। ਇਸ ਸਮੇਂ ਆਪ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸੇਵਾ-ਸੰਭਾਲ ਮੁੱਖ ਗ੍ਰੰਥੀ ਦੇ ਰੂਪ ਵਿਚ ਕਰ ਰਹੇ ਸਨ। ਇਸ ਪੁਰਬ ਨੂੰ ਮਨਾਉਣ ਲਈ ਭਾਈ ਸਾਹਿਬ ਆਪਣੇ ਸਾਥੀਆਂ ਸ. ਸੁਬੇਗ ਸਿੰਘ ਅਤੇ ਸ. ਸੂਰਤ ਸਿੰਘ ਨੂੰ ਨਾਲ ਲੈ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖਾਨ ਕੋਲ ਗਏ। ਸੂਬੇਦਾਰ ਨੇ 10,000 ਦੀ ਰਕਮ ਜਜ਼ੀਏ ਵਜੋਂ ਮੰਗ ਲਈ ਜੋ ਭਾਈ ਮਨੀ ਸਿੰਘ ਨੇ ਮੇਲੇ ਉਪਰੰਤ ਦੇਣੀ ਮੰਨ ਲਈ। ਆਪਸੀ ਸਹਿਮਤੀ ਹੋਣ ਦੇ ਬਾਵਜੂਦ ਵੀ ਲਾਹੌਰ ਦੇ ਸੂਬੇਦਾਰ ਦਾ ਮਨ ਬੇਈਮਾਨ ਹੋ ਗਿਆ। ਇਸ ਬੇਈਮਾਨੀ ਤਹਿਤ ਉਸ ਗੁਰਮਤਿ ਪ੍ਰਕਾਸ਼ 23 ਜੁਲਾਈ 2012  ਨੇ ਮੇਲੇ 'ਤੇ ਜੁੜਨ ਵਾਲੀਆਂ ਸੰਗਤਾਂ ਨੂੰ ਖ਼ਤਮ ਕਰਨ ਦੀ ਠਾਣ ਲਈ। ਜਦੋਂ ਭਾਈ ਮਨੀ ਸਿੰਘ ਜੀ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਸੰਗਤਾਂ/ਖਾਲਸੇ ਨੂੰ ਉੱਥੇ ਆਉਣ ਤੋਂ ਰੋਕਣ ਲਈ ਸਿੰਘਾਂ ਨੂੰ ਭੇਜਿਆ। ਜਿਸ ਕਰਕੇ ਸੰਗਤਾਂ ਦਾ ਇਕੱਠ ਨਹੀਂਹੋਇਆ। ਭਾਈ ਮਨੀ ਸਿੰਘ ਜੀ ਨੇ ਹਕੂਮਤ ਦੇ ਇਸ ਵਿਹਾਰ ਦੀ ਨਿਖੇਧੀ ਕੀਤੀ। ਜ਼ਕਰੀਆ ਖਾਨ ਨੇ ਭਾਈ ਸਾਹਿਬ ਕੋਲੋਂ ਜਜ਼ੀਏ ਦੀ ਰਕਮ ਵਸੂਲ ਕਰਨੀ
ਚਾਹੀ, ਪਰ ਜਵਾਬ ਵਿਚ ਭਾਈ ਮਨੀ ਸਿੰਘ ਨੇ ਕਿਹਾ ਕਿ, “ਇਕੱਠ ਤਾਂ ਤੁਸੀਂ ਹੋਣ ਨਹੀਂ ਦਿੱਤਾ ਫਿਰ ਕਿਹੜੀ ਰਕਮ ਦੀ ਗੱਲ ਕਰਦੇ ਹੋ?” ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਦਰਬਾਰ ਵਿਚ ਪੇਸ਼ ਕੀਤਾ ਗਿਆ। ਜ਼ਕਰੀਆਂ ਖਾਨ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖ ਦਿੱਤੀ ਜੋ ਭਾਈ ਸਾਹਿਬ ਨੇ ਅਪ੍ਰਵਾਨ ਕਰ ਦਿੱਤੀ। ਕੋਈ ਗੱਲ ਨਾ ਬਣਦੀ ਦੇਖ ਕੇ ਲਾਹੌਰ ਦੇ ਸੂਬੇਦਾਰ ਨੇ ਭਾਈ ਸਾਹਿਬ ਦੇ ਸਰੀਰ ਦਾ ਬੰਦ-ਬੰਦ ਕੱਟਣ ਦਾ ਹੁਕਮ ਦੇ ਦਿੱਤਾ। ਹੁਕਮ ਦੀ ਤਮੀਲ ਕਰਨ ਹਿਤ ਸਿਪਾਹੀ ਉਨ੍ਹਾਂ ਨੂੰ ਸ਼ਾਹੀ ਕਿਲ੍ਹੇ ਦੇ ਮੈਦਾਨ ਵਿਚ ਲੈ ਗਏ। ਭਾਈ ਮਨੀ ਸਿੰਘ ਨੇ ਇਸ ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਸਵੀਕਾਰ ਕਰ ਲਿਆ ਅਤੇ ਸ਼ਹਾਦਤ ਦਾ ਜਾਮ ਪੀ ਗਏ। 







ਰਮੇਸ਼ ਬੱਗਾ ਚੋਹਲਾ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template