Headlines News :
Home » » ਪੰਜਾਬ ਦੇ ਕਾਂਗਰਸੀ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ - ਉਜਾਗਰ ਸਿੰਘ

ਪੰਜਾਬ ਦੇ ਕਾਂਗਰਸੀ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ - ਉਜਾਗਰ ਸਿੰਘ

Written By Unknown on Thursday 12 June 2014 | 01:04

            ਪੰਜਾਬ ਦੇ ਕਾਂਗਰਸੀ ਨੇਤਾ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ । ਉਹ ਤਾਂ ਵਕਤ ਦੀ ਨਜ਼ਾਕਤ ਨੂੰ ਵੀ ਨਹੀਂ ਸਮਝਦੇ। 30 ਅਪ੍ਰੈਲ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਮਾਤ ਖਾਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਨੇਤਾ ਸਬਕ ਨਹੀਂ ਸਿਖ ਰਹੇ। ਉਹ ਤਾਂ ਹਾਰ ਦੇ ਇਲਜ਼ਾਮ ਇੱਕ ਦੂਜੇ ਤੇ ਲਗਾਉਣ ਵਿਚ ਹੀ ਰੁਝੇ ਹੋਏ ਹਨ, ਉਹਨਾਂ ਵਿਚੋਂ ਕੋਈ ਵੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਨੂੰ ਤਿਆਰ ਹੀ ਨਹੀਂ ਕਿਉਂਕਿ ਜੇਕਰ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਉਹ ਖ਼ੁਦ ਹੀ ਕਸੂਰਬਾਰ ਸਾਬਤ ਹੁੰਦੇ ਹਨ। ਉਹ ਤਾਂ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। ਉਹ ਹਮੇਸ਼ਾ ਪਾਰਟੀ ਵਿਚ ਆਪਣੇ ਵਿਰੋਧੀਆਂ ਨੂੰ ਠਿੱਬੀ ਲਾਉਂਦੇ ਰਹਿੰਦੇ ਹਨ ਅਤੇ ਇਹ ਸਮਝਦੇ ਹਨ ਕਿ ਉਹਨਾਂ ਦੀਆਂ ਸਰਗਰਮੀਆਂ ਦਾ ਕਿਸੇ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਹਨ ਜਦੋਂ ਕਿ ਉਹਨਾਂ ਦੀਆਂ ਕਰਤੂਤਾਂ ਦਾ ਸਭ ਨੂੰ ਪਤਾ ਹੁੰਦਾ ਹੈ। 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਦਾ ਕਾਰਨ ਆਪਸੀ ਫੁੱਟ ਅਤੇ ਖਹਿਬਾਜ਼ੀ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ,ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੋਵੇਂ ਇਕਸੁਰ ਨਹੀਂ ਸਨ। ਪੰਜਾਬ ਦੇ ਸਾਰੇ ਨੇਤਾਵਾਂ ਨੇ ਆਪੋ ਆਪਣੇ ਚਹੇਤਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗ਼ਲਤ ਟਿਕਟਾਂ ਦਿਵਾ ਲਈਆਂ ਸਨ, ਜਿਸ ਕਰਕੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਨੇਤਾ ਪਾਰਟੀ ਦੇ ਹਿਤਾਂ ਨੂੰ ਛਿੱਕੇ ਤੇ ਟੰਗ ਕੇ ਆਪਣੀਆਂ ਦੋਸਤੀਆਂ ਪੁਗਾਉਂਦੇ ਰਹੇ । ਵਿਧਾਨ ਸਭਾ ਵਿਚ ਹਾਰਨ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਕੈਪਟਨ ਅਤੇ ਦੂਲੋ ਦੀ ਲੜਾਈ ਖ਼ਤਮ ਕਰਨ ਲਈ , ਦਲਿਤ ਨੇਤਾ ਮਹਿੰਦਰ ਸਿੰਘ ਕੇ.ਪੀ.ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਰਾਜਿੰਦਰ ਕੌਰ ਭੱਠਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਬਣਾ ਦਿੱਤਾ ਗਿਆ ਜਦੋਂ ਕਿ ਚੁਣੇ ਹੋਏ ਬਹੁਤੇ ਵਿਧਾਨਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਨੇਤਾ ਚੁਣਨ ਲਈ ਕੇਂਦਰੀ ਲੀਡਰਸ਼ਿਪ ਨੂੰ ਲਿਖ ਕੇ ਦੇ ਦਿੱਤਾ ਸੀ। ਕਾਂਗਰਸ ਹਾਈ ਕਮਾਂਡ ਵੀ ਸੇਹ ਦਾ ਤਕਲਾ ਗੱਡ ਕੇ ਹੀ ਰੱਖਦੀ ਹੈ। ਉਹਨਾਂ ਦੀ ਸ਼ਹਿ ਨਾਲ ਹੀ ਨੇਤਾ ਇੱਕ ਦੂਜੇ ਦੀਆਂ ਲੱਤਾਂ ਖਿਚਦੇ ਹਨ। ਥੋੜ੍ਹੀ ਦੇਰ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰੀਂ ਰਾਜਿੰਦਰ ਕੌਰ ਭੱਠਲ ਨੂੰ ਪਲਟਾ ਦੇ ਕੇ ਚੌਧਰੀ ਜਗਜੀਤ ਸਿੰਘ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਵਿਚ ਸਫਲ ਹੋ ਗਏ। ਇਤਨੇ ਨੂੰ ਮਈ 2009 ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਮਹਿੰਦਰ ਸਿੰਘ ਕੇ.ਪੀ.ਨੂੰ ਜਲੰਧਰ ਰਾਖਵੀਂ ਸੀਟ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਬਣਾ ਲਿਆ। ਪਛੜੀਆਂ ਸ਼੍ਰੇਣੀਆਂ ਦੇ ਨੇਤਾ ਲਾਲ ਸਿੰਘ ਨੂੰ ਚੋਣਾਂ ਦੌਰਾਨ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਲੋਕ ਸਭਾ ਦੀਆਂ ਚੋਣਾਂ ਜਿਤਾਉਣ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਹਨਾਂ ਚੋਣਾਂ ਵਿਚ ਕਾਂਗਰਸ ਨੇ 13 ਵਿਚੋਂ 8 ਸੀਟਾਂ ਤੇ ਜਿੱਤ ਪ੍ਰਾਪਤ ਕਰ ਲਈ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਦੁਬਾਰਾ ਤੂਤੀ ਬੋਲਣ ਲੱਗ ਪਈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਮੇਰਾ ਇੱਥੇ ਲਿਖਣ ਦਾ ਇਹ ਭਾਵ ਇਹ ਹੈ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹਮੇਸ਼ਾ ਹੀ ਪਾਰਟੀ ਦੇ ਦੋ ਧੜੇ ਬਰਾਬਰ ਬਣਾ ਕੇ ਰੱਖਦੀ ਹੈ ਤਾਂ ਜੋ ਕੋਈ ਇੱਕ ਧੜਾ ਬਹੁਤਾ ਤਾਕਤਵਰ ਨਾ ਹੋ ਜਾਵੇ ਤਾਂ ਜੋ ਉਹਨਾਂ ਦੀ ਸਰਦਾਰੀ ਨੂੰ ਕੋਈ ਵੀ ਨੇਤਾ ਚੈਲੰਜ ਨਾ ਕਰ ਸਕੇ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 30 ਜਨਵਰੀ 2012 ਨੂੰ ਹੋਈਆਂ। ਟਿਕਟਾਂ ਦੀ ਵੰਡ ਸਮੇਂ ਨੇਤਾਵਾਂ ਦੇ ਪੁਤਰਾਂ ਅਤੇ ਹੋਰ ਸੰਬੰਧੀਆਂ ਨੂੰ ਟਿਕਟਾਂ ਫਿਰ ਦਿੱਤੀਆਂ ਗਈਆਂ। ਹੈਰਾਨੀ ਦੀ ਗੱਲ ਹੈ ਕਿ ਟਿਕਟਾਂ ਦੀ ਵੰਡ ਸਮੇਂ ਜਿੱਤਣ ਵਾਲੇ ਯੋਗ ਉਮੀਦਵਾਰਾਂ ਨੂੰ ਅਣਡਿਠ ਕੀਤਾ ਗਿਆ। ਜਿਹੜੇ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਅਤੇ ਜਿਹੜੇ ਯੋਗ ਉਮੀਦਵਾਰਾਂ ਨੂੰ ਅਣਡਿਠ ਕਰਕੇ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਉਹਨਾਂ ਨੇ ਬਗ਼ਾਬਤ ਕਰ ਦਿੱਤੀ ,ਜਿਸ ਦੇ ਸਿੱਟੇ ਵਜੋਂ ਕਾਂਗਰਸ ਦੇ ਬਾਗੀ ਉਮੀਦਵਾਰ ਮੈਦਾਨ ਵਿਚ ਆ ਗਏ। ਉਹਨਾਂ ਬਾਗੀਆਂ ਨੂੰ ਬਿਠਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਕਾਂਗਰਸ ਆਪਣੀ ਜਿਤ ਯਕੀਨੀ ਬਣਾਈ ਬੈਠੀ ਸੀ। ਪ੍ਰੰਤੂ ਅਕਾਲੀ ਦਲ ਨੇ ਬਾਗ਼ੀ ਉਮੀਦਵਾਰਾਂ ਦੀ ਆਰਥਕ ਤੌਰ ਤੇ ਪਿੱਠ ਥਾਪੜ ਦਿੱਤੀ। ਇਸ ਚੋਣ ਵਿਚ ਬੜੇ ਸੀਨੀਅਰ ਨੇਤਾ ਜੋ ਕਿਸੇ ਸਮੇਂ ਪਾਰਟੀ ਦੇ ਪ੍ਰਧਾਨ ਰਹੇ ਸਨ ਉਹ ਵੀ ਪਾਰਟੀ ਦੇ ਉਮੀਦਵਾਰਾਂ ਦੀ ਸ਼ਰੇਆਮ ਵਿਰੋਧਤਾ ਕਰਦੇ ਰਹੇ। ਕੇਂਦਰੀ ਕਾਂਗਰਸ ਨੂੰ ਸ਼ਿਕਾਇਤਾਂ ਵੀ ਕੀਤੀਆਂ ਪ੍ਰੰਤੂ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ । ਨਤੀਜੇ ਵਜੋਂ ਕਾਂਗਰਸ ਪਾਰਟੀ ਹਾਰ ਗਈ ਅਤੇ ਅਕਾਲੀ ਦਲ ਅਤੇ ਬੀ.ਜੇ.ਪੀ. ਨੇ ਦੁਬਾਰਾ ਸਰਕਾਰ ਬਣਾ ਲਈ। ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਵਿਚੋਂ ਕਾਂਗਰਸ ਦੇ ਸੰਭਾਵੀ ਮੰਤਰੀ ਅਹੁਦੇ ਦੇ ਉਮੀਦਵਾਰਾਂ ਨੂੰ ਠਿੱਬੀ ਲਾ ਕੇ ਹਰਾਇਆ ਗਿਆ ਸੀ। ਭਲੇ ਮਾਣਸੋ ਜੇ ਪਾਰਟੀ ਦੇ ਉਮੀਦਵਾਰ ਹੀ ਨਹੀਂ ਜਿਤਣਗੇ ਤਾਂ ਸਰਕਾਰ ਕਿਵੇਂ ਬਣਾ ਸਕੋਗੇ,ਜੇ ਬਹੁਮਤ ਆਵੇਗਾ ਤਾਂ ਹੀ ਸਰਕਾਰ ਬਣ ਸਕਦੀ ਹੈ। ਕਾਂਗਰਸੀਆਂ ਦੀ ਤਿਕੜਮਬਾਜ਼ੀ ਨੇ ਕਾਂਗਰਸ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। ਕਾਂਗਰਸ ਹਾਈ ਕਮਾਂਡ ਨੇ ਕੋਈ ਸਾਰਥਕ ਕਾਰਵਾਈ ਹੀ ਨਹੀਂ ਕੀਤੀ। ਚੋਣਾਂ ਹਾਰਨ ਤੋਂ ਬਾਅਦ ਫਿਰ ਇੱਕ ਦੂਜੇ ਤੇ ਚਿਕੜ ਸੁਟਣ ਦਾ ਕੰਮ ਸ਼ੁਰੂ ਹੋ ਗਿਆ । ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਨੂੰ ਸੌਂਪ ਦਿੱਤਾ ਪ੍ਰੰਤੂ ਉਹ ਸੁਨੀਲ ਕੁਮਾਰ ਜਾਖੜ ਨੂੰ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦਾ ਵਿਰੋਧੀ ਧਿਰ ਦਾ ਨੇਤਾ ਬਣਵਾਉਣ ਵਿਚ ਸਫਲ ਹੋ ਗਏ। ਉਹ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਗਏ। ਲਗਪਗ ਇੱਕ ਸਾਲ ਕੈਪਟਨ ਦੇ ਅਸਤੀਫ਼ੇ ਦਾ ਰੇੜਕਾ ਚਲਦਾ ਰਿਹਾ । ਕਾਂਗਰਸ ਜਿਹੜੀ ਦੋ ਧੜਿਆਂ ਵਿਚ ਬੁਰੀ ਤਰ੍ਹਾਂ ਵੰਡੀ ਹੋਈ ਸੀ ,ਉਹ ਦੂਸ਼ਣਬਾਜ਼ੀ ਤੇ ਉਤਰੀ ਰਹੀ ਤੇ ਪਾਰਟੀ ਕੇਡਰ ਦਾ ਮਨੋਬਲ ਡਿਗਦਾ ਰਿਹਾ । ਅਖ਼ੀਰ ਮਾਰਚ 2013 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਪਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ, ਜਿਸਦਾ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਡਟ ਕੇ ਵਿਰੋਧ ਕੀਤਾ। ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕੈਪਟਨ ਧੜਾ ਅਣਡਿਠ ਕੀਤਾ ਗਿਆ ਹੈ। ਬਾਜਵਾ ਧੜਾ ਅਜੇ ਆਪਣੀ ਨਿਯੁਕਤੀ ਦੇ ਜਸ਼ਨ ਮਨਾ ਹੀ ਰਿਹਾ ਸੀ ਤਾਂ ਸੋਨੀਆਂ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦਾ ਸਥਾਈ ਆਮੰਤ੍ਰਿਤ ਮੈਂਬਰ ਬਣਾ ਦਿੱਤਾ ,ਜਿਸ ਨਾਲ ਬਾਜਵਾ ਦੀ ਨਿਯੁਕਤੀ ਦੇ ਜਸ਼ਨਾਂ ਨੂੰ ਗ੍ਰਹਿਣ ਲੱਗ ਗਿਆ। ਬਾਜਵਾ ਨੂੰ ਆਪਣੀ ਨਵੀਂ ਜੱਥੇਬੰਦੀ ਦੀ ਕਾਰਜਕਾਰਨੀ ਬਣਾਉਣ ਲਈ 9 ਮਹੀਨੇ ਦਾ ਸਮਾਂ ਲੱਗ ਗਿਆ ,ਜਿਸਨੇ ਬਾਜਵਾ ਦੀ ਕਾਰਗੁਜ਼ਾਰੀ ਤੇ ਪ੍ਰਭਾਵ ਪਾਇਆ, ਭਾਵੇਂ ਬਾਜਵਾ ਨੇ ਜ਼ਿਲ੍ਹਾਵਾਰ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਨਵੀਂ ਜੁੰਬੋ ਕਾਰਜਕਾਰਨੀ ਬਣੀ ਤਾਂ ਇੱਕ ਕਿਸਮ ਨਾਲ ਪਾਰਟੀ ਵਿਚ ਭਾਰੀ ਭੁਚਾਲ ਜਿਹਾ ਹੀ ਆ ਗਿਆ। ਚਾਰੇ ਪਾਸਿਉਂ ਇਸ ਕਾਰਜਕਾਰਨੀ ਦਾ ਵਿਰੋਧ ਹੋਇਆ । ਕੁਝ ਜ਼ਿਲ੍ਹਾ ਪ੍ਰਧਾਨ ਵੀ ਬਦਲ ਦਿੱਤੇ ਗਏ। ਪਾਰਟੀ ਵਿਚ ਅਸੰਤੋਸ਼ ਦੀ ਲਹਿਰ ਦੌੜ ਗਈ ,ਹਾਲਾਂ ਕਿ ਐਨੀ ਵੱਡੀ ਕਾਰਜਕਾਰਨੀ ਕਦੀ ਨਹੀਂ ਬਣੀਂ ਪ੍ਰੰਤੂ ਫਿਰ ਵੀ ਕਾਂਗਰਸੀ ਖ਼ੁਸ਼ ਨਹੀਂ ਸਨ। ਕਾਂਗਰਸ ਦੇ ਇੱਕ ਧੜੇ ਨੇ ਤਾਂ ਅਨੁਸ਼ਾਸ਼ਨ ਲੀਰੋ ਲੀਰ ਕਰ ਦਿੱਤਾ,ਕੇਂਦਰੀ ਲੀਡਰਸ਼ਿਪ ਨੇ ਅਣਚਾਹੇ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਉਹ ਸਫਲ ਨਹੀਂ ਹੋਏ। ਇਤਨੇ ਨੂੰ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਖੱਖੜੀਆਂ ਖੱਖੜੀਆਂ ਹੋਈ ਪਾਰਟੀ ਟਿਕਟਾਂ ਵੰਡਣ ਅਤੇ ਲੈਣ ਲਈ ਕੋਸ਼ਿਸ਼ਾਂ ਕਰਨ ਵਿਚ ਮਸ਼ਰੂਫ਼ ਹੋ ਗਈ। ਕਾਂਗਰਸ ਦੇ ਸੀਨੀਅਰ ਨੇਤਾ ਚੋਣ ਲੜਨ ਤੋਂ ਆਨਾਕਾਨੀ ਕਰਨ ਲੱਗ ਪਏ, ਜਿਸਦੇ ਸਿੱਟੇ ਵਜੋਂ ਕਾਂਗਰਸੀ ਵਰਕਰਾਂ ਦਾ ਮਨੋਬਲ ਡਿਗਣਾ ਸ਼ੁਰੂ ਹੋ ਗਿਆ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਵਰਕਰਾਂ ਦਾ ਮਨੋਬਲ ਉਚਾ ਚੁੱਕਣ ਲਈ ਪੰਜਾਬ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਕਰ ਲਿਆ ਤਾਂ ਜੋ ਉਹ ਆਪਣੀ ਚੋਣ ਵਿਚ ਰੁੱਝਣ ਕਰਕੇ ਪਾਰਟੀ ਉਮੀਦਵਾਰਾਂ ਦਾ ਵਿਰੋਧ ਨਾ ਕਰ ਸਕਣ। ਕੈਪਟਨ ਅਮਰਿੰਦਰ ਸਿੰਘ,ਅੰਬਿਕਾ ਸੋਨੀ ,ਮਹਾਰਾਣੀ ਪਰਨੀਤ ਕੌਰ,ਮਹਿੰਦਰ ਸਿੰਘ ਕੇ ਪੀ,ਪਰਤਾਪ ਸਿੰਘ ਬਾਜਵਾ ਅਤੇ ਸੁਨੀਲ ਕੁਮਾਰ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਪ੍ਰੰਤੂ ਰਾਜਿੰਦਰ ਕੌਰ ਭੱਠਲ ਅਤੇ ਮਨੀਸ਼ ਤਿਵਾੜੀ ਫਿਰ ਚੋਣ ਲੜਨ ਤੋਂ ਖਹਿੜਾ ਛੁਡਾ ਗਏ। ਮਨਪ੍ਰੀਤ ਸਿੰਘ ਬਾਦਲ ਨਾਲ ਸਮਝੌਤਾ ਕਰਕੇ ਉਸਨੂੰ ਬਠਿੰਡਾ ਤੋ ਕਾਂਗਰਸ ਦੇ ਟਿਕਟ ਤੇ ਚੋਣ ਲੜਾਈ। ਕਾਂਗਰਸ ਦੀ ਇਹਨਾਂ ਚੋਣਾਂ ਵਿਚ ਫੁੱਟ ਨੇ ਸਾਰੇ ਪੁਰਾਣੇ ਰਿਕਾਰਡ ਹੀ ਮਾਤ ਪਾ ਦਿੱਤੇ। ਸਾਰੇ ਪੰਜਾਬ ਵਿਚ ਕਾਂਗਰਸ ਦੇ ਵਰਕਰਾਂ ਨੇ ਤਾਂ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦਿੱਤਾ ਪ੍ਰੰਤੂ ਨੇਤਾਵਾਂ ਨੇ ਡੱਟ ਕੇ ਉਹਨਾ ਦਾ ਵਿਰੋਧ ਕੀਤਾ,ਇੱਥੋਂ ਤੱਕ ਕਿ ਕਈ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਨੇਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਦੇ ਵੇਖੇ ਗਏ ਜਿਸਦੇ ਨਤੀਜੇ ਤੁਹਾਡੇ ਸਾਹਮਣੇ ਹਨ ਕਿ ਕਾਂਗਰਸ ਮਸਾਂ ਹੀ ਤਿੰਨ ਸੀਟਾਂ ਜਿੱਤ ਸਕੀ। ਕਈ ਥਾਵਾਂ ਤੇ ਤਾਂ ਚੁਣੇ ਹੋਏ ਵਿਧਾਨਕਾਰ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਵਿਚ ਹੀ ਸ਼ਾਮਲ ਨਹੀਂ ਹੋਏ, ਜਿਹੜੇ ਸ਼ਾਮਲ ਹੋਏ ਉਹ ਵੀ ਕਾਰਵਾਈ ਹੀ ਪਾਉਂਦੇ ਰਹੇ। ਇਸ ਵਾਰ ਜਿੰਨਾ ਵਿਰੋਧ ਕਾਂਗਰਸ ਦੇ ਚੁਣੇ ਹੋਏ ਵਿਧਾਨਕਾਰਾਂ,ਨੁਮਾਇੰਦਿਆਂ ਨੇ ਕੀਤਾ ਇਤਨਾ ਇਸ ਤੋਂ ਪਹਿਲਾਂ ਕਦੀਂ ਵੀ ਵੇਖਣ ਨੂੰ ਨਹੀਂ ਮਿਲਿਆ। ਕਈ ਜ਼ਿਲ੍ਹਾ ਪ੍ਰਧਾਨ ਵੀ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੂੰ ਬੁਲਾ ਕੇ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਦੇ ਵੇਖੇ ਗਏ। ਕਈ ਵਿਧਾਨਕਾਰ ਵਿਰੋਧੀ ਉਮੀਦਵਾਰਾਂ ਦੇ ਕੈਂਪਾਂ ਵਿਚ ਬੇਝਿਜਕ ਹੋ ਕੇ ਜਾਂਦੇ ਰਹੇ ਕਿਉਂਕਿ ਉਹਨਾ ਨੂੰ ਪਤਾ ਹੈ ਕਿ ਹਾਈ ਕਮਾਂਡ ਵਿਚ ਉਹਨਾਂ ਦਾ ਕਿੱਲਾ ਹੈ ,ਕੋਈ ਉਮੀਦਵਾਰ ਉਹਨਾ ਦਾ ਕੁਝ ਵਿਗਾੜ ਨਹੀਂ ਸਕੇਗਾ,ਜੇ ਪਾਰਟੀ ਵਿਚੋਂ ਕੱਢ ਵੀ ਦਿੱਤਾ ਗਿਆ ਤਾਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੜ ਸ਼ਾਮਲ ਹੋ ਜਾਵਾਂਗੇ। ਜਿੰਨਾ ਚਿਰ ਕਾਂਗਰਸ ਵਿੱਚੋਂ ਕੱਢੇ ਗਏ ਨੇਤਾਵਾਂ ਨੂੰ ਕਾਂਗਰਸ ਵਿਚ ਵਾਪਸ ਆਉਣ ਤੇ ਪਾਬੰਦੀ ਨਹੀਂ ਲਗਦੀ ਉਤਨੀ ਦੇਰ ਪਾਰਟੀ ਦਾ ਇਸੇ ਤਰ੍ਹਾਂ ਨੁਕਸਾਨ ਹੁੰਦਾ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਹਰਾ ਦਿੱਤਾ ਜਿਸ ਕਰਕੇ ਕੈਪਟਨ ਦਾ ਕੱਦ ਬੁੱਤ ਹੋਰ ਉਚਾ ਹੋ ਗਿਆ। ਲੋਕ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦਾ ਡਿਪਟੀ ਲੀਡਰ ਬਣਾ ਦਿੱਤਾ ਗਿਆ ਹੈ ਜਿਸ ਨਾਲ ਉਸਦਾ ਕੇਂਦਰੀ ਕਾਂਗਰਸ ਵਿਚ ਵੀ ਬੋਲਬਾਲਾ ਹੋ ਗਿਆ ਹੈ। ਹੁਣ ਲੋਕ ਪਹਿਲਾਂ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਕੈਪਟਨ ਹੀ ਪੰਜਾਬ ਕਾਂਗਰਸ ਦੀ ਬੇੜੀ ਪਾਰ ਕਰ ਸਕਦਾ ਹੈ ਜੇਕਰ ਉਹ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣ ਵਿੱਚ ਸਫਲ ਹੋ ਜਾਂਦਾ ਹੈ। ਅਸਲ ਵਿਚ ਕਾਂਗਰਸ ਨੇਤਾ ਚੌਧਰ ਦੇ ਭੁੱਖੇ ਹਨ,ਉਹ ਇਹ ਚੌਧਰ ਧੜੇਬਾਜੀਆਂ ਨਾਲ ਹੀ ਪ੍ਰਾਪਤ ਕਰਦੇ ਹਨ। ਦਿੱਲੀ ਬੈਠੇ ਆਪਣੇ ਆਕਾਵਾਂ ਦੇ ਕਹਿਣ ਤੇ ਹੀ ਸਾਰਾ ਕੁੱਝ ਕਰਦੇ ਹਨ,ਹੋਰ ਕਿਸੇ ਕਾਇਦੇ ਕਾਨੂੰਨ ਨੂੰ ਉਹ ਮੰਨਦੇ ਹੀ ਨਹੀਂ। ਜੇ ਅਜੇ ਵੀ ਲਗਾਤਾਰ ਵਿਧਾਨ ਸਭਾ ਵਿਚ ਦੋ ਹਾਰਾਂ ਅਤੇ ਲੋਕ ਸਭਾ ਵਿਚ ਹਾਰ ਤੋਂ ਸਬਕ ਨਹੀਂ ਸਿਖਣਗੇ ਤਾਂ ਮੁੜਕੇ ਕਦੀਂ ਵੀ ਪੰਜਾਬ ਵਿਚ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਣਗੇ ਅਤੇ ਸੁਖਬੀਰ ਆਪਣਾ 25 ਸਾਲ ਰਾਜ ਕਰਨ ਦਾ ਸੁਪਨਾਂ ਪੰਜਾਬ ਸਰਕਾਰ ਦੀਆਂ ਅਸਫਲਤਾਵਾਂ ਹੋਣ ਦੇ ਬਾਵਜੂਦ ਵੀ ਪੂਰਾ ਕਰੇਗਾ ਕਿਉਂਕਿ ਕੋਈ ਕਾਂਗਰਸੀ ਲੀਡਰ ਅਕਾਲੀ ਦਲ ਲਈ ਚੈਲੰਜ ਹੀ ਨਹੀਂ ਬਣ ਸਕੇਗਾ। ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਏ ਕਾਂਗਰਸੀਆਂ ਨੂੰ ਅਕਾਲੀਆਂ ਨੇ ਵੀ ਘਾਹ ਨਹੀਂ ਪਾਉਣਾ ਹੁਣ ਕਾਂਗਰਸੀਆਂ ਨੂੰ ਵੀ ਉਹਨਾਂ ਨੂੰ ਮੁੜ ਕਾਂਗਰਸ ਵਿਚ ਸ਼ਾਮਲ ਨਹੀਂ ਕਰਨਾ ਚਾਹੀਦਾ ਤਾਂ ਜੋ ਅੱਗੋਂ ਤੋਂ ਵੀ ਕਾਂਗਰਸੀ ਟੁੱਭੀ ਨਾ ਮਾਰ ਸਕਣ। ਭਾਵੇਂ ਵਰਤਮਾਨ ਅਕਾਲੀ ਭਾਜਪਾ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਦਾ ਸ਼ਿਕਾਰ ਹੋ ਚੁੱਕੀ ਹੈ।





ਉਜਾਗਰ ਸਿੰਘ
94178-13072
ਸਾਬਕਾ ਜਿਲਾ ਲੋਕ ਸੰਪਰਕ ਅਫਸਰ
 #3078, ਫੇਜ-2 ਅਰਬਨ ਅਸਟੇਟ, ਪਟਿਆਲਾ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template