Headlines News :
Home » » ਮਨੁੱਖ ਦੀ ਅੰਤਿਮ ਰਸਮ- ਅੰਤਿਮ ਅਰਦਾਸ - ਸੁਖਮਿੰਦਰ ਬਾਗੀ

ਮਨੁੱਖ ਦੀ ਅੰਤਿਮ ਰਸਮ- ਅੰਤਿਮ ਅਰਦਾਸ - ਸੁਖਮਿੰਦਰ ਬਾਗੀ

Written By Unknown on Saturday 28 June 2014 | 00:01

ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਅਨੇਕਾਂ ਰਸਮਾਂ ਰਿਵਾਜਾ ਵਿਚੋਂ ਗੁਜ਼ਰਦਾ ਹੈ। ਜਨਮ ਅਤੇ ਮੌਤ ਦੇ ਵਿਚਕਾਰਲੇ ਸਮੇਂ ਵਿਚ ਮਨੁੱਖ ਲਈ ਅਨੇਕਾਂ ਖੁਸ਼ੀ ਅਤੇ ਗਮੀ ਦੇ ਪਲ ਆਉਂਦੇ ਹਨ। ਸਭ ਤੋਂ ਵੱਧ ਗਮੀ ਦਾ ਪਲ ਹੈ ਮਨੁੱਖ ਦੀ ਅੰਤਿਮ ਅਰਦਾਸ। ਆਪਣੇ ਜੀਵਨ ਦੇ ਪੰਧ ਵਿਚ ਅਨੇਕਾਂ ਦੁਸ਼ਵਾਰੀਆਂ ਸਹਾਰਦਾ ਹੋਇਆ ਮਨੁੱਖ ਆਪਣੇ ਬੁਰੇ ਕੰਮਾਂ ਤੋਂ ਸਬਕ ਨਾ ਸਿੱਖਦਾ ਹੋਇਆ ਇਕ ਨਿਰੰਤਰ ਚਾਲ ਚਲੀ ਜਾ ਰਿਹਾ ਹੈ। ਮੌਤ ਇਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣ ਕੇ ਹਰੇਕ ਬੱਚਾ, ਬੁੱਢਾ ਅਤੇ ਨੌਜਵਾਨ ਤ੍ਰਹਿ ਜਾਂਦਾ ਹੈ। ਜਨਮ ਤੋਂ ਮਰਨ ਤੱਕ ਅਨੇਕ ਰਸਮਾਂ ਨਿਭਾਉਂਦਾ ਮਨੁੱਖ ਆਪਣੀ ਅੰਤਿਮ ਅਰਦਾਸ ਖੁਦ ਨਹੀਂ ਨਿਭਾ ਸਕਦਾ। ਹਰੇਕ ਮਨੁੱਖ ਆਪੋ ਆਪਣੇ ਧਰਮ ਅਨੁਸਾਰ ਇਹ ਅਖਰੀਲੀ ਰਸਮ ਨਿਭਾਉਦਾ ਹੈ। ਕੋਈ ਇਸ ਨੂੰ ਅੰਤਿਮ ਅਰਦਾਸ, ਕੋਈ ਰਸਮ ਕਿਰਿਆ, ਕੋਈ ਉਠਾਲਾ ਜਾਂ ਰਸਮ ਪਗੜੀ ਦਾ ਨਾਂ ਦਿੰਦਾ ਹੈ। ਹਰੇਕ ਰਿਸ਼ਤੇਦਾਰ, ਸਨੇਹੀ ਮਿੱਤਰ ਨੂੰ ਇਸ ਅੰਤਿਮ ਰਸਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਜਾਂਦਾ ਹੈ। ਗਮਗੀਨ ਚਿਹਰੇ ਲੈ ਕੇ ਅੰਤਿਮ ਅਰਦਾਸ ਵਿਚ ਸ਼ਾਮਲ ਹਰੇਕ ਵਿਅਕਤੀ ਨੂੰ ਉਸ ਦੇ ਪਰੀਵਾਰਕ ਮੈਂਬਰਾਂ ਨੂੰ ਇਹ ਸ਼ਬਦ ਬੋਲਣੇ ਪੈਦੇ ਹਨ ਕਿ ਹੋਣੀ ਨੂੰ ਕੌਣ ਟਾਲ ਸਕਦਾ ਹੈ? ਉਸ ਦੀ ਤਾਂ ਇਸੇ ਤਰ੍ਹਾਂ ਲਿਖੀ ਸੀ ਅਤੇ ਸਾਨੂੰ ਪ੍ਰਮਾਤਮਾਂ ਦਾ ਭਾਣਾ ਮੰਨਣਾ ਪੈਣਾ ਹੈ। ਵਗੈਰਾ ਵਗੈਰਾ.....। 
ਇਸ ਲੇਖ ਮੇਰੀ ਕਿਸੇ ਧਰਮ ਜਾਂ ਰਸਮ ਕਿਰਿਆਂ ਦਾ ਵਿਰੋਧ ਕਰਨ ਦੀ ਭਾਵਨਾ ਨਹੀ.। ਕਿਉਂਕਿ ਅਧਿਆਤਮਵਾਦ ਅਤੇ ਪਦਾਰਥਵਾਦ ਦੀ ਆਪਸੀ ਵਿਰੋਧਤਾ ਹੈ। ਇਹ ਵਿਰੋਧਤਾ ਰਹਿਣੀ ਹੀ ਰਹਿਣੀ ਹੈ। ਇਸ ਵਿਰੋਧਤਾ ਨੂੰ ਨਾ ਕੋਈ ਦੂਰ ਕਰ ਸਕਿਆ ਹੈ ਤੇ ਨਾ ਹੀ ਕਰ ਸਕਦਾ ਹੈ। ਮੈਂ ਤਾਂ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਤਾਂ ਕਿ ਆਉਣ ਵਾਲੇ ਸਮੇਂ ਵਿਚ ਇੰਨ੍ਹਾਂ ਅੰਤਿਮ ਅਰਦਾਸਾਂ ਦੀ ਗਿਣਤੀ ਘਟਾਈ ਜਾ ਸਕੇ। 
ਮੌਤ ਅਜਿਹਾ ਡਰਾਉਣਾ ਸ਼ਬਦ ਹੈ ਕਿ ਹਰ ਕੋਈ ਇਸ ਤੋਂ ਤ੍ਰਹਿੰਦਾ ਹੈ। ਆਮ ਤੌਰ ਤੇ ਮੌਤ ਦੇ ਚਾਰ ਪੰਜ ਕਾਰਣ ਹੀ ਹੁੰਦੇ ਹਨ। ਉਮਰ ਭੋਗ ਕੇ ਹੋਈ ਸਾਧਾਰਾਨ ਮੌਤ, ਨਸ਼ਿਆਂ ਦੇ ਕਾਰਨ ਹੋਈ ਮੌਤ, ਕਿਸੇ ਬੀਮਾਰੀ ਦੇ ਕਾਰਨ ਹੋਈ ਮੌਤ, ਮਾਨਸਿਕ ਤਣਾਅ ਕਰਕੇ ਖੁਦਕਸ਼ੀ ਅਤੇ ਜਾਣ ਬੁੱਝ ਕੇ ਕਿਸੇ ਦਾ ਕਤਲ ਕਰਨ ਤੇ ਹੋਈ ਮੌਤ ਜਾਂ ਫਿਰ ਕੁਦਰਤੀ ਆਫਤਾਂ ਕਾਰਨ ਹੋਈਆ ਮੌਤਾਂ। ਇੰਨ੍ਹਾਂ ਸਾਰੀਆਂ ਮੌਤਾਂ ਦੇ ਕਾਰਨਾਂ ਨੂੰ ਸਪੱਸ਼ਟ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਸੱਚ ਬੋਲਾਂਗੇ। ਸੱਚ ਬਾਰੇ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਜੀਭ ਕੌੜੀਆਂ ਮਿਰਚਾਂ ਦਾ ਸਵਾਦ ਤਾਂ ਸਹਾਰ ਸਕਦੀ ਹੈ ਪਰ ਸੱਚ ਦਾ ਸਵਾਦ ਉਸ ਤੋਂ ਸਹਾਰਿਆ ਨਹੀਂ ਜਾਂਦਾ। ਇਸੇ ਕਰਕੇ ਅਸੀਂ ਸੱਚ ਬੋਲਣ ਤੋਂ ਹਮੇਸ਼ਾ ਹੀ ਡਰਦੇ ਹਾਂ ਅਤੇ ਹਰੇਕ ਮੌਤ ਸਮੇਂ ਅਸੀਂ ਥੋੜੇ ਸ਼ਬਦਾਂ ਭਾਣਾ ਮੰਨਣਾ ਅਤੇ ਹੋਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਆਦਿ ਕਹਿ ਕੇ ਸੁਰਖਰੂ ਹੋ ਜਾਂਦੇ ਹਾਂ। ਇਹੋ ਜਿਹਾ ਆਸਾਨ ਤਰੀਕਾ ਨਾ ਤਾਂ ਵਾਜਬ ਹੈ ਅਤੇ ਨਾ ਹੀ ਤਰਕਸੰਗਤ। ਜਦੋਂ ਮੌਤ ਦੋ ਕਾਰਨ ਵੱਖ-ਵੱਖ ਹਨ ਤਾਂ ਸਾਨੂੰ ਸੋਚਣਾ ਜ਼ਰੂਰ ਪੈਣਾ ਹੈ ਕਿ ਫਿਰ ਹਰੇਕ ਅੰਤਿਮ ਅਰਦਾਸ ਵਿਚ ਬਾਰ-ਬਾਰ ਉਹੀ ਸ਼ਬਦ ਕਿਉਂ ਦੁਹਰਾਏ ਜਾਣ।
ਮਨੁੱਖ ਜਿਸ ਨੇ ਸਮੁੰਦਰ ਦੀ ਗਹਿਰਾਈ ਵਿਚੋਂ ਹੀਰੇ ਮੋਤੀ ਭਾਲ ਲਏ ਅਤੇ ਚੰਨ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ ਕੀ ਉਹ ਆਪਣੇ ਹੱਥੀ ਸਹੇੜੀ ਮੌਤ ਨੂੰ ਠੁੱਠ ਨਹੀਂ ਵਿਖਾ ਸਕਦਾ? ਕਿਉਂਕਿ ਜਿਆਦਾ ਨਸ਼ੇ ਹੀ ਮਨੁੱਖ ਦੀਆ ਅੰਤਿਮ ਅਰਦਾਸਾਂ ਵਿਚ ਵਾਧਾ ਕਰ ਰਹੇ ਹਨ। ਕੀ ਅਸੀਂ ਆਪਣੇ ਸਕੇ ਸੰਬੰਧੀਆਂ ਨੂੰ ਇਸ ਨਸ਼ਿਆਂ ਦੇ ਮੱਕੜਜਾਲ ਵਿਚੋਂ ਕੱਢ ਕੇ ਇੰਨ੍ਹਾਂ ਅੰਤਿਮ ਅਰਦਾਸਾਂ ਦੀ ਗਿਣਤੀ ਨਹੀਂ ਘਟਾ ਸਕਦੇ। ਨਸ਼ਿਆਂ ਦੇ ਕੋਹੜ ਨਾਲ ਹੁੰਦੀਆਂ ਮੌਤਾਂ ਕਿਸੇ ਤਰ੍ਹਾ ਵੀ ਇਹ ਕਹਿਣਾ ਕਿ ਇਸੇ ਤਰ੍ਹਾ ਹੀ ਲਿਖੀ ਸੀ, ਭਾਣਾ ਮੰਨਣ ਜਾਂ ਹੋਣੀ ਨੂੰ ਕੌਣ ਟਾਲ ਸਕਦਾ ਹੈ ਜਿਹੀਆਂ ਫੋਕੀਆਂ ਦਲੀਲਾਂ ਹਰੇਕ ਸਮਝਦਾਰ ਮਨੁੱਖ ਦੇ ਕਿਵੇਂ ਵੀ ਹਜ਼ਮ ਨਹੀਂ ਹੋ ਸਕਦੀਆਂ। ਇਹ ਗੱਲ ਸੌ ਫੀਸਦੀ ਸੱਚ ਹੈ ਕਿ ਜੇਕਰ ਅਸੀਂ ਆਪਣੀਆਂ ਬੁਰੀਆਂ ਆਦਤਾਂ ਤਿਆਗ ਦੇਈਏ ਤਾਂ ਮੌਤ ਵੀ ਮਨੁੱਖ ਕੋਲੋ ਡਰ ਕੇ ਦੂਰ ਰਹਿਣ ਦੀ ਕੋਸ਼ਿਸ਼ ਕਰੇਗੀ। ਭਾਣਾ ਮੰਨਣ ਨਾਲੋਂ ਇਹੋ ਚੰਗਾ ਹੈ ਕਿ ਮੌਤ ਦਾ ਕਾਰਨ ਬਣਦੀਆਂ ਆਪਣੀ ਬੁਰੀਆਂ ਆਦਤਾਂ ਦਾ ਤਿਆਗ ਕਰੀਏ। ਅੰਤਿਮ ਅਰਦਾਸ ਵਿਚ ਜ਼ਰੂਰ ਸ਼ਾਮਲ ਹੋਵੋ। ਮੌਤ ਤੋਂ ਕੋਈ ਵੀ ਨਹੀਂ ਬਚ ਸਕਦਾ। ਪਰ ਸਾਨੂੰ ਠੰਡੇ ਦਿਮਾਗ ਨਾਲ ਜ਼ਰੂਰ ਸੋਚਣਾਂਾ ਚਾਹੀਦਾ ਹੈ ਕਿ ਗਲਤ ਤੇ ਬੁਰੀਆਂ ਆਦਤਾਂ ਮਨੁੱਖ ਨੂੰ ਮੌਤ ਵੱਲ ਲਿਜਾਂਦੀਆਂ ਹਨ ਤੇ ਚੰਗੀਆਂ ਆਦਤਾਂ ਜੀਵਨ ਲੰਮੇਰਾ ਕਰਦੀਆਂ ਹਨ। ਸ਼ਰਾਬ ਜਿੰਨ੍ਹਾਂ ਦੀ ਜ਼ਿੰਦਗੀ ਦਾ ਇਕ ਅੰਗ ਬਣ ਗਈ ਹੈ ਜੇਕਰ ਉਹ ਸ਼ਾਮ ਨੂੰ ਘਰ ਬੈਠ ਕੇ ਪੀ ਲੈਣ ਤਾਂ ਐਕਸੀਡੈਂਟ ਨਾਲ ਹੋ ਰਹੀਆਂ ਅਣਿਆਈਆਂ ਮੌਤਾਂ ਦੀ ਗਿਣਤੀ ਜ਼ਰੂਰ ਘੱਟ ਹੋ ਸਕਦੀ ਹੈ। ਸ਼ਰਾਬ ਤੇ ਨਸ਼ਿਆਂ ਦੀ ਲਤ ਜਵਾਨ ਉਮਰ ਦੀਆਂ ਔਰਤਾਂ ਨੂੰ ਵਿਧਵਾ ਕਰਦੀ ਹੈ। ਬੁੱਢੇ ਮਾਂ ਬਾਪ ਦਾ ਸਹਾਰਾ ਖੋਂਹਦੀ ਹੈ ਤੇ ਬੱਚਿਆਂ ਤੋਂ ਉਨ੍ਹਾਂ ਦੇ ਸਿਰ ਦਾ ਛਾਇਆ ਖੋਂਹਦੀ ਹੈ। ਘਰ ਵਿਚ ਜਲਦੀ ਸੱਥਰ ਵਿਛਾਉਣ ਪਿੱਛੇ ਇਹੀ ਇਕ ਕੁਲਹੀਣੀ ਲਤ ਹੈ।
ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਉਹ ‘‘ਭਾਣਾ ਮੰਨਣ’’ ਦੀ ਥਾਂ ਇਹ ਸ਼ੰਦੇਸ਼ ਜ਼ਰੂਰ ਲੈ ਕੇ ਜਾਣ ਕਿ ਜਿਸ ਕਾਰਨ ਕਰਕੇ ਉਸ ਦੇ ਸਕੇ ਸਬੰਧੀ ਜਾਂ ਦੋਸਤ ਮਿੱਤਰ ਦੀ ਮੌਤ ਹੋਈ ਹੈ ਉਹ ਉਸ ਦੀ ਗਲਤ ਤੇ ਬੁਰੀ ਆਦਤ ਬਾਰੇ ਜ਼ਰੂਰ ਸੋਚਣ ਅਤੇ ਜੇਕਰ ਉਨ੍ਹਾਂ ਦੀ ਆਪਣੀ ਕੋਈ ਅਜਿਹੀ ਬੁਰੀ ਆਦਤ ਹੈ ਤਾਂ ਉਹ ਉਸ ਤੋਂ ਤੋਬਾ ਕਰ ਲੈਣ ਤਾਂ ਕਿ ਉਨ੍ਹਾਂ ਦੀ ਆਪਣੀ ਅੰਤਿਮ ਅਰਦਾਸ ਉਨ੍ਹਾਂ ਕੋਲੋ ਦੂਰ ਹੋ ਜਾਵੇ। ਜੇਕਰ ਸਾਰੇ ਸੰਸਾਰ ਦੇ ਲੋਕ ਆਪਣੀਆਂ ਇਕ ਇਕ ਕਰਕੇ ਗਲਤ ਆਦਤਾਂ ਛੱਡ ਦੇਣ ਤਾਂ  ਅੰਤਿਮ ਅਰਦਾਸ ਵਾਲੇ ਮਨੁੱਖ ਨੂੰ ਇਸ ਤੋਂ ਸੱਚੀ ਸਰਧਾਂਜਲੀ ਹੋਰ ਕੋਈ ਨਹੀਂ ਹੋ ਸਕਦੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੰਤਿਮ ਅਰਦਾਸ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾਂਦੀ ਹੈ। ਇੰਨ੍ਹਾਂ ਅੰਤਿਮ ਅਰਦਾਸਾਂ ਨੂੰ ਘਟਾਉਣ ਲਈ ਸਾਡੇ ਸਮਾਜਿਕ ਤੇ ਧਾਰਮਿਕ ਨੇਤਾਵਾਂ ਨੂੰ ਅੱਗੇ ਆਉਣਾ ਪਵੇਗਾ ਤੇ ਲੋਕਾਂ ਨੂੰ ਉਹ ਹੀ ਸਮਝਾ ਸਕਦੇ ਹਨ ਕਿ ਨਸ਼ਿਆਂ ਤੋਂ ਤੋਬਾ ਕਰਕੇ ਅਤੇ ਚੰਗੀਆਂ ਆਦਤਾਂ ਅਪਣਾ ਕੇ ਮੌਤ ਨੂੰ ਜ਼ਿੰਦਗੀ ਤੋਂ ਕਿਵੇਂ ਦੂਰ ਰੱਖਿਆ ਜਾ ਸਕਦਾ ਹੈ। 



ਸੁਖਮਿੰਦਰ ਬਾਗੀ
ਆਦਰਸ਼ ਨਗਰ ਵਾਰਡ ਨੰ: 13
ਸਮਰਾਲਾ।
ਮੋਬਾ: 94173-94805

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template