Headlines News :
Home » » ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ ਨਾਨਕ ਬਾਣੀ - ਡਾ. ਜਗਮੇਲ ਸਿੰਘ ਭਾਠੂਆਂ

ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ ਨਾਨਕ ਬਾਣੀ - ਡਾ. ਜਗਮੇਲ ਸਿੰਘ ਭਾਠੂਆਂ

Written By Unknown on Friday 20 June 2014 | 22:49

ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਵਿੱਚ ਜਿਸ ਸਮੇਂ ਲਾਹੌਰ ਦੇ ਨਜਦੀਕ ਰਾਏ ਭੋਏ ਦੀ ਤਲਵੰਡੀ (ਨਨਕਾਣਾ ਪਿੰਡ) ਵਿਚ ਜਨਮ ਲਿਆ, ਸੰਸਾਰ ਵਿਚ ਓਦੋਂ ਇਹ ਬੜੀ ਹੀ ਉਥਲ-ਪੁਥਲ ਦਾ ਸਮਾਂ ਸੀ। ਭਾਰਤ ਧਰਮ ਪ੍ਰਧਾਨ ਦੇਸ਼ ਰਿਹਾ ਹੈ ਪਰੰਤੂ ਜਿਸ ਸਮੇਂ ਗੁਰੂ ਨਾਨਕ ਆਏ, ਉਸ ਸਮੇਂ ਦੇ ਧਰਮ ਨੂੰ ਅਧਰਮ ਕਹਿਣਾ ਹੀ ਉਚਿੱਤ ਹੈ ਕਿਉਂਕਿ ਉਸ ਸਮੇਂ ਦੇ ਧਰਮ ਆਗੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਕਥਨੀ ਅਤੇ ਕਰਨੀ ਵਿਚ ਬਿਲਕੁਲ ਵਿਰੋਧ ਸੀ। ਧਾਰਮਿਕ ਆਗੂ ਮਾਨਵਤਾ ਨੂੰ ਜੋੜਨ ਦੀ ਥਾਂ, ਤੋੜਨ ਵਿਚ ਲੱਗੇ ਹੋਏ ਸਨ। ਭਾਰਤ ਵਿੱਚ ਉਸ ਸਮੇਂ ਦੋ ਹੀ ਮੱਤ ਜਾਂ ਸਭਿਆਚਾਰ ਪ੍ਰਮੁੱਖ ਸਨ।  ਇਕ ਸੀ ਇਸਲਾਮ ਤੇ ਦੂਜਾ ਹਿੰਦੂ ਮੱਤ, ਪਰੰਤੂ ਦੋਵੇਂ ਇਕ ਦੂਜੇ ਦੇ ਕੱਟੜ ਵਿਰੋਧੀ ਤੇ ਧਰਮ ਦੀ ਮੂਲ ਭਾਵਨਾ ਤੋਂ ਦੂਰ ਸਨ। ਗੁਰੂ ਨਾਨਕ ਨੇ ਦੋਵਾਂ ਮੱਤਾਂ ਵਿੱਚੋਂ ਚੰਗੇ ਗੁਣ ਗ੍ਰਹਿਣ ਕਰਕੇ ਇਕ ਨਵਾਂ ਮਾਰਗ, ਤੀਜਾ ਪੰਥ (ਸਿੱਖ ਪੰਥ) ਬਣਾਇਆ ਤਾਂ ਜੋ ਵਿਸ਼ਵ ਏਕਤਾ ਅਤੇ ਮਾਨਵੀ ਭਾਈਚਾਰੇ ਦਾ ਰਸਤਾ ਸਰਲ ਬਣਾਇਆ ਜਾ ਸਕੇ।
ਗੁਰੂ ਜੀ ਨੇ ਸਭ ਤੋਂ ਪਹਿਲਾਂ ਆਪਣੇ ਪੈਰੋਕਾਰਾਂ, ਸਿੱਖਾਂ ਨੂੰ ਇਲਾਹੀ ਬਾਣੀ ਰਾਹੀਂ ਇਹ ਦ੍ਰਿੜ ਕਰਾਇਆ ਕਿ ਨਿਰਾਪੁਰਾ ਧਾਰਮਿਕ ਸਿਧਾਂਤਾਂ ਨੂੰ ਜਾਣ ਲੈਣਾ ਕਾਫ਼ੀ ਨਹੀਂ, ਸਗੋਂ ਉਨਾ ਸਿਧਾਂਤਾਂ ਨੂੰ ਅਮਲ ਵਿਚ ਲਿਆ ਕੇ, ਜੀਵਨ ਨੂੰ ਧਾਰਮਿਕ ਬਣਾਉਣਾ ਹੈ।
ਸਭਨਾ ਕਾ ਦਰਿ ਲੇਖਾ ਹੋਇ,
ਕਰਣੀ ਬਾਝਹੁ ਤਰੈ ਨਾ ਕੋਇ।। (ਆਦਿ ਗ੍ਰੰਥ, ਪੰਨਾ 952)
ਧਰਮ ਨਾ ਹੀ ਵਿਅਕਤੀਗਤ ਖੁਸ਼ਹਾਲੀ ਦਾ ਮਾਰਗ ਹੈ ਨਾ ਹੀ ਵਿਅਕਤੀਗਤ ਮੁਕਤੀ ਦਾ। ਮਨੁੱਖ ਨੂੰ ਖੁਦ ਨਿਪੁੰਨ ਬਣਨ  ਅਤੇ ਦੂਜਿਆਂ ਨੂੰ ਨਿਪੁੰਨ ਕਰਨ ਵਿਚ ਮੱਦਦ ਕਰਨੀ ਚਾਹੀਦੀ ਹੈ। ਗੁਰੂ ਸਾਹਿਬਾ ਨੇ ਇਸ ਉੱਤਮ ਵਿਚਾਰ ਨੂੰ ਵਾਰ ਵਾਰ ਦੁਹਰਾਕੇ, ਸੰਸਾਰ ਭਰ ਵਿੱਚ ਦੂਰ ਦੂਰਾਡੇ ਜਾ ਕੇ ਲੋਕਾਂ ਦੇ ਜੀਵਨ ਵਿਚ ਰਚਾਇਆ। 
ਆਪਿ ਤਰੈ ਸੰਗਤਿ ਕੁਲ ਤਾਰੈ।। (ਆਦਿ ਗ੍ਰੰਥ, ਪੰਨਾ 353)
ਉਸ ਸਮੇਂ ਹਿੰਦੂ ਜਾਂ ਮੁਸਲਮਾਨ ਆਪੋ-ਆਪਣੀ ਬਿਰਾਦਰੀ ਅਤੇ ਮਜ਼ਹਬ ਤੱਕ ਸੀਮਤ ਸਨ, ਸਮੁੱਚੀ ਮਨੁੱਖ ਜਾਤੀ ਅਤੇ ਮਾਨਵ ਬਿਰਾਦਰੀ ਦਾ ਸੰਕਲਪ ਕਿਤੇ ਮੌਜੂਦ ਨਹੀਂ ਸੀ। ਗੁਰੂ ਜੀ ਨੇ ਪਹਿਲੀ ਵਾਰ ਵਿਸ਼ਵ ਭਾਈਚਾਰੇ ਦੀ ਆਵਾਜ ਉਠਾਈ, ਦੇਸ਼ ਅਤੇ ਜਾਤੀ ਭੇਦ ਭਾਵ ਦੀ ਦੀਵਾਰ ਨੂੰ ਤੋੜਿਆ।
ਆਈ ਪੰਥੀ ਸਗਲ ਜਮਾਤੀ।। (ਆਦਿ ਗ੍ਰੰਥ, ਪੰਨਾ 6)
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ ਪਰਸਪਰ ਸੰਚਾਰ ਅਤੇ ਇਕ ਦੂਜੇ ਦੇ ਅਸਤਿਤਵ ਨੂੰ ਮਾਨਤਾ ਦੇਣ ਵਿਚ ਹੈ। ਨਾਨਕ ਬਾਣੀ ਦਾ ਮੂਲ ਆਧਾਰ ਇਸੇ ਗੱਲ ਉਪਰ ਟਿਕਿਆ ਹੈ ਕਿ:
ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ।। (ਆਦਿ ਗ੍ਰੰਥ, ਪੰਨਾ 141)
ਭਾਵੇਂ ਮਾਨਵੀਂ ਏਕਤਾ ਦਾ ਵਿਚਾਰ ਉਸ ਸਮੇਂ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵੀ ਮੌਜੂਦ ਸੀ, ਪਰੰਤੂ ਇਹ ਵਿਚਾਰ ਉਨ੍ਹਾਂ ਦੋਵਾਂ ਦੇ ਵਿਸ਼ਵਾਸ ਅਤੇ ਅਮਲ ਵਿੱਚੋਂ ਗਾਇਬ ਸੀ। ਹਿੰਦੂ ਲਈ ਖੁਦਾ, ਅੱਲਾਹ ਜਾਂ ਰਹੀਮ ਸ਼ਬਦ ਓਪਰੇ ਸਨ ਅਤੇ ਇਨ੍ਹਾਂ ਨੂੰ ਮੰਨਣ ਵਾਲਾ ‘ਮਲੇਛ’ ਸੀ। ਇਸੇ ਤਰ੍ਹਾਂ ਮੁਸਲਮਾਨ ਲਈ ਰਾਮ, ਈਸ਼ਵਰ ਜਾਂ ਬ੍ਰਹਮ ਓਪਰੇ ਸਨ ਅਤੇ ਇਨ੍ਹਾਂ ਨੂੰ ਮੰਨਣ ਵਾਲਾ ਮੁਸਲਮਾਨ ਦੀ ਦ੍ਰਿਸ਼ਟੀ ਵਿਚ ‘ਕਾਫ਼ਿਰ’ ਸੀ। ਗੁਰੂ ਨਾਨਕ ਦੇਵ ਜੀ ਨੇ ਮਹਿਸੂਸ ਕੀਤਾ ਕਿ ਜਿੰਨੀ ਦੇਰ ਤੱਕ ਮਨੁੱਖ ਵਿੱਚ ਰੱਬੀ ਏਕਤਾ ਦਾ ਭਾਵ ਪੈਦਾ ਨਹੀਂ ਹੁੰਦਾ, ਉਨੀਂ ਦੇਰ ਤੱਕ ਸਮਾਜ ਵਿਚ ਮਾਨਵੀ ਏਕਤਾ ਨਹੀਂ ਆ ਸਕਦੀ। ਜੇਕਰ ਹਿੰਦੂ ਨੂੰ ਮੁਸਲਮਾਨ ਵਿਚ ‘ਰਾਮ’ ਵਿਖਾਈ ਦੇਂਦਾ ਤਾਂ ਉਹ ਉਸਨੂੰ ‘ਕਾਫ਼ਿਰ’ ਨਾ ਕਹਿੰਦਾ। ਗੁਰੂ ਜੀ ਧੁਰ ਦਰਗਾਹੋਂ ਆਈ ਆਪਣੀ ਪ੍ਰੇਮ ਮਈ ਬਾਣੀ ਦੁਆਰਾ ‘ਰਾਮ ਅਤੇ ਰਹੀਮ’ ਨੂੰ ਇਕੱਠਾ ਕਰਕੇ ਇੱਕ ਅਜਿਹੇ ਰੱਬ (ਪਰਮੇਸ਼ਰ) ਦੀ ਕਲਪਨਾ ਕੀਤੀ, ਜੋ ਕਿਸੇ ਇਕ ਦੇਸ਼, ਕੌਮ ਜਾਂ ਵਿਸ਼ੇਸ਼ ਜਾਤੀ ਤੱਕ ਸੀਮਤ ਨਹੀਂ, ਸਗੋਂ ਨਾਨਕ ਬਾਣੀ ਵਿੱਚੋਂ ਪ੍ਰਕਾਸ਼ਮਾਨ ਹੋਇਆ ਰੱਬ, ਪੂਰੀ ਕਾਇਨਾਤ ਲਈ ‘ਮਿਹਰਵਾਨ’ ਅਤੇ ਪੂਰੀ ਮਾਨਵਜਾਤੀ ਦਾ ‘ਰਾਖਨਹਾਰਾ’ ਹੈ।
ਸਰਬ ਜੀਆ ਮਹਿ ਏਕੋ ਜਾਣੈ
ਤਾ ਹਊਮੈ ਕਹੈ ਨਾ ਕੋਈ।। (ਆਦਿ ਗ੍ਰੰਥ, ਪੰਨਾ 432)
ਮਾਨਵੀ ਏਕਤਾ ਦੇ ਸੰਕਲਪ ਨੂੰ ਲੈ ਕੇ ਜਿਸ ਸਮਾਜ ਦੀ ਗੁਰੂ ਸਾਹਿਬਾਨ ਨੇ ਕਲਪਨਾ ਕੀਤੀ, ਉਸ ਵਿਚ ਊਚ-ਨੀਚ ਦਾ ਕੋਈ ਸਥਾਨ ਨਹੀਂ।
ਨਾਨਕ ਉਤਮੁ ਨੀਚੁ ਨ ਕੋਇ।। (ਆਦਿ ਗ੍ਰੰਥ, ਪੰਨਾ 7)
ਜਾਤੀ ਹੀਨ ਸਮਾਜ ਦੇ ਪ੍ਰਚਾਰ ਲਈ, ਸੁਖ ਅਤੇ ਸ਼ਾਂਤੀ ਦੇ ਉਪੇਦਸ਼ਾਂ ਨੂੰ ਲੋਕਾਂ ਤੱਕ ਪਹੁੰਚਾਣ ਲਈ ਗੁਰੂ ਜੀ ਨੇ ਸਾਰੇ ਦੂਰ-ਦੁਰਾਡੇ ਸੰਸਾਰ ਦੀ ਪੈਦਲ ਯਾਤਰਾ ਕੀਤੀ। ਉਨ੍ਹਾਂ ਦੁਆਰਾ ਆਰੰਭ ‘ਸੰਗਤ ਅਤੇ ਪੰਗਤ’ ਦੀ ਰੀਤ ਵਿੱਚ ਉੱਚੀ ਅਤੇ ਨੀਵੀਂ ਤੋਂ ਨੀਵੀਂ ਜਾਤੀ ਦੇ ਸਮੂਹ ਵਿਅਕਤੀ  ਇਕ ਸਮਾਨ ਬੈਠਦੇ ਹਨ। ਇੱਕੋ ਥਾਂ ‘ਪੰਗਤ’ ਵਿਚ ਬਿਠਾਕੇ ਭੋਜਨ ਛਕਾਉਣ ‘ਲੰਗਰ’ ਦੀ ਪ੍ਰਥਾ ਸਾਰੀਆਂ ਜਾਤੀਆਂ, ਮਲੇਛਾਂ ਅਤੇ ਕਾਫਰਾਂ ਵਿੱਚ ਪਰਸਪਰ ਨਫਰਤ ਮਿਟਾਉਣ ਲਈ ਹੀ ਗੁਰੂ ਜੀ ਨੇ ਆਰੰਭ ਕੀਤੀ।
ਬੁਰਾ ਭਲਾ ਕਹੁ ਕਿਸਨੋ ਕਹੀਐ
ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ।। (ਆਦਿ ਗ੍ਰੰਥ, ਪੰਨਾ 353)
ਅੱਜ ਦੇ ਵਿਗਿਆਨਕ ਅਤੇ ਪਦਾਰਥਵਾਦੀ ਯੁੱਗ ਵਿਚ ਅਸੀਂ ਸਪੱਸ਼ਟ ਵੇਖ ਰਹੇ ਹਾਂ ਕਿ ਇਕ ਹੀ ਧਰਮ, ਇਕ ਹੀ ਕੌਮ ਅਤੇ ਇਕ ਹੀ ਜਾਤੀ ਦੇ ਲੋਕ ਵੀ ਇੱਕ ਦੂਜੇ ਪ੍ਰਤੀ ਈਰਖਾ ਨਾਲ ਭਰੇ ਪਏ ਹਨ। ਸੱਚ ਤੋਂ ਦੂਰ ਅਤੇ ਅਗਿਆਨਤਾ ਦੇ ਗੁਲਾਮ ਆਦਮੀ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਸੁਤੰਤਰਤਾ, ਸਮਾਜਵਾਦ, ਧਰਮ, ਦੇਸ਼ ਜਾਂ ਰਾਸ਼ਟਰ ਆਦਿ ਕਿਸੇ ਵੀ ਸੁੰਦਰ ਸ਼ਬਦ ਦੀ ਆੜ ਵਿੱਚ ਵਿਨਾਸ਼ ਅਤੇ ਤਬਾਹੀ ਦਾ ਮਜ਼ਾ ਲੈਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ। ਅੱਜ ਦੇ ਅਜਿਹੇ ਤਨਾਓ ਗ੍ਰਸਤ ਸਮਾਜ ਵਿਚ ਵਿਸ਼ਵ ਸ਼ਾਂਤੀ ਲਈ ਨਾਨਕ ਬਾਣੀ ਦਾ ਮਨੁੱਖ ਨੂੰ ‘ਸਚਿਆਰਾ’ ਬਣਾਉਣ ਅਤੇ ‘ਸਰਬਤ ਦੀ ਭਲਾਈ’ ਦਾ ਪੈਗਾਮ ਬੜਾ ਹੀ ਪ੍ਰਸੰਗਿਕ ਹੈ। 
ਵਿਸ਼ਵ ਵਿਚ ਅੱਜ ਭਾਸ਼ਾ ਅਤੇ ਇਲਾਕਾਪ੍ਰਸਤੀ ਇੰਨੀ ਹਾਵੀ ਹੈ ਕਿ ਇਕ ਫਿਰਕੇ ਦਾ ਅਸਤਿਤਵ ਦੂਜੇ ਫਿਰਕੇ ਨੂੰ ਦੁਖਦਾਈ ਮਾਲੂਮ ਪੈਂਦਾ ਹੈ। ਸਾਰੇ ਫਿਰਕਿਆਂ ਅਤੇ ਸਮੂਹਾਂ ਵਿਚ ਪਰਸਪਰ ਸੰਚਾਰ ਪੈਦਾ ਕਰਨ ਲਈ ਗੁਰੂ ਨਾਨਕ ਨੇ ਭਾਸ਼ਾ ਦਾ ਸੰਯੋਗਾਤਮਕ ਰੂਪ ਨਾਲ ਉਪਯੋਗ ਕੀਤਾ ਹੈ। ਨਾਨਕ ਬਾਣੀ ਵਿੱਚ ਹਿੰਦੂ ਸੱਭਿਆਚਾਰ ਦੇ ਸਾਰੇ ਪੱਖਾਂ ਦਾ ਚਿਤ੍ਰਣ ਹੈ, ਨਾਲ ਹੀ ਇਸਲਾਮੀ ਸੰਕਲਪਾਤਮਕ ਸ਼ਬਦਾਵਲੀ ਦਾ ਵੀ ਗੁਰੂ ਜੀ ਨੇ ਆਪਣੀ ਬਾਣੀ ’ਚ ਖੁੱਲ੍ਹਕੇ ਉਪਯੋਗ ਕੀਤਾ ਹੈ। ਨਾਨਕ ਬਾਣੀ ਦੁਆਰਾ ਹਉਮੈਂ ਤੋਂ ਮੁਕਤ ਅਤੇ ਪ੍ਰੇਮ ਨਾਲ ਭਰੇ ਚੇਤੰਨ ਮਨੁੱਖ ਨੂੰ, ਸਾਰਾ ਵਿਸ਼ਵ ਇਕ ਪਰਿਵਾਰ ਵਿਖਾਈ ਦੇਂਦਾ ਹੈ। ਅਜਿਹੇ ਮਨੁੱਖ ਨੂੰ ਨਾਨਕ ਨੇ ‘ਗੁਰਮੁਖ’ ਦਾ ਦਰਜਾ ਦਿੱਤਾ ਹੈ, ਜਿਹੜਾ ਵਿਸ਼ਵ ਏਕਤਾ ਦਾ ਪ੍ਰਤੀਕ ਬਣਕੇ ਸ਼ੁੱਭ ਕਰਮ ਅਤੇ ਸ਼ੁੱਭ ਆਚਰਣ ਰਾਹੀਂ ਪੂਰੀ ਧਰਤੀ ਨੂੰ ਧਰਮਸ਼ਾਲਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਗੁਰਮੁਖ ਲਈ ਇਹ ਸਾਰਾ ਸੰਸਾਰ ਹੀ ਅਸਲੀ ਮੰਦਿਰ ਜਾਂ ਮਸਜਿਦ ਹੈ ਅਤੇ ਪ੍ਰੇਮ ਅਸਲੀ ਪੂਜਾ ਜਾਂ ਪ੍ਰਾਰਥਨਾ ਹੈ। 


ਡਾ. ਜਗਮੇਲ ਸਿੰਘ ਭਾਠੂਆਂ
ਕੋਆਰਡੀਨੇਟਰ
ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ
ਏ-68ਏ, ਫਤਿਹ ਨਗਰ ਦਿੱਲੀ 110018
ਮੋ: 098713-12541

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template