Headlines News :
Home » » ਕੁਦਰਤੀ ਕਲਾ ਕ੍ਰਿਤਾਂ:ਪੰਛੀ - ਬਲਵਿੰਦਰ ਸਿੰਘ ਬੁਢਲਾਡਾ

ਕੁਦਰਤੀ ਕਲਾ ਕ੍ਰਿਤਾਂ:ਪੰਛੀ - ਬਲਵਿੰਦਰ ਸਿੰਘ ਬੁਢਲਾਡਾ

Written By Unknown on Saturday 21 June 2014 | 01:47

ਧਰਤੀ ਦੀ ਉਹ ਹਰ ਸ਼ੈਅ ਜੋ ਮਨੁੱਖ ਦੁਆਰਾ ਸਿਰਜਤ ਨਹੀ,ਕੁਦਰਤ ਦੇ ਘੇਰੇ ਵਿਚ ਆਉਂਦੀ ਹੈ। ਚੱਲ ਰਿਹਾ ਦੌਰ ਆਧਨਿਕਤਾ ਦਾ ਨਹੀ,ਬਲਕਿ ਉੱਤਰ ਆਧੁਨਿਕਤਾ ਦਾ ਅਜਿਹਾ ਵਹਿਣ ਹੇ,ਜਿੱਥੇ ਅਸੀਂ ਕੁਦਰਤ ਨਾਲੋਂ ਬੇਮੁਖ ਹੋ ਰਹੇ ਹਾਂ। ਵਿਗਿਆਨ ਦੀਆਂ ਬਹੁਤੀਆਂ ਖੋਜਾਂ ਨੇ ਸਾਡੇ ਕੋਲੋਂ ਕੁਦਰਤ ਦੀਆਂ ਅਨੇਕਾਂ ਸੌਗਾਤਾਂ ਖੋ ਲਈਆਂ ਹਨ ਜਾਂ ਖਤਮ ਕਰ ਦਿੱਤੀਆਂ ਹਨ ਜਾਂ ਫਿਰ ਕੁਝ ਖਤਮ ਹੋਣ ਦੀ ਕਾਰਗਰ ਸਥਿਤੀ ਵਿਚੋਂ ਗੁਜਰ ਰਹੀਆਂ ਹਨ। ਕੁਦਰਤ ਦੀ ਹਰ ਸ਼ੈਅ ਵੇਖਣਯੋਗ ਅਤੇ ਮਾਨਣਯੋਗ ਹੈ ਜੋ ਆਪਣੇ ਅੰਦਰ ਛੁਪੇ ਸੰਦੇਸ਼ ਨੂੰ ਵਿਅਕਤ ਕਰਦੀ , ਸਾਡੇ ਲਈ ਰਾਹ ਦਰਸੇਵਾਂ ਬਣਦੀ ਹੈ। ਕੁਦਰਤ ਦੀ ਵਿਆਪਕ ਅਤੇ ਅਦਭੁਤ ਦੁਨਿਆ ਕਲਾਂ ਕ੍ਰਿਤਾਂ ਨਾਲ ਭਰੀ ਪਈ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ਵੀ ਕੁਦਰਤ ਦੀ ਹੋਂਦ ਦਾ ਅਹਿਸਾਸ ਕਰਵਾਇਆ ਗਿਆ ਹੈ।
          ‘ਬਲਿਹਾਰੀ ਕੁਦਰਤ ਵਸਿਆ,ਤੇਰਾ ਅੰਤ ਨਾ ਜਾਈ ਲਖਿਆ॥”
                ਕੁਦਰਤ ਦੀ ਇਹ ਸੁੰਦਰਤਾ ਜੇਕਰ ਅਸੀਂ ਪੰਛੀ ਜਗਤ ਵਿੱਚੋਂ ਵੇਖੀਏ ਤਾਂ ਅਨੇਕਾਂ ਕਲਾਂ ਕ੍ਰਿਤਾਂ ਦੇ ਦਰਸ਼ਨ,ਸਾਨੂੰ ਆਪ-ਮੁਹਾਰੇ ਹੋਣਗੇ।
                  ਜੇਕਰ ਗੱਲ ਕਰੀਏ, ਸਾਡੇ ਵਿਰਾਸਤੀ ਪੰਛੀ ਚਿੜੀ ਦੀ ਤਾਂ ਇਸਦੀ ਲੋਕ ਕਹਾਣੀਆਂ ਵਿਚ ਛਿਪੀ ਨਿਮਰਤਾ ਅਤੇ ਵੱਖ-ਵੱਖ ਰੰਗਾਂ ਦੇ ਸੰਗ੍ਰਿਹ ਦੀ ਵਧੀਆ ਦਿੱਖ,ਵਿਗਿਆਨਕ ਖੋਜਾਂ ਦੇ ਘਾਤਕ ਦੈਂਤਾਂ ਅੱਗੇ ਫਨਾ ਹੁੰਦੀ ਜਾਪਦੀ ਹੈ। ਚਿੜੀਆਂ ਦੇ ਕੁਦਰਤੀ ਰੈਣ-ਬਸੇਰੇ ਖਤਮ ਹੋ ਗਏ ਹਨ,ਕੱਚੇ ਘਰਾਂ ਦੀ ਥਾਂ ਪੱਕੇ ਮਕਾਨ ਬਣ ਗਏ ਹਨ,ਦਰੱਖਤਾਂ ਦੀ ਥਾਂ ਘਾਹ ਦੀਆਂ ਤ੍ਰਿੜਾਂ ਵਾਂਗ ਥਾਂ-ਥਾਂ ਉੱਤੇ ਮੋਬਾਇਲ/ਟੈਲੀਵਿਜਨ ਜਾਂ ਰੇਡੀੳ ਟਾਵਰ ਧਰਤੀ ਦੀ ਹਿੱਕ ਉੱਪਰ ਉੱਗ ਪਏ ਹਨ। ਜਿੰਨ੍ਹਾਂ ਦੀਆਂ ਘਾਤਕ ਵਿਕਿਰਨਾਂ ਨੇ,ਇਨ੍ਹਾਂ ਦੁਰਲਭ ਸੌਗਾਤਾਂ ਨੂੰ ਸਾਡੇ ਕੋਲੋਂ ਖੋ ਲਿਆ ਹੈ।
            ਲ਼ੋਕ ਗੀਤਾਂ ਅਤੇ ਲੋਕ ਬੋਲੀਆਂ ਦਾ ਚਰਚਿਤ ਪੰਛੀ ਕਾਂ ਵੀ ਆਪਣੇ ਰੰਗ ਅਤੇ ਸਿਆਣਪ ਕਰਕੇ ਵਿਲੱਖਣ ਕਲਾ ਕ੍ਰਿਤ ਵਾਂਗ ਸਾਡੇ ਹਿਰਦਿਆਂ ਵਿਚ ਵਸਿਆ ਹੋਇਆ ਹੈ ਪਰ ਵਧ ਰਹੇ ਘਾਤਕ ਰਸਾਇਣਾਂ ਅਤੇ ਵਿਗਿਆਨਕ ਕਾਢਾਂ ਨੇ,ਸਾਡੀ ਪੀੜ੍ਹੀ ਦੇ ਸਾਥੀ ਪੰਛੀ ਨੂੰ ਐਸਾ ਦਿਸ਼ਾਹੀਣ ਦੇ ਚੱਕਰਵਿਊ ਵਿੱਚ ਫਸਇਆ ਹੈ ਕਿ ਸਾਡੇ ਬੂਹਿਆ ‘ਤੇ ਮਹਿਮਾਨ ਦੇ ਦਸਤਕ ਦੇਣ ਦਾ ਪੁਰਵ ਗਿਆਨ ਵੀ ਹੁਣ ਵੇਲਾ ਵਿਹਾਅ ਚੁੱਕਾ ਹੈ।
            ਕੁਦਰਤ ਦੇ ਅੱਠੇ ਪਹਿਰ ਵਿਚ ਦੁਪਹਿਰ ਦੇ ਪਹਿਰ ਦਾ ਗਿਆਨ ਕਰਵਾਉਣ ਵਾਲਾ ਪੰਛੀ ਘੁੱਗੀ ਵੀ ਵਧ ਰਹੇ, ਗਲੋਬਲ ਵਾਰਮਿੰਗ ਦੀ ਭੇਂਟ ਚੜ ਗਈ ਹੈ।ਵਾਯੂਮੰਡਲ ਵਿਚ ਕਾਰਬਨਡਾਇਆਕਸਾਇਡ ਦੀ ਮਾਤਰਾ ਦਾ ਲਗਾਤਾਰ ਵਾਧਾ ਗ੍ਰੀਨ ਹਾਊਸ ਪ੍ਰਭਾਵ ਨੂੰ ਜਨਮ ਦੇ ਰਿਹਾ ਹੈ, ਜੋ ਤੇਜੀ ਨਾਲ ਵਧ ਰਹੇ ਵਾਹਨਾਂ ਦੇ ਧੂੰਏ(ਮਿਥਾਇਲ ਨਾਈਟਰੇਟ) ਦਾ ਸਿੱਟਾ ਹੈ।ਸੰਗੀਤਮਈ ਸੁਰ ਵਾਲਾ ਪੰਛੀ ਆਪਣੇ ਵੱਖਰੇ ਅਤੇ ਦਿਲ ਖਿੱਚਵੇਂ ਅਨੋਖੇ ਰੰਗਾਂ ਦੇ ਸੁਮੇਲ ਨਾਲ ਲੋਕ ਮਨਾਂ ਉੱਪਰ ਲੰਬਾ ਸਮਾਂ ਰਾਜ ਕਰਦਾ ਰਿਹਾ ਹੈ ਪਰ ਇਹ ਪੰਛੀ ਹੋਲੀ-ਹੋਲੀ ਅਤੀਤ ਦੀ ਬੁੱਕਲ ਵਿਚ ਸਮਾ ਰਿਹਾ ਹੇ।
            ਕੁਦਰਤ ਦਾ ਅਨੋਖਾ ਅਤੇ ਬੇਮਿਸਾਲ ਪੰਛੀ ਬਿਜੜਾ,ਜੋ ਆਪਣੇ ਰੰਗ ਅਤੇ ਆਕਾਰ ਕਾਰਨ ਵਚਿੱਤਰ ਕਲਾ ਕ੍ਰਿਤ ਹੈ, ਇਸ ਪੰਛੀ ਨੂੰ ਕਾਰੀਗਰ ਜਾਂ ਮਿਸਤਰੀ ਪੰਛੀ ਵੱਜੋਂ ਵੀ ਜਾਣਿਆ ਜਾਂਦਾ ਹੈ, ਜੋ ਆਪਣੇ ਆਲ੍ਹਣੇ ਦੀ ਬਣਤਰ ਨੂੰ ਦਰੱਖਤ ਦੀਆਂ ਟਾਹਣੀਆਂ ਉੱਪਰ ਲਟਕਦੇ ਰੂਪ ਵਿਚ ਵੱਖਰੀ ਸਜਾਵਟ ਅਤੇ ਸੁੰਦਰ ਕ੍ਰਿਤ ਵਿਚ ਪੇਸ਼ ਕਰਨ ਵਾਲਾ ਅਜਿਹਾ ਪੰਛੀ ਹੈ, ਜੋ ਮਨੁੱਖ ਜਾਤੀ ਲਈ ਵੀ ਪ੍ਰੇਰਨਾ ਸ੍ਰੋਤ ਹੈ ਪਰ ਧਰਤੀ ਉੱਪਰ ਜੰਗਲਾਂ ਦੀ ਲਗਾਤਾਰ ਘਟ ਰਹੀ ਪ੍ਰਤੀਸ਼ਤਤਾ ਨੇ ਸਾਥੋਂ ਕੁਦਰਤ ਦੀਆਂ ਇਹ ਅਨਮੋਲ ਸੌਗਾਤਾਂ ਖੋਹ ਲਈਆਂ ਹਨ।ਅਤੀਤ ਦ ਿਬੁੱਕਲ ਵਿਚ ਸੰਗੀਤਮਈ ਪੰਛੀਆਂ ਦੀ ਸ਼੍ਰੇਣੀਆਂ ਵਿਚ ਆਉਂਦੇ ਬੁਲਬੁਲ ਅਤੇ ਕੋਇਲ, ਜੋ ਲੋਕ ਬੋਲੀਆਂ ਅਤੇ ਲੋਕ ਗੀਤਾਂ ਦੇ ਸ਼ਿੰਗਾਰ ਹਨ, ਨੂੰ ਵੀ ਘਾਤਕ ਕਾਢਾਂ ਨੇ,ਸਾਡੇ ਕੋਲੋਂ ਖੋਹ ਲਏ ਹਨ ਜਾਂ ਫਿਰ ਅਲੋਪ ਹੋਣ ਦੀ ਸਥਿਤੀ ਵਿੱਚੋਂ ਗੁਜਰ ਰਹੇ ਹਨ।
                               ਵਿਗਿਆਨ ਦੀਆਂ ਕਾਢਾਂ ਤੋਂ ਪਹਿਲਾਂ ਵਿਗਿਆਨ ਦਾ ਕਾਰਜ ਕਰਨ ਵਾਲੇ ਪੰਛੀ ਕਬੂਤਰ ਨੂੰ ਵਿਗਿਆਨ ਦੀਆਂ ਹਾਨੀਕਾਰਕ ਖੋਜਾਂ ਨੇ ਅਜਿਹਾ ਦਿਸ਼ਾਹੀਣ ਕੀਤਾ ਹੈ ੁਕਿ ਦੂਸਰਿਆ ਦੇ ਸੰਦੇਸ਼ਾਂ  ਨੂੰ ਸਹੀ ਸਿਰਨਾਵੇ ‘ਤੇ ਪੁਹੰਚਣ ਵਿਚ ਅਸਮਰਥ ਹੋ ਗਿਆ ਹੈ।ਸਿੱਟੇ ਵੱਜੋਂ ਟਾਵਰਾਂ ਦੀਆਂ ਵਿਕਿਰਨਾਂ ਤੋਂ ਪ੍ਰਭਾਵਿਤ ਹੋ ਕੇ ਦਿਸ਼ਾ ਤੋਂ ਭਟਕ ਰਿਹਾ ਹੈ,ਜਿਸ ਕਾਰਨ ਪ੍ਰਕਿਰਤੀ ਦੀ ਅਨਮੋਲ ਕਲਾ ਕ੍ਰਿਤ ਲਗਾਤਾਰ ਘਟਦੀ ਨਜਰ ਆ ਰਹੀ ਹੈ।
            ਸਾਡੇ ਸੱਭਿਆਚਾਰ ਵਿਚ ਵਿਸ਼ੇਸ਼ ਥਾਂ ਰੱਖਦਾ ਪੰਛੀ ਮੋਰ, ਜੋ ਸਾਡੇ ਸਾਹਿਤ ਅਤੇ ਵਿਰਸੇ ਵਿਚ ਲੋਕ ਬੋਲੀਆਂ ਅਤੇ ਲੋਕ ਗੀਤਾਂ ਵਿਚ ਆਪਣੀ ਸੁੰਦਰਤਾ ਨਾਲ ਕਾਫੀ ਮਹੱਤਵਪੂਰਨ ਸਥਾਨ ਰੱਖਦਾ ਹੈ। ਜਿਸਦੀਆਂ ਦਿਲ ਖਿੱਚਵੀਆਂ ਪੈਲਾਂ ਸਾਨੂੰ ਰੁੱਤ ਪਰਿਵਰਤਨ ਦੇ ਆਗਾਜ਼ ਦਾ ਵੀ ਗਿਆਨ ਕਰਵਾਉਂਦੀਆਂ ਹਨ ਪਰ ਅਫਸੋਸ ਸਾਡਾ ਰਾਸ਼ਟਰੀ ਪੰਛੀ ਵੀ ਗਲੋਬਲ ਵਾਰਮਿੰਗ ਦੀ ਲਪੇਟ ਤੋਂ ਨਹੀਂ ਬਚ ਸਕਿਆ,ਸਿੱਟੇ ਵੱਜੋਂ ਮੋਰ ਦੀ ਲਗਾਤਾਰ ਗਿਣਤੀ ਘਟਦੀ ਜਾ ਰਹੀ ਹੈ।
                      ਕੁਦਰਤ ਦੀ ਬੁੱਕਲ ਵਿਚ ਵਸਦੇ ਤਿੱਤਰ,ਬਟੇਰ,ਮੁਰਗਾਬੀ,ਬੱਤਖ ਟਟਹਿਰੀ ਅਤੇ ਬਗਲਾਂ ਵਰਗੇ ਅਨੇਕਾਂ ਪੰਛੀ ਮਨੁੱਖ ਜਾਤੀ ਦੀ ਵਧ ਰਹੀ ਜਨ-ਸੰਖਿਆ ਹਿੱਤ,ਸਾਥੋਂ ਦੂਰ ਹੁੰਦੇ ਜਾ ਰਹੇ ਹਨ।ਇਹਨਾਂ ਸੁੰਦਰ ਅਤੇ ਅਦਭੁਤ ਪੰਛੀਆਂ ਤੋਂ ਕੁਦਰਤੀ ਰੈਣ-ਬਸੇਰੇ ਖੋਹ ਲਏ ਹਨ,ਵਾਹੀਯੋਗ ਜਮੀਨਾਂ ਅਤੇ ਵੈੱਟਲੈੰਡ ਥਾਵਾਂ ਲਗਾਤਾਰ ਘਟ ਰਹੀਆਂ ਹਨ ਜਾਂ ਫਿਰ ਪਾਣੀ ਵਾਲੇ ਸ੍ਰੋਤਾਂ ਦਾ ਪ੍ਰਦੂਸ਼ਿਤ ਹੋਣਾ ਵੀ, ਇਹਨਾਂ ਦੀ ਘਟ ਰਹੀ ਗਿਣਤੀ ਵੱਲ ਇਸ਼ਾਰਾ ਕਰਦੇ ਹਨ।
                     ਕੁਦਰਤ ਦੇ ਰੰਗਾਂ ਨਾਲ ਬਣੀ ਕਲਾ ਕ੍ਰਿਤ ਦਾ ਦੁਰਲਭ ਨਮੂਨਾ ਤੋਤਾ, ਉੱਲੂ,ਗਟਾਰ,ਬਾਜ,ਗਰੁੜ,ਗਿੱਰਝ ਆਦਿ ਆਪਣੇ ਆਕਾਰ ਅਤੇ ਬਣਤਰ ਕਾਰਨ ਹਰ ਇੱਕ ਲਈ ਖਿੱਚ ਦਾ ਕੇਂਦਰ ਬਣਦਾ ਹੈ ਪਰ ਕੁਦਰਤ ਨਾਲ ਹੋ ਰਹੀ ਖਿਲਵਾੜ ਕਾਰਨ,ਅਜਿਹੇ ਵੱਡਮੁੱਲੇ ਪੰਛੀ ਲਗਾਤਾਰ ਘਟ ਰਹੇ ਹਨ।ਕੁਦਰਤ ਦੀਆਂ ਸੁਹੱਪਣ ਭਰਪੂਰ ਕਲਾ ਕ੍ਰਿਤਾਂ ਮਨੁੱਖ ਜਾਤੀ ਦੇ ਸੰਜਮ ਦੀ ਘਾਟ ਕਾਰਨ ਅਲੋਪ ਹੋ ਰਹੀਆਂ ਹਨ ਜਾਂ ਫਿਰ ਖਤਮ ਹੋਣ ਦੀ ਕਾਰਗਰ ਸਥਿਤੀ ਵਿੱਚੋਂ ਗੁਜਰ ਰਹੀਆਂ ਹਨ।
                     ਕੁਦਰਤ ਦੀ ਸਾਂਭ-ਸੰਭਾਲ ਲਈ ਜਿੱਥੇ ਆਈ.ਯੂ.ਸੀ.ਐੱਨ ਵਰਗੀਆਂ ਸੰਸ਼ਥਾਵਾਂ ਚਿੰਤਤ ਹਨ ਉੱਥੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਕੁਦਰਤ ਦੇ ਪਰਸਥਿਤਿਕ ਪ੍ਰਬੰਧ ਵਿਚ ਸੰਤੁਲਨ ਬਣਾਈ ਰੱਖਣ ਲਈ ਹੰਭਲਾ ਮਾਰੀਏ।
                    ਆਉ ਕੁਦਰਤ ਪ੍ਰੇਮੀ ਬਣੀਏ,ਕੁਦਰਤ ਵਿਚ ਲਗਾਤਾਰ ਆ ਰਹੇ ਵਿਗਾੜ ਨੁੰ ਰੋਕਣ ਲਈ ਕੁਦਰਤੀ ਅਤੇ ਗੈਰ-ਕੁਦਰਤੀ ਸਾਧਨਾਂ ਦੀ ਵਰਤੋਂ ਸੰਜਮ ਵਿਚ ਰਹਿ ਕੇ ਕਰੀਏ,ਗਲੋਬਲ ਵਾਰਮਿੰਗ ਨੁੰ ਰੋਕਣ ਲਈ ਧਰਤੀ ਹੇਠ ਜੰਗਲੀ ਰਕਬੇ ਵਿਚ ਵਾਧਾ ਕਰੀਏ,ਟਾਵਰਾਂ ਦੇ ਘਾਤਕ ਨਤੀਜਿਆਂ ਤੋਂ ਜਾਣੂ ਹੋ, ਮੋਬਾਇਲਾਂ ਦੀ ਵਰਤੋਂ ਘੱਟ ਕਰੀਏ ਤਾਂ ਹੀ ਅਸੀਂ ਕੁਦਰਤ ਦੀਆਂ ਇਨ੍ਹਾਂ ਦੁਰਲਭ ਕਲਾਂ ਕ੍ਰਿਤਾਂ ਦਾ ਧਰਤੀ ਉੱਪਰ ਆਨੰਦ ਮਾਣ ਸਕਾਂਗੇ। 





ਬਲਵਿੰਦਰ ਸਿੰਘ ਬੁਢਲਾਡਾ
ਮੋ.ਨੰ   .95014-55733
                               

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template