Headlines News :
Home » » ਔਰਤ ਨੂੰ ਸਮਰਪਿਤ - ਗਗਨ ਬਰਾੜ

ਔਰਤ ਨੂੰ ਸਮਰਪਿਤ - ਗਗਨ ਬਰਾੜ

Written By Unknown on Saturday 30 August 2014 | 01:35

ਮਹਿਜ਼ ਅੱਖਰ ਨਹੀਂ ਅੱਥਰੂ ਵੀ ਹਨ ,ਲਖਨਊ  ਬਲਾਤਕਾਰ ਦਾ ਸ਼ਿਕਾਰ  ਉਸ ਔਰਤ  ਨੂੰ ਸਮਰਪਿਤ ਜੋ ਮੇਰੇ ਅੰਦਰ ਚੀਕ ਰਹੀ ਹੈ ....

ਚੁਰਾਹੇ 'ਚ ਪਈ
ਤਾਰ-ਤਾਰ ਹੋਈ
ਮੇਰੀ ਨੰਗੀ ਲਾਸ਼
ਹਰ ਆਉਣ ਜਾਣ ਵਾਲੇ ਦੇ
ਹੱਥਾਂ ਕੰਨੀਂ ਝਾਕਦੀ
ਕਿ ਸ਼ਾਇਦ ਹੋਵੇ ਕਿਸੇ  ਹੱਥ 'ਚ
ਮੇਰੇ ਤਨ ਦਾ ਕੱਜਣ....
ਆਦਮ ਦਾ ਕਾਫਲਾ
ਘੜੀ ਮੁੜੀ  ਆਉਂਦੈ
ਮੇਰੇ ਜਿਸਮ  ਨੂੰ ਨਿਹਾਰਦੈ...
ਕਈ ਅੱਖਾਂ ਮੇਰੀ ਲਾਸ਼ ਨਾਲ
ਫਿਰ ਕਰਦੀਅੈਂ  ਚੀਰਹਰਨ
ਮਨ ਹੀ ਮਨ ਵਿਚ  ...
ਨਹੀਂ ਧੋ ਸਕਦੀ ਮੈਂ
ਤੇ ਨਾ ਹੀ ਪੂੰਝ ਸਕਦੀ ਆਂ
ਕੁਝ ਦਾਨਵ ਸਰੀਰਾਂ ਦੀ ਬੋਅ
ਆਪਣੇ ਪਿੰਡੇ ਤੋਂ...
ਤੇ ਦੱਬ ਦਿੱਤੀ   ਗਈ
ਮੇਰੀ ਹਰ ਚੀਕ
ਮੇਰੇ ਗਲ ਅੰਦਰ ਹੀ
ਮੇਰੇ ਚੀਰਹਰਨ ਦੇ ਬਾਅਦ ...
ਲੀਰੋ ਲੀਰ ਹੋਇਆ ਤਨ
ਖਾਮੋਸ਼ ਹੈ ਭਾਵੇਂ
ਪਰ ਚੀਕ ਰਹੀ ਹੈ ਮੇਰੀ ਰੂਹ
ਮੇਰੇ ਜਿਸਮ  ਅੰਦਰ...
ਹਰ ਪਲ ਹੋ ਰਿਹੈ
ਮੇਰੇ ਤਨ ਦਾ ਹੀ ਨਹੀਂ
ਮੇਰੀ ਰੂਹ ਦਾ ਵੀ ਬਲਾਤਕਾਰ ....
ਜਦ ਵੀ ਕੋਈ ਆਦਮ ਅੱਖ
ਮੈਨੂੰ ਤੱਕਦੀ  ਐ ...
ਜਾਂ ਜਦ ਵੀ ਪੈਂਦੀ ਐ
ਮੇਰੇ ਪਿੰਡੇ ਤੇ
ਕਿਸੇ  ਕੈਮਰੇ ਦੀ ਫਲੈਸ਼...
ਜਾਂ ਫਿਰ ਬਣਦੀ ਐ
ਮੇਰੀ ਲਾਸ਼ ਦੀ ਫੋਟੋ
ਕਿਸੇ ਅਖਬਾਰ ਦੇ
ਪਹਿਲੇ ਪੇਜ਼ ਦੀ ਸੁਰਖੀ...
ਤੇ ਜਾਂ ਫਿਰ  ਕਿਸੇ  ਨਿਊਜ਼ ਚੈਨਲ ਦੀਆਂ
ਖਾਸ ਖਬਰਾਂ 'ਚੋਂ ਇੱਕ.....?
ਤਨ ਤੇ ਵੱਜੀਆਂ ਨਹੁੰਦਰਾਂ ਦੀ ਪੀੜ
ਮਰਨ ਦੇ ਬਾਅਦ ਵੀ
ਸਹਿਣੀ ਪਊ ਮੇਰੀ ਰੂਹ ਨੂੰ
ਆਖਿਰ ਕਦੋਂ ਤੱਕ.....???
      ਗਗਨ ਬਰਾੜ
Khushwinder Brar hounslow London UK

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template