Headlines News :
Home » » ਗਿਆਨ ਦਾ ਸਾਗਰ ਹਨ ਅਧਿਆਪਕ - ਕੰਵਲਜੀਤ ਕੌਰ ਢਿੱਲੋਂ

ਗਿਆਨ ਦਾ ਸਾਗਰ ਹਨ ਅਧਿਆਪਕ - ਕੰਵਲਜੀਤ ਕੌਰ ਢਿੱਲੋਂ

Written By Unknown on Thursday 4 September 2014 | 02:32

5 ਸਤੰਬਰ ਅਧਿਆਪਕ ਦਿਵਸ ’ਤੇ ਵਿਸ਼ੇਸ਼
ਕਿਸੇ ਵੀ ਦੇਸ਼ ਦੀ ਤਰੱਕੀ ਦਾ ਸਬੰਧ ਉਸ ਦੇਸ਼ ਵਿੱਚ ਰਹਿਣ ਵਾਲੇ ਨਾਗਰਿਕਾਂ ਨਾਲ ਹੁੰਦਾ ਹੈ। ਉਹ ਚਾਹੇ ਰਾਜਸੀ ਨੇਤਾ ਹੋਣ, ਉੱਚ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀ ਵਰਗ ਜਾਂ ਫਿਰ ਜਨ ਸਧਾਰਨ । ਪਰ ਇਹਨਾਂ ਸਭ ਨੂੰ ਵੱਖ-ਵੱਖ ਅਹੁਦਿਆਂ ਤੇ ਪਹੁੰਚਾਉਣ ਲਈ ਪ੍ਰਮੁੱਖ ਭੂਮਿਕਾ ਅਧਿਆਪਕ ਵਰਗ ਦੁਆਰਾ ਨਿਭਾਈ ਜਾਂਦੀ ਹੈ। ਅਧਿਆਪਕ ਤਾਂ ਗਿਆਨ ਦਾ ਉਹ ਅਥਾਹ ਸਾਗਰ ਹਨ ਜਿਸ ਵਿੱਚ ਕਦੀ ਵੀ ਕਮੀ ਨਹੀਂ ਆਉਂਦੀ। ਅਧਿਆਪਕ ਹੀ ਹੁੰਦੇ ਹਨ ਜੋ ਬੱਚੇ ਨੂੰ ਸਹੀ ਅਤੇ ਗਲਤ ਦੀ ਪਹਿਚਾਣ ਕਰਾਉਂਦੇ ਹੋਏ ਮਨੁੱਖੀ ਅਧਿਕਾਰਾਂ ਅਤੇ ਕਰਤਵਾਂ ਤੋਂ ਜਾਣੂ ਕਰਵਾਉਂਦੇ ਹਨ। ਅਧਿਆਪਕ ਦੁਆਰਾ ਦਰਸਾਏ ਗਏ ਪਗ-ਚਿੰਨ੍ਹਾਂ ਤੇ ਚਲਦਿਆਂ ਵਿਦਿਆਰਥੀ ਇੱਕ ਦਿਨ ਸਫਲਤਾ ਦੀ ਮੰਜ਼ਿਲ ਹਾਸਲ ਕਰ ਆਪਣਾ ’ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਅਧਿਆਪਕ ਹੀ ਹਨ ਜੋ ਵਿਦਿਆਰਥੀ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਉਹਨਾਂ ਨੂੰ ਡਾਕਟਰ , ਵਕੀਲ , ਸਾਇੰਸਦਾਨ, ਇੰਜੀਨੀਅਰ ਜਾਂ ਉੱਚ ਅਧਿਕਾਰੀ ਬਣਾਉਂਦੇ ਹਨ। ਅਧਿਆਪਕ ਕੋਲੋ ਸਿੱਖਿਆ ਪ੍ਰਾਪਤ ਕਰ ਕੁੱਝ ਵਿਦਿਆਰਥੀ ਦੇਸ਼ ਦੀ ਵਾਗਡੋਰ ਸੰਭਾਲਦੇ ਹਨ।
ਅਧਿਆਪਕ ਵਰਗ ਨੂੰ ਬਣਦਾ ਮਾਨ ਅਤੇ ਸਨਮਾਨ ਦੇਣ ਲਈ 5 ਸਤੰਬਰ ਦਾ ਦਿਨ ਭਾਰਤ ਵਿੱਚ ਅਧਿਆਪਕ ਦਿਵਸ ਵੱਜੋ ਮਨਾਇਆ ਜਾਂਦਾ ਹੈ। ਇਸ ਦਿਨ ਦਾ ਸਬੰਧ ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾਕ੍ਰਿਸ਼ਨ ਜੀ ਨਾਲ ਹੈ। 5 ਸਤੰਬਰ ਦਾ ਹੀ ਦਿਨ ਸੀ ਜਿਸ ਦਿਨ ਡਾ.ਸਰਵਪੱਲੀ ਰਾਧਾਕ੍ਰਿਸ਼ਨ ਜੀ ਦਾ ਜਨਮ ਹੋਇਆ । ਡਾ.ਸਰਵਪੱਲੀ ਰਾਧਾਕ੍ਰਿਸ਼ਨ ਜੀ ਇੱਕ ਮਹਾਨ ਅਧਿਆਪਕ , ਸਕੌਲਰ , ਫਿਲਾਸਫਰ ਅਤੇ ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਇੱਕ ਮਹਾਨ ਇਨਸਾਨ ਵੀ ਸਨ। ਜਦੋਂ ਉਹਨਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਦੁਆਰਾ ਉਹਨਾਂ ’ਤੇ ਜਨਮ ਦਿਨ ਮਨਾਉਣ ਲਈ ਦਬਾਓ ਪਾਇਆ ਗਿਆ ਤਾਂ ਉਹਨਾਂ ਕਿਹਾ ਕਿ ਜੇਕਰ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਵੱਜੋਂ ਮਨਾਇਆ ਜਾਵੇ ਤਾਂ ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਦਿਨ ਤੋਂ ਉਪਰੰਤ 5 ਸਤੰਬਰ ਦਾ ਦਿਨ ਦੇਸ਼ ਭਰ ਵਿੱਚ ਅਧਿਆਪਕ ਦਿਵਸ ਵੱਜੋਂ ਮਨਾਇਆ ਜਾਣ ਲੱਗ ਪਿਆ।
ਮਾਂ-ਬਾਪ ਤੋਂ ਬਾਅਦ ਸਭ ਤੋਂ ਜਿਆਦਾ ਬੱਚਾ ਜੇਕਰ ਕਿਸੇ ਦੇ ਕਰੀਬ ਹੁੰਦਾ ਹੈ ਤਾਂ ਉਹ ਹੈ ਉਸਦੇ ਅਧਿਆਪਕ। ਕਈ ਵਾਰ ਤਾਂ ਮਾਂ-ਬਾਪ ਦੀ ਕਹੀ ਗੱਲ ਬੱਚੇ ਨੂੰ ਇੰਨ੍ਹਾਂ ਪ੍ਰਭਾਵਿਤ ਨਹੀਂ ਕਰਦੀ, ਜਿੰਨੀ ਕਿ ਅਧਿਆਪਕ ਦੁਆਰਾ ਕਹੀ ਇੱਕ ਗੱਲ ਬੱਚੇ ਦੇ ਅੰਦਰ ਘਰ ਕਰ ਜਾਂਦੀ ਹੈ।ਅਜੋਕੇ ਸਮੇਂ ਵਿੱਚ ਤਾਂ ਬੱਚਾ 3 ਸਾਲ ਦੀ ਉਮਰ ਪਾਰ ਕਰ ਸਕੂਲ ਜਾਣ ਲੱਗ ਪੈਂਦਾ ਹੈ। ਬੱਚਾ ਆਪਣਾ ਜਿਆਦਾ ਸਮਾਂ ਸਕੂਲ ਵਿੱਚ ਅਧਿਆਪਕ ਨਾਲ ਗੁਜ਼ਾਰਦਾ ਹੈ। ਸਕੂਲ ਵਿੱਚ ਉਹ ਬਹੁਤ ਸਾਰੀਆਂ ਨਵੀਆਂ ਗੱਲਾਂ ਦੇ ਨਾਲ -ਨਾਲ ਅਨੁਸ਼ਾਸ਼ਨ ਵਿੱਚ ਰਹਿਣਾ ਵੀ ਸਿੱਖਦਾ ਹੈ। ਅਧਿਆਪਕ ਨਾਲ ਵਿਦਿਆਰਥੀ ਦਾ ਰਿਸ਼ਤਾ ਸਕੂਲ ਤੋਂ ਹੁੰਦਾ ਹੋਇਆ ਕਾਲਜ, ਯੂਨੀਵਰਸਿਟੀ ਤੱਕ ਪਹੁੰਚਦਾ ਹੈ। ਇੱਥੇ ਉਹ ਉਮਰ ਦੇ ਵੱਖ-ਵੱਖ ਪੜ੍ਹਾਵਾ ਤੇ ਵੱਖ-ਵੱਖ ਅਧਿਆਪਕਾ ਦੁਆਰਾ ਦਿੱਤੀ ਬਹੁਮੁੱਲੀ ਵਿਦਿਆ ਗ੍ਰਹਿਣ ਕਰ ਇੱਕ ਚੰਗਾ ਇਨਸਾਨ ਅਤੇ ਜਿੰਮੇਵਾਰ ਨਾਗਰਿਕ ਬਣਦਾ ਹੈ। ਵਿਦਿਆਰਥੀ ਜੀਵਨ ਦੌਰਾਨ ਗ੍ਰਹਿਣ ਕੀਤੀ ਗਈ ਵਿਦਿਆ ਅਤੇ ਅਧਿਆਪਕਾ ਦੁਆਰਾ ਦਿੱਤਾ ਗਿਆ ਗਿਆਨ ਇਨਸਾਨ ਨੂੰ ਸਾਰੀ ਉਮਰ ਰਸਤਾ ਦਿਖਾਉਂਦਾ ਹੈ। ਬਹੁਤ ਸਾਰੀਆ ਵਿਪਰੀਤ ਪ੍ਰਸਥਿਤੀਆਂ ਦਾ ਸਾਹਮਣਾ ਇਨਸਾਨ ਆਪਣੇ ਇਸ ਗਿਆਨ ਦੇ ਸੋਮੇ ਰਾਹੀ ਕਰਦਾ ਹੈ। ਅਧਿਆਪਕ ਸਾਡੇ ਜੀਵਨ ਵਿੱਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰ ਗਿਆਨ ਰੂਪੀ ਜੋਤੀ ਜਗਾਉਂਦੇ ਹਨ ਜੋ ਸਾਰੀ ਉਮਰ ਸਾਡਾ ਮਾਰਗਦਰਸ਼ਨ ਕਰਦੀ ਹੈ।
ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਬਹੁਤ ਪੁਰਾਣਾ ਹੈ। ਪੁਰਾਣੇ ਸਮੇਂ ਵਿੱਚ ਵਿਦਿਆਰਥੀ ਸ਼ਿਸ ਦੇ ਰੂਪ ਵਿੱਚ ਗੁਰੂਕੁੱਲ ਵਿੱਚ ਜਾ ਕੇ ਆਪਣੇ ਗੁਰੂ ਕੋਲੋ ਵਿਦਿਆ ਗ੍ਰਹਿਣ ਕਰਦੇ ਸਨ। ਉਹਨਾਂ ਲਈ ਉਹਨਾਂ ਦੇ ਗੁਰੂ ਭਗਵਾਨ ਸਨ ਅਤੇ ਗੁਰੂ ਦੇ ਆਦੇਸ਼ ਦਾ ਪਾਲਣ ਕਰਨਾ ਉਹਨਾਂ ਦਾ ਧਰਮ ਸੀ। ਅਜੋਕੇ ਸਮੇਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਕੁੱਝ ਵਿਦਿਆਰਥੀ ਅਜਿਹੇ ਹਨ ਜੋ ਅਧਿਆਪਕ ਨੂੰ ਇੱਜਤ ਜਾ ਸਨਮਾਨ ਨਹੀਂ ਦਿੰਦੇ। ਅਜਿਹੇ ਇਨਸਾਨ ਜ਼ਿੰਦਗੀ ਵਿੱਚ ਸਫਲਤਾ ਦੀ ਪੌੜੀ ਨਹੀਂ ਚੜ੍ਹ ਪਾਉਂਦੇ ਤੇ ਅੱਧ ਵਾਟੇ ਹੀ ਰਹਿ ਜਾਂਦੇ ਹਨ। ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਨੈਤਿਕ ਕਦਰਾਂ ਕੀਮਤਾਂ ਦਾ ਗਿਆਨ ਕਰਵਾਉਣ ਵਾਲੇ ਸਾਡੇ ਅਧਿਆਪਕ ਹੀ ਹਨ।
ਸਕੂਲਾਂ ਕਾਲਜਾ ਵਿੱਚ ਵਿਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਮਨਾਇਆ ਜਾਣ ਲੱਗਾ ਹੈ। ਸਰਕਾਰ ਦੁਆਰਾ ਚੰਗੀ ਕਾਰਗੁਜ਼ਾਰੀ ਲਈ ਅਧਿਆਪਕਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇੱਕ ਅਧਿਆਪਕ ਹਮੇਸ਼ਾ ਉਸ ਸਮੇਂ ਮਾਣ ਮਹਿਸੂਸ ਕਰਦਾ ਹੈ ਜਦੋਂ ਉਸ ਤੋਂ ਸਿੱਖਿਆ ਪ੍ਰਾਪਤ ਕਰ ਕੋਈ ਵਿਦਿਆਰਥੀ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦਾ ਹੈ ਜਾਂ ਸਮਾਜ ਵਿੱਚ ਵਿਚਰਦਿਆ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ। ਅਸੀਂ ਸਭ ਜੋ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅੱਜ ਅਸੀਂ ਜਿਸ ਮੁਕਾਮ ਤੇ ਵੀ ਹਾਂ ਉੱਥੇ ਪਹੁੰਚਾਉਣ ਵਿੱਚ ਸਾਡੇ ਸਤਿਕਾਰਯੋਗ ਅਧਿਆਪਕਾਂ ਦਾ ਹੀ ਹੱਥ ਹੈ। ਸੋ 5 ਸਤੰਬਰ ਦਾ ਦਿਨ ਅਜਿਹਾ ਹੈ ਜਦੋਂ ਅਸੀਂ ਆਪਣੇ ਅਧਿਆਪਕਾਂ ਨੂੰ ਤੋਹਫ਼ੇ ਅਤੇ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾ ਦੇ ਉਹਨਾਂ ਨੂੰ ਉਹ ਮਾਣ ਅਤੇ ਸਤਿਕਾਰ ਦੇ ਸਕਦੇ ਹਾਂ ਜਿਸ ਦੇ ਉਹ ਹੱਕਦਾਰ ਹਨ।




ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 94787-93231

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template