Headlines News :
Home » » ਔੜ ਅਜੇ ਵੀ ਜਾਰੀ ਹੈ - ਬਲਵਿੰਦਰ ਸਿੰਘ ਬੁਢਲਾਡਾ

ਔੜ ਅਜੇ ਵੀ ਜਾਰੀ ਹੈ - ਬਲਵਿੰਦਰ ਸਿੰਘ ਬੁਢਲਾਡਾ

Written By Unknown on Saturday 16 August 2014 | 03:29

 ਜੇ ਗੁੱਡੀਏ ਤੂੰ ਮਰਨਾ ਸੀ,
ਛੱਜ ਸਿਰਹਾਣੇ ਧਰਨਾ ਸੀ।
ਇਹਨਾਂ ਕਾਵਿ ਤੁਕਾਂ ਦਾ ਉਚਾਰਨ ਵੈਣ ਦੇ ਰੂਪ ਵਿੱਚ ਉਸ ਸਮੇਂ ਕੀਤਾ ਜਾਂਦਾ ਸੀ, ਜਦ ਸਾਉਣ-ਭਾਦੋਂ ਮਹੀਨਿਆਂ ਸਮੇਂ ਧਰਤੀ ਮੀਂਹ ਦੇ ਪਾਣੀ ਤੋਂ ਬਿਨ੍ਹਾਂ ਪਿਆਸੀ ਨਜ਼ਰ ਆਉਂਦੀ । ਇਹ ਪਰੰਪਰਾਗਤ ਧਾਰਨਾ ਸਾਡੀ ਲੋਕਧਾਰਾ ਵਿੱਚ ਜੁੜੀ ਜਾਪਦੀ ਹੈ ਕਿ ਧਰਤ ਮਾਂ ਦੀ ਪਿਆਸ, ਰੁਖਾਪਣ ਅਤੇ ਔੜ ਦੂਰ ਕਰਨ ਹਿੱਤ ਪਿੰਡ ਦੀਆਂ ਕੁੜੀਆਂ-ਬੁੜ੍ਹੀਆਂ ਅਤੇ ਪਿੰਡ ਦੇ ਲੋਕ ਰਲ ਮਿਲ ਕੇ ਚੱਲੀ ਆਉਂਦੀ ਰੀਤ ਨੂੰ ਇੱਕ ਸਾਂਗ ਦਾ ਰੂਪ ਪ੍ਰਦਾਨ ਕਰਦੇ, ਇੰਦਰ ਦੇਵਤਾ  ਨੂੰ ਖੁਸ਼ ਕਰਨ ਲਈ ਪੁਰਾਣੇ ਕੱਪੜਿਆਂ ਅਤੇ ਹੋਰ ਸਿੰਗਾਰ ਸਮੱਗਰੀ ਰਾਹੀਂ ਕਠਪੁਤਲੀ ਰੂਪੀ ਗੁੱਡੀ ਤਿਆਰ ਕੀਤੀ ਜਾਂਦੀ, ਜੋ ਕਿ ਕੁੜੀ ਦੇ ਪ੍ਰਤੀਕ ਵਜੋਂ ਸਾਂਗ ਦਾ ਅਹਿਮ ਹਿੱਸਾ ਹੁੰਦੀ ਸੀ। ਗੁੱਡੀ ਫੂਕਣ ਲਈ ਸਾਂਝੇ ਤੌਰ ਤੇ ਮਿੱਠੇ ਗੁਲਗਲੇ ਅਤੇ ਮਿੱਠੀਆਂ ਰੋਟੀਆਂ ਆਦਿ ਤਿਆਰ ਕੀਤੇ ਜਾਂਦੇ, ਮੁੰਡੇ ਗੁੱਡੀ ਦੀ ਅਰਥੀ ਨੂੰ ਚੁੱਕਦੇ ਅਤੇ ਕੁੜੀਆਂ-ਬੁੜ੍ਹੀਆਂ ਵੈਣ ਦੇ ਰੂਪ ਵਿੱਚ ਪਿੱਟ ਸਿਆਪਾ ਕਰਦੇ, ਪਿੰਡ ਦੀ ਜੂਹ ਤੋਂ ਬਾਹਰ ਕਿਸੇ ਪਾਣੀ ਵਾਲੇ ਸੋਮੇ ਦੇ ਨੇੜੇ ਅੰਤਿਮ ਸੰਸਕਾਰ ਦੀ ਰਸਮ ਨੂੰ ਅੰਜਾਦਿੰਦੇ ਅਤੇ ਰਾਹੀਆਂ ਨੂੰ ਰੋਕ-ਰੋਕ ਮਿੱਠੇ ਪਕਵਾਨ ਛਕਾਉਂਦੇ ਅਤੇ ਛਕਦੇ । ਇਸ ਸਭ ਪਿੱਛੇ ਧਾਰਨਾ ਸੀ ਕਿ ਇੰਦਰ ਦੇਵ ਰਚਾਏ ਸਾਂਗ ਦੇ ਕਰੂਣਾ ਤੋਂ ਪ੍ਰਭਾਵਿਤ ਹੋ ਮੀਂਹ ਪਾਏਗਾ ਤੇ ਧਰਤੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਤਪਸ ਨੂੰ ਆਪਣੇ ਕਲੇਵੇ ਵਿੱਚ ਲੈ ਕੇ ਔੜ ਨੂੰ ਖ਼ਤਮ ਕਰੇਗਾ ।
ਗੁੱਡੀ ਫੂਕਣਾ ਤਾਂ ਇੱਕ ਪ੍ਰਤੀਕ ਮਾਤਰ ਜਾਪਦਾ ਹੈ ਪਰ ਇਸੇ ਤਰ੍ਹਾਂ ਦੇ ਫੂਕਣ, ਦੱਬਣ, ਰੋੜਨ ਤੇ ਸੁੱਟਣ ਜਿਹੇ ਵਰਤਾਰੇ, ਉਸ ਸਮੇਂ ਵੀ ਕੀਤੇ ਜਾਂਦੇ ਸਨ, ਜਦ ਅਲਟਰਾ ਸਾਊਂਡ ਦੀ ਇਜਾਦ ਨਹੀਂ ਹੋਈ ਸੀ, ਅਜਿਹੇ ਦਿਲ ਕੰਬਾਊ ਵਰਤਾਰੇ ਸਾਡੀ ਪੁਰਾਤਨ ਪੀੜ੍ਹੀ ਵਿੱਚ ਆਮ ਵੇਖੇ ਜਾ ਸਕਦੇ ਹਨ, ਜਦ ਕੋਈ ਨਵ ਜੰਮੀ ਕੰਨਿਆਂ ਜਨਮ ਲੈਂਦੀ ਤਾਂ ਉਸਨੂੰ ਉਸ ਸਮੇਂ ਹੀ ਜਾਂ ਤਾਂ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਜਾਂ ਫਿਰ ਘੜੇ ਵਿੱਚ ਪਾ ਕੇ ਦੱਬਿਆ ਜਾਂਦਾ ਜਾਂ ਦਰਿਆਵਾਂ ਵਿੱਚ ਰੋੜ ਦਿੱਤਾ ਜਾਂਦਾ ਜਾਂ ਫਿਰ ਭੁੱਖੇ ਰੱਖ ਕੇ ਹੀ ਕਤਲ ਕੀਤਾ ਜਾਂਦਾ । ਅਜਿਹੇ ਵਰਤਾਰਿਆ ਸਦਕੇ ਮਾਪੇ ਮਨ ਵਿੱਚ ਛੁਪੀ ਕਾਤਲ ਪ੍ਰਵਿਰਤੀ ਨੂੰ ਹਲੂਣਦੇ ਕਾਤਲ ਹੋ ਨਿਬੜਦੇ ।
ਜੇਕਰ ਆਧੁਨਿਕ ਦੌਰ ਦੀ ਗੱਲ ਕਰੀਏ ਤਾਂ ਕਾਤਲਾਂ ਦੇ ਕੰਮ ਨੂੰ ਅਲਟਰਾ ਸਾਊਂਡ ਜਿਹੇ ਭਿਆਨਕ ਯੰਤਰ ਨੇ ਜਿੱਥੇ ਸੌਖਾ ਕੀਤਾ ਹੈ, ਉੱਥੇ ਨਾਲ ਹੀ ਗੁੱਡੀ ਫੂਕਣ ਵਾਲੀ ਰੀਤ ਦੀ ਪਰਿਭਾਸ਼ਾ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਗਰਭ ਵਿੱਚ ਪਲ਼ ਰਹੇ ਕੰਨਿਆ ਭਰੂਣ ਤੋਂ ਨਾਖ਼ੁਸ਼ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀ ਉਸ ਸਮੇਂ ਨਜ਼ਰ ਆਉਂਦੀ, ਜਦ ਭਰੂਣ ਨੂੰ ਮਾਂ ਦੇ ਗਰਭ ਦੀ ਜੂਹ ਵਿਚੋਂ ਕੱਢ ਕੇ ਕਿਸੇ ਕੂੜਾ ਦਾਨ ਵਿੱਚ ਸੁੱਟ ਦਿੱਤਾ ਜਾਂਦਾ ਸੀ। ਧਰਤੀ ਦੀ ਔੜ ਦੇ ਨਾਂ ਤੇ ਗੁੱਡੀਆਂ ਫੂਕਣ ਦੀ ਰੀਤ ਨੂੰ ਭਰੂਣ ਹੱਤਿਆ ਰਾਹੀਂ ਨਵਾਂ ਮੋੜ ਪ੍ਰਦਾਨ ਕਰਦੇ ਹੋਏ, ਇੰਦਰ ਦੇਵ ਨੂੰ ਇਸ਼ਾਰਾ ਮਾਤਰ ਸੰਕੇਤ ਦੇ ਦਿੰਦੇ ਹਨ ।

ਮੌਤ ਚਾਹੇ ਸਰੀਰਕ ਹੋਵੇ ਜਾਂ ਫਿਰ ਮਾਨਸਿਕ, ਮੌਤ ਤਾਂ ਮੌਤ ਹੀ ਹੈ। ਜਦ ਕੋਈ ਨਵ ਜੰਮੀ ਕੁੜੀ ਇਹਨਾਂ ਕਾਤਲ ਮਨ ਦੀਆਂ ਸਾਜ਼ਿਸਾਂ ਤੋਂ ਬਚ, ਜਨਮ ਲੈ ਕੇ ਭੌਤਿਕ ਵਾਤਾਵਰਨ ਵਿੱਚ, ਪਹਿਲਾਂ ਮਾਪਿਆਂ ਦੀਆਂ ਬੰਦਸ਼ਾਂ ਰਾਹੀਂ, ਫਿਰ ਭਰਾਵਾਂ ਦੀਆਂ ਸਖ਼ਤ ਹਦਾਇਤਾਂ ਰਾਹੀਂ, ਆਖਿਰ ਪਤੀ ਦੀ ਹੋਣ ਤੋਂ ਬਾਅਦ ਗੁਲਾਮ ਫ਼ਿਜਾ ਵਿੱਚ ਸੰਤਾਪ ਹੰਢਾਉਂਦੀ ਮਾਨਸਿਕ ਤੌਰ ਤੇ ਪਲ-ਪਲ ਮਰਦੀ ਹੋਵੇ ਅਤੇ ਉਸ ਦੇ ਅਰਮਾਨਾਂ ਦੀ ਚਿਖਾ ਰੋਜ਼ ਬਲਦੀ ਹੋਵੇ ਤਾਂ ਅਜਿਹਾ ਅਸਹਿ ਦਰਦ ਗੁੱਡੀ ਫੂਕਣ ਦੀ ਰੀਤ ਬਾਰੇ ਬੀਤੇ ਸਮੇਂ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ।
ਹੁਣ ਨਵ ਵਿਆਹੁਤਾ ਨੂੰ ਜਿਉਂਦੇ ਸਾੜਨ ਦੀਆਂ ਘਟਨਾਵਾਂ ਚੱਲ ਰਹੇ ਦੌਰ ਵਿੱਚ ਪੁਰਾਣੀਆਂ ਜਾਪਣ ਲੱਗ ਪਈਆਂ ਹਨ, ਜਦ ਸਾਡੀਆਂ ਗੁੱਡੀਆਂ! ਉਹ ਗੁੱਡੀਆਂ ਜੋ ਜਿਉਂਦੀਆਂ-ਜਾਗਦੀਆਂ, ਹੱਡ ਮਾਸ ਦੀਆਂ ਬਣੀਆਂ ਹੋਈਆਂ ਗੈਂਗਰੇਪ ਦੀਆਂ ਸ਼ਿਕਾਰ ਬਣਦੀਆਂ, ਆਪਣੀਆਂ ਦਿਲ ਕੰਬਾਉ ਚੀਕਾਂ ਨੂੰ ਆਖ਼ਰੀ ਸਾਹਾਂ ਨਾਲ ਜੋੜਦੀਆਂ ਦਮ ਤੋੜ ਜਾਂਦੀਆਂ  ਹਨ ਤੇ ਫਿਰ ਇੱਕ ਨਵੀਂ ਚਿਖਾਂ ਪਨਪ ਪੈਂਦੀ ਹੈ, ਪਤਾ ਨਹੀਂ ਕਿੰਨੀਆਂ ਹੀ ਅਜਿਹੀਆਂ ਗੁੱਡੀਆਂ ਦਾ ਪਿੰਡਾਂ, ਸ਼ਹਿਰਾਂ, ਨਗਰਾਂ ਅਤੇ ਮਹਾਨਗਰਾਂ ਵਿੱਚ ਫੂਕਣਾ ਯਥਾਰਥ ਰੂਪ ਲੈ ਗਿਆ ਹੋਵੇਗਾ ਪਰ ਸਾਡਾ ਦੇਵਤਾ ! ਇੰਦਰ ਦੇਵਤਾ ! ਮੀਂਹ ਦਾ ਦੇਵਾ ਯਥਾਰਥ ਘਟਨਾਵਾਂ ਨੂੰ ਦੇਖ ਕਿਉਂ ਨਹੀ ਪਸੀਜਿਆਂ ? ਆਖਿਰ ਕਿਉਂ ਨਹੀਂ, ਹਰ ਰੋਜ਼ ਮੌਸਮੀ / ਬੇਮੌਸਮੀ ਮੀਂਹ ਵਰਦਾ ? 
ਧਰਤੀ ਦੀ ਔੜ ਅਤੇ ਤਪਸ, ਪਸੂ ਵਿਰਤੀ ਦੇ ਮਰਦਾਂ ਵਿੱਚ ਹਵਸ ਦੇ ਰੂਪ ਵਿੱਚ ਪਨਪ ਪਈ ਹੈ, ਜੋ ਸ਼ਰਮਨਾਕ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ । ਧਰਤ ਦੀ ਤਪਸ, ਤ੍ਰੇਹ ਅਤੇ ਔੜ ਜਾਰੀ ਹੈ। ਔੜ ਅਜੇ ਵੀ ਜਾਰੀ ਹੈ । 
ਆਓ ਧਰਤੀ ਦੀ ਔੜ ਦੀ ਬਜਾਇ ਮਨਾਂ ਵਿੱਚ ਵੱਧ ਰਹੀ ਹਵਸੀ ਪ੍ਰਵਿਰਤੀ ਨੂੰ ਖ਼ਤਮ ਕਰਕੇ ਔਰਤ ਦੀ ਦਸ਼ਾ ਸੁਧਾਰਨ ਹਿੱਤ ਉਪਰਾਲੇ ਕਰੀਏ । ਹਾਂ, ਜੇ ਤੁਸੀਂ ਫੂਕਣ, ਦੱਬਣ, ਰੋੜਨ ਅਤੇ ਸੁੱਟਣ ਦੀਆਂ ਆਦਤਾਂ ਦੇ ਆਦੀ ਹੋ ਗਏ ਹੋ ਤਾਂ ਫੂਕ ਸੁੱਟੋ ਆਪਣੀ ਹਵਸੀ ਪ੍ਰਵਿਰਤੀ ਨੂੰ, ਦਫ਼ਨ ਕਰ ਦੇਵੋ ਆਪਣੀ ਪਸ਼ੂ ਵਿਰਤੀ ਨੂੰ, ਰੋੜ ਦੇਵੋ ਅਨੈਤਿਕ ਕੀਮਤਾਂ ਨੂੰ ਅਤੇ ਸੁੱਟ ਦੇਵੋ ਮਨ ਦੇ ਕੈਦੀ ਹੋਣ ਦੀਆਂ ਜ਼ੰਜ਼ੀਰਾਂ ਨੂੰ । ‘ਮਨ ਜੀਤੈ ਜਗੁ ਜੀਤੂ’ ਦੀ ਵਿਚਾਰਧਾਰਾ ਨੂੰ ਸਮਝਦੇ ਹੋਏ, ਮਨ ਤੇ ਜਿੱਤ ਪ੍ਰਾਪਤ ਕਰਕੇ,ਦਿਮਾਗ ਅਤੇ ਦਿਲ ਨੂੰ ਗੰਦੀ ਭਾਵਨਾਂ ਤੋਂ ਸਾਫ਼ ਰੱਖੀਏ ਅਤੇ ਪੁਰਾਤਨ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਸ਼ਿਕਾਰ ਹੁੰਦੀ ਆ ਰਹੀ ਔਰਤ ਦੀ ਮਹਾਨਤਾ ਨੂੰ ‘ਸੋ ਕਿਉ ਮੰਦਾ ਆਖੀਐ  ਜਿਤੁ ਜੰਮਹਿ ਰਾਜਾਨ’ ਦੇ ਮਹਾਵਾਕ ਰਾਹੀਂ ਸਮਝਦੇ ਹੋਏ, ਔਰਤ ਦੀ ਸੁਰੱਖਿਆ ਅਤੇ ਅਧਿਕਾਰਾਂ ਦਾ ਸਨਮਾਨ ਕਰਦਿਆਂ, ਖੌਫ਼ ਰਹਿਤ ਫ਼ਿਜਾ ਦਾ ਨਿਰਮਾਣ ਕਰੀਏ, ਜਿੱਥੇ ਸਾਡੀਆਂ ਗੁੱਡੀਆਂ ਬੇਖੌਫ਼ ਹੋ ਕੇ ਤਰੱਕੀ ਦੇ ਹਰ ਪੰਧ’ਤੇ ਹਮੇਸ਼ਾ ਅੱਗੇ ਹੀ, ਅੱਗੇ ਵੱਧਣ, ਤਾਂ ਹੀ ਅਸੀਂ ਆਪਣੀ ਸੱਭਿਅਤਾ, ਸੰਸ਼ਕਾਰਾਂ ਅਤੇ ਨੈਤਿਕ ਕੀਮਤਾਂ ਤੇ ਮਾਣ ਕਰ ਸਕਾਂਗੇ ਅਤੇ ਸਾਡਾ ਦੇਸ਼ ਹਰ ਵਰਗ ਦੀ ਜਾਗਰੂਕ ਔਰਤ ਦੀ ਤਰੱਕੀ ਰਾਹੀਂ  ਸੁਨਹਿਰੀ ਭਵਿੱਖ ਵੱਲ ਵਧੇਗਾ । 



ਬਲਵਿੰਦਰ ਸਿੰਘ ਬੁਢਲਾਡਾ,
ਮੋ: ਨੰ: 95014-55733
ਪਤਾ:  ਕੁਲਾਣਾ ਰੋਡ, ਨਵੀਂ ਬਸਤੀ, 
ਪਿੰਡ ਤੇ ਡਾ: ਬੁਢਲਾਡਾ,
ਜਿਲ੍ਹਾ ਮਾਨਸਾ-151502

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template