Headlines News :
Home » » ਤੂੰਬਿਆਂ ਤੇ ਅਲਗੋਜਿਆਂ ਵਾਲਾ ਪ੍ਰਸਿੱਧ ਗਵੰਤਰੀ ‘ਸੁਖਦੇਵ ਸਿੰਘ ਮੱਦੋਕੇ’ - ਤਸਵਿੰਦਰ ਸਿੰਘ ਬੜੈਚ

ਤੂੰਬਿਆਂ ਤੇ ਅਲਗੋਜਿਆਂ ਵਾਲਾ ਪ੍ਰਸਿੱਧ ਗਵੰਤਰੀ ‘ਸੁਖਦੇਵ ਸਿੰਘ ਮੱਦੋਕੇ’ - ਤਸਵਿੰਦਰ ਸਿੰਘ ਬੜੈਚ

Written By Unknown on Friday 12 September 2014 | 21:07

ਸੁਖਦੇਵ ਸਿੰਘ ਮੱਦੋਕੇ ਨੇ ਪੰਜਾਬ ਦੀ ਅਲੋਪ ਹੋ ਰਹੀ ਤੂੰਬਿਆਂ ਤੇ ਅਲਗੋਜ਼ਿਆਂ ਵਾਲੀ ਗਾਇਕੀ ਕਲਾ ਨੂੰ ਅੱਜ ਵੀ ਜੀਵਤ ਰੱਖਿਆ
ਹੋਇਆ ਹੈ। ਉਹ ਅੱਜ ਵੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪੰਜਾਬੀ ਵਿਰਾਸਤ ਦੀਆਂ ਅਲੋਪ ਹੁੰਦੀਆਂ ਜਾ ਰਹੀਆਂ ਵੰਨਗੀਆਂ ਤੇ ਪ੍ਰੀਤ ਗਥਾਵਾਂ ਨੂੰ ਅਖਾੜਿਆਂ ਵਿਚ ਗਾਉਂਦਾ ਹੈ। ਉਹਨਾਂ ਨੇ ਇਸ ਕਲਾ ਨੂੰ ਪਿਛਲੇ 30-35 ਸਾਲਾਂ ਤੋਂ ਸੰਭਾਲਿਆ ਹੋਇਆ ਹੈ। ਉਹ ਜਦੋਂ ਪੂਰਨ ਭਗਤ ਕੌਲਾਂ, ਮਿਰਜ਼ਾ-ਸਹਿਬਾਂ, ਜੈਮਲ ਫੱਤਾ, ਦਹੂਦ ਬਾਦਸ਼ਾਹ, ਸੱਸੀ-ਪੁਨੂੰ, ਸੋਹਣੀ-ਮਹੀਵਾਲ ਆਦਿ ਦੇ ਪ੍ਰਸੰਗ ਅਖਾੜਿਆਂ ਵਿਚ ਮਸਤ ਹੋ ਕੇ ਗਾਉਂਦਾ ਹੈ ਤਾਂ ਸਰੋਤੇ ਮੰਤਰ-ਮੁਗਧ ਹੋ ਜਾਂਦੇ ਹਨ। ਸੁਖਦੇਵ ਸਿੰਘ ਮੱਦੋਕੇ ਦਾ ਜਨਮ 21 ਅਪ੍ਰੈਲ 1957 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਖਾੜਾ ਵਿਖੇ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਪਿਤਾ ਭਜਨ ਸਿੰਘ ਦੇ ਘਰ ਹੋਇਆ। ਸਮਾਂ ਬੀਤੀਆ, ਉਸ ਨੇ ਹੋਸ਼ ਸੰਭਾਲਿਆ ਅਤੇ ਆਪਣੇ ਨੰਨ੍ਹੇ ਕਦਮ ਪਿੰਡ ਦੇ ਸਰਕਾਰੀ ਸਕੂਲ ਦੀ ਦਹਿਲੀਜ਼ ’ਤੇ ਰੱਖੇ ਅਤੇ ਇਥੋਂ ਨੌਵੀਂ ਕਲਾਸ ਤੱਕ ਦੀ ਵਿਦਿਆ ਗ੍ਰਹਿਣ ਕੀਤੀ। ਸੁਖਦੇਵ ਸਿੰਘ ਨੂੰ ਗਾਉਣ ਦੀ ਚੇਟਕ ਸਕੂਲ ’ਚ ਪੜ੍ਹਦਿਆਂ ਹੀ ਲੱਗ ਗਈ ਸੀ। ਉਦੋਂ ਉਸ ਦੀ ਉਮਰ ਮਸਾਂ 15 ਕੁ ਸਾਲ ਦੀ ਸੀ। ਘਰ ਦੀ ਮਾਲੀ ਹਾਲਤ ਚੰਗੀ ਨਾ ਹੋਣ ਕਰਕੇ ਉਨ੍ਹਾਂ ਨੇ ਇਸ ਸ਼ੌਕ ਨੂੰ ਰੁਜ਼ਗਾਰ ਬਣਾਉਣ ਬਾਰੇ ਸੋਚਿਆ। ਪੜ੍ਹਾਈ ਨੂੰ ਵਿਚੇ ਛੱਡ ਉਸ ਨੇ ਸਵ: ਦਰਸ਼ਨ ਸਿੰਘ ਰਾਵਾਖੇਲੇ (ਜਲੰਧਰ) ਨੂੰ ਆਪਣਾ ਉਸਤਾਦ ਧਾਰਿਆ ਅਤੇ ਕਰੀਬ 5-6 ਸਾਲ ਉਨ੍ਹਾਂ ਦੇ ਨਾਲ ਰਹਿ ਕੇ ਇਸ ਕਲਾ ਦੀ ਬਰੀਕੀਆਂ ਨੂੰ ਸਿੱਖਿਆ ਪੂਰੀ ਤਰ੍ਹਾਂ ਇਸ ਕਲਾ ਦੀ ਬਰੀਕੀਆਂ ਸਿੱਖਣ ਤੋਂ ਬਾਅਦ ਆਪ ਨੇ ਇਕ ਗਰੁੱਪ ਬਣਾ ਲਿਆ। ਆਪ ਦੀ ਮਿਹਨਤ ਸਦਕਾ ਥੋੜੇ ਸਮੇਂ ਅੰਦਰ ਹੀ ਆਪ ਵੱਲੋਂ ਬਣਾਇਆ ਗਰੁੱਪ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿਚ ਹੀ ਹਰਮਨ ਪਿਆਰਾ ਹੋ ਗਿਆ। ਉਸ ਦੇ ਗਰੁੱਪ ਨੇ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਹੋਏ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਗਵਾਈ। ਇਸ ਦੇ ਨਾਲ-ਨਾਲ ਆਪ ਦੇ ਗਰੁੱਪ ਨੇ ਮੁਬੰਈ, ਦਿੱਲੀ, ਰਾਜਸਥਾਨ ਆਦਿ ਸਮਾਗਮਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਮਾਣ ਪ੍ਰਾਪਤ ਕੀਤਾ। ਆਪ ਨੇ ਦੂਰਦਰਸ਼ਨ ਕੇਂਦਰ ਜਲੰਧਰ ਅਤੇ ਰੇਡੀਓ ਸਟੇਸ਼ਨ ਬਠਿੰਡਾ ਤੋਂ ਵੀ ਆਪਣੀ ਗਾਇਕੀ ਪੇਸ਼ ਕਰਕੇ ਚੰਗੀ ਵਾਹ-ਵਾਹ ਖੱਟੀ। ਸੁਖਦੇਵ ਸਿੰਘ ਮੱਦੋਕੇ ਮਧੁਰ ਅਤੇ ਮਿੱਠੀ ਅਵਾਜ਼ ਦਾ ਮਾਲਕ ਹੈ ਅਤੇ ਸ਼ਬਦਾਂ ਉੱਪਰ ਵੀ ਉਸ ਦੀ ਚੰਗੀ ਪਕੜ੍ਹ ਹੈ। ਉਹ ਜਿੰਨੇ ਵੀ ਕਿੱਸੇ ਗਾਉਂਦਾ ਹੈ ਉਨ੍ਹਾਂ ਦਾ ਹਰ ਇਕ ਸ਼ਬਦ ਉਸਨੂੰ ਮੂੰਹ ਜ਼ੁਬਾਨੀ ਯਾਦ ਹੈ। ਕਦੇ ਵੀ ਉਹ ਗਾਉਣ ਲੱਗਾ ਆਪਣੇ ਮੂਹਰੇ ਕਾਪੀ ਜਾਂ ਕਿਤਾਬ ਖੋਲ੍ਹਕੇ ਨਹੀਂ ਰੱਖਦਾ। ਇਸ ਕਲਾ ਦੇ ਖੇਤਰ ’ਚ ਅਹਿਮ ਯੋਗਦਾਨ ਬਦਲੇ ਪੰਜਾਬੀ ਸੱਥ ਲਾਂਬੜਾਂ (ਜਲੰਧਰ), ਕੁਰਾਲੀ ਦੀ ਪੰਚਾਇਤ ਅਤੇ ਹੋਰ ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਆਪ ਨੂੰ ਸਨਮਾਨਿਤ ਕਰ ਚੁੱਕੀਆ ਹਨ। ਪਿੰਡ ਮੱਦੋਕੇ (ਮੋਗਾ) ਦੀ ਪੰਚਾਇਤ ਵੱਲੋਂ ਵੀ ਆਪਨੂੰ ਮੋਟਰਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮੇਂ-ਸਮੇਂ ਆਪ ਦਾ ਕਈ ਸਾਥੀ ਕਲਾਕਾਰਾਂ ਨੇ ਸਾਥ ਦਿੱਤਾ। ਅੱਜ ਕੱਲ੍ਹ ਅਲਗੋਜ਼ਾ ਮਾਸਟਰ ਧੰਨਾ ਸਿੰਘ, ਤੂੰਬਾ ਮਾਸਟਰ ਬੂਟਾ ਗੁੱਜਰ ਆਪ ਦਾ ਸਕੇ ਭਰਾਵਾਂ ਵਾਂਗ ਸਾਥ ਨਿਭਾਅ ਰਹੇ ਹਨ। ਸੁਖਦੇਵ ਸਿੰਘ ਮੱਦੋਕੇ ਬੜਾ ਸਾਊ, ਸੂਝਵਾਨ, ਮਿਲਾਪੜਾ ਤੇ ਵਧੀਆ ਕਿਰਦਾਰ ਵਾਲਾ ਐਸਾ ਗੰਣਤੰਤਰੀ ਹੈ, ਜੋ ਵੱਡਿਆਂ ਦਾ ਅਦਬ, ਸਤਿਕਾਰ ਤੇ ਹਰ ਬੰਦੇ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ। ਅੱਜ ਕੱਲ੍ਹ ਉਹ ਆਪਣੇ ਦੋ ਬੇਟਿਆਂ ਨਾਲ ਆਪਣੇ ਨਾਨਕੇ ਪਿੰਡ ਮੱਦੋਕੇ ਤਹਿਸੀਲ ਤੇ ਜ਼ਿਲ੍ਹਾ ਮੋਗਾ ਵਿਖੇ ਆਪਣਾ ਜੀਵਨ ਬਸਰ ਕਰਦਾ ਹੋਇਆ ਇਸ ਕਲਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਵਿਚ ਆਪਣੀ ਉਸਾਰੂ ਭੂਮਿਕਾ ਅਦਾ ਕਰ ਰਿਹਾ ਹੈ। ਅਲੋਪ ਹੋ ਰਹੀ ਇਸ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਉਨ੍ਹਾਂ ਦਾ ਇਹ ਉਪਰਾਲਾ ਸਲਾਘਾਯੋਗ ਹੈ। ਜਿਸ ਲਈ ਹੋਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ, ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੁਰਾਤਨ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਇਹੋ ਜਿਹੇ ਗਵੰਤਰੀਆਂ, ਕਲਾਕਾਰਾਂ, ਸਾਹਿਤਕਾਰਾਂ ਨੂੰ ਬਣਦਾ ਮਾਣ ਸਨਮਾਨ ਦੇਵੇ।

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ,ਤਹਿ ਸਮਰਾਲਾ।
ਜ਼ਿਲ੍ਹਾ ਲੁਧਿਆਣਾ।
ਮੋਬਾ: 98763-22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template