Headlines News :
Home » , » ਸਲਾਮ.....ਉਸਤਾਦ ਨੁਸਰਤ ਫਤਹਿ ਅਲੀ ਖ਼ਾਨ - ਤਰਸੇਮ ਬਸ਼ਰ

ਸਲਾਮ.....ਉਸਤਾਦ ਨੁਸਰਤ ਫਤਹਿ ਅਲੀ ਖ਼ਾਨ - ਤਰਸੇਮ ਬਸ਼ਰ

Written By Unknown on Friday 12 September 2014 | 22:53

            ਭਾਰਤੀ ਸੰਗੀਤ ਦੇ ਖੇਤਰ ਵਿੱਚ ਕੁੱਝ ਕੁ ਨਾਂ ਮਿੱਥ ਬਣੇ , ਹਰ ਘਰ ਦਾ ਹਿੱਸਾ ਬਣੇ । ਜਿਵੇਂ ਮਹੁੰਮਦ ਰਫੀ , ਮੁਕੇਸ਼ , ਕਿਸ਼ੋਰ ਕੁਮਾਰ , ਮੰਨਾ ਡੇ ,  ਆਸ਼ਾ ਭੌਸਲੇ , ਲਤਾ ਮੰਗੇਸ਼ਕਰ ਤੇ ਉਸਤਾਦ ਨੁਸਰਤ ਫਤਹਿ ਅਲੀ ਖ਼ਾਨ । ਸਾਰੇ ਮਹਾਨ ਕਲਾਕਾਰ ਹਨ । ਬਿਨਾ ਸ਼ੱਕ ਪਰ ਉਸਤਾਦ ਨੁਸਰਤ ਫਤਹਿ ਅਲੀ ਖਾਨ ਮੇਰੇ ਲਈ ਮਹਾਨਤਮ ਹਨ , ਇੱਕ ਪੰਜਾਬੀ ਹੋਣ ਦੇ ਨਾਤੇ। ਅੱਜ ਪੰਜਾਬ ਹੀ ਨਹੀ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਉਹਨਾਂ ਨੂੰ ਸੁਣਨ ਵਾਲੇ ਭਰੇ ਪਏ ਹਨ ਤੇ ਦੂਸਰੇ ਮਹਾਨ ਕਲਾਕਾਰਾਂ ਨਾਲੋਂ ਉਹਨਾਂ ਦੇ ਪੱਖ ਵਿੱਚ ਇਹ ਵਿਸ਼ੇਸ਼ਤਾ ਜਾਂਦੀ ਹੈ  ਕਿ ਉਹ ਪੰਜਾਬੀ ਗਾਇਕ ਸਨ ਤੇ ਆਪਣੀ ਜਿੰਦਗੀ ਦਾ ਬਹੁਤਾ ਹਿੱਸਾ ਉਹਨਾਂ ਨੇ ਪੰਜਾਬੀ ਸੂਫੀ ਕਲਾਮ ਗਾਉਣ ਵਿੱਚ ਗੁਜਾਰਿਆ ਜਦਕਿ ਰਫੀ ,ਮੁਕੇਸ਼ ,ਕਿਸ਼ੋਰ ਲਤਾ ਅਦਿ ਦੀ ਹਰਮਨ ਪਿਆਰਤਾ ਹਿੰਦੀ ਫਿਲਮ ਸੰਗੀਤ ਨਾਲ ਜੁੜੀ ਹੋਈ ਸੀ । 
            ਪੰਜਾਬੀ ਦਾ ਇਹ ਮਹਾਨ ਸਪੂਤ ਜਿਸਨੇ ਸ਼ਿਵ ਦੀ ਕਵਿਤਾ ਤੋਂ ਲੈ ਕੇ ਗੁਰਬਾਣੀ ਦੇ ਸ਼ਬਦ , ਗਜ਼ਲ, ਠੁਮਰੀ , ਲੋਕਗੀਤ , ਕਵਾਲੀ , ਸਮੇਤ ਬਹੁਤ ਸਾਰੀਆਂ ਵਿਧਾਵਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ , ਦਾ ਜਨਮ 13 ਅਕਤੂਬਰ 1948 ਨੂੰ ਫੈਸਲਾਬਾਦ ਪਾਕਿਸਤਾਨ ਵਿੱਚ ਉਸ ਸਮੇਂ ਦੇ ਪ੍ਰਸਿੱਧ ਗਾਇਕ ਉਸਤਾਦ ਫਤਹਿ ਅਲੀ ਖਾਨ ਦੇ ਘਰ ਹੋਇਆ । ਉਸਤਾਦ ਫਤਹਿ ਅਲੀ ਖਾਨ ਦਾ ਤੁਆਰੁਫ਼ ਕਰਾਉਦਿਂਆ ਇਹਨਾਂ ਦੱਸਣਾ ਹੀ ਕਾਫ਼ੀ ਹੈ ਕਿ  ਬਰਸਾਤ ਫਿਲਮ ਦੀ ਮਸ਼ਹੂਰ ਕਵਾਲੀ ‘‘ਯਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ..........ਉਹਨਾਂ ਦੀ ਹੀ ਰਚਨਾ ਸੀ । ਉਹ ਇਸ ਕਵਾਲੀ ਤੋਂ ਪਹਿਲਾਂ ਸੂਫ਼ੀ ਰਚਨਾ ‘‘ਮੇਰਾ ਇਹ ਚਰਖਾ ਨੌ ਲੱਖਾ ਕੁੜੇ’’  ਨੂੰ ਇਸੇ ਤਰਜ਼ ਦੇ ਗਾਉਂਦੇ ਸਨ । ਉਸਤਾਦ ਫਤਹਿ ਅਲੀ ਖਾਂ ਦੇ ਬੇਟੇ ਨੁਸਰਤ ਨੂੰ ਸੰਗੀਤ ਦੇ ਉਸ ਵੇਲੇ ਦੇ ਹਾਲਾਤ ਨੂੰ ਦੇਖਦਿਆਂ ‘‘ਡਾਕਟਰ’’ ਬਣਾਉਣਾ ਚਾਹੁੰਦੇ ਸਨ ਪਰ ਨੁਸਰਤ ਦੀ ਰੁਚੀ ਰਾਗ ਵਿੱਦਿਆ , ਬੋਲ ਬੰਦਿਸ਼ ਵਿੱਚ ਸੀ । ਅਖੀਰ ਪਿਤਾ ਨੇ ਬੱਚੇ ਨੁਸਰਤ ਨੂੰ ਖਿਆਲ ਗਾਇਕੀ ਸਿਖਾਉਣੀ ਸ਼ੁਰੂ ਕੀਤੀ ,  ਸ਼ੁਰੂਆਤੀ ਦੌਰ ਹੀ ਸੀ ਕਿ ਸੰਨ 1964 ਵਿੱਚ ਉਸਤਾਦ ਫਤਹਿ ਅਲੀ ਖਾਨ ਦਾ ਦੇਹਾਂਤ ਹੋ ਗਿਆ । ਹੁਣ ਨੁਸਰਤ ਨੇ ਮੁਬਾਰਕ ਅਲੀ ਖਾਨ ਅਤੇ ਸਲਾਮਤ ਅਲੀ ਖਾਨ ਨਾਲ ਗਾਉਣਾ ਸ਼ੁਰੂ ਕੀਤਾ । ਅਥੱਕ ਰਿਆਜ਼ , ਬੇਮਿਸਾਲ ਲਗਨ ਤੇ ਸੰਗੀਤ ਦੀ ਅਰਾਧਨਾ ਨੇ ਜਲਦੀ ਹੀ ਨੁਸਰਤ ਨੂੰ ਪਾਕਿਸਤਾਨ ਵਿੱਚ ਸੰਗੀਤ ਦੇ ਚਮਕਦੇ ਸੂਰਜ ਦਾ ਖ਼ਿਤਾਬ ਦੇ ਦਿੱਤਾ । ਉਹ ਜਿਆਦਾਤਰ ਸੂਫੀ ਦਰਗਾਹਾਂ ਤੇ ਜਾਂ ਫਿਰ ਉਰਸ ਮੌਕੇ ਲੋਕਾਂ ਨੂੰ ਸੂਫੀ ਰਚਨਾਵਾਂ ਨੂੰ ਰਾਗਾਂ ਵਿੱਚ ਸੁਣਾ ਕੇ ਸਕੂਨ ਦਿੰਦੇ ਤੇ ਖੁਸ਼ ਹੁੰਦੇ। ਉਹਨਾਂ ਦੇ ਛੋਟੇ ਭਰਾ ਂਜੋ ਅਕਸਰ ਸਾਨੂੰ ਉਹਨਾਂ ਦੇ ਨਾਲ ਹਰਮੋਨੀਅਮ ਤੇ ਬੈਠੇ ਨਜ਼ਰ ਆੳਂਦੇ ਹਨ , ਫ਼ਾਰੂਖ ਫਤਹਿ ਅਲੀ ਖਾਨ ਤੇ ਸਹਿਯੋਗੀ ਉਹਨਾਂ ਦਾ ਸਾਥ ਦਿੰਦੇ ।                                   
            ਨੁਸਰਤ ਫਤਹਿ ਅਲੀ ਖਾਨ ਂਜੋ ਵੀ ਰਚਨਾ ਲੈ ਕੇ ਆਉਦੇ ,ਉਹ ਅਰਥ ਭਰਭੂਰ ਹੁੰਦੀ ਤੇ ਢੁਕਵੇਂ ਰਾਗ ਵਿੱਚ ਗਾਈ ਗਈ ਹੁੰਦੀ ਸੀ ਤੇ ਇਸ ਦਾ ਅਸਰ ਸੁਣਨ ਵਾਲੇ ਤੇ ਵਿਸਮਾਦੀ ਹੁੰਦਾ ਸੀ । ਸ਼ਾਇਰੀ ਦੀ ਬਹੁਤ ਅੱਛੀ ਸਮਝ ਸੀ ਤੇ ਰਿਆਜ ਸਬੰਧੀ ਉਹ ਦੱਸਿਆ ਕਰਦੇ ਸਨ ਕਿ ਉਹ ਘਰ ਦੇ ਬੇਸਮੈਂਟ ਵਿੱਚ ਬਣੇ ਖਾਸ ਕਮਰੇ ਵਿੱਚ ਸੰਗੀਤ ਅਰਾਧਦੇ ਸਨ ਤੇ ਕਈ. ਵਾਰ ਕਈ ਕਈ ਦਿਨ , ਦਿਨ ਅਤੇ ਰਾਤ ਦਾ ਪਤਾ ਹੀ ਨਾ ਲਗਦਾ । ਸੂਫੀ ਰਚਨਾਵਾਂ ਨੂੰ ਬਾ-ਅਸਰ ਅਦਾਇਗੀ ਨਾਲ ਲੋਕਾਂ ਸਾਹਮਣੇ ਪੇਸ਼ ਕਰਨ  ਵਿੱਚ ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਤੇ ਇਸ ਵਿੱਚ ਅਤਿਅੰਤ ਸਫਲ ਵੀ ਰਹੇ । ਇਹ ਉਹਨਾਂ ਦੀ ਮਿਹਨਤ ਅਤੇ ਸੇਵਾ ਹੀ ਹੈ ਕਿ ਪੰਜਾਬੀ ਦੀ ਮਹਾਨ ਵਿਰਾਸਤ , ਸੂਫੀ ਕਾਵਿ , ਅੱਜ ਹਰਮਨਪਿਆਰਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਉਹਨਾਂ ਦੀ ਕਲਾ ਦੀ ਮਹਿਕ ਬਾਹਰ ਦੇ ਦੇਸ਼ਾਂ ਤੱਕ ਵੀ ਪਹੁੰਚੀ । ਵਾਸਿੰਯੂਨੀਵਰਸਿਟੀ ਨੇ ਜਿੱਥੇ ਉਹਨਾਂ ਨੂੰ ਸੂਫੀ ਸੰਗੀਤ ਤੇ ਚਾਣਨ ਪਾਉਣ ਲਈ ਬੁਲਾਇਆ, ਉੱਥੇ ਹੀ ਹਾਲੀਵੁੱਡ ਦੀਆਂ ਹਸਤੀਆਂ ਆਪਣੇ ਸੰਗੀਤ ਵਿੱਚ ਉਹਨਾਂ ਦੇ ਜਾਦੂਈ ਅਸਰ ਨੂੰ ਪ੍ਰਾਪਤ ਕਰਨ ਲਈ ਬੇਚੈਨ ਸਨ । ਬੈਡਿਟ ਕੁਈਨ , ਡੈਡ ਮੈਨ ਵਾਕਿੰਗ , ਦਾ ਲਾਸਟ ਟੈਂਪਟੇਸ਼ਨ ਆਫ ਕਰਾਈਸਟ ਆਦਿ ਫਿਲਮਾਂ ਵਿੱਚ ਹਿੰਦੋਸਤਾਨੀ ਸੰਗੀਤ ਨੇ ਉਸਤਾਦ ਨੁਸਰਤ ਫਤਹਿ ਅਲੀ ਖਾਨ ਦੇ ਜ਼ਰੀਏ ਹੀ ਇੰਨਾਂ ਫਿਲਮਾਂ ਦੀ ਸੋਭਾ ਵਧਾਈ। ਇੱਥੋਂ ਤੱਕ ਕਿ ਲਾਸਟ ਟੈਂਪਟੇਸ਼ਨ ਆਫ ਕਰਾਈਸਟ ਦੇ ਸਭ ਤੋਂ ਸੰਵੇਦਨਾਤਮਕ ਦ੍ਰਿਸ਼ ਜਿਸ ਵਿੱੰਚ ਕਿ ਈਸਾ ਨੂੰ ਸੂਲੀ ਚੜਾਉਣ ਦਾ ਦ੍ਰਿਸ਼ ਫਿਲਮਾਇਆ ਗਿਆ ਸੀ ,ਦੇ ਦਰਦ ਦੀ ਇੰਤਹਾ ਪ੍ਰਗਟਾਉਣ ਲਈ ਪਿੱਠ ਭੂੰਮੀ ਵਿੱਚ ਉਸਤਾਦ ਨੁਸਰਤ ਫਤਹਿ ਅਲੀ ਖਾਨ ਤੋਂ ਅਲਾਪ ਗਵਾਇਆ ਗਿਆ ਸੀ । 
        ਹਿੰਦੋਸਤਾਨੀ ਫਿਲਮਾਂ ਵਿੱਚ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਬੋਲਬਾਲਾ ਸੀ । ਉਹਨਾਂ ਦੀਆਂ ਤਰਜ਼ਾਂ ਤੇ ਬਣੇ ਗੀਤ ਪ੍ਰਸਿੱਧ ਹੋ ਚੁੱਕੇ ਸਨ । ਉਹ ਮੁੰਬਈ ਆਏ ਵੀ ।  ਕੱਚੇ ਧਾਗੇ , ਔਰ ਪਿਆਰ ਹੋ ਗਿਆ , ਆਦਿ ਕੁੱਝ ਫਿਲਮਾਂ ਹੀ ਕੀਤੀਆਂ ਸਨ ਪਰ ਰੱਬ ਨੇ ਉਹਨਾਂ ਨੂੰ ਇਸ ਤੋਂ ਵੱਧ ਸਮਾਂ ਨਾ ਦਿੱਤਾ । 16 ਅਗਸਤ 1997 ਨੂੰ ਲੰਡਨ ਵਿੱਚ ਉਹ ਅੱਲਾ ਨੂੰ ਪਿਆਰੇ ਹੋ ਗਏ । ਉਹਨਾਂ ਨੇ ਲੱਗਭੱਗ ਡੇਢ ਸੌ ਐਲਬਮਾਂ ਸਰੋਤਿਆਂ ਦੀ ਝੋਲੀ ਵਿੱਚ ਪਾਈਆਂ ਤੇ ਜਿੰਨਾ ਵਿੱਚ ਗਾਇਕੀ ਦਾ ਹਰ ਰੰਗ ਮੌਜੂਦ ਹੈ ਤੇ ਹਰ ਰਚਨਾ ਸਾਂਭਣਯੋਗ ਹੈ।  ਭਾਵੇਂ ਕਿ ਉਹਨਾਂ ਨੂੰ ਜਿੰਦਗੀ ਇੰਨੀ ਵੱਡੀ ਨਹੀਂ ਮਿਲੀ ਪਰ ਛੋਟੀ ਜਿਹੀ ਜਿੰਦਗੀ  ਵਿੱਚ ਹੀ ਸੰਗੀਤ ਅਤੇ ਪੰਜਾਬੀ ਮਾਂ ਬੋਲੀ ਦੀ ਕੀਤੀ,  ਸੇਵਾ ਬੇਮਿਸਾਲ ਹੈ , ਅਕਿਹ ਹੈ । ਉਹਨਾਂ ਦੀਆਂ ਕਵਾਲੀਆਂ ਸੂਫ਼ੀ ਰਚਨਾਵਾਂ ਤੇ ਗੀਤ ਸੁਣਦਿਆਂ ਜਦੋਂ ਵਿਸਮਾਦ ਹਾਲਤ ਵਿੱਚ ਹੁੰਦਾ ਹਾਂ ਤਾਂ ਮੂਹੋਂ ਆਪਣੇ ਆਪ ਨਿਕਲ ਜਾਂਦਾ ਹੈ................ ਸਲਾਮ............... ਉਸਤਾਦ ਨੁਸਰਤ ਫਤਹਿ ਅਲੀ ਖਾਨ..............। 
                                              
 


ਤਰਸੇਮ ਬਸ਼ਰ, 
                                              ਪ੍ਰਤਾਪ ਨਗਰ 
                                              ਗਲੀ ਨੰ: 20
                                               ਬਠਿੰਡਾ । 
 98159-01154


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template